ਅੰਮ੍ਰਿਤਸਰ – ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦੇ ਲੋਗੋ ਵਿੱਚ ਪ੍ਰਚਾਰ ਪੋਸਟਰਾਂ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ‘ਤੇ ਗਾਂਧੀ ਦੀਆਂ ਐਨਕਾਂ ਤੇ ਡਿਟੋਲ ਦੀ ਮਸ਼ਹੂਰੀ ਲਗਾਉਣ ਤੇ ਐਨ. ਡੀ. ਟੀ. ਵੀ. ਚੈਨਲ ਨੂੰ ਸਮੁੱਚੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ। ਦਿਲਜੀਤ ਸਿੰਘ ਬੇਦੀ ਨੇ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ ਐਨ. ਡੀ. ਟੀ. ਵੀ. ਚੈਨਲ ਵੱਲੋਂ ਪਹਿਲਾ ਪ੍ਰਚਾਰ ਕਰਨ ਲਈ ਆਪਣਾ ਸੈਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਘੰਟਾ ਘਰ ਬਾਹੀ ਵੱਲ ਪਿੱਠ ਕਰਕੇ ਲਗਾਇਆ ਗਿਆ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਧਾਰਮਿਕ ਮਰਯਾਦਾ ਨੂੰ ਮੁੱਖ ਰੱਖਦਿਆਂ ਹਟਾਇਆ ਸੀ।ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੇ ਮੁਕੱਦਸ ਅਸਥਾਨ ਦੀ ਤਸਵੀਰ ‘ਤੇ ਐਨ. ਡੀ. ਟੀ. ਵੀ. ਚੈਨਲ ਵੱਲੋਂ ਪ੍ਰਚਾਰ ਪੋਸਟਰਾਂ ਤੇ ਗਾਂਧੀ ਦੀ ਐਨਕ ਅਤੇ ਡਿਟੋਲ ਦੀ ਮਸ਼ਹੂਰੀ ਲਗਾਉਣੀ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆਰੰਭੀ ਗਈ ਸਵੱਛ ਭਾਰਤ ਮੁਹਿੰਮ ਸ਼ਲਾਘਾਯੋਗ ਉਪਰਾਲਾ ਹੈ, ਪਰ ਕਿਸੇ ਦੇ ਧਰਮ ਨੂੰ ਪ੍ਰਚਾਰ ਖਾਤਰ ਵਰਤਣਾ ਕਿਸੇ ਵੀ ਕੀਮਤ ਤੇ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਜਿਸ ਦਾ ਅਪਮਾਨ ਕਰਨ ਤੇ ਐਨ ਡੀ ਟੀ ਵੀ ਚੈਨਲ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।