ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਅੱਜ ਦੂਸਰੀ ਡਿਬੇਟ ਵਿੱਚ ਵੀ ਡੈਮੋਕ੍ਰੇਟ ਉਮੀਦਵਾਰ ਹਿਲਰੀ ਕਲਿੰਟਨ ਰੀਪਬਲੀਕਨ ਉਮੀਦਵਾਰ ਡੋਨਲਡ ਟਰੰਪ ਤੇ ਭਾਰੀ ਰਹੀ। ਅਮਰੀਕੀ ਨਿਊਜ਼ ਚੈਨਲ ਸੀਐਨਐਨ ਅਤੇ ਐਲਏ ਟਾਈਮਜ਼ ਨੇ ਡਿਬੇਟ ਤੋਂ ਬਾਅਦ ਹਿਲਰੀ ਨੂੰ ਜੇਤੂ ਕਰਾਰ ਦਿੱਤਾ। ਇਸ ਡਿਬੇਟ ਵਿੱਚ ਉਥੇ ਮੌਜੂਦ ਲੋਕਾਂ ਵਿੱਚੋਂ 57% ਨੇ ਹਿਲਰੀ ਦਾ ਸਮਰਥੱਣ ਕੀਤਾ ਅਤੇ 34% ਟਰੰਪ ਦੇ ਪੱਖ ਵਿੱਚ ਰਹੇ।
ਡੋਨਲਡ ਟਰੰਪ ਤੇ ਹਿਲਰੀ ਕਲਿੰਟਨ ਦਰਮਿਆਨ ਈ-ਮੇਲ ਡਲੀਟ, ਟਰੰਪ ਦਾ ਟੈਕਸ ਮੁੱਦਾ, ਸ਼ਰਨਾਰਥੀ ਸਮੱਸਿਆ ਅਤੇ ਸੀਰੀਆ ਦੀ ਸਮੱਸਿਆ ਦੇ ਮੁੱਦਿਆਂ ਤੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਟਰੰਪ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੋਣ ਜਿੱਤ ਜਾਣਗੇ ਤਾਂ ਉਹ ਈ-ਮੇਲ ਮਾਮਲੇ ਵਿੱਚ ਹਿਲਰੀ ਨੂੰ ਜੇਲ੍ਹ ਭੇਜ ਦੇਣਗੇ। ਟਰੰਪ ਨੇ ਆਪਣੀ ਵੀਡੀਓ ਦੀ ਚੱਲ ਰਹੀ ਆਲੋਚਨਾ ਨੂੰ ਕਵਰ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਨਜਾਇਜ਼ ਸਬੰਧਾਂ ਦੇ ਮੁੱਦੇ ਨੂੰ ਵੀ ਬਹਿਸ ਦੌਰਾਨ ਉਛਾਲਿਆ। ਇਸ ਸੱਭ ਦੇ ਬਾਵਜੂਦ ਵੀ ਹਿਲਰੀ ਕਲਿੰਟਨ ਨੇ ਬੜੇ ਹੀ ਧੀਰਜ ਅਤੇ ਚੰਗੀ ਸੂਝ-ਬੂਝ ਨਾਲ ਸੱਭ ਸਵਾਲਾਂ ਦੇ ਜਵਾਬ ਦਿੱਤੇ, ਜਦੋਂ ਕਿ ਟਰੰਪ ਜਵਾਬ ਦੇਣ ਸਮੇਂ ਅਸਲੀ ਮੁੱਦੇ ਤੋਂ ਹੱਟ ਕੇ ਹਿਲਰੀ ਤੇ ਹਮਲੇ ਕਰਦੇ ਰਹੇ।