ਹੈਦਰਾਬਾਦ- ਆਂਧਰ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿਚ ਸੋਮਵਾਰ ਨੂੰ ਸ਼ੁਰੂ ਹੋਈ ਵਿਸ਼ਵ ਬੈਡਮਿੰਟਨ ਚੈਂਪੀਅਨਸਿ਼ਪ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਅਤਿਵਾਦੀ ਹਮਲਿਆਂ ਦੇ ਡਰ ਕਰਕੇ ਇੰਗਲੈਂਡ ਦੀ ਟੀਮ ਦੇ ਵਾਪਸ ਪਰਤ ਜਾਣ ਤੋਂ ਬਾਅਦ ਸਟੇਡੀਅਮ, ਹੋਟਲਾਂ ਅਤੇ ਅਭਿਆਸ ਦੀਆਂ ਥਾਵਾਂ ‘ਤੇ ਸੁਰੱਖਿਆ ਚੌਕ ਬੰਦ ਕਰ ਦਿੱਤੀ ਗਈ ਹੈ।
ਮੈਚ ਵੇਖਣ ਲਈ ਅੰਦਰ ਜਾਣ ਤੋਂ ਪਹਿਲਾਂ ਲੋਕਾਂ ਨੂੰ ਮੈਟਲ ਡਿਟੈਕਟਰ ਰਾਹੀਂ ਹੋਕੇ ਜਾਣਾ ਪੈ ਰਿਹਾ ਹੈ ਕਿਸੇ ਸੱਕੀ ਚੀਜ਼ ਦੀ ਪਛਾਣ ਜਾਂ ਖੋਜ ਲਈ ਖੋਜੀ ਕੁੱਤੇ ਮੁਸਤੈਦ ਕੀਤੇ ਗਏ ਹਨ। ਦਰਸ਼ਕਾਂ ਅਤੇ ਅਧਿਕਾਰੀਆਂ ਤੋਂ ਇਲਾਵਾ ਮੀਡੀਆ ਵਾਲਿਆਂ ਨੂੰ ਵੀ ਅਨੇਕ ਥਾਵਾਂ ‘ਤੇ ਜਾਂਚ ਕਰਵਾਉਣ ਦੇ ਨਾਲ ਨਾਲ ਆਪਣੀ ਪਛਾਣ ਦੇਣੀ ਪੈ ਰਹੀ ਹੈ। ਸੁਰੱਖਿਆ ਫੋਰਸਾਂ ਅਤੇ ਸਥਾਨਕ ਪੁਲਿਸ ਤੋਂ ਇਲਾਵਾ ਨਿਜੀ ਸੁਰੱਖਿਆ ਗਾਰਡਾਂ ਦੀ ਵੀ ਤੈਨਾਤੀ ਕੀਤੀ ਗਈ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਸੁਰੱਖਿਆ ਫੋਰਸਾਂ ਦੀ ਗਿਣਤੀ ਨਹੀਂ ਵਧਾਈ ਗਈ। ਅਧਿਕਾਰੀ ਨੇ ਕਿਹਾ, “ਸੁਰੱਖਿਆ ਫੋਰਸਾਂ ਦੀ ਗਿਣਤੀ ਨਹੀਂ ਵਧਾਈ ਗਈ। ਫਰਕ ਬਸ ਇੰਨਾ ਹੈ ਕਿ ਸੁਰੱਖਿਆ ਸਬੰਧ ਇੰਤਜ਼ਾਮ ਦਿਖਣ ਲੱਗੇ ਹਨ ਕਿਉਂਕਿ ਮੁਕਾਬਲਾ ਸ਼ੁਰੂ ਹੋ ਚੁਕਿਆ ਹੈ। ਜਿ਼ਕਰਯੋਗ ਹੈ ਕਿ ਇੰਗਲੈਂਡ ਲਸ਼ਕਰ ਏ ਤਾਇਬਾ ਦੀ ਧਮਕੀ ਮਿਲਣ ਤੋਂ ਬਾਅਦ ਸੋਮਵਾਰ ਨੂੰ ਸ਼ੁਰੂ ਹੋਈ ਵਿਸ਼ਵ ਬੈਡਮਿੰਟਨ ਚੈਂਪੀਅਨਸਿ਼ਪ ਤੋਂ ਪਾਸੇ ਹੱਟ ਗਿਆ ਹੈ।
ਬੈਡਮਿੰਟਨ ਇੰਗਲੈਂਡ ਦੇ ਮੁੱਖ ਪ੍ਰਬੰਧਕ ਐਂਡ੍ਰੀਅਨ ਕ੍ਰਿਸਟੀ ਨੇ ਚੈਂਪੀਅਨਸਿ਼ਪ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਟੂਰਨਾਮੈਂਟ ਤੋਂ ਹਟਣ ਦਾ ਫੈ਼ਸਲਾ ਵਿਦੇਸ਼ ਮੰਤਰਾਲੇ ਅਤੇ ਬ੍ਰਿਟਿਸ਼ ਹਾਈਕਮਿਸ਼ਨ ਦੀ ਸਲਾਹ ਨਾਲ ਲਿਆ ਗਿਆ ਹੈ। ਕ੍ਰਿਸਟੀ ਨੇ ਕਿਹਾ ਕਿ ਇਹ ਫੈ਼ਸਲਾ ਬਹੁਤ ਹੀ ਸਖ਼ਤ ਸੀ ਜਿਸਨੂੰ ਅਸੀਂ ਆਸਾਨੀ ਨਾਲ ਨਹੀਂ ਸਾਂ ਲੈ ਸਕਦੇ। ਉਲੰਪਿਕ ਖੇਡਾਂ ਤੋਂ ਬਾਅਦ ਇਹ ਦੁਨੀਆਂ ਦੀ ਸਭ ਤੋਂ ਵੱਡੀ ਚੈਂਪੀਅਨਸਿ਼ਪ ਹੈ ਪਰ ਅਸੀਂ ਇਸ ਅਸਥਿਰ ਮਾਹੌਲ ਵਿਚ ਆਪਣੇ ਖਿਡਾਰੀਆਂ, ਕੋਚ ਅਤੇ ਸਟਾਫ਼ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਨਹੀਂ ਸਾਂ ਪਾ ਸਕਦੇ। ਇੰਗਲੈਂਡ ਦੀ ਟੀਮ ਜਿਸ ਵਿਚ ਉਲੰਪਿਕ ਸਿਲਵਰ ਮੈਡਲ ਜੇਤੂ ਨਾਥਨ ਰਾਬਰਟਸਨ ਵੀ ਸ਼ਾਮਲ ਹੈ, ਤੁਰੰਤ ਹੀ ਆਪਣੇ ਦੇਸ਼ ਰਵਾਨਾ ਹੋ ਜਾਵੇਗੀ।
ਕ੍ਰਿਸਟੀ ਨੇ ਕਿਹਾ ਕਿ ਬੀਡਬਲਿਊਐਫਖ ਅਤੇ ਆਯੋਜਨ ਕਮੇਟੀ ਨੇ ਧਮਕੀ ਤੋਂ ਬਾਅਦ ਦੀਆਂ ਫਿਕਰਾਂ ਨੂੰ ਜਿੰਨੀ ਜਲਦੀ ਪ੍ਰਤੀਕਰਿਆ ਦਿੱਤੀ ਉਸ ਦੇ ਅਸੀਂ ਧੰਨਵਾਦੀ ਹਾਂ। ਅਸੀਂ ਸਥਾਨਕ ਪੁਲਿਸ ਅਧਿਕਾਰੀਆਂ ਨੇ ਜਿਹੜੀਆਂ ਟਿਪੱਣੀਆਂ ਉਨ੍ਹਾਂ ‘ਤੇ ਕੀਤੀਆਂ ਉਨ੍ਹਾਂ ‘ਤੇ ਵੀ ਗ਼ੌਰ ਕੀਤਾ ਅਤੇ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੇ ਸਾਰੇ ਹਿੱਸਾ ਲੈਣ ਵਾਲਿਆਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਿਆ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਸਤੋਂ ਇਲਾਵਾ ਵਿਦੇਸ਼ ਮੰਤਰਾਲੇ ਅਤੇ ਬ੍ਰਿਟਿਸ਼ ਹਾਈਕਮਿਸ਼ਨ ਦੀ ਵੀ ਸਲਾਹ ਲਈ। ਅਸੀਂ ਪਿਛਲੇ ਦੋ ਦਿਨਾਂ ਤੱਕ ਲਗਾਤਾਰ ਗਲਬਾਤ ਕੀਤੀ। ਇਸ ਤੋਂ ਇਹੀ ਸਿੱਟਾ ਨਿਕਲਿਆ ਕਿ ਸੁਰੱਖਿਆ ਸਭ ਤੋਂ ਅਹਿਮ ਹੈ ਅਤੇ ਇਸ ਲਈ ਅਸੀਂ ਦੁੱਖ ਦੇ ਨਾਲ ਕਹਿ ਰਹੇ ਹਾਂ ਕਿ ਸਾਡੀ ਟੀਮ ਤੁਰੰਤ ਬ੍ਰਿਟੇਨ ਨੂੰ ਰਵਾਨਾ ਹੋ ਜਾਵੇਗੀ। ਇਸਤੋਂ ਪਹਿਲਾਂ ਵੀ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਲੋਂ ਵੀ ਅਜਿਹੇ ਫੈਸਲੇ ਲਏ ਜਾਂਦੇ ਰਹੇ ਹਨ।