ਫ਼ਤਹਿਗੜ੍ਹ ਸਾਹਿਬ – “ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆ ਵਿਰੁੱਧ ਹਿੰਦ ਦੇ ਹੁਕਮਰਾਨਾਂ ਵੱਲੋਂ ਮੁਲਕੀ ਪੱਧਰ ਉਤੇ ਹਿੰਦੂਤਵ ਸੋਚ ਅਧੀਨ ਬੀਤੇ ਸਮੇਂ ਤੋਂ ਹਮਲੇ ਵੀ ਕੀਤੇ ਜਾਂਦੇ ਰਹੇ ਹਨ ਅਤੇ ਉਹਨਾਂ ਉਤੇ ਜ਼ਬਰੀ ਹਿੰਦੂਤਵ ਪ੍ਰੋਗਰਾਮ ਲਾਗੂ ਕਰਨ ਦੇ ਅਮਲ ਵੀ ਹੁੰਦੇ ਆ ਰਹੇ ਹਨ । ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ ਵਾਲੇ ਅਤੇ ਉਹਨਾਂ ਉਤੇ ਧੋਸ ਜਮਾਉਣ ਵਾਲੇ ਮੋਦੀ ਨੂੰ ਅੱਜ ਜੰਗ ਦੇ ਮਾਰੂ ਨਤੀਜਿਆ ਦਾ ਅਹਿਸਾਸ ਹੋ ਗਿਆ ਹੈ ਅਤੇ ਮੁਸਲਿਮ ਭਰਾਵਾਂ ਨਾਲ ਬਿਹਤਰਨ ਤਰੀਕੇ ਪੇਸ਼ ਆਉਣ ਦੀ ਬਿਆਨਬਾਜੀ ਸੁਰੂ ਕੀਤੀ ਗਈ ਹੈ, ਇਹ ਮੌਕਾਪ੍ਰਸਤੀ ਵਾਲੀ ਸੋਚ ਅਧੀਨ ਆਪਣੇ ਖੁੱਸਦੇ ਜਾ ਰਹੇ “ਵੋਟ-ਬੈਂਕ” ਨੂੰ ਬਚਾਉਣ ਲਈ ਅਪਣਾਈ ਜਾ ਰਹੀ ਹੈ ਨਾ ਕਿ ਇਹਨਾਂ ਫਿਰਕੂ ਹੁਕਮਰਾਨਾਂ ਨੂੰ ਘੱਟ ਗਿਣਤੀ ਕੌਮਾਂ ਨਾਲ ਕਿਸੇ ਤਰ੍ਹਾਂ ਦੀ ਹਮਦਰਦੀ ਹੈ । ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਹੁਕਮਰਾਨਾਂ ਦੇ ਚਿਹਰਿਆ ਉਤੇ ਚੜ੍ਹਾਏ ਜਾਣ ਵਾਲੇ ਸਿਰਾਫ਼ਤ ਅਤੇ ਹਮਦਰਦੀ ਦੇ ਨਕਾਬ ਦੇ ਪਿਛੋਕੜ ਨੂੰ ਸਮਝਕੇ ਹੀ ਆਉਣ ਵਾਲੇ ਸਮੇਂ ਵਿਚ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਇਹਨਾਂ ਹਿੰਦੂਤਵ ਤਾਕਤਾਂ ਨੂੰ ਵੋਟ ਸ਼ਕਤੀ ਰਾਹੀ ਹਾਰ ਦੇਣ ਦੇ ਫਰਜ ਅਦਾ ਕਰਨੇ ਪੈਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋਂ ਅਤੇ ਉਸਦੇ ਭਾਈਵਾਲ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ “ਜੰਗ” ਨੂੰ ਟਾਲਨ ਲਈ ਸੁਰੂ ਕੀਤੀ ਬਿਆਨਬਾਜੀ ਅਤੇ ਮੁਸਲਿਮ ਕੌਮ ਨੂੰ ਆਪਣੇ ਕਹਿਕੇ ਵੋਟਾਂ ਵਟੋਰਨ ਦੇ ਮੌਕਾਪ੍ਰਸਤੀ ਵਾਲੇ ਢੰਗਾਂ ਲਈ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਕਰਦੇ ਹੋਏ ਅਤੇ ਆਪਣੇ ਹੱਕ-ਹਕੂਕਾ ਦੀ ਹਿਫਾਜਤ ਲਈ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ 2017 ਦੀਆਂ ਆਉਣ ਵਾਲੀਆਂ ਪੰਜਾਬ ਸਮੇਤ ਹੋਰ ਕਈ ਸੂਬਿਆਂ ਦੀਆਂ ਚੋਣਾਂ ਵਿਚ ਕਾਂਗਰਸ, ਬੀਜੇਪੀ, ਬਾਦਲ ਦਲ ਅਤੇ ਆਪ ਪਾਰਟੀ ਤੇ ਅਮੀਰਾ ਦੀਆਂ ਮੋਮੋਠਗਣੀਆਂ ਵਾਲੇ ਅਮਲਾਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਪਹਿਲੇ ਆਰ.ਐਸ.ਐਸ. ਤੇ ਬੀਜੇਪੀ ਦੇ ਫਿਰਕੂ ਸੋਚ ਦੇ ਪ੍ਰਭਾਵ ਹੇਠ ਆ ਕੇ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਫਿਰਕੂਆਂ ਨਾਲ ਖਲ੍ਹੋਕੇ ਜੰਗ ਦੀਆਂ ਗੱਲਾਂ ਕਰਦੇ ਸਨ । ਪਰ ਸ. ਬਾਦਲ ਦੇ ਆਏ ਤਾਜਾ ਬਿਆਨ ਕਿ ਜੰਗ ਨਾਲ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ, ਇਸ ਲਈ ਇਸ ਖਿੱਤੇ ਨੂੰ ਜੰਗ ਤੋ ਦੂਰ ਰੱਖਣ ਦੀ ਜੋ ਗੱਲ ਕੀਤੀ ਗਈ ਹੈ, ਉਹ ਦੇਰ ਆਏ ਦਰੁਸਤ ਆਏ ਦੀ ਕਹਾਵਤ ਨੂੰ ਪੂਰਨ ਕਰਦੀ ਹੈ । ਜਿਸਦਾ ਅਸੀਂ ਇਸ ਲਈ ਸਵਾਗਤ ਕਰਦੇ ਹਾਂ ਕਿ ਕਿਉਂਕਿ ਜੋ ਗੱਲ ਅਸੀਂ ਬੀਤੇ ਲੰਮੇ ਸਮੇਂ ਤੋ ਸਿੱਖ ਵਸੋਂ ਵਾਲੇ ਇਲਾਕਿਆ ਨੂੰ ਜੰਗ ਦਾ ਅਖਾੜਾ ਨਹੀਂ ਬਣਨ ਦੇਵਾਂਗੇ ਕਹਿੰਦੇ ਆਏ ਹਾਂ, ਅੱਜ ਸ. ਬਾਦਲ ਨੇ ਸਾਡੀ ਉਸ ਸੋਚ ਦੀ ਪੈਰਵੀ ਕਰਕੇ ਸਿੱਖ ਕੌਮ ਦਾ ਬੀਜ਼ ਨਾਸ ਹੋਣ ਦੇ ਅਮਲਾਂ ਨੂੰ ਰੋਕਣ ਵਿਚ ਸਹਾਇਤਾ ਕੀਤੀ ਹੈ । ਚੰਗਾ ਹੋਵੇ ਕਿ ਸ. ਬਾਦਲ ਆਪਣੇ ਦਿੱਲੀ ਦੇ ਭਾਈਵਾਲਾਂ ਬੀਜੇਪੀ, ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨ ਜੋ ਅੱਜ ਹਿੰਦ ਵਿਚ ਵਾਪਰਨ ਵਾਲੀ ਹਰ ਬੁਰੀ ਗੱਲ ਨੂੰ ਪਾਕਿਸਤਾਨ ਉਤੇ ਥੋਪਕੇ, ਪਾਕਿਸਤਾਨ ਨੂੰ ਜੰਗ ਲਈ ਉਕਸਾਉਣ ਵਾਲੇ ਅਮਲ ਕਰ ਰਹੇ ਹਨ, ਉਹਨਾਂ ਨੂੰ ਰੋਕਣ ਵਿਚ ਭੂਮਿਕਾ ਨਿਭਾਉਣ ਅਤੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕੇ ਨੂੰ ਜੰਗ ਤੋ ਦੂਰ ਰੱਖਦੇ ਹੋਏ ਸੰਸਾਰ ਦੇ ਵੱਡੇ ਮੁਲਕਾਂ, ਯੂ.ਐਨ.ਓ. ਅਤੇ ਹੋਰ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੀਆ ਸੰਸਥਾਵਾਂ ਨੂੰ ਉਪਰੋਕਤ ਸਿੱਖ ਵਸੋਂ ਵਾਲੇ ਇਲਾਕੇ ਨੂੰ ਬਤੌਰ “ਬਫ਼ਰ ਸਟੇਟ” ਦੀ ਮਾਨਤਾ ਦੇ ਕੇ ਇਕ ਆਜ਼ਾਦ ਮੁਲਕ ਵੱਜੋ ਕਾਇਮ ਕਰਨ ਲਈ ਆਪਣੀਆ ਜਿੰਮੇਵਾਰੀਆ ਪੂਰਨ ਕਰਨ । ਤਾਂ ਕਿ ਇਸ ਬਣਨ ਵਾਲੇ ਬਫ਼ਰ ਸਟੇਟ ਵਿਚ ਸਭ ਕੌਮਾਂ, ਧਰਮਾਂ, ਫਿਰਕਿਆ ਅਤੇ ਨਸ਼ਲਾਂ ਦੇ ਲੋਕ ਆਜ਼ਾਦੀ ਨਾਲ ਅਤੇ ਬਿਨ੍ਹਾਂ ਕਿਸੇ ਡਰ-ਭੈ ਦੇ ਆਪਣੀ ਜਿੰਦਗੀ ਬਸਰ ਕਰ ਸਕਣ ਅਤੇ ਤਿੰਨੇ ਦੁਸ਼ਮਣ ਮੁਲਕਾਂ ਹਿੰਦ-ਚੀਨ ਅਤੇ ਪਾਕਿਸਤਾਨ ਦੀ ਤ੍ਰਿਕੋਣ ਵਿਚ ਸਿੱਖ ਕੌਮ ਦੀ ਬਾਦਸ਼ਾਹੀ ਕਾਇਮ ਹੋ ਸਕੇ ਜੋ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅੱਗੇ ਵੱਧ ਸਕੇ ।
ਸ. ਮਾਨ ਨੇ ਮੋਦੀ ਹਕੂਮਤ ਤੇ ਉਸਦੇ ਭਾਈਵਾਲਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੰਗ ਦੀਆਂ ਗੱਲਾਂ ਕਰਨ ਵਾਲੇ ਫਿਰਕੂ ਸਿਆਸਤਦਾਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਚੀਨ ਅਤੇ ਰੂਸ ਦੀਆਂ ਨੇਵੀ ਫ਼ੌਜਾਂ ਅਤੇ ਜੰਗੀ ਬੇੜਿਆ ਨੇ ਚੀਨ ਦੇ ਦੱਖਣੀ ਸਮੁੰਦਰ ਵਿਚ ਸਾਂਝੇ ਤੌਰ ਤੇ ਆਪਣੀਆ ਫ਼ੌਜੀ ਮਸਕਾਂ ਸੁਰੂ ਕਰ ਦਿੱਤੀਆ ਹਨ । ਦੂਸਰੇ ਪਾਸੇ ਰੂਸ ਅਤੇ ਪਾਕਿਸਤਾਨ ਦੀਆਂ ਫ਼ੌਜਾਂ ਨੇ ਵੀ ਸਾਂਝੇ ਤੌਰ ਤੇ ਮਸਕਾਂ ਸੁਰੂ ਕਰ ਦਿੱਤੀਆ ਹਨ । ਫਿਰ ਚੀਨ ਵੱਲੋ ਇਹ ਕਹਿਣਾ ਕਿ ਜੰਗ ਲੱਗਣ ਦੀ ਸੂਰਤ ਵਿਚ ਚੀਨ ਪਾਕਿਸਤਾਨ ਨਾਲ ਖਲ੍ਹੋਏਗਾ, ਇਸ ਬਦਲ ਦੀਆ ਸੰਸਾਰ ਪ੍ਰਸਥਿਤੀਆਂ ਨੂੰ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਹੈ ਅਤੇ ਗੁਆਢੀ ਮੁਲਕ ਪਾਕਿਸਤਾਨ ਨਾਲ ਕੁੜੱਤਣ ਅਤੇ ਵੈਰ-ਵਿਰੋਧ ਨੂੰ ਵਧਾਉਣ ਦੀ ਬਜਾਇ “ਕੌਮਾਂਤਰੀ ਟੇਬਲ-ਟਾਕ” ਰਾਹੀ ਕਸ਼ਮੀਰ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਜੰਗ ਨਾਲ ਕਦੀ ਵੀ ਸਹੀ ਹੱਲ ਨਹੀਂ ਹੁੰਦਾ । ਬਲਕਿ ਹਰ ਪੱਧਰ ਤੇ ਵੱਡਾ ਨੁਕਸਾਨ ਹੋਣ ਤੋ ਬਚਾਉਣਾ ਚਾਹੀਦਾ ਹੈ । ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਹੀ ਨਿਸ਼ਾਨਾਂ ਬਣਨਗੇ ਇਸ ਲਈ ਅਸੀਂ ਇਸ ਜੰਗ ਦੇ ਸਖ਼ਤ ਵਿਰੁੱਧ ਹਾਂ ਅਤੇ ਜੰਗ ਲੱਗਣ ਤੇ ਬਿਲਕੁਲ ਵੀ ਸਾਥ ਨਹੀਂ ਦੇਵਾਂਗੇ । ਸ. ਮਾਨ ਨੇ ਕੈਪਟਨ ਅਮਰਿੰਦਰ ਸਿੰਘ ਵੱਲੋ “ਜੰਗ” ਦੀਆਂ ਬੇਤੁੱਕੀਆ ਬਾਤਾ ਪਾਉਣ ਉਤੇ ਹੈਰਾਨੀ ਅਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਠੀਕ ਹੈ ਕਿ ਉਹ ਫ਼ੌਜ ਵਿਚ ਰਹੇ ਹਨ । ਲੇਕਿਨ ਹਰ ਸਮੇਂ ਫ਼ੌਜੀ ਸੋਚ ਅਧੀਨ ਅਮਲ ਕਰਕੇ ਮਨੁੱਖਤਾ ਪੱਖੀ ਨਤੀਜੇ ਨਹੀਂ ਕੱਢੇ ਜਾ ਸਕਦੇ । ਸਿਆਸੀ ਮਸਲਿਆ ਦਾ ਹੱਲ ਸਿਆਸੀ ਸੋਚ ਨਾਲ ਹੀ ਨਿਕਲਦਾ ਹੈ, ਨਾ ਕਿ ਗੋਲੀ ਤੇ ਬੰਦੂਕ ਨਾਲ । ਉਹਨਾਂ ਨੂੰ ਆਪਣੇ ਵੱਲੋ ਪੰਜਾਬ ਅਤੇ ਸਿੱਖ ਮਾਰੂ ਦਿੱਤੇ ਗਏ ਬਿਆਨ ਉਤੇ ਪੂਨਰ ਵਿਚਾਰ ਕਰਕੇ ਪੰਜਾਬ ਅਤੇ ਕੌਮ ਪੱਖੀ ਉਦਮ ਕਰਨੇ ਬਣਦੇ ਹਨ ਨਾ ਕਿ ਹੁਕਮਰਾਨਾਂ ਦੀ ਹਾਂ ਵਿਚ ਹਾਂ ਮਿਲਾਕੇ ਆਪਣੀ ਸਿਆਸਤ ਕਰਨੀ ਚਾਹੀਦੀ ਹੈ ।