ਡਾ. ਰਘਬੀਰ ਸਿੰਘ ਬੈਂਸ
ਸਿੱਖ ਧਰਮ ਨਵੀਨ, ਸਰਵ-ਸਾਂਝਾ ਅਤੇ ਸਰਵ-ਵਿਆਪੀ ਧਰਮ ਮੰਨਿਆ ਜਾਂਦਾ ਹੈ ਜੋ ਕਿ ਪਰਮ ਸੱਚ ਦਾ ਸਰੋਤ ਹੈ। ਇਸ ਸੱਚ ਨੂੰ ਜਿਊਂਦਾ ਰੱਖਣ ਲਈ ਸੰਸਾਰ ਭਰ ਵਿੱਚ ਸਿੱਖ ਫਲਸਫੇ ਅਤੇ ਸਿੱਖ ਅਸੂਲਾਂ ਦੀ ਚੜ੍ਹਦੀ ਕਲਾ ਵਾਸਤੇ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਕੋਈ 239 ਵਰ੍ਹਿਆਂ ਦੀ ਮਿਹਨਤ ਨਾਲ ਦਸ ਗੁਰੂ ਸਾਹਿਬਾਨ ਨੇ ਸਿੱਖ ਫਲਸਫੇ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਲੋਕਾਈ ਦਾ ਉੱਧਾਰ ਕੀਤਾ। ਮਨੁੱਖੀ ਕਦਰਾਂ-ਕੀਮਤਾਂ ਨੂੰ ਜਿਊਂਦਿਆਂ ਰੱਖਣ ਲਈ ਗੁਰੂ ਸਾਹਿਬਾਨ ਅਤੇ ਹੋਰ ਅਨੇਕਾਂ ਯੋਧਿਆਂ ਨੇ ਆਪਣੇ ਜੀਵਨ ਤੱਕ ਦੀਆਂ ਅਹੂਤੀਆਂ ਵੀ ਦਿੱਤੀਆਂ। ਸੰਸਾਰ ਭਰ ਨੇ ਸਿੱਖ ਤਵਾਰੀਖ ਦੇ ਸੁਨਹਿਰੀ ਪੰਨਿਆਂ ਨੂੰ ਅੰਤਾਂ ਦਾ ਮਾਣ ਅਤੇ ਸਤਿਕਾਰ ਵੀ ਖੂਬ ਦਿੱਤਾ ਜਿਸਦਾ ਸਦਕਾ ਢਾਈ ਕਰੋੜ ਸਿੱਖ ਅੱਜ ਦੁਨੀਆਂ ਦੇ ਕੋਈ 157 ਮੁਲਕਾਂ ਵਿਚ ਵਿਚਰ ਰਹੇ ਹਨ। ਭਾਰਤ ਤੋਂ ਪਰਵਾਸ ਕਰਨ ਵਾਲੇ ਸਿੱਖਾਂ ਨੇ ਪਹਿਲੋਂ ਪਹਿਲ ਬਾਹਰਲੇ ਮੁਲਕਾਂ ਵਿੱਚ ਮੱਲਾਂ ਵੀ ਬਹੁਤ ਮਾਰੀਆਂ ਅਤੇ ਆਪਣੇ ਸੁਚੱਜੇ ਜੀਵਨ ਦੀ ਧਾਂਕ ਵੀ ਖੂਬ ਜਮਾਈ। ਅਜੋਕੇ ਸਮੇਂ ਦੇ ਤੇਜ਼ ਰਫਤਾਰ ਯੁਗ ਵਿੱਚ ਹੁਣ ਦੁਨੀਆਂ ਭਰ ਵਿੱਚ ਸਾਡੇ ਲਈ ਕੁੱਝ ਖੜੋਤਾਂ ਅਤੇ ਮੁਸ਼ਕਲਾਂ ਦਿਖਾਈ ਦੇਣ ਲੱਗ ਪਈਆਂ ਹਨ। ਅੱਜ ਦੇ ਸੰਦਰਭ ਵਿੱਚ ਜਦੋਂ ਸਿੱਖ ਅਸੂਲਾਂ ਦੇ ਪੈਰੋਕਾਰਾਂ ਦੇ ਕਰਤਵਾਂ ਨੂੰ ਕਸਵੱਟੀ ਤੇ ਪਰਖਿਆ ਜਾਂਦਾ ਹੈ ਤਾਂ ਅਕਸਰ ਉਦਾਸੀ ਅਤੇ ਨਿਰਾਸਤਾ ਦਾ ਆਲਮ ਦਿਖਾਈ ਦਿੰਦਾ ਹੈ। ਬਾਹਰਲੇ ਮੁਲਕਾਂ ਅੰਦਰ ਪਰਵਾਸੀਆਂ ਦੇ ਬੱਚਿਆਂ ਵਿੱਚ ਪਹਿਲੋਂ ਪਹਿਲ ਨਿਘਾਰ ਤਾਂ ਜ਼ਰੂਰ ਆਇਆ ਸੀ ਪਰ ਹੁਣ ਉਹ ਲੋਕ ਕੁੱਝ ਸੰਭਲਣ ਲੱਗ ਪਏੇ ਹਨ। ਅਫਸੋਸ ਦੀ ਗੱਲ ਹੈ ਕਿ ਭਾਰਤ ਜਿੱਥੇ ਸਿੱਖ ਜਗਤ ਦੀਆਂ ਜੜ੍ਹਾਂ ਹਨ ਉੱਥੇ ਨਿਘਾਰ ਹਾਲੀਂ ਪੂਰੇ ਜੋਬਨ ਵਿੱਚ ਹੈ। ਬਹੁਤਾ ਕਰਕੇ ਸਿੱਖ ਧਰਮ ਦੇ ਧਾਰਨੀਆਂ ਨੂੰ ਦੇਖਾ ਦੇਖੀ ਨਸ਼ਿਆਂ, ਪਤਿਤਪੁਣੇ, ਭਰੂਣ ਹੱਤਿਆ, ਗੈˆਗਾਂ, ਸਮਾਜਿਕ ਬੁਰਾਈਆਂ, ਉਧਾਲਿਆਂ, ਵਿਕਾਰਾਂ, ਆਪਸੀ ਝਗੜੇ-ਝਮੇਲਿਆਂ ਅਤੇ ਅਨੈਤਿਕ ਸਿਆਸਤ ਵਰਗੀਆਂ ਅਸ਼ੁੱਭ ਕਰਤੂਤਾਂ ਨੇ ਕਲੰਕਤ ਕੀਤਾ ਹੋਇਆ ਹੈ। ਇਹ ਇਕ ਹੈਰਾਨੀਜਨਕ ਵਰਤਾਰਾ ਹੈ ਕਿ ਕਈ ਭੱਦਰ ਪੁਰਸ਼ ਤਾਂ ਧਰਮ ਦੇ ਨਾਮ ਤੇ ਹੀ ਸ਼ਰਮਨਾਕ ਧੰਦੇ ਕਰੀ ਜਾਂਦੇ ਹਨ ਤਾਕਿ ਮਰਨ ਤੋਂ ਪਹਿਲਾਂ ਉਹ ਆਪਣੀਆਂ ਭਵਿੱਖੀ ਪੀੜ੍ਹੀਆਂ ਲਈ ਮਾਇਆ ਦੇ ਗੰਜ ਇਕੱਠੇ ਕਰ ਸਕਣ।
ਮਨੁੱਖਤਾ ਨੂੰ ਪ੍ਰੇਮ ਪਿਆਰ ਕਰਨਾ ਸਿੱਖੀ ਦਾ ਇਸ਼ਟ ਹੈ ਪਰ ਸਮਝ ਨਹੀਂ ਆਉਂਦੀ ਕਿ ਗੱਲ ਗੱਲ ਵਿੱਚ ਅਸੀਂ ਝਗੜਾ ਕਿਉਂ ਸਹੇੜਦੇ ਹਾਂ ਅਤੇ ਕਿਉਂ ਧੜੇਬਾਜ਼ੀਆਂ ਨੂੰ ਘੁੱਟ ਕੇ ਗਲਵਕੜੀ ਪਾਈ ਹੋਈ ਹੈ। ਪਿੰਡ, ਮੁਹੱਲੇ ਅਤੇ ਗੁਰਦੁਆਰੇ ਆਪਸੀ ਲੜਾਈ ਅਤੇ ਝਗੜਿਆਂ ਦੇ ਸੈˆਟਰ ਬਣਦੇ ਜਾ ਰਹੇ ਹਨ। ਘਰ ਘਰ ਵਿੱਚ ਵੰਡੀਆਂ ਪਈਆਂ ਹੋਈਆਂ ਹਨ। ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ’ ਦਾ ਸਬਕ ਅਸੀਂ ਮਨੋਂ ਵਿਸਾਰੀ ਬੈਠੇ ਹਾਂ। ਇੱਥੋਂ ਤੱਕ ਕਿ ਕੈਨੇਡਾ ਦੇ ਇੱਕ ਅੰਗਰੇਜ਼ੀ ਮੈਗਜ਼ੀਨ ਵਲੋਂ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਸਿੱਖਾਂ ਉੱਪਰ ਹਿੰਸਕ ਸੁਭਾਅ ਦਾ ਠੱਪਾ ਲੱਗ ਗਿਆ ਹੈ ਕਿ ਸਿੱਖ ਲੜਾਕੇ ਸੁਭਾਅ ਵਾਲੇ ਬੰਦੇ ਹਨ। ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਉੱਤੋਂ ਉੱਤੋਂ ਕੁੱਝ ਹੋਰ ਕਹਿੰਦੇ ਹਨ ਪਰ ਅਸਲ ਵਿੱਚ ਉਹ ਕਰਦੇ ਕੀ ਹਨ ਇਸਦੀ ਤਸਵੀਰ ਦੁਨੀਆਂ ਦੇ ਸਾਮ੍ਹਣੇ ਹੈ। ਅਸੀਂ ਮਿਹਨਤੀ ਬਹੁਤ ਹਾਂ, ਕੁਝ ਹੱਦ ਤੱਕ ਤਰੱਕੀਆਂ ਵੀ ਕੀਤੀਆਂ ਹਨ ਪਰ ਗਰੀਬ-ਗੁਰਬੇ ਦੀ ਸੇਵਾ-ਸੰਭਾਲ ਦਾ ਸੰਕਲਪ ਸਾਨੂੰ ਭੁੱਲਦਾ ਜਾ ਰਿਹਾ ਹੈ। ਇੱਥੇ ਲਿਖਣ ਦਾ ਇਹ ਮਤਲਬ ਨਹੀਂ ਹੈ ਕਿ ਅਸੀ ਸਾਰੇ ਹੀ ਗੁਰੂ ਸਿੱਖਿਆਵਾਂ ਤੋਂ ਬੇਮੁਖ ਹੋ ਗਏ ਹਾਂ। ਕੁਝ ਕੁ ਅਨੁਯਾਈਆਂ ਨੇ ਤਾਂ ਚੰਗੇ ਖੇਤਰਾਂ ਵਿੱਚ ਨਾਮਨਾ ਵੀ ਖੂਬ ਖੱਟਿਆ ਹੈ ਪਰ ਆਮ ਤੌਰ ਤੇ ਮਨੁੱਖਤਾ ਪ੍ਰਤੀ ਸਾਨੂੰ ਆਪਣਾ ਵਤੀਰਾ ਬਦਲਨਾ ਪਵੇਗਾ।
ਤਕਨਾਲੋਜੀ ਦੇ ਯੁਗ ਵਿੱਚ ਸੰਸਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਦੌੜ ਵਿੱਚ ਆਲਸੀ, ਅਨਪੜ੍ਹ ਤੇ ਚਲ-ਹੋਊ ਕਹਿਣ ਵਾਲੇ ਲੋਕ ਪਿੱਛੇ ਰਹਿ ਜਾਣਗੇ। ਹਮਸਾਇਆਂ ਦਾ ਆਦਰ ਸਤਿਕਾਰ ਕਰਨਾ ਕੋਈ ਬੁਰੀ ਗੱਲ ਨਹੀਂ ਹੁੰਦੀ। ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਦੀ ਬਣਦੀ ਵਡਿਆਈ ਅਤੇ ਹੌਸਲਾ ਅਫਜ਼ਾਈ ਕਰਨਾ ਸੁਚੱਜੇ ਲੋਕਾਂ ਦਾ ਫਰਜ਼ ਬਣਦਾ ਹੈ। ਅਸੀਂ ਕਿਰਪਨ (ਸੂਮ) ਨਹੀਂ ਹਾਂ, ਸਾਨੂੰ ਤਾਂ ਚੰਗੇ ਲੋਕਾਂ ਦੀ ਪ੍ਰਸੰਸਾ ਕਰਨ ਦੀ ਗੁੜ੍ਹਤੀ ਸ਼ੁਰੂ ਤੋਂ ਹੀ ਮਿਲੀ ਹੋਈ ਹੈ। ਸਰਬੱਤ ਦੇ ਭਲੇ ਜਾਂ ਏਕਤਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਲੋਕ ਪੁੱਛਦੇ ਹਨ ਕਿ ਭਲਿਓ ਗੁਰੂ ਫੁਰਮਾਨਾਂ ਦਾ ਪ੍ਰਚਾਰ ਲੋਕਾਂ ਲਈ ਹੀ ਕਰਦੇ ਰਹਿੰਦੇ ਹੋ? ਕੀ ਇਹ ਹੁਕਮ ਤੁਹਾਡੇ ਉੱਪਰ ਲਾਗੂ ਨਹੀਂ ਹੋਣੇ ਚਾਹੀਦੇ? ਕੀ ਕੀਤਾ ਜਾਵੇ, ਬਹੁਤਾ ਕਰਕੇ ਅਸੀਂ ਪਦਾਰਥਵਾਦ ਨੂੰ ਆਪਣਾ ਸਭ ਕੁਝ ਸੌਂਪ ਦਿੱਤਾ ਹੈ ਅਤੇ ਅਧਿਆਤਮਵਾਦ ਤੋਂ ਸੱਖਣੇ ਹੋਈ ਬੈਠੇ ਹਾਂ।
ਜਦੋਂ ਅਸੀਂ ਨਵੀਂ ਪਨੀਰੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਮ੍ਹਣੇ ਸਵਾਲ ਉੱਠਦਾ ਹੈ ਕਿ ਸਾਡੇ ਬੱਚੇ ਧਾਰਮਿਕ ਅਤੇ ਸਮਾਜੀ ਸਿੱਖਿਆ ਲੈਣੀ ਤਾਂ ਲੋਚਦੇ ਹਨ ਤਾਂ ਪਰ ਕਈ ਵਾਰੀ ਉਨ੍ਹਾਂ ਨੂੰ ਚੰਗੇ ਮਾਪੇ ਅਤੇ ਸੁਘੜ-ਸਿਆਣੇ ਪ੍ਰੇਰਨਾ ਸਰੋਤ ਹੀ ਨਹੀਂ ਮਿਲਦੇ। ਮਾਪਿਆਂ ਦੀ ਕਹਿਣੀ ਅਤੇ ਕਥਨੀ ਵਿੱਚ ਦਿਨ ਰਾਤ ਦਾ ਫਰਕ ਹੁੰਦਾ ਹੈ। ਸਾਡੇ ਸਿਰ ਉੱਪਰ ਕੋਈ ਤਲਵਾਰ ਤਾਂ ਨਹੀਂ ਰੱਖੀ ਹੋਈ ਹੁੰਦੀ ਕਿ ਅਸੀਂ ਹਰ ਵੇਲੇ ਡਰ ਅਤੇ ਝੂਠ ਦਾ ਹੀ ਸਹਾਰਾ ਲੈਂਦੇ ਰਹੀਏ। ਗੁਰੂ ਅੰਗਦ ਦੇਵ ਜੀ ਦੀ ਮਿਸਾਲ ਸਾਡੇ ਸਾਮ੍ਹਣੇ ਹੈ ਕਿ ਬਾਦਸ਼ਾਹ ਹਮਾਯੂੰ ਗੁਰੂ ਸਾਹਿਬ ਜੀ ਨੂੰ ਖਡੂਰ ਸਾਹਿਬ ਮਿਲਣ ਆਇਆ ਹੋਵੇ ਅਤੇ ਗੁਰੂ ਸਾਹਿਬ ਬਾਦਸ਼ਾਹੀ ਤਲਵਾਰ ਦੀ ਪਰਵਾਹ ਨਾ ਕਰਦਿਆਂ ਬੱਚਿਆਂ ਦੀ ਪੜ੍ਹਾਈ ਨੂੰ ਪਹਿਲ ਦੇ ਰਹੇ ਹੋਣ।
ਚਲੋ ਬੱਚਿਆਂ ਦੀ ਵੀ ਗੱਲ ਕਰ ਲਈਏ। ਹਰ ਸਾਲ ਵਿਸ਼ਵ ਭਰ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਅਨੇਕਾਂ ਕੈˆਪਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮੈਨੂੰ ਯਾਦ ਹੈ ਕਿ ਇਸ ਸਾਲ ਇੱਕ ਕੈੰਪ ਵਿੱਚ ਜਦੋਂ ਇੱਕ ਮਾਂ ਆਪਣੇ ਦੋ ਬੱਚਿਆਂ ਨੂੰ ਲੈ ਕੇ ਆਈ ਤਾਂ ਉਸ ਨੇ ਪ੍ਰਬੰਧਕਾਂ ਨੂੰ ਸਨਿਮਰ ਬੇਨਤੀ ਕੀਤੀ, “ਸਾਡੇ ਬੱਚੇ ਕੁੱਝ ਸ਼ਰਾਰਤੀ ਸੁਭਾਅ ਦੇ ਹਨ। ਆਦਤ ਅਨੁਸਾਰ ਜੇਕਰ ਇਹ ਬੱਚੇ ਸ਼ਰਾਰਤ ਕਰਨ ਤਾਂ ਮਿਹਰਬਾਨੀ ਕਰਕੇ ਇਨ੍ਹਾਂ ਨੂੰ ਝਿੜਕਣਾ ਨਾ। ਇਹ ਤਾਂ ਸਾਨੂੰ ਮਸਾਂ ਮਸਾਂ ਹੀ ਮਿਲੇ ਹਨ।” ਧਿਆਨ ਯੋਗ ਗੱਲ ਹੈ ਕਿ ਮਾਪਿਆਂ ਦੀ ਐਸੀ ਸੋਚਣੀ ਸਾਨੂੰ ਕਿਸ ਦਿਸ਼ਾ ਵੱਲ ਲੈ ਜਾਵੇਗੀ?
ਮੇਰੀ ਜਾਚੇ ਤਾਂ ਮਾਪਿਆਂ ਲਈ ਜ਼ਰੂਰੀ ਬਣਦਾ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਸਮਾਜਿਕ ਅਤੇ ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਿਆ ਜਾਵੇ ਤਾਕਿ ਬਾਅਦ ਵਿੱਚ ਉਨ੍ਹਾਂ ਨੂੰ ਨਿਰਾਸਤਾ ਦਾ ਸਾਮ੍ਹਣਾ ਨਾ ਕਰਨਾ ਪਵੇ। ਕੈˆਪਾਂ ਵਿੱਚ ਕਈ ਬੱਚੇ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਜੇਕਰ ਸਾਨੂੰ ਸ਼ੁਰੂ ਵਿੱਚ ਮਾਪਿਆਂ ਵਲੋਂ ਸਹੀ ਸਿੱਖਿਆ ਮਿਲੀ ਹੁੰਦੀ ਤਾਂ ਅੱਜ ਅਸੀਂ ਬੁਰਾਈਆਂ ਦੇ ਭਾਗੀ ਨਾ ਹੁੰਦੇ।
ਗੱਲੀਂ ਬਾਤੀਂ ਤਾਂ ਸਿੱਖ ਧਰਮ ਦੇ ਸੋਹਲੇ ਅਸੀਂ ਸਾਰੇ ਹੀ ਗਾਉਂਦੇ ਰਹਿੰਦੇ ਹਾਂ ਪਰ ਜਦੋਂ ਅਸਲੀਅਤ ਦੇਖੀਏ ਤਾਂ ਸਾਡੇ ਪੱਲੇ ਵਿੱਦਿਆ ਦਾ ਭੰਡਾਰਾ ਹੀ ਨਹੀਂ ਹੈ। ਅਸੀਂ ਤਾਂ ਆਪਣੇ ਧਰਮ, ਤਵਾਰੀਖ, ਵਿਰਸੇ ਅਤੇ ਸਭਿਆਚਾਰ ਤੋਂ ਪਾਸਾ ਹੀ ਵੱਟ ਲਿਆ ਹੈ।
ਜਦੋਂ ਮੈˆ ਕਨੇਡਾ ਵਿੱਚ ਉਚੇਰੀ ਵਿਦਿਆ ਲੈ ਰਿਹਾ ਸਾਂ ਤਾਂ ਮੇਰਾ ਸੰਪਰਕ ਇੱਕ ਯਹੂਦੀ ਬੀਬੀ ਨਾਲ ਹੋਇਆ ਜੋ ਉਸ ਵੇਲੇ ਸੁਪਰੀੰਮ ਕੋਰਟ ਨਾਲ ਕੰਮ ਕਰਦੀ ਸੀ। ਕਈ ਵਾਰ ਮੈˆ ਉਸ ਬੀਬੀ ਕੋਲ ਸਿੱਖ ਤਵਾਰੀਖ ਦੇ ਉਸਰੱਈਆਂ ਅਤੇ ਸਿੱਖ ਸ਼ਹੀਦਾਂ ਦੀਆਂ ਕਹਾਣੀਆਂ ਦਾ ਜ਼ਿਕਰ ਕਰਦਾ ਸਾਂ ਤਾਂ ਉਹ ਕਾਫੀ ਪ੍ਰਭਾਵਤ ਹੁੰਦੀ ਸੀ। ਇਕ ਦਿਨ ਉਸ ਨੂੰ ਮੈˆ ਆਪਣੇ ਘਰ ਵਿੱਚ ਰੱਖੇ ਹੋਏ ਇਕੱਠ ਨੂੰ ਸੰਬੋਧਨ ਕਰਨ ਲਈ ਬੇਨਤੀ ਕੀਤੀ ਜਿਸ ਨੂੰ ਉਸ ਨੇ ਚਾਈਂ ਚਾਈਂ ਸਵੀਕਾਰ ਕਰ ਲਿਆ। ਮੈˆ ਆਪਣੇ ਦਰਜਨ ਕੁ ਚਿੰਤਕ ਦੋਸਤਾਂ ਨੂੰ ਵੀ ਬੁਲਾਇਆ ਹੋਇਆ ਸੀ ਤਾਕਿ ਅਸੀਂ ਇੰਟਰਫੇਥ ਸਬੰਧੀ ਵਿਚਾਰ ਵਟਾਂਦਰਾ ਕਰ ਸਕੀਏ। ਦੋ ਕੁ ਘੰਟੇ ਤੋਂ ਵੱਧ ਗੱਲ ਹੁੰਦੀ ਰਹੀ ਅਤੇ ਸਿੱਖ ਧਰਮ ਅਤੇ ਯਹੂਦੀ ਧਰਮ ਸਬੰਧੀ ਖੂਬ ਚਰਚਾ ਹੋਈ। ਕੁਝ ਲੋਕਾਂ ਨੇ ਆਪਣੀ ਸਿਫਤ ਦੇ ਖੂਬ ਪੁਲ ਬੰਨ੍ਹੇ। ਉਦੋਂ ਉਹ ਬੀਬੀ ਹੈਰਾਨ ਰਹਿ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਸਾਡੇ ਪਾਸ ਪੜ੍ਹਿਆਂ ਲਿਖਿਆਂ ਦੀ ਗਿਣਤੀ ਮੁਕਾਬਲਤਨ ਬਹੁਤ ਘੱਟ ਹੈ ਅਤੇ ਅਸੀਂ ਵਿਸ਼ਵ ਪੱਧਰ ਤੇ ਵੱਡੇ ਵੱਡੇ ਸਾਇੰਸਦਾਨ, ਰੀਸਰਚਰ, ਈਜਾਦਕਾਰ, ਬੁੱਧੀ-ਜੀਵੀ, ਮਾਰਗ ਦਰਸ਼ਕ ਅਤੇ ਚੋਟੀ ਦੇ ਸਿਖਿਅਕ ਪੈਦਾ ਨਹੀਂ ਕਰ ਸਕੇ। ਉਸ ਦੇ ਅਚੰਭੇ ਦੀ ਹੱਦ ਉਦੋਂ ਹੋਰ ਵੀ ਵਧ ਗਈ ਜਦੋਂ ਉਸ ਨੂੰ ਜਾਣਕਾਰੀ ਮਿਲੀ ਕਿ ਐਡੇ ਵੱਡੇ ਧਰਮ ਦੀਆਂ ਸੁਨਹਿਰੀ ਕਦਰਾਂ-ਕੀਮਤਾਂ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਸਿੱਖਾਂ ਪਾਸ ਵਿਸ਼ਵ ਪੱਧਰ ਦਾ ਕੋਈ ਵੀ ਟੀ ਵੀ, ਅਖਬਾਰ, ਬੈਂਕ, ਥਿੰਕ ਟੈˆਕ ਜਾਂ ਕੋਈ ਹੋਰ ਅਦਾਰਾ ਹੀ ਨਹੀਂ ਹੈ। ਸਾਡੀ ਨਮੋਸ਼ੀ ਦੀ ਵੀ ਹੱਦ ਨਾ ਰਹੀ ਜਦੋਂ ਉਸ ਨੇ ਸਾਨੂੰ ਆਖਿਆ ਕਿ ਜਿਸ ਕੌਮ ਪਾਸ ਉੱਚ ਵਿਦਿਆ ਅਤੇ ਚੰਗਾ ਕਿਰਦਾਰ ਨਹੀਂ ਹੈ ਉਹ ਕੌਮ ਸੰਸਾਰ ਵਿੱਚ ਅੱਗੇ ਨਹੀਂ ਵਧ ਸਕਦੀ। ਉਸ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਯਹੂਦੀਆਂ ਦੀ ਆਬਾਦੀ ਸਿੱਖਾਂ ਨਾਲੋਂ ਕਿਤੇ ਘੱਟ ਹੈ ਪਰ ਉਹ ਦੁਨੀਆਂ ਦੇ ਅਰਥਚਾਰੇ, ਸਿਆਸਤ ਅਤੇ ਮੀਡੀਆ ਨੂੰ ਕੰਟਰੋਲ ਕਰ ਰਹੇ ਹਨ। ਉਨ੍ਹਾਂ ਪਾਸ ਵਿਸ਼ਵ ਭਰ ਵਿੱਚ ਸਭ ਤੋਂ ਜ਼ਿਆਦਾ ਤਕਰੀਬਨ 180 ਨੋਬਲ ਪ੍ਰਾਈਜ਼ ਵਿਜੇਤਾ ਹਨ। ਵਿੱਦਿਆ, ਮੈਡੀਕਲ, ਸਾਇੰਸ ਅਤੇ ਹੋਰ ਖੇਤਰਾਂ ਵਿੱਚ ਉਹ ਦੁਨੀਆ ਭਰ ਤੋਂ ਅੱਗੇ ਹਨ। ਉਨ੍ਹਾਂ ਦੇ ਬੱਚੇ ਧਰਮ ਪ੍ਰਤੀ ਪੂਰਨ ਤੌਰ ਤੇ ਜਾਗਰੂਕ ਹਨ ਅਤੇ ਪ੍ਰਪੱਕ ਵੀ ਹਨ ।
ਅਫਸੋਸ ਦੀ ਗੱਲ ਹੈ ਕਿ ਪੰਜਾਬ ਭਰ ਵਿੱਚ ਕੋਈ 3-4 ਪ੍ਰਤੀਸ਼ਤ ਪੇਂਡੂ ਬੱਚੇ ਵਿੱਦਿਆ ਪ੍ਰਾਪਤ ਕਰਨ ਲਈ ਯੂਨੀਵਰਸਟੀਆਂ ’ਚ ਦਾਖਲਾ ਲੈˆਦੇ ਹਨ। ਜੇਕਰ ਤਰੱਕੀ ਕਰਨੀ ਹੈ ਤਾਂ ਸਾਡੇ ਲਈ ਯੋਗ ਹੋਵੇਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਵਿੱਦਿਆ ਰਾਹੀਂ ਚੰਗੀ ਜੀਵਨ-ਜਾਚ ਦੇ ਧਾਰਨੀ ਬਣਾਈਏ ਤਾਕਿ ਉਹ ਮਨੁੱਖਤਾ ਦੀ ਡਟ ਕੇ ਸੇਵਾ ਕਰਨ ਅਤੇ ਧਾਰਮਿਕ ਅਸੂਲਾਂ ਨੂੰ ਕਦੇ ਵੀ ਦਾਅ ਤੇ ਲਗਾਣ ਦਾ ਹੀਆ ਹੀ ਨਾ ਕਰਨ।
ਤਜਰਬੇ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਜਿਹੜੇ ਲੋਕ ਉੱਚ ਵਿਦਿਆ ਵਿੱਚ ਪਛੜ ਜਾਣਗੇ ਜਾਂ ਆਪਣੇ ਧਾਰਮਿਕ ਵਿਰਸੇ ਨੂੰ ਭੁੱਲ ਜਾਣਗੇ, ਸਮਾਂ ਉਨ੍ਹਾਂ ਨੂੰ ਪਛਾੜ ਦੇਵੇਗਾ ਅਤੇ ਸਦਾ ਲਈ ਭੁੱਲ ਜਾਵੇਗਾ। ਸਿੱਖ ਸੋਚ ਦੇ ਧਾਰਨੀਆਂ ਲਈ ਜ਼ਰੂਰੀ ਬਣਦਾ ਹੈ ਕਿ ਉਹ ਜਿੱਥੇ ਕਿਤੇ ਵੀ ਵਿਚਰਦੇ ਹਨ ਉਨ੍ਹਾਂ ਲਈ ਮਨੁੱਖਤਾ ਦਾ ਭਲਾ ਕਰਨਾ ਅਤੇ ਵਿਸ਼ਵ ਨੂੰ ਸਾਫ ਸੁਥਰਾ ਰੱਖਣਾ ਪਵਿੱਤਰ ਫਰਜ਼ ਹੈ। ਬੱਚਿਆਂ ਨੂੰ ਸਮਾਜਿਕ ਅਤੇ ਧਾਰਮਿਕ ਵਿਦਿਆ ਦੇ ਨਾਲ ਨਾਲ ਚੰਗੀ ਜੀਵਨ-ਜਾਚ ਦੀ ਪਰਪੱਕਤਾ ਵੀ ਚਾਹੀਦੀ ਹੈ। ਆਓ! ਅਸੀਂ ਵੀ ਰਲ ਮਿਲ ਕੇ ਇਸ ਸੰਸਾਰ ਵਿੱਚ ਵਿੱਦਿਆ ਦੇ ਚਾਨਣ ਮੁਨਾਰੇ ਤੋਂ ਲੋਅ ਗ੍ਰਹਿਣ ਕਰੀਏ ਅਤੇ ਇਸ ਪਵਿੱਤਰ ਧਰਤੀ ਉੱਪਰ ਮਾਨਵਤਾ ਦਾ ਪ੍ਰਚਾਰ ਕਰਦਿਆਂ ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਗੁਰੂ ਬਚਨਾਂ ਤੇ ਫੁੱਲ ਚੜ੍ਹਾਉਂਦੇ ਹੋਏ ਆਪਣੇ ਹੱਥਾਂ ਨਾਲ ਆਪਣਾ ਕਾਰਜ ਖੁਦ ਆਪ ਹੀ ਸਵਾਰੀਏ। ਤਾਂ ਹੀ ਅਸੀਂ ਆਪਣੇ ਪੁਰਖਿਆਂ ਦੀ ਕੀਤੀ ਕਮਾਈ ਦੇ ਸੱਚੇ ਸੁੱਚੇ ਪਾਂਧੀ ਕਹਾਉਣ ਦੇ ਯੋਗ ਹੱਕਦਾਰ ਬਣ ਸਕਾਂਗੇ।