ਚੰਡੀਗੜ੍ਹ – “ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜੋ 10 ਨਵੰਬਰ 2016 ਨੂੰ ਸਰਬੱਤ ਖ਼ਾਲਸਾ-2 ਹੋ ਰਿਹਾ ਹੈ ਅਤੇ ਜਿਸ ਦੀ ਕਾਮਯਾਬੀ ਲਈ ਹਿੰਦ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਵੱਸ ਰਹੇ ਪੰਥ ਦਰਦੀਆਂ ਅਤੇ ਸਿੱਖਾਂ ਵਿਚ ਬਹੁਤ ਭਾਰੀ ਉਤਸਾਹ ਹੈ, ਉਸ ਸਰਬੱਤ ਖ਼ਾਲਸਾ ਨੂੰ ਰੱਦ ਕਰਵਾਉਣ ਅਤੇ ਉਸ ਵਿਚ ਰੁਕਾਵਟਾਂ ਪਾਉਣ ਹਿੱਤ ਹਕੂਮਤੀ ਪੱਧਰ ਤੇ ਸਾਜਿ਼ਸਾਂ ਬਣਨ ਲੱਗ ਪਈਆ ਹਨ । ਇਥੋ ਤੱਕ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਆਪਣੇ ਇਸ ਮੰਦਭਾਵਨਾ ਭਰੇ ਮਿਸ਼ਨ ਨੂੰ ਪ੍ਰਾਪਤ ਕਰਨ ਲਈ ਖੁਦ ਅੱਗੇ ਹੋ ਕੇ ਸਰਗਰਮੀਆ ਕਰਦੇ ਨਜ਼ਰ ਆ ਰਹੇ ਹਨ । ਇਸ ਮਕਸਦ ਦੀ ਪ੍ਰਾਪਤੀ ਲਈ ਉਹਨਾਂ ਵੱਲੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰਿਕ ਮੈਬਰਾਂ, ਭਾਈ ਜਸਵੀਰ ਸਿੰਘ ਰੋਡੇ ਅਤੇ ਕੈਪਟਨ ਹਰਚਰਨ ਸਿੰਘ ਰੋਡੇ ਨਾਲ ਸੰਪਰਕ ਬਣਾਇਆ ਗਿਆ। ਤਾਂ ਕਿ ਸਰਬੱਤ ਖ਼ਾਲਸੇ ਵਿਚ ਖਾੜਕੂ ਧਿਰਾ ਦੇ ਨਾਮ ਦੀ ਦੁਰਵਰਤੋ ਕਰਕੇ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਖਾੜਕੂ ਧਿਰਾ ਦਾ ਸਰਬੱਤ ਖ਼ਾਲਸਾ ਤੋਂ ਦੂਰ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 10 ਨਵੰਬਰ 2015 ਨੂੰ ਚੱਬਾ (ਅੰਮ੍ਰਿਤਸਰ) ਵਿਖੇ ਅਜੋਕੇ ਸਮੇਂ ਦੇ ਪਹਿਲੇ ਸਰਬੱਤ ਖ਼ਾਲਸਾ ਨੂੰ ਅਸਫ਼ਲ ਬਣਾਉਣ ਲਈ ਸ. ਪ੍ਰਕਾਸ਼ ਸਿੰਘ ਬਾਦਲ, ਮੋਦੀ ਹਕੂਮਤ ਅਤੇ ਬਾਦਲ ਪਰਿਵਾਰ ਨੇ ਕੋਈ ਕਸਰ ਨਹੀਂ ਸੀ ਛੱਡੀ । ਬਹੁਤ ਸਾਰੀਆਂ ਪੰਥਕ ਧਿਰਾਂ ਨੇ ਸਰਕਾਰ ਦੇ ਦਬਾਅ ਥੱਲ੍ਹੇ ਆ ਕੇ ਬੀਤੇ ਸਮੇਂ ਵਿਚ ਹੋਏ ਸਰਬੱਤ ਖ਼ਾਲਸਾ ਤੋ ਆਪਣੇ-ਆਪ ਨੂੰ ਦੂਰ ਰੱਖਿਆ । ਜਦੋਂਕਿ ਸਰਬੱਤ ਖ਼ਾਲਸਾ ਪ੍ਰਬੰਧਕ ਧਿਰਾਂ ਨੇ ਸਮੁੱਚੀਆਂ ਪੰਥਕ ਧਿਰਾ, ਸੰਗਠਨਾਂ ਅਤੇ ਸਿੱਖ ਕੌਮ ਨੂੰ ਉਸ ਸਰਬੱਤ ਖ਼ਾਲਸਾ ਵਿਚ ਸ਼ਾਮਿਲ ਹੋਣ ਲਈ ਸੰਜ਼ੀਦਗੀ ਭਰੀ ਅਖ਼ਬਾਰਾਂ ਤੇ ਇਸਤਿਹਾਰਾਂ ਰਾਹੀ ਖੁੱਲ੍ਹੀ ਅਪੀਲ ਕੀਤੀ ਸੀ । ਜਦੋਂ ਇਹ ਸਰਬੱਤ ਖ਼ਾਲਸਾ ਆਪਣੇ ਮਿਸ਼ਨ ਵਿਚ ਪੂਰਨ ਤੌਰ ਤੇ ਕਾਮਯਾਬ ਹੋ ਗਿਆ ਸਰਬੱਤ ਖ਼ਾਲਸਾ ਤੋਂ ਆਪਣੇ-ਆਪ ਨੂੰ ਦੂਰ ਰੱਖਣ ਵਾਲੀਆ ਧਿਰਾ ਹੋਰ ਪਛਤਾਵੇ ਤੋ ਇਲਾਵਾ ਕੁਝ ਨਹੀਂ ਸੀ ਬਚਿਆ ਕਿਉਂਕਿ ਇਹ ਧਿਰਾ ਆਪਣੀ ਦੋਚਿੱਤੀ ਵਿਚ ਹੋਣ ਕਰਕੇ ਅਤੇ ਸਰਕਾਰੀ ਪ੍ਰਭਾਵ ਨੂੰ ਕਬੂਲਣ ਕਰਕੇ ਸਿੱਖ ਕੌਮ ਵਿਚ ਉਸ ਸਮੇਂ ਅਲੱਗ-ਥਲੱਗ ਹੋ ਕੇ ਰਹਿ ਗਈਆ ਸਨ । ਪਰ ਸੰਗਤਾਂ ਦੇ ਲੱਖਾਂ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਸਵਾਰਥੀ ਸਿਆਸਤਦਾਨਾਂ ਜਾਂ ਪੰਥਕ ਆਗੂਆਂ ਦੀਆਂ ਕੰਮਜੋਰੀਆ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਆਪਣੇ ਕੌਮੀ ਮਿਸ਼ਨ ਲਈ ਇਮਾਨਦਾਰ ਵੀ ਹੈ ਤੇ ਦ੍ਰਿੜ ਵੀ ਹੈ ਅਤੇ ਪਹਿਲਾ ਸਰਬੱਤ ਖ਼ਾਲਸਾ ਆਪਣੇ ਮਕਸਦ ਵਿਚ ਹਰ ਪੱਖੋ ਕਾਮਯਾਬ ਹੋਇਆ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਪਰਿਵਾਰ ਵੱਲੋ ਸਰਬੱਤ ਖ਼ਾਲਸਾ-2 ਵਿਚ ਰੁਕਾਵਟਾਂ ਪਾਉਣ ਦੇ ਕੀਤੇ ਜਾ ਰਹੇ ਪੰਥ ਵਿਰੋਧੀ ਅਮਲਾਂ ਅਤੇ ਇਹਨਾਂ ਸਰਕਾਰ ਪੱਖੀ ਧਿਰਾਂ ਦਾ ਸਾਥ ਦੇਣ ਵਾਲੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਪਰਿਵਾਰਿਕ ਮੈਬਰ ਜਾਂ ਹੋਰ ਧਿਰਾਂ ਜਾਂ ਆਗੂਆਂ ਵੱਲੋ ਕੌਮੀ ਪ੍ਰੋਗਰਾਮ ਵਿਰੋਧੀ ਸਾਜਿ਼ਸ ਦੇ ਭਾਈਵਾਲ ਬਣਨ ਅਤੇ ਖ਼ਾਲਸਾ ਪੰਥ ਨੂੰ ਪਿੱਠ ਦੇਣ ਦੇ ਹੋ ਰਹੇ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਇਹਨਾਂ ਧਿਰਾਂ ਨੂੰ ਇਸ ਗੱਲੋਂ ਖ਼ਬਰਦਾਰ ਕਰਦੇ ਹੋਏ ਕਿ ਸਰਬੱਤ ਖ਼ਾਲਸਾ ਤਾਂ ਅਵੱਸ ਕਾਮਯਾਬ ਹੋਵੇਗਾ, ਇਹ ਧਿਰਾ ਪਹਿਲੇ ਦੀ ਤਰ੍ਹਾਂ ਅਲੱਗ-ਥਲੱਗ ਹੋ ਕੇ ਰਹਿ ਜਾਣਗੀਆ ਦੇ ਵਿਚਾਰ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਕੈਪਟਨ ਹਰਚਰਨ ਸਿੰਘ ਰੋਡੇ ਖੁਦ ਉਹ ਇਨਸਾਨ ਹਨ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਸ਼ਹਾਦਤ ਤੋ ਮਗਰੋ ਉਹਨਾਂ ਦੀ ਮ੍ਰਿਤਕ ਦੇਹ ਨੂੰ ਪਹਿਚਾਨਣ ਵਿਚ ਭੂਮਿਕਾ ਨਿਭਾਈ ਸੀ । ਹੋਰ ਵੀ ਬਹੁਤ ਸਾਰੇ ਖਾੜਕੂ ਧਿਰਾ ਦੇ ਪਰਿਵਾਰ ਵੀ ਕੌਮੀ ਪ੍ਰੋਗਰਾਮ ਨੂੰ ਪਿੱਠ ਦੇ ਗਏ ਹਨ । ਲੇਕਿਨ ਕੌਮੀ ਪ੍ਰੋਗਰਾਮ ਆਪਣੀ ਮੰਜਿ਼ਲ ਵੱਲ ਆਪਣੀ ਰਫ਼ਤਾਰ ਨਾਲ ਅਡੋਲ ਵੱਧਦਾ ਜਾ ਰਿਹਾ ਹੈ, ਜਦੋਂਕਿ ਅਜਿਹੇ ਮੈਬਰਾਂ ਦੇ ਨਾਮੋ-ਨਿਸ਼ਾਨ ਸਿੱਖ ਕੌਮ ਦੇ ਕਿਸੇ ਵੀ ਪ੍ਰੋਗਰਾਮ ਵਿਚ ਨਜ਼ਰ ਨਹੀਂ ਆਉਦੇ । ਕਿਉਂਕਿ ਸਿੱਖ ਕੌਮ ਨੇ ਉਹਨਾਂ ਦੇ ਕਿਰਦਾਰਾਂ ਦੀ ਬਦੌਲਤ ਉਹਨਾਂ ਨੂੰ ਆਪਣੇ ਮਨਾਂ ਤੇ ਆਤਮਾਵਾਂ ਵਿਚੋ ਕੱਢ ਦਿੱਤਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਜੋ ਉਸ ਸੋਚ ਤੇ ਪ੍ਰੋਗਰਾਮ ਨੂੰ ਪੂਰੀ ਇਮਾਨਦਾਰੀ ਨਾਲ ਤੇ ਦ੍ਰਿੜਤਾ ਨਾਲ ਅੱਗੇ ਲਿਜਾ ਰਹੀਆ ਹਨ, ਉਹਨਾਂ ਨੂੰ ਦੇਸ਼ ਦੇ ਵਿਦੇਸ਼ਾਂ ਵਿਚ ਸੰਗਤਾਂ ਵੱਲੋ ਹਰ ਤਰ੍ਹਾਂ ਅੱਜ ਵੀ ਵੱਡਾ ਸਹਿਯੋਗ ਮਿਲ ਰਿਹਾ ਹੈ । ਕਿਉਂਕਿ ਕੌਮਾਂ ਦੀ ਲੜਾਈ ਕਿਸੇ ਵਿਅਕਤੀਗਤ ਨਾਮ ਨਾਲ ਨਹੀਂ ਹੁੰਦੀ, ਬਲਕਿ ਉੱਚੇ-ਸੁੱਚੇ ਮਿਸ਼ਨ ਦੇ ਨਾਮ ਨਾਲ ਅੱਗੇ ਵੱਧਦੀ ਹੈ, ਜੋ ਨਿਰੰਤਰ ਵੱਧਦੀ ਰਹੇਗੀ ਅਤੇ ਕੋਈ ਵੀ ਪੰਥ ਵਿਰੋਧੀ ਤਾਕਤ, ਬਾਦਲ ਪਰਿਵਾਰ ਜਾਂ ਉਹ ਖਾੜਕੂ ਧਿਰਾ ਜਾਂ ਸਖਸ਼ੀਅਤਾਂ ਜੋ ਸਰਕਾਰੀ ਪ੍ਰਭਾਵ ਨੂੰ ਪ੍ਰਵਾਨ ਕਰਕੇ ਲੀਹ ਤੋ ਲਹਿ ਗਈਆ ਹਨ, ਉਹ ਅਜਿਹੇ ਕੌਮੀ ਮਿਸ਼ਨਾਂ ਨੂੰ ਨਾ ਤਾਂ ਰੋਕ ਸਕਣਗੀਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪਾ ਸਕਣਗੀਆ । ਬਲਕਿ ਅਜਿਹੇ ਲੋਕ ਕੌਮ ਵਿਚ ਦਾਗੀ ਬਣਕੇ ਰਹਿ ਜਾਣਗੇ । ਜਿਨ੍ਹਾਂ ਦਾ ਇਤਿਹਾਸ ਵਿਚ ਕਿਸੇ ਵੀ ਨਾਮੋ-ਨਿਸ਼ਾਨ ਨਹੀਂ ਰਹੇਗਾ । ਇਸ ਲਈ ਅਜਿਹੀਆ ਧਿਰਾ ਨੂੰ ਸਾਡੀ ਬੇਨਤੀ ਹੈ ਕਿ ਉਹ ਆਪਣੇ-ਆਪ ਨੂੰ ਸਿੱਖ ਕੌਮ ਦੀਆਂ ਨਜ਼ਰਾਂ ਵਿਚ ਖ਼ਤਮ ਕਰਨ ਦੀ ਬਜਾਇ ਕੌਮੀ ਮਿਸ਼ਨ ਵਿਚ ਖਲੋਣ ਨਾ ਕਿ ਪੰਥ ਵਿਰੋਧੀ ਧਿਰਾ ਨਾਲ ।
ਸ. ਮਾਨ ਨੇ ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਕਿਹਾ ਕਿ ਸਿੱਖ ਕੌਮ ਹਿੰਦ-ਪਾਕਿ ਦੀ ਜੰਗ ਬਿਲਕੁਲ ਨਹੀਂ ਚਾਹੁੰਦੀ । ਕਿਉਂਕਿ ਇਸ ਜੰਗ ਵਿਚ ਉਸ ਸਿੱਖ ਕੌਮ ਦਾ ਬੀਜ ਨਾਸ ਹੋ ਕੇ ਰਹਿ ਜਾਵੇਗਾ, ਜਿਸ ਦੀ ਨਾ ਤਾਂ ਹਿੰਦੂ ਕੌਮ ਨਾਲ ਕੋਈ ਦੁਸ਼ਮਣੀ ਹੈ ਨਾ ਮੁਸਲਿਮ ਕੌਮ ਨਾਲ । ਜਦੋਂਕਿ ਇਹ ਜੰਗ ਹਿੰਦੂ ਅਤੇ ਮੁਸਲਿਮ ਕੌਮਾਂ ਵਿਚਕਾਰ ਹੋਵੇਗੀ । ਉਹਨਾਂ ਇਸ ਗੱਲ ਤੇ ਵੀ ਹੈਰਾਨੀ ਤੇ ਦੁੱਖ ਪ੍ਰਗਟ ਕੀਤਾ ਕਿ ਪਾਕਿਸਤਾਨ ਦੀ ਸਰਹੱਦ ਕੇਵਲ ਪੰਜਾਬ ਸੂਬੇ ਨਾਲ ਹੀ ਨਹੀਂ ਲੱਗਦੀ, ਬਲਕਿ ਜੰਮੂ-ਕਸ਼ਮੀਰ, ਗੁਜਰਾਤ ਅਤੇ ਰਾਜਸਥਾਨ ਨਾਲ ਵੀ ਲੱਗਦੀ ਹੈ । ਲੇਕਿਨ ਕੇਵਲ ਪੰਜਾਬ ਦੀ ਸਰਹੱਦ ਨਾਲ ਲੱਗਦੇ 1 ਹਜ਼ਾਰ ਪਿੰਡਾਂ ਦੇ ਨਿਵਾਸੀਆਂ ਵਿਚ ਦਹਿਸਤ ਪਾ ਕੇ ਉਹਨਾਂ ਨੂੰ ਬੇ-ਘਰ ਅਤੇ ਆਪਣੀਆ ਫ਼ਸਲਾਂ ਤੇ ਜਮੀਨਾਂ ਤੋਂ ਬੇ-ਜ਼ਮੀਨੇ ਕਰਨ ਦੀ ਹੁਕਮਰਾਨਾਂ ਵੱਲੋ ਕੋਈ ਸਾਜਿ਼ਸ ਰਚੀ ਗਈ ਹੈ । ਜਦੋਕਿ ਗੁਜਰਾਤ, ਰਾਜਸਥਾਨ, ਜੰਮੂ-ਕਸ਼ਮੀਰ ਦੀ ਸਰਹੱਦ ਨਾਲ ਲੱਗਦੇ ਕਿਸੇ ਵੀ ਪਿੰਡ ਨੂੰ ਖਾਲੀ ਨਹੀਂ ਕਰਵਾਇਆ ਗਿਆ । ਇਹ ਸਿੱਖਾਂ ਤੇ ਪੰਜਾਬੀਆਂ ਉਤੇ ਹੁਕਮਰਾਨਾਂ ਤੇ ਉਹਨਾਂ ਦੇ ਭਾਈਵਾਲਾਂ ਦਾ ਵੱਡਾ ਜੁਲਮ ਹੈ । ਜਦੋਂਕਿ ਇਸ ਸਮੇਂ ਝੋਨੇ ਦੀਆਂ ਫ਼ਸਲਾਂ ਪੱਕ ਚੁੱਕੀਆ ਹਨ, ਸਰਹੱਦੀ ਪਿੰਡਾਂ ਦੇ ਜਿੰਮੀਦਾਰਾਂ ਦੀਆਂ ਫ਼ਸਲਾਂ ਨੂੰ ਵੱਢਣ ਨਾ ਦੇਣਾ ਜਾਂ ਉਹਨਾਂ ਨੂੰ ਆਪਣੇ ਘਰਾਂ ਵਿਚ ਨਾ ਰਹਿਣ ਦੇਣ ਦੇ ਅਮਲ ਮਨੁੱਖਤਾ ਵਿਰੋਧੀ ਅਤੇ ਸਿੱਖ ਕੌਮ ਪ੍ਰਤੀ ਮਾਰੂ ਅਮਲ ਹਨ । ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਤਈ ਬਰਦਾਸਤ ਨਹੀਂ ਕਰੇਗਾ । ਇਸ ਮਿਸ਼ਨ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਰਖਿਆਲ ਪੰਥਕ ਜਥੇਬੰਦੀਆਂ ਵੱਲੋ ਆਉਣ ਵਾਲੇ ਕੱਲ੍ਹ ਤਰਨਤਾਰਨ ਦੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਨਿਵਾਸੀਆ ਦੀ ਇਸ ਦੁੱਖ ਦੀ ਘੜੀ ਵਿਚ ਪੂਰੀ ਤਰ੍ਹਾਂ ਸਮੂਲੀਅਤ ਕਰਦੇ ਹੋਏ ਰੱਤੋਕੇ ਪਿੰਡ ਤੋਂ ਇਹ ਮੁਹਿੰਮ ਸੁਰੂ ਕੀਤੀ ਜਾਵੇਗੀ, ਹਰ ਸਰਹੱਦੀ ਪਿੰਡ ਵਿਚ ਪਹੁੰਚਿਆ ਜਾਵੇਗਾ, ਕਿ ਕੋਈ ਵੀ ਜਿੰਮੀਦਾਰ ਜਾਂ ਸਿੱਖ ਆਪਣਾ ਘਰ ਤੇ ਜਮੀਨ ਛੱਡਕੇ ਨਾ ਜਾਵੇ, ਅਸੀਂ ਉਹਨਾਂ ਦੇ ਹਰ ਦੁੱਖ-ਸੁੱਖ ਵਿਚ ਨਾਲ ਹੋਵਾਂਗੇ ਅਤੇ ਹਕੂਮਤੀ ਪੱਧਰ ਤੇ ਜਿੰਮੀਦਾਰਾਂ ਤੇ ਸਿੱਖਾਂ ਨੂੰ ਉਜਾੜਨ ਦੀਆਂ ਸਾਜਿ਼ਸਾਂ ਨੂੰ ਕਤਈ ਵੀ ਨੇਪਰੇ ਨਹੀਂ ਚੜ੍ਹਨ ਦੇਵਾਂਗੇ । ਸ. ਮਾਨ ਨੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਵਾਜ ਸ਼ਰੀਫ ਅਤੇ ਉਥੋ ਦੀ ਕੈਬਨਿਟ ਨੂੰ ਜੋਰਦਾਰ ਅਪੀਲ ਕੀਤੀ ਕਿ ਉਹ ਸਿੱਖ ਕੌਮ ਦੇ ਆਪਣੇ ਨਾਲ ਪੁਰਾਤਨ ਸੰਬੰਧਾਂ, ਸਾਂਝੇ ਵਿਰਸੇ ਅਤੇ ਵਿਰਾਸਤ ਨੂੰ ਮੁੱਖ ਰੱਖਦੇ ਹੋਏ ਸਿੱਖ ਕੌਮ ਦਾ ਬੀਜ ਨਾਸ ਕਰਨ ਵਾਲੀ ਜੰਗ ਨੂੰ ਬਿਲਕੁਲ ਪ੍ਰਵਾਨਗੀ ਨਾ ਦੇਣ ।