ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਆਲ ਪਾਕਿਸਤਾਨ ਮੁਸਲਿਮ ਲੀਗ (ਏਪੀਐਮਐਲ) ਦੇ ਚੇਅਰਮੈਨ ਜਨਰਲ ਮੁਸ਼ਰੱਫ਼ ਨੇ ਕਿਹਾ ਕਿ ਇੰਡੀਆ ਸਿਰਫ਼ ਧਮਕੀਆਂ ਦੇਣ ਦੀ ਖੇਡ ਹੀ ਖੇਡ ਸਕਦਾ ਹੈ ਪਰ ਪਾਕਿਸਤਾਨੀ ਸੈਨਾ ਠੋਸ ਜਵਾਬ ਦੇਵੇਗੀ ਅਤੇ ਇਹ ਪ੍ਰੈਕਟੀਕਲੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਜਨਤਾ ਇੱਕ ਭ੍ਰਿਸ਼ਟ ਸਰਕਾਰ ਹੋਣ ਕਾਰਣ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ।
ਜਨਰਲ ਮੁਸ਼ਰੱਫ਼ ਨੇ ਪਾਰਟੀ ਦੇ ਛੇਂਵੇ ਸਥਾਪਨਾ ਦਿਵਸ ਦੇ ਮੌਕੇ ਤੇ ਏਪੀਐਮਐਲ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇੰਡੀਆ ਦੇ ਪ੍ਰਧਾਨਮੰਤਰੀ ਆਪਣੇ ਹੀ ਦੇਸ਼ ਵਿੱਚ ਘੱਟ ਗਿਣਤੀਆਂ ਦੇ ਦੁਸ਼ਮਣ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਸੋਚਣਾ ਚਾਹੀਦਾ ਹੈ ਕਿ ਪਾਕਿਸਤਾਨ ਭੂਟਾਨ ਨਹੀਂ ਹੈ। ਪਾਕਿਸਤਾਨ ਤੇ ਬੇਬੁਨਿਆਦ ਆਰੋਪ ਲਗਾਉਣਾ ਇੰਡੀਆ ਦੀ ਆਦਤ ਬਣ ਚੁੱਕਿਆ ਹੈ। ਜਦੋਂ ਵੀ ਭਾਰਤ ਤੇ ਕੋਈ ਹਮਲਾ ਹੁੰਦਾ ਹੈ ਤਾਂ ਬਿਨਾਂ ਸੋਚੇ ਸਮਝੇ ਪਾਕਿਸਤਾਨ ਨੂੰ ਬਦਨਾਮ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਵਰਤਮਾਨ ਸਰਕਾਰ ਦੀਆਂ ਗੱਲਤ ਨੀਤੀਆਂ ਕਰਕੇ ਹੀ ਦੇਸ਼ ਅੰਤਰਰਾਸ਼ਟਰੀ ਪੱਧਰ ਤੇ ਅਲੱਗ-ਥਲੱਗ ਹੋ ਗਿਆ ਹੈ।
ਉਨ੍ਹਾਂ ਨੇ ਸ਼ਰੀਫ਼ ਸਰਕਾਰ ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਾਕਿਸਤਾਨੀ ਸਰਕਾਰ ਨੇ 35 ਬਿਲੀਅਨ ਡਾਲਰ ਦਾ ਕਰਜ਼ਾ ਲਿਆ ਹੈ ਅਤੇ ਖਰਚ ਵੀ ਕਰ ਦਿੱਤਾ ਗਿਆ ਹੈ ਪਰ ਇਸ ਪੈਸੇ ਨਾਲ ਇੱਕ ਵੀ ਪ੍ਰੋਜੈਕਟ ਪੂਰਾ ਨਹੀਂ ਹੋਇਆ। ਮੁਸ਼ਰੱਫ਼ ਨੇ ਕਿਹਾ ਕਿ ਉਹ ਪਾਕਿਸਤਾਨ ਪਰਤਣਾ ਚਾਹੁੰਦੇ ਹਨ, ਪਰ ਇਸ ਸਮੇਂ ਅਜਿਹਾ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ 2018 ਦੀਆਂ ਚੋਣਾਂ ਵਿੱਚ ਭਾਗ ਲਵੇਗੀ ਅਤੇ ਹੋਰ ਦਲਾਂ ਨਾਲ ਗਠਬੰਧਨ ਵੀ ਕਰੇਗੀ।