ਫ਼ਤਹਿਗੜ੍ਹ ਸਾਹਿਬ – “1960 ਵਿਚ ਜੋ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਸਰਕਾਰਾਂ ਦੇ ਮੁੱਖੀਆਂ ਸ੍ਰੀ ਜਵਾਹਰ ਲਾਲ ਨਹਿਰੂ ਅਤੇ ਸ੍ਰੀ ਅਯੂਬ ਖਾਨ ਦੇ ਦਸਤਖ਼ਤਾਂ ਹੇਠ ਸਤਲੁਜ, ਬਿਆਸ, ਰਾਵੀ, ਸਿੰਧ, ਜੇਹਲਮ ਅਤੇ ਚਨਾਬ ਦਰਿਆਂ ਜੋ ਦੋਵਾਂ ਮੁਲਕਾਂ ਵਿਚ ਵਹਿੰਦੇ ਹਨ, ਦੇ ਪਾਣੀਆਂ ਦੀ ਵੰਡ ਦੀ ਗੱਲ ਹੋਈ ਸੀ । ਉਸ ਸਮਝੌਤੇ ਅਨੁਸਾਰ ਹੀ ਇਹਨਾਂ ਉਪਰੋਕਤ ਦਰਿਆਵਾਂ ਦੇ ਪਾਣੀਆਂ ਦੀ ਭਾਰਤ ਤੇ ਪਾਕਿਸਤਾਨ ਵਿਚ ਵਰਤੋਂ ਸੰਬੰਧੀ ਫੈਸਲਾ ਹੋਇਆ ਸੀ । ਲੇਕਿਨ ਹੁਣ ਊੜੀ ਹਮਲੇ ਨੂੰ ਲੈਕੇ ਜੋ ਭਾਰਤ ਦੀ ਮੋਦੀ ਹਕੂਮਤ ਵੱਲੋਂ ਇੰਡਸ ਵਾਟਰ ਟਰੀਟੀ 1960 ਦੌਰਾਨ ਹੋਏ ਸਮਝੋਤੇ ਨੂੰ ਤੋੜਨ ਦੀ ਕੋਸਿ਼ਸ਼ ਕਰਕੇ ਪਾਕਿਸਤਾਨ ਦੀ ਹਕੂਮਤ ਉਤੇ ਧੋਸ ਤੇ ਦਬਾਅ ਪਾਉਣ ਦੀ ਸੋਚ ਅਧੀਨ ਉਸ ਨਾਲ ਤਲਖੀ ਪੈਦਾ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ, ਇਹ ਕੌਮਾਂਤਰੀ ਸੰਧੀਆਂ ਤੇ ਕੌਮਾਂਤਰੀ ਨਿਯਮਾਂ ਨੂੰ ਭਾਰਤ ਵੱਲੋ ਤੋੜਨ ਅਤੇ ਆਪਣੀਆਂ ਕਮਜੋਰੀਆਂ ਤੇ ਫ਼ੌਜੀ ਪ੍ਰਬੰਧਕ ਕਮੀਆਂ ਨੂੰ ਛੁਪਾਉਣ ਲਈ ਘਿਸੀਆਂ-ਪਿੱਟੀਆਂ ਦਲੀਲਾਂ ਦਾ ਸਹਾਰਾ ਲੈਕੇ ਪਾਕਿਸਤਾਨ ਨਾਲ ਤਣਾਅ ਵਧਾਉਣ ਅਤੇ ਜੰਗ ਦਾ ਮਾਹੌਲ ਬਣਾਉਣ ਦੇ ਅਮਲ ਹੋ ਰਹੇ ਹਨ, ਇਹ ਗੈਰ-ਦਲੀਲ ਦੁੱਖਦਾਇਕ ਕਾਰਵਾਈਆਂ ਹਨ । ਜਿਸ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਵਿਰੋਧ ਕਰਦਾ ਹੈ । ਕਿਉਂਕਿ ਲਾਹੌਰ ਅਤੇ ਲਹਿੰਦੇ ਪੰਜਾਬ ਦਾ ਹਿੱਸਾ ਜੋ ਸਿੱਖ ਕੌਮ ਦੀ ਬਾਦਸ਼ਾਹੀ ਦੀਆਂ ਹੱਦਾਂ ਦੇ ਅੰਦਰ ਆਉਦਾ ਹੈ ਅਤੇ ਲਾਹੌਰ ਸਿੱਖ ਬਾਦਸ਼ਾਹੀ ਦੀ ਰਾਜਧਾਨੀ ਹੈ। ਫਿਰ ਲਹਿੰਦੇ ਪੰਜਾਬ ਵਿਚ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਤ ਉਥੇ ਵੱਡੀ ਗਿਣਤੀ ਵਿਚ ਗੁਰੂਘਰ ਹਨ, ਉਥੇ ਉਸ ਧਰਤੀ ਨਾਲ ਪੰਜਾਬੀਆਂ ਅਤੇ ਸਿੱਖ ਕੌਮ ਦਾ ਪੁਰਾਤਨ ਇਤਿਹਾਸ, ਵਿਰਸਾ ਅਤੇ ਵਿਰਾਸਤ ਜੁੜੇ ਹੋਏ ਹਨ। ਸਾਡੇ ਖ਼ਾਲਸਾ ਰਾਜ ਦੀ ਧਰਤੀ ਅਤੇ ਰਾਜਧਾਨੀ ਲਾਹੌਰ ਅਤੇ ਲਹਿੰਦੇ ਪੰਜਾਬ ਨੂੰ ਮੰਦਭਾਵਨਾ ਅਧੀਨ ਪਾਣੀਆਂ ਦੀ ਸੰਧੀ ਨੂੰ ਤੋੜਕੇ, ਉਸ ਨੂੰ ਸੋਕੇ ਦੀ ਮਾਰ ਅਤੇ ਖੰਡਰਾਤ ਬਣਾਉਣ ਦੇ ਮਨਸੂਬੇ ਜੰਗ ਨੂੰ ਉਤਸਾਹਿਤ ਕਰਨ ਵਾਲੇ ਹਨ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਖ ਕੌਮ ਤੇ ਪੰਜਾਬੀ ਬਿਲਕੁਲ ਵੀ ਬਰਦਾਸਤ ਨਹੀਂ ਕਰਨਗੇ। ਕਿਉਂਕਿ ਅਸੀਂ ਆਪਣੇ ਗੁਆਢੀ ਮੁਲਕ ਪਾਕਿਸਤਾਨ ਨਾਲ ਅੱਛੇ ਸੰਬੰਧਾਂ ਨੂੰ ਕਾਇਮ ਕਰਨ ਵਿਚ ਯਕੀਨ ਰੱਖਦੇ ਹਾਂ। ਦੂਸਰਾ ਰੀਪੇਰੀਅਨ ਕਾਨੂੰਨ ਅਨੁਸਾਰ ਜਦੋਂ ਦਰਿਆਂ ਅਤੇ ਨਦੀਆਂ ਜਿਸ ਵੀ ਸੂਬੇ ਵਿਚ ਵਹਿੰਦੇ ਹਨ, ਉਸ ਸੂਬੇ ਦਾ ਉਸ ਦੇ ਪਾਣੀਆਂ ਉਤੇ ਹੱਕ ਵੀ ਹੁੰਦਾ ਹੈ। ਇਸ ਲਈ ਉਪਰੋਕਤ 1960 ਦੀ ਇੰਡਸ ਵਾਟਰ ਟਰੀਟੀ ਨੂੰ ਰੱਦ ਕਰਨ ਦੇ ਅਮਲ ਕੌਮਾਂਤਰੀ ਕਾਨੂੰਨਾਂ ਅਤੇ ਰੀਪੇਰੀਅਨ ਕਾਨੂੰਨ ਦੀ ਤੋਹੀਨ ਕਰਨ ਵਾਲੇ ਅਮਲ ਹੋਣਗੇ । ਜਿਸ ਦੀ ਅਸੀਂ ਸਖ਼ਤ ਵਿਰੋਧਤਾ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਮੋਦੀ ਹਿੰਦੂਤਵ ਹਕੂਮਤ ਵੱਲੋਂ 1960 ਵਿਚ ਦੋਵਾਂ ਮੁਲਕਾਂ ਦੇ ਮੁੱਖੀਆਂ ਦੁਆਰਾ ਦਸਤਖ਼ਤ ਕਰਕੇ ਉਪਰੋਕਤ 6 ਦਰਿਆਵਾਂ ਦੇ ਪਾਣੀਆਂ ਦੀ ਵੰਡ ਦੇ ਕੀਤੇ ਗਏ ਸਾਂਝੇ ਫੈਸਲੇ ਨੂੰ ਫ਼ੌਜੀ ਸੋਚ ਅਧੀਨ ਅਤੇ ਤਾਨਾਸ਼ਾਹੀ ਅਮਲਾਂ ਅਧੀਨ ਰੱਦ ਕਰਨ ਦੀ ਦਿੱਤੀ ਗਈ ਬਿਆਨਬਾਜੀ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਕੌਮਾਂਤਰੀ ਕਾਨੂੰਨਾਂ ਦਾ ਅਪਮਾਨ ਕਰਨ ਦੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੋ ਕਸ਼ਮੀਰ ਵਿਚ ਕਸ਼ਮੀਰੀਆਂ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ ਜ਼ਬਰ-ਜੁਲਮ ਕੀਤੇ ਜਾ ਰਹੇ ਹਨ, ਉਸਦੀ ਬਦੌਲਤ ਕਸ਼ਮੀਰ ਵਿਚ ਭੁੱਖਮਰੀ ਵਾਲੀ ਹਾਲਤ ਪੈਦਾ ਹੋ ਚੁੱਕੀ ਹੈ। ਉਥੋਂ ਦੀ ਮਾਲੀ ਹਾਲਤ ਬਿਲਕੁਲ ਖ਼ਸਤਾ ਹੋ ਚੁੱਕੀ ਹੈ, ਉਥੋਂ ਦੇ ਨਿਵਾਸੀਆਂ ਕੋਲ 2 ਸਮੇਂ ਦੇ ਖਾਣ ਲਈ ਵਸਤਾਂ ਦਾ ਪ੍ਰਬੰਧ ਨਾ ਕਰਕੇ ਹਿੰਦੂਤਵ ਹਕੂਮਤ ਨੇ ਆਪਣੇ ਮੁਸਲਿਮ ਤੇ ਇਸਲਾਮ ਵਿਰੋਧੀ ਚਿਹਰੇ ਨੂੰ ਖੁਦ ਨੰਗਾ ਕਰ ਦਿੱਤਾ ਹੈ। ਉਹਨਾਂ ਕਿਹਾ ਜੇਕਰ ਪ੍ਰਾਈਵੇਟ ਟ੍ਰਾਸਪੋਰਟ ਬੰਦ ਹੈ ਤਾਂ ਮਿਲਟਰੀ ਟਰੱਕਾਂ ਰਾਹੀ ਰਾਸ਼ਨ ਤੇ ਹੋਰ ਸਮੱਗਰੀ ਪਹੁੰਚਾਈ ਜਾ ਸਕਦੀ ਹੈ। ਪਰ ਹਿੰਦੂਤਵ ਹਕੂਮਤ ਵੱਲੋਂ ਆਪਣੇ ਨਾਗਰਿਕਾਂ ਦੀ ਜਾਨ-ਮਾਲ ਦੀ ਹਿਫਾਜਤ ਕਰਨ, ਉਹਨਾਂ ਦੇ ਜਿਊਣ ਦੇ ਹੱਕ ਨੂੰ ਕਾਇਮ ਰੱਖਣ ਅਤੇ ਅਮਨ-ਚੈਨ ਨਾਲ ਜਿੰਦਗੀ ਬਸਰ ਕਰਨ ਦੇ ਫਰਜਾਂ ਤੋ ਮੂੰਹ ਮੋੜਕੇ ਵਿਧਾਨ ਦੀ ਧਾਰਾ 14 ਦਾ ਘੋਰ ਉਲੰਘਣ ਕੀਤਾ ਜਾ ਰਿਹਾ ਹੈ, ਜੋ ਗੈਰ-ਇਨਸਾਨੀਅਤ ਅਤੇ ਸਮਾਜਿਕ ਕਦਰਾ-ਕੀਮਤਾਂ ਦਾ ਜਨਾਜ਼ਾਂ ਕੱਢਣ ਦੇ ਤੁੱਲ ਅਮਲ ਹਨ। ਅਜਿਹੇ ਜ਼ਬਰ-ਜੁਲਮ ਵਾਲੇ ਅਮਲਾਂ ਦੀ ਬਦੌਲਤ ਹੀ ਕਸ਼ਮੀਰੀਆਂ ਅਤੇ ਮੁਸਲਿਮ ਕੌਮ ਵਿਚ ਉੱਠੇ ਹੋਰ ਦੀ ਬਦੌਲਤ ਊੜੀ ਹਮਲਾ ਹੋਇਆ ਹੈ। ਜਿਸ ਲਈ ਹਿੰਦੂਤਵ ਹਕੂਮਤ ਦੇ ਜ਼ਬਰ-ਜੁਲਮ ਦੋਸ਼ੀ ਹਨ, ਨਾ ਕਿ ਪਾਕਿਸਤਾਨ ਹਕੂਮਤ ਜਾਂ ਕਸ਼ਮੀਰ ਨਿਵਾਸੀ ।
ਉਹਨਾਂ ਕਿਹਾ ਕਿ ਜੋ ਪਾਣੀਆਂ ਨੂੰ ਫ਼ੌਜੀ ਹਥਿਆਰ ਬਣਾਕੇ ਪਾਕਿਸਤਾਨ ਨਾਲ ਪਾਣੀਆਂ ਦੀ ਸੰਧੀ ਤੋੜਨ ਦੇ ਅਮਲ ਹੋ ਰਹੇ ਹਨ, ਇਹ ਅਤਿ ਖ਼ਤਰਨਾਕ ਹਨ। ਕਿਉਂਕਿ ਬ੍ਰਹਮਪੁੱਤਰਾਂ ਦਰਿਆਂ ਚੀਨ ਤੋ ਸੁਰੂ ਹੁੰਦਾ ਹੈ, ਇਸੇ ਤਰ੍ਹਾਂ ਸਤਲੁਜ ਵੀ ਚੀਨ ਤੋਂ ਹੀ ਸੁਰੂ ਹੁੰਦਾ ਹੈ । ਜੇਕਰ ਚੀਨ ਬ੍ਰਹਮਪੁੱਤਰਾਂ ਦਰਿਆਂ ਦੇ ਪਾਣੀ ਨੂੰ ਬੰਦ ਕਰ ਦੇਵੇ ਤਾਂ ਅਸਾਮ ਤੇ ਬੰਗਾਲ ਵਿਚ ਸੋਕਾ ਪੈ ਜਾਵੇਗਾ। ਜੇ ਸਤਲੁਜ ਦੇ ਪਾਣੀ ਨੂੰ ਰੋਕ ਲਵੇ ਤਾਂ ਗੋਬਿੰਦ ਸਾਗਰ ਝੀਲ ਸੁੱਕ ਜਾਵੇਗੀ, ਸਰਹਿੰਦ ਕੈਨਾਲ ਵੀ ਬੰਦ ਹੋ ਜਾਵੇਗੀ, ਇਸ ਰਾਹੀ ਪੰਜਾਬ, ਹਰਿਆਣਾ, ਰਾਜਸਥਾਨ ਦੀਆਂ ਫ਼ਸਲਾਂ ਲਈ ਆਉਣ ਵਾਲਾ ਪਾਣੀ ਬੰਦ ਹੋਣ ਕਾਰਨ ਇਥੇ ਵੀ ਸੋਕੇ ਤੇ ਭੁੱਖਮਰੀ ਵਾਲੇ ਹਾਲਾਤ ਪੈਦਾ ਹੋ ਜਾਣਗੇ। ਇਸ ਲਈ ਹਿੰਦੂਤਵ ਹਕੂਮਤ ਵੱਲੋਂ ਇੰਡਸ ਵਾਟਰ ਟਰੀਟੀ ਨੂੰ ਰੱਦ ਕਰਨ ਦੇ ਮਨਸੂਬਿਆਂ ਉਤੇ ਵਿਚਾਰ ਕਰਨ ਦੇ ਅਮਲ ਤਾਂ ਸਤਲੁਜ, ਬਿਆਸ, ਰਾਵੀ, ਜੇਹਲਮ, ਚਨਾਬ, ਸਿੰਧ ਆਦਿ ਦਰਿਆਵਾਂ ਦੇ ਪਾਣੀਆਂ ਨੂੰ ਕੌਮਾਂਤਰੀ ਸੰਧੀਆਂ ਦਾ ਉਲੰਘਣ ਕਰਨ ਵਾਲੇ ਅਤੇ ਸਾਡੀ ਸਿੱਖ ਬਾਦਸ਼ਾਹੀ ਦੀ ਰਾਜਧਾਨੀ ਲਾਹੌਰ ਅਤੇ ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਪ੍ਰਾਪਤ ਲਹਿੰਦੇ ਪੰਜਾਬ ਵਾਲੀ ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੋਣਗੇ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਵੀ ਸਹਿਣ ਨਹੀਂ ਕਰੇਗਾ।
ਸ. ਮਾਨ ਨੇ ਕਿਹਾ ਕਿ ਜਦੋਂ ਵੀ ਚੋਣਾਂ ਦਾ ਮਾਹੌਲ ਆਉਦਾ ਹੈ ਤਾਂ ਹਿੰਦੂਤਵ ਹੁਕਮਰਾਨ ਘੱਟ ਗਿਣਤੀ ਸਿੱਖ, ਇਸਾਈ, ਮੁਸਲਿਮ, ਰੰਘਰੇਟਿਆਂ ਉਤੇ ਜ਼ਬਰ-ਜੁਲਮ ਇਸ ਲਈ ਸੁਰੂ ਕਰ ਦਿੰਦੇ ਹਨ ਤਾਂ ਕਿ ਬਹੁਗਿਣਤੀ ਹਿੰਦੂ ਕੌਮ ਨੂੰ ਖੁਸ਼ ਕਰਕੇ ਉਹਨਾਂ ਦੀਆਂ ਵੋਟਾਂ ਆਪਣੇ ਹੱਕ ਵਿਚ ਵਟੋਰ ਸਕਣ। ਹੁਣ ਵੀ ਜੋ ਕਸ਼ਮੀਰ ਵਿਚ 80 ਕਸ਼ਮੀਰੀ ਨੌਜ਼ਵਾਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਹੈ ਅਤੇ ਕੋਈ 8 ਹਜ਼ਾਰ ਦੇ ਕਰੀਬ ਜਖਮੀ ਕਰ ਦਿੱਤੇ ਗਏ ਹਨ ਅਤੇ ਪਲੇਟ ਗੰਨਾਂ ਦੀ ਦੁਰਵਰਤੋ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਕਸ਼ਮੀਰੀਆਂ ਨੂੰ ਅੰਨ੍ਹੇ ਕਰ ਦਿੱਤਾ ਗਿਆ ਹੈ। ਇਹ ਅਣਮਨੁੱਖੀ ਅਤੇ ਗੈਰ-ਇਨਸਾਨੀਅਤ ਅਮਲ ਹਨ। ਜੋ ਹਿੰਦ ਹਕੂਮਤ ਕਸ਼ਮੀਰ ਅਤੇ ਪਾਕਿਸਤਾਨ ਸੰਬੰਧੀ ਗੁੰਮਰਾਹ ਕਰਕੇ ਜ਼ਬਰ-ਜੁਲਮ ਕਰ ਰਹੀ ਹੈ ਅਤੇ ਪਾਕਿਸਤਾਨ ਨੂੰ ਦਹਿਸਤਗਰਦ ਐਲਾਨਣ ਦਾ ਪ੍ਰਚਾਰ ਕਰ ਰਹੀ ਹੈ, ਉਸ ਤੋ ਪਹਿਲੇ ਉਹ 2002 ਵਿਚ 2 ਹਜ਼ਾਰ ਮੁਸਲਮਾਨਾਂ ਦਾ ਗੁਜਰਾਤ ਵਿਚ ਕਤਲੇਆਮ ਕਰਨ, 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਉਜਾੜਨ, ਦੱਖਣੀ ਸੂਬਿਆਂ ਵਿਚ ਇਸਾਈਆ ਦਾ ਕਤਲੇਆਮ ਕਰਨ, ਨਨਜ਼ਾਂ ਨਾਲ ਜ਼ਬਰ-ਜਿਨਾਹ ਕਰਨ, 1992 ਵਿਚ ਜ਼ਬਰੀ ਬਾਬਰੀ ਮਸਜਿਦ ਨੂੰ ਢਾਹੁਣ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆ ਵਿਚ ਮੁਸਲਮਾਨਾਂ, ਸਿੱਖਾਂ ਉਤੇ ਜ਼ਬਰ-ਜੁਲਮ ਕਰਨ ਦੀ ਬਦੌਲਤ ਵੱਡੇ ਮੁਲਕ ਅਤੇ ਯੂ.ਐਨ.ਓ. ਵੱਲੋਂ ਹਿੰਦੂਸਤਾਨ ਨੂੰ ਦਹਿਸਤਗਰਦ ਐਲਾਨਿਆ ਜਾਵੇ।