ਫਤਹਿਗੜ੍ਹ ਸਾਹਿਬ – “ਹਿੰਦ ਵੱਲੋਂ ਪਾਕਿਸਤਾਨ ਨਾਲ ਰੂਸੀ ਫੌਜਾਂ ਦੀਆਂ ਸਾਂਝੀਆਂ ਜੰਗੀ ਮਸ਼ਕਾਂ ਕਰਨ ਵਿਰੁੱਧ ਜੋ ਰੋਸ ਦਰਜ ਕਰਵਾਇਆ ਗਿਆ ਹੈ, ਇਸ ਦੀ ਕੌਮਾਂਤਰੀ ਪੱਧਰ ਉਤੇ ਇਸ ਲਈ ਕੋਈ ਤੁੱਕ ਨਹੀਂ ਬਣਦੀ, ਕਿਉਂਕਿ ਰੂਸ ਨੇ ਅਜਿਹਾ ਅਮਲ ਕਰਕੇ ਭਾਰਤ-ਪਾਕਿ ਵਿਚਕਾਰ ਉਤਪੰਨ ਹੋ ਚੁੱਕੀ ਕੁੜੱਤਣ ਦੀ ਬਦੌਲਤ ਜੋ ਦੋਵਾਂ ਮੁਲਕਾਂ ਵਿਚਕਾਰ ਜੰਗ ਦੇ ਆਸਾਰ ਵੱਧਦੇ ਜਾ ਰਹੇ ਸਨ, ਉਸ ਦਾ ਸੰਤੁਲਨ ਕਾਇਮ ਕਰਕੇ ਏਸ਼ੀਆ ਖਿੱਤੇ ਵਿਚ ਬਣਦੇ ਜਾ ਰਹੇ ਜੰਗ ਦੇ ਮਹੌਲ ਨੂੰ ਖਤਮ ਕੀਤਾ ਹੈ ਅਤੇ ਮਨੁੱਖਤਾ ਦਾ ਬਿਨ੍ਹਾਂ ਵਜ੍ਹਾ ਘਾਣ ਹੋਣ ਤੋਂ ਬਚਾਇਆ ਹੈ। ਦੂਸਰਾ ਅਮਰੀਕਾ ਨੇ ਭਾਰਤ ਨਾਲ ਪਹਿਲਾਂ 123 ਪ੍ਰਮਾਣੂ ਸਮਝੌਤਾ ਕਰਕੇ ਅਤੇ ਹੁਣ ਦੂਸਰੀ ਵਾਰ ਲਿਮੋਆ ਫੌਜੀ ਸਮਝੌਤਾ ਕਰਕੇ ਹਿੰਦ-ਪਾਕਿ ਵਿਚਕਾਰ ਬਣੇ ਫੌਜੀ ਸੰਤੁਲਨ ਨੂੰ ਡਾਂਵਾਂਡੋਲ ਕਰ ਦਿੱਤਾ ਸੀ। ਜਿਸ ਕਾਰਨ ਹਿੰਦ ਪਾਕਿ ਨਾਲ ਜੰਗ ਕਰਨ ਦੇ ਦੱਗਮੱਜੇ ਮਾਰਨ ਲੱਗ ਪਿਆ ਸੀ। ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵੱਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਵਿਚ ਹੀ ਵੱਡਾ ਜਾਨੀ ਮਾਲੀ ਨੁਕਸਾਨ ਹੋਣਾ ਸੀ ਅਤੇ ਸਿੱਖ ਕੌਮ ਦਾ ਤਾਂ ਵਿਨਾਸ਼ ਹੀ ਹੋ ਕੇ ਰਹਿ ਜਾਣਾ ਸੀ। ਇਸ ਲਈ ਰੂਸ ਨੇ ਹਿੰਦ-ਪਾਕਿ ਵਿਚਕਾਰ ਫੌਜੀ ਸ਼ਕਤੀ ਦੇ ਵਿਗੜਦੇ ਜਾ ਰਹੇ ਸੰਤੁਲਨ ਨੂੰ ਠੀਕ ਕਰਕੇ ਜੰਗ ਦੇ ਮੰਡਰਾ ਰਹੇ ਬੱਦਲਾਂ ਨੂੰ ਖਤਮ ਕੀਤਾ ਹੈ। ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁੱਖਤਾ ਦੇ ਬਿਨ੍ਹਾਂ ‘ਤੇ ਭਰਪੂਰ ਪ੍ਰਸ਼ੰਸਾ ਕਰਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਵੱਲੋਂ ਰੂਸ ਕੋਲ ਪਾਕਿਸਤਾਨ ਨਾਲ ਸਾਂਝੀਆਂ ਫੌਜੀ ਮਸ਼ਕਾਂ ਕਰਨ ਵਿਰੁੱਧ ਦਰਜ ਕੀਤੇ ਗਏ ਰੋਸ ਉੱਤੇ ਤਿੱਖਾ ਪ੍ਰਤੀਕਰਮ ਜਾਹਿਰ ਕਰਦੇ ਹੋਏ ਅਤੇ ਰੂਸ ਵੱਲੋਂ ਕੌਮਾਂਤਰੀ ਪੱਧਰ ‘ਤੇ ਜੰਗ ਵਿਰੁੱਧ ਕੀਤੇ ਗਏ ਮਨੁੱਖਤਾ ਪੱਖੀ ਅਮਲਾਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਪ੍ਰਗਟ ਕੀਤੇ। ਸ. ਮਾਨ ਨੇ ਅੱਗੇ ਚੱਲ ਕੇ ਕਿਹਾ ਕਿ ਜੋ ਭਾਰਤ ਵੱਲੋਂ ਗਵਾਂਢੀ ਮੁਲਕ ਪਾਕਿਸਤਾਨ ਨੂੰ “ਅੱਤਵਾਦੀ ਮੁਲਕ” ਕਰਾਰ ਦੇਣ ਲਈ ਕੌਮਾਂਤਰੀ ਪੱਧਰ ਉਤੇ ਮੰਦਭਾਵਨਾ ਅਧੀਨ ਚਰਚਾ ਸ਼ੁਰੂ ਕੀਤੀ ਸੀ, ਉਸ ਮੰਦਭਾਵਨਾ ਨੂੰ ਸਮਝਦੇ ਹੋਏ ਪਾਕਿ ਦੇ ਦੂਸਰੇ ਦੋਸਤ ਮੁਲਕ ਚੀਨ ਨੇ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕਰਦੇ ਹੋਏ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਗਰਦਾਨਣ ਦੀ ਸਾਜਿਸ਼ ਨੂੰ ਅਸਫ਼ਲ ਬਣਾ ਕੇ ਮਨੁੱਖਤਾ ਪੱਖੀ ਉੱਦਮ ਕੀਤਾ ਹੈ। ਕਿਉਂਕਿ ਜੇਕਰ ਚੀਨ ਅਜਿਹਾ ਨਾ ਕਰਦਾ ਤਾਂ ਭਾਰਤ ਨੇ ਆਪਣੀ ਮੋਮੋਠੱਗਣੀ ਵਾਲੀ ਸੋਚ ਦਾ ਇਸਤੇਮਾਲ ਕਰਦੇ ਹੋਏ ਗਵਾਂਢੀ ਮੁਲਕ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ‘ਤੇ ਬਦਨਾਮ ਕਰਨ ਵਿਚ ਕਾਮਯਾਬ ਹੋ ਜਾਣਾ ਸੀ। ਜਦੋਂ ਕਿ ਹਿੰਦ ਖੁਦ ਪਾਕਿਸਤਾਨ ਅਤੇ ਕਸ਼ਮੀਰ ਵਿਚ ਸਾਜਿਸ਼ੀ ਢੰਗਾਂ ਰਾਹੀਂ ਮਨੁੱਖਤਾ ਉਤੇ ਜਬਰ ਜੁਲਮ ਵੀ ਕਰ ਰਿਹਾ ਹੈ ਅਤੇ ਭਾਰਤ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆਂ ਉਤੇ ਮੁਤੱਸਵੀ ਸੋਚ ਅਧੀਨ ਜਬਰ ਜੁਲਮ ਕਰਦਾ ਆ ਰਿਹਾ ਹੈ, ਜੋ ਕਿ ਮੋਦੀ ਹਕੂਮਤ ਦਾ “ਸਰਕਾਰੀ ਅੱਤਵਾਦ” ਪ੍ਰਤੱਖ ਹੋ ਰਿਹਾ ਹੈ। ਭਾਰਤ ਵੱਲੋਂ ਪਾਕਿਸਤਾਨ ਨੂੰ ਅੱਤਵਾਦ ਮੁਲਕ ਕਰਾਰ ਦੇਣ ਵਿਚ ਜੇਕਰ ਕਾਮਯਾਬੀ ਮਿਲ ਜਾਂਦੀ, ਫਿਰ ਵੀ ਸਿੱਖ ਵੱਸੋਂ ਵਾਲੇ ਇਲਾਕੇ ਇਸ ਲਈ ਜੰਗ ਦਾ ਅਖਾੜਾ ਬਣ ਜਾਣੇ ਸਨ, ਕਿਉਂਕਿ ਪਾਕਿਸਤਾਨ ਨੂੰ ਮਜਬੂਰਨ ਜੰਗ ਵੱਲ ਵੱਧਣਾ ਪੈਣਾ ਸੀ। ਜਿਸ ਵਿਚ ਸਿੱਖ ਕੌਮ ਦਾ ਤਾਂ ਮਲੀਆਮੇਟ ਹੋਣਾ ਸੀ। ਇਸ ਲਈ ਰੂਸ ਦੀਆਂ ਫੌਜੀ ਜੰਗੀ ਮਸ਼ਕਾਂ ਅਤੇ ਚੀਨ ਵੱਲੋਂ ਭਾਰਤ ਦੀ ਪਾਕਿਸਤਾਨ ਨੂੰ ਅੱਤਵਾਦ ਮੁਲਕ ਗਰਦਾਨਣ ਦੀ ਸਾਜਿਸ਼ ਦਾ ਵਿਰੋਧ ਕਰਨ ਦੀ ਬਦੌਲਤ ਸਿੱਖ ਵੱਸੋਂ ਵਾਲਾ ਇਲਾਕਾ ਜੰਗ ਤੋਂ ਸਰੂਖਰ ਹੋ ਗਿਆ ਹੈ। ਕਿਉਂਕਿ ਦੋਵਾਂ ਰੂਸ ਅਤੇ ਚੀਨ ਨੇ ਸਹੀ ਸਮੇਂ ‘ਤੇ ਸਹੀ ਅਮਲ ਕਰਕੇ ਹਿੰਦ ਅਤੇ ਪਾਕਿ ਦੀਆਂ ਫੌਜੀ ਸ਼ਕਤੀਆਂ ਦੇ ਸੰਤੁਲਨ ਨੂੰ ਕੌਮਾਂਤਰੀ ਪੱਧਰ ‘ਤੇ ਬਰਾਬਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਜਦੋਂ ਜੰਗ ਲੜਨ ਵਾਲੀਆਂ ਦੋਵੇਂ ਤਲਵਾਰਾਂ ਇੱਕੋ ਜਿਹੀਆਂ ਤਿੱਖੀਆਂ ਹੋਣ ਤਾਂ ਉਸ ਸਮੇਂ ਕੋਈ ਵੀ ਤਲਵਾਰ ਮਿਆਨ ਵਿੱਚੋਂ ਨਹੀਂ ਨਿਕਲਦੀ। ਜਦੋਂ ਇਕ ਤਲਵਾਰ ਖੁੰਢੀ ਹੋਵੇ ਅਤੇ ਦੂਜੀ ਤਿੱਖੀ ਹੋਵੇ ਤਾਂ ਤਾਕਤਵਰ ਤਲਵਾਰ ਕਮਜ਼ੋਰ ਤਲਵਾਰ ਉਤੇ ਹਮਲਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਜੋ ਕਿ ਰੂਸ ਅਤੇ ਚੀਨ ਨੇ ਨਹੀਂ ਹੋਣ ਦਿੱਤਾ। ਅਸੀਂ ਇਹਨਾਂ ਦੋਵਾਂ ਮੁਲਕਾਂ ਦੀ ਮਨੁੱਖਤਾਪੱਖੀ ਅਤੇ ਸਿੱਖ ਕੌਮ ਪੱਖੀ ਏਸ਼ੀਆ ਖਿੱਤੇ ਨੂੰ ਜੰਗ ਦਾ ਅਖਾੜਾ ਨਾ ਬਣਨ ਦੇ ਦੇ ਮਨੁੱਖਤਾਪੱਖ ਅਮਲਾਂ ਦੀ ਭਰਪੂਰ ਪ੍ਰਸ਼ੰਸਾ ਕਰਦਾ ਹੈ, ਅਤੇ ਪਾਕਿਸਤਾਨ ਦੀ ਨਵਾਜ ਸ਼ਰੀਫ ਹਕੂਮਤ ਅਤੇ ਊੱਥੋਂ ਦੇ ਫੌਜੀ ਜਰਨੈਲਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਜੰਗ ਵਾਲੇ ਹਾਲਾਤਾਂ ਦੀ ਕਤਈ ਪੈਰਵਾਈ ਨਹੀਂ ਕਰਨਗੇ। ਕਿਉਂਕਿ ਇਸ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਨਿਵਾਸੀਆਂ ਦਾ ਹੀ ਵੱਡਾ ਨੁਕਸਾਨ ਹੋਣਾ ਹੈ। ਜੋ ਸਿੱਖ ਕੌਮ ਅਤੇ ਮੁਸੁਲਿਮ ਕੌਮ ਲਈ ਕਦੀ ਸਾਰਥਕ ਨਹੀਂ ਹੋ ਸਕੇਗਾ।