ਪਟਨਾ- ਮਾਨਸੂਨ ਦੌਰਾਨ ਘੱਟ ਵਰਖਾ ਨੂੰ ਵੇਖਦੇ ਹੋਏ ਬਿਹਾਰ ਸਰਕਾਰ ਨੇ ਸੂਬੇ ਦੇ 38 ਚੋਂ 26 ਜਿ਼ਲ੍ਹਿਆਂ ਨੂੰ ਸੋਕਾ-ਗ੍ਰਸਤ ਐਲਾਨਦੇ ਹੋਏ ਇਸ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਪਾਸੋਂ ਬਿਹਾਰ ਲਈ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਅਪੀਲ ਕੀਤੀ ਹੈ।
ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਪ੍ਰਧਾਨਗੀ ਵਿਚ ਰਾਜ ਮੰਤਰੀ ਮੰਡਲ ਦੀ ਮੀਟਿੰਗ ਹੋਈ ਅਤੇ ਇਸਤੋਂ ਬਾਅਦ ਨੀਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਜ ਦੇ ਵੱਖ ਵੱਖ ਜਿ਼ਲ੍ਹਿਆਂ ਵਿਚ ਮੀਂਹ ਨਾ ਪੈਣ ਕਰਕੇ ਖਰੀਫ਼ ਦੀਆਂ ਫਸਲਾਂ ਦੀ ਹਾਲਾਤ ਸਬੰਧੀ ਅਧਿਕਾਰੀਆਂ ਪਾਸੋਂ ਪ੍ਰਾਪਤ ਰਿਪੋਰਟ ਦਾ ਅਧਿਐਨ ਕਰਨ ਤੋਂ ਬਾਅਦ ਬਿਪਤਾ ਕਾਨੂੰਨ ਦੇ ਤਹਿਤ ਸੂਬੇ ਦੀ ਸਰਕਾਰ ਨੇ ਸੂਬੇ ਦੇ 38 ਜਿ਼ਲ੍ਹਿਆਂ ਚੋਂ 26 ਜਿ਼ਲ੍ਹਿਆਂ ਨੂੰ ਸੋਕਾ-ਗ੍ਰਸਤ ਐਲਾਨਣ ਦਾ ਫੈਸਲਾ ਕਤਿਾ ਹੈ।
ਨੀਤੀਸ਼ ਨੇ ਦਸਿਆ ਕਿ ਫਿਲਹਾਲ ਰਾਜ ਦੇ ਕੁਲ 26 ਜਿ਼ਲ੍ਹਿਆਂ ਪਟਨਾ ਨਾਲੰਦਾ, ਭੋਜਪੁਰ, ਬਕਸਰ, ਰੋਹਤਾਸ, ਕੈਮੂਰ, ਗਯਾ, ਜਹਾਨਾਬਾਦ, ਅਰਵਲ, ਨਵਾਦਾ, ਔਰੰਗਾਬਾਦ, ਮੁੰਗੇਰ, ਸ਼ੇਖਪੁਰਾ, ਲਖੀਸਰਾਏ, ਜਮੁਈ, ਭਾਗਲਪੁਰ, ਬਾਂਕਾ, ਸਾਰਣ, ਸਿਵਾਨ, ਮੁਜਫਰਪੁਰ, ਸੀਤਾਮੜ੍ਹੀ, ਬੇਗੂਸਰਾਏ, ਮਧੇਪੁਰਾ, ਕਿਸ਼ਨਗੰਜ, ਕਟੀਹਾਰ ਅਤੇ ਵੈਸ਼ਾਲੀ ਨੂੰ ਸੋਕਾਗ੍ਰਸਤ ਐਲਾਨਣ ਦਾ ਨਿਰਣਾ ਲਿਆ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਬਾਕੀ ਜਿ਼ਲ੍ਹਿਆਂ ਵਿਚ ਹਾਲਾਤ ਉਪਰ ਨਿਰੰਤਰ ਸਮੀਖਿਆ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਹੋਰਨਾਂ ਜਿ਼ਲ੍ਹਿਆਂ ਨੂੰ ਸੋਕਾ-ਗ੍ਰਸਤ ਐਲਾਨਣ ਬਾਰੇ ਫੈ਼ਸਲਾ ਲਿਆ ਜਾਵੇਗਾ। ਨੀਤੀਸ਼ ਨੇ ਕਿਹਾ ਕਿ ਇਸ ਸਾਲ ਰਾਜ ਵਿਚ ਮਾਨਸੂਨ ਦੌਰਾਨ ਮੀਂਹ ਕਾਫ਼ੀ ਘੱਟ ਪਿਆ ਹੈ ਜਿਸ ਕਰਕੇ ਖਰੀਫ਼ ਦੀ ਫ਼ਸਲ ਖਾਸ ਤੌਰ ‘ਤੇ ਝੋਨੇ ਦੀ ਬੁਆਈ ਟੀਚੇ ਤੋਂ ਘੱਟ ਹੋਈ ਹੈ, ਜਿਸ ਦੇ ਫਲਸਰੂਪ ਉਪਜ ‘ਤੇ ਉਲਟ ਅਸਰ ਪੈਣਾ ਨਿਸਚਿਤ ਹੈ।