ਅੰਮ੍ਰਿਤਸਰ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਜਲੰਧਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆ ਦੀ ਹੋਈ ਬੇਅਦਬੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਇਸ ਘਟਨਾ ਲਈ ਸਿੱਧੇ ਰੂਪ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਠਹਿਰਉਦਿਆ ਕਿਹਾ ਕਿ ਜੇਕਰ ਬਾਦਲ ਦੀ ਸੀਨੇ ਵਿੱਚ ਗੁਰੂ ਦਾ ਦਰਦ ਰਤਾ ਭਰ ਵੀ ਹੈ ਤਾਂ ਉਸ ਨੂੰ ਨੈਤਿਕਤਾ ਹੈ ਤਾਂ ਬਿਨਾਂ ਕਿਸੇ ਦੇਰੀ ਤੋਂ ਸਮੁੱਚੇ ਮੰਤਰੀ ਮੰਡਲ ਸਮੇਤ ਅਸਤੀਫਾ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮੁਆਫੀ ਮੰਗੇ।
ਸ੍ਰ. ਸਰਨਾ ਨੇ ਕਿਹਾ ਕਿ ਬੁਰਜ ਜਵਾਹਰ ਸਿੰਘਵਾਲਾ ਕਾਂਡ ਤੋ ਲੈ ਕੇ ਹੁਣ ਤੱਕ ਅਣਗਿਣਤ ਵਾਰੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋ ਚੁੱਕੀ ਹੈ ਪਰ ਕਿਸੇ ਵੀ ਕਾਂਡ ਦੀ ਸਹੀ ਢੰਗ ਨਾਲ ਜਾਂਚ ਨਹੀ ਕੀਤੀ ਗਈ। ਉਹਨਾਂ ਕਿਹਾ ਕਿ ਬਰਗਾਡੀ ਕਾਂਡ ਦੀ ਜਾਂਚ ਪੁਲੀਸ ਕੋਲੋ ਕਰਾਏ ਜਾਣ ਦੀ ਬਜਾਏ ਸੀ.ਬੀ.ਆਈ ਨੂੰ ਦਿੱਤੀ ਗਈ ਹੈ ਤਾਂ ਕਿ 2017 ਦੀਆ ਵਿਧਾਨ ਸਭਾ ਦਾ ਸਮਾਂ ਟਪਾਇਆ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਨੂੰਨ ਵਿਵਸਥਾ ਚਰਮ ਸੀਮਾ ਤੇ ਪੁੱਜ ਗਈ ਹੈ ਜਗਰਾਉ ਵਿੱਚ ਆਪਣੇ ਪਤੀ ਤੇ ਬੱਚੇ ਨਾਲ ਘਰੋ ਸੈਰ ਕਰਨ ਨਿਕਲੀ ਔਰਤ ਨੂੰ ਉਸ ਦੀ ਪਤੀ ਦੇ ਸਾਹਮਣੇ ਜਨਤਕ ਤੌਰ ਤੇ ਚੌਕ ਵਿੱਚ ਨਿਰਵਸਤਰ ਕਰ ਦਿੱਤਾ ਗਿਆ ਪਰ ਸਰਕਾਰ ਕੁੰਭ ਕਰਨੀ ਨੀਂਦ ਸੌ ਰਹੀ ਹੈ। ਉਹਨਾਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਸੂਬੇ ਦੇ ਨਾਗਰਿਕਾਂ ਨੂੰ ਸੁਰੱਖਿਆ ਨਹੀਂ ਦੇ ਸਕਦੀ ਉਸ ਸਰਕਾਰ, ਸਰਕਾਰ ਅਖਵਾਉਣ ਦਾ ਕੋਈ ਅਧਿਕਾਰ ਨਹੀ ਰਹਿ ਜਾਂਦਾ। ਉਹਨਾਂ ਕਿਹਾ ਕਿ ਸਰਕਾਰਾਂ ਲੋਕ ਮਸਲਿਆ ਦੇ ਹੱਲ ਲਈ ਖੜੀਆ ਕੀਤੀਆ ਜਾਂਦੀਆ ਹਨ ਪਰ ਬਾਦਲ ਸਰਕਾਰ ਮਸਲੇ ਪੈਦਾ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਇੱਕ ਨਹਿਰ ਵਿੱਚੋਂ ਮਿਲਣੇ ਸਾਬਤ ਕਰਦੇ ਹਨ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ। ਉਹਨਾਂ ਕਿਹਾ ਕਿ ਜਿਹੜੇ ਸਰੂਪ ਦੀ ਬੇਅਦਬੀ ਹੋਈ ਹੈ ਉਸ ਦੀ ਭਾਲ ਕੀਤੀ ਜਾਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਗ੍ਰਿਫਤਾਰ ਕਰਕੇ ਕਨੂੰਨ ਮੁਤਾਬਕ ਸਜਾ ਦਿੱਤੀ ਜਾਵੇ ਅਤੇ ਭਵਿੱਖ ਵਿੱਚ ਗੁਰੂ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣ।