ਅੰਮ੍ਰਿਤਸਰ – ਸਮੁੱਚੀ ਲੋਕਾਈ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨ ਸਿੱਖਿਆਵਾਂ ਨੂੰ ਅਪਨਾਉਣ ਦੀ ਲੋੜ ਹੈ। ਅੱਜ ਮੱਲੋ-ਜ਼ੋਰੀ, ਖੋਹਾ-ਖਿੰਝੀ ਤੇ ਲਾਲਚ ਪ੍ਰਵਿਰਤੀ ਦਾ ਜ਼ੋਰਦਾਰ ਤਰੀਕੇ ਨਾਲ ਪ੍ਰਸਾਰ ਹੋ ਰਿਹਾ ਹੈ। ਇਸ ਵਕਤ ਗੁਰਬਾਣੀ ਦੀ ਟੇਕ ਬਹੁਤ ਜ਼ਰੂਰੀ ਹੈ। ਨੇਕ ਚਾਲ-ਚਲਨ, ਮਰਿਆਦਾ-ਮਈ ਜੀਵਨ, ਸਰਬੱਤ ਦੇ ਭਲੇ ਦੀ ਅਰਦਾਸ ਨਾਲ ਜੀਵਨ ਬਤੀਤ ਹੋਣਾ ਚਾਹੀਦਾ ਹੈ। ਇਹ ਵਿਚਾਰ ਅੱਜ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਚੌਥੇ ਮਹਾਨ ਗੁਰਮਤਿ ਸਮਾਗਮ ਸਮੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਸਮੇਸ਼ ਦੀਵਾਨ ਹਾਲ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਮਾਨਵਤਾ ਦੇ ਉਧਾਰ ਲਈ ਗੁਰੂ ਸਾਹਿਬਾਨ ਨੇ ਜਿੱਥੇ-ਜਿੱਥੇ ਵੀ ਚਰਨ ਪਾਏ ਅਤੇ ਨਵੇਂ ਨਗਰ ਵਸਾਏ, ਉਹ ਥਾਵਾਂ ਪੂਜਣਯੋਗ ਹੋ ਗਈਆਂ। ਇਨ੍ਹਾਂ ਥਾਵਾਂ ਵਿਚੋਂ ਹੀ ਸਿੱਖ ਇਤਿਹਾਸ, ਸਾਹਿਤ ਅਤੇ ਰਹਿਤ ਦੀ ਲੰਮੀ ਦਾਸਤਾਨ ਆਪਣੇ ਅੰਦਰ ਸਮੋਈ ਬੈਠੀ ਹੈ “ਸ੍ਰੀ ਅਨੰਦਪੁਰ ਸਾਹਿਬ ਜੀ” ਦੀ ਪਾਵਨ ਧਰਤੀ।
ਜਥੇਦਾਰ ਅਵਤਾਰ ਸਿੰਘ ਨੇ ਸੰਗਤਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਖਾਲਸਾ ਸਿਰਜਣਾ ਨਾਲ ਇਸ ਧਰਤੀ ਉਪਰ ਮਨੁੱਖਤਾ ਲਈ ਭਾਈਚਾਰਕ ਸਾਂਝ ਦਾ ਨਵਾਂ ਇਤਿਹਾਸ ਸਿਰਜਿਆ ਗਿਆ ਅਤੇ ਇਹ ਖਾਲਸੇ ਦੀ ਜਨਮ ਭੂਮੀ ਵਜੋਂ ਜਾਣੀ ਜਾਣ ਲੱਗੀ। ਇਸ ਧਰਤੀ ਤੋਂ ਭਾਰਤੀ ਲੋਕਾਂ ਨੂੰ ਚੜ੍ਹਦੀ ਕਲਾ ਵਿਚ ਰਹਿ ਕੇ ਅਣਖ, ਸਵੈਮਾਣ ਤੇ ਗ਼ੈਰਤ ਭਰਪੂਰ ਜੀਵਨ ਜਿਊਣ ਦੀ ਜਾਚ ਸਿਖਾਈ ਗਈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਦਾਚਾਰਕ ਸਵੱਛਤਾ ਤੇ ਨੈਤਿਕ ਉੱਚਤਾ ‘ਤੇ ਬਹੁਤ ਜ਼ੋਰ ਦਿੱਤਾ। ਇਤਿਹਾਸ ਨੇ ਬਾਰ-ਬਾਰ ਸਾਬਤ ਕੀਤਾ ਹੈ ਕਿ ਪੰਜਾਬ ਜਿਉਂਦਾ ਵੀ ਤੇ ਵੱਸਦਾ ਵੀ ਗੁਰਾਂ ਦੇ ਨਾਮ ਪੁਰ ਹੈ। ਪੰਜਾਬ ਨੂੰ ਗੁਰੂ ਸਾਹਿਬਾਨ ਦੀ ਦੇਣ ਅਨਮੋਲ ਵੀ ਹੈ ਅਤੇ ਅਮੁੱਲ ਵੀ, ਜਿਸਦਾ ਵਿਖਿਆਨ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਜਥੇ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਤਿਹਾਸਕ ਤੇ ਧਾਰਮਿਕ ਦ੍ਰਿਸ਼ਟੀ ਤੋਂ ਸਿੱਖ ਗੁਰੂ ਸਾਹਿਬਾਨ ਦੀ ਵੱਡੀ ਵਡਿਆਈ ਤੇ ਅਸਚਰਜ ਸੋਭਾ ਇਸ ਤੱਥ ਤੋਂ ਪ੍ਰਗਟ ਹੁੰਦੀ ਹੈ ਕਿ ਉਹ ਮਾਨਵ ਚੇਤਨਾ ਨੂੰ ਵਰਤਮਾਨ ਮੁਖੀ ਹੋ ਕੇ ਪ੍ਰਲੋਕ ਮੁਖੀ ਬਣਨ ਲਈ ਪ੍ਰੇਰਨਾ ਦਿੰਦੇ ਹਨ। ਸਮੁੱਚਾ ਬ੍ਰਹਿਮੰਡ ਇੱਕ ਅਕਾਲ ਪੁਰਖ ਦੀ ਰਚਨਾ ਹੈ ਜਿਸ ਕਾਰਨ ਹਰੇਕ ਮਨੁੱਖ ਨੂੰ ਇੱਕ ਸਮਾਨ ਅਧਿਕਾਰ ਤੇ ਸਤਿਕਾਰ ਮਿਲਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਵੀ ਧਰਮ, ਜਾਤ-ਪਾਤ, ਵਰਣ-ਵੰਡ ਆਦਿ ਖੇਤਰ ਦਾ ਹੋਵੇ।
ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਸ਼ਾਨਾਮੱਤੇ ਇਤਿਹਾਸ ਨੂੰ ਵਿਸ਼ਵ ਭਰ ਵਿਚ ਪ੍ਰਚਾਰਨ ਲਈ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖ ਇਤਿਹਾਸਕ ਦਿਹਾੜਿਆਂ ਨਾਲ ਸਬੰਧਤ ਸ਼ਤਾਬਦੀਆਂ ਵੱਡੇ ਪੱਧਰ ‘ਤੇ ਮਨਾਉਂਦੀ ਆ ਰਹੀ ਹੈ। ਪਿਛਲੇ ਸਾਲ ਸ੍ਰੀ ਅਨੰਦਪੁਰ ਸਾਹਿਬ ਦਾ ੩੫੦ ਸਾਲਾ ਸਥਾਪਨਾ ਦਿਵਸ ਅਤੇ ਪਿਛਲੇ ਸਮੇਂ ਵੱਖ-ਵੱਖ ਗੁਰੂ ਸਾਹਿਬਾਨ ਨਾਲ ਸਬੰਧਤ ਸ਼ਤਾਬਦੀਆ ਮਨਾਈਆਂ ਗਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ੨੦੧੭ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ੩੫੦ ਸਾਲਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ‘ਤੇ ਪਟਨਾ ਸਾਹਿਬ ਦੀ ਧਰਤੀ ‘ਤੇ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸੇ ਸਾਲ ੨੦੧੬ ਤੋਂ ਹੀ ਵੱਡੇ ਪੱਧਰ ‘ਤੇ ਇਸ ਦਿਹਾੜੇ ਨੂੰ ਮਨਾਉਣ ਲਈ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਅੱਜ ਦਾ ਸਮਾਗਮ ਵੀ ਇਸੇ ਕੜੀ ਦਾ ਇੱਕ ਹਿੱਸਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਅਗਲਾ ਸਮਾਗਮ ੨੮ ਅਕਤੂਬਰ ੨੦੧੬ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਹੋਵੇਗਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ੧ ਤੋਂ ਲੈ ਕੇ ੬ ਜਨਵਰੀ ੨੦੧੭ ਤੀਕ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਲਗਾਤਾਰ ਧਾਰਮਿਕ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ੨੦ ਨਵੰਬਰ ਨੂੰ ਖਾਲਸਾ ਚੇਤਨਾ ਮਾਰਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਨਗਰਾਂ, ਸ਼ਹਿਰਾਂ ਵਿਚੋਂ ਹੁੰਦਾ ਹੋਇਆ ੨ ਦਸੰਬਰ ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸੰਪੰਨ ਹੋਵੇਗਾ, ਇਸ ਖਾਲਸਾ ਚੇਤਨਾ ਮਾਰਚ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਸ਼ਸਤਰਾਂ ਵਾਲੀ ਬੱਸ ਵੀ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸਫਲ ਕਰਨ ਲਈ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ, ਸਕੱਤਰ ਸਾਹਿਬਾਨਾਂ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਪੀ.ਟੀ.ਸੀ. ਚੈਨਲ ਵੱਲੋਂ ਇਨ੍ਹਾਂ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ। ਉਨ੍ਹਾਂ ਪੀ.ਐਸ. ਸਾਹਨੀ ਦੀ ਵੀ ਪ੍ਰਸ਼ੰਸਾ ਕੀਤੀ। ਇਸ ਸਮੇਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਤੇ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਸਰਕਾਰ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਭਾਈ ਰਛਪਾਲ ਸਿੰਘ ਜੀ ਹਜ਼ੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਨਿਰਮਲ ਸਿੰਘ ਜੀ ਖਾਲਸਾ ਤੇ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਨਿਹਾਲ ਕੀਤਾ। ਭਾਈ ਰਣਜੀਤ ਸਿੰਘ ਗੌਹਰ ਕਥਾਵਾਚਕ, ਗਿਆਨੀ ਚਰਨਜੀਤ ਸਿੰਘ ਕਥਾਵਾਚਕ, ਭਾਈ ਕਿਸ਼ਨ ਸਿੰਘ ਜੀ ਕਥਾਵਾਚਕ ਸੰਤਨ ਕੀ ਕੁਟੀਆ ਵਾਲਿਆਂ ਨੇ ਸੰਗਤਾਂ ਨੂੰ ਕਥਾ ਵਿਚਾਰ ਰਾਹੀਂ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਸਰਵਣ ਕਰਵਾਇਆ। ਭਾਈ ਭਾਈ ਮੇਜਰ ਸਿੰਘ ਲੋਹੀਆਂ ਢਾਡੀ ਜਥਾ, ਬੀਬੀ ਰਣਬੀਰ ਕੌਰ ਢਾਡੀ ਜਥਾ, ਭਾਈ ਸੁੱਚਾ ਸਿੰਘ ਕਵੀਸ਼ਰੀ ਜਥਾ, ਭਾਈ ਸਤਨਾਮ ਸਿੰਘ ਕਵੀਸ਼ਰੀ ਜਥਾ ਨੇ ਢਾਡੀ ਤੇ ਕਵੀਸ਼ਰੀ ਨਾਲ ਸਿੱਖ ਇਤਿਹਾਸ ਦੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਸਮਾਗਮ ਵਿਚ ਹਾਜ਼ਰੀ ਭਰੀ। ਸਟੇਜ ਦੀ ਸੇਵਾ ਸ. ਸਰਬਜੀਤ ਸਿੰਘ ਢੋਟੀਆ ਪ੍ਰਚਾਰਕ ਨੇ ਬਾਖੂਬੀ ਨਿਭਾਈ। ਇਸ ਸਮੇਂ ਬਾਬਾ ਲਾਭ ਸਿੰਘ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਜਥੇ. ਸੁੱਚਾ ਸਿੰਘ ਲੰਗਾਹ ਤੇ ਸ. ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ, ਪ੍ਰਿੰਸੀਪਲ ਸੁਰਿੰਦਰ ਸਿੰਘ ਸ. ਅਜਮੇਰ ਸਿੰਘ ਖੇੜਾ, ਸ. ਦਲਜੀਤ ਸਿੰਘ ਭਿੰਡਰ ਤੇ ਸ. ਪਰਮਜੀਤ ਸਿੰਘ ਲੱਖੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਮਾਸਟਰ ਜਗੀਰ ਸਿੰਘ ਸਾਬਕਾ ਮੈਂਬਰ (ਹਿਮਾਚਲ), ਭਾਈ ਸੁਖਵਿੰਦਰ ਸਿੰਘ ਸਾਬਕਾ ਹੈਡ ਗ੍ਰੰਥੀ, ਬੀਬੀ ਗੁਰਚਰਨ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਪ੍ਰਧਾਨ ਗੁ:ਤਾਲਮੇਲ ਕਮੇਟੀ ਨੰਗਲ, ਬੀਬੀ ਕੁਲਵਿੰਦਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਬਾਬਾ ਸਰੂਪ ਸਿੰਘ ਡੂੰਮੇਵਾਲ, ਸਵਾਮੀ ਉਕਾਮਨੰਦ ਹੁਸ਼ਿਆਰਪੁਰ ਵਾਲੇ, ਪ੍ਰੋ. ਬਲਜੀਤ ਸਿੰਘ, ਪ੍ਰਿੰ. ਪਰਮਜੀਤ ਕੌਰ, ਬੀਬੀ ਰਣਜੀਤ ਕੌਰ ਲਾਂਬਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਬੀਬੀ ਰਣਜੀਤ ਕੌਰ ਬੇਲਾ, ਬੀਬੀ ਸੁਰਿੰਦਰ ਕੌਰ ਸ਼ਹਿਰੀ ਪ੍ਰਧਾਨ, ਬੀਬੀ ਗੁਰਮੇਲ ਕੌਰ ਟੌਹੜਾ, ਬੀਬੀ ਬਲਬੀਰ ਕੌਰ, ਸ. ਜਤਿੰਦਰ ਸਿੰਘ ਅਠਵਾਲ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ ਵਧੀਕ ਸਕੱਤਰ, ਸ. ਸਿਮਰਜੀਤ ਸਿੰਘ ਤੇ ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਮੁਖਤਾਰ ਸਿੰਘ ਮੈਨੇਜਰ, ਸ. ਜਗੀਰ ਸਿੰਘ ਮੈਨੇਜਰ ਗੁ: ਅੰਬ ਸਾਹਿਬ, ਸ. ਅਮਨਦੀਪ ਸਿੰਘ, ਸ. ਭੁਪਿੰਦਰ ਸਿੰਘ ਤੇ ਸ. ਹਰਜਿੰਦਰ ਸਿੰਘ ਮੀਤ ਮੈਨੇਜਰ, ਸ. ਗੁਰਮੀਤ ਸਿੰਘ ਮੈਨੇਜਰ ਫਤਹਿਗੜ੍ਹ ਸਾਹਿਬ, ਸ. ਭਗਵੰਤ ਸਿੰਘ ਮੈਨੇਜਰ ਗੁ:ਭੱਠਾ ਸਾਹਿਬ ਰੋਪੜ, ਸ. ਰਣਬੀਰ ਸਿੰਘ ਸਾਬਕਾ ਐਡੀ:ਮੈਨੇਜਰ, ਆਦਿ ਨੇ ਹਾਜ਼ਰੀਆਂ ਭਰੀਆਂ।