ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਪ੍ਰਤੀਕ ਸਿੰਘ ਜਾਨੂੰ ਨੂੰ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਐਲਾਨ ਦਲ ਦੇ ਸਕੱਤਰ ਜਨਰਲ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਆਮ ਆਦਮੀ ਪਾਰਟੀ ਵੱਲੋਂ ਸਿੱਧੇ ਤੌਰ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਭਾਗ ਲੈਣ ਦੀ ਆਈਆਂ ਖ਼ਬਰਾਂ ’ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕੀਤਾ। ਕਾਲਕਾ ਨੇ ਜਾਨੂੰ ਵੱਲੋਂ ਬੀਤੇ ਦਿਨੀਂ ਇੱਕ ਰਾਮਲੀਲਾ ਦੀ ਸਟੇਜ਼ ਤੋਂ ਕਥਿਤ ਵਿਵਾਦਿਤ ਭਾਸ਼ਣ ਦੇਣ ਕਰਕੇ ਜਾਨੂੰ ਨੂੰ ਪਾਰਟੀ ’ਚੋ ਬਰਖ਼ਾਸਤ ਕਰਨ ਦੀ ਜਾਣਕਾਰੀ ਦਿੱਤੀ।
ਕਾਲਕਾ ਨੇ ਕਿਹਾ ਕਿ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਚੋਣ ਮਾਮਲਿਆਂ ਦੇ ਮੁਖ ਪਾਰਲੀਮਾਨੀ ਸਕੱਤਰ ਤੇ ਆਪ ਵਿਧਾਇਕ ਅਵਤਾਰ ਸਿੰਘ ਕਾਲਕਾ ਨੂੰ ਆਪਣੇ ਦਲ ਦੀ ਸਿੱਖ ਸਿਆਸ਼ੀ ਵਿੰਗ ਦਾ ਕਨਵੀਨਰ ਲਗਾ ਕੇ ਸੰਵੈਧਾਨਿਕ ਸੰਕਟ ਖੜਾ ਕਰ ਦਿੱਤਾ ਹੈ ਕਿਉਂਕਿ ਜਿਸ ਪਾਰਲੀਮਾਨੀ ਸਕੱਤਰ ਦੀ ਜਿੰਮੇਵਾਰੀ ਗੁਰਦੁਆਰਾ ਕਮੇਟੀ ਦੀ ਨਿਰਪੱਖ ਚੋਣ ਕਰਾਉਣਾ ਸੀ ਉਹ ਖੁੱਦ ਇੱਕ ਸਿਆਸ਼ੀ ਧਿਰ ਦਾ ਜੋ ਕਿ ਆਉਂਦਿਆਂ ਕਮੇਟੀ ਚੋਣਾਂ ਨੂੰ ਲੜਨ ਲਈ ਬੇਚੈਨ ਹੈ, ਦਾ ਮੁਖੀ ਬਣ ਬੈਠਾ ਹੈ।
ਕਾਲਕਾ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਇਹ ਸਿੱਧਾ ਹਿੱਤਾਂ ਦੇ ਟਕਰਾਵ ਦਾ ਮਸਲਾ ਹੈ। ਜੇਕਰ ਅਵਤਾਰ ਸਿੰਘ ਕਾਲਕਾ ਨੂੰ ਗੁਰਦੁਆਰਾ ਚੋਣਾਂ ਪ੍ਰਤੀ ਇਤਨਾ ਪਿਆਰ ਸੀ ਤਾਂ ਪਹਿਲਾ ਉਨ੍ਹਾਂ ਨੂੰ ਮੁਖ ਪਾਰਲੀਮਾਨੀ ਸਕੱਤਰ ਦੇ ਅਹੁੱਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਸੀ। ਕੇਜਰੀਵਾਲ ਵੱਲੋਂ ਬਾਰ-ਬਾਰ ਧਰਮ ਦੀ ਸਿਆਸਤ ਨਾ ਕਰਨ ਦੇ ਕੀਤੇ ਜਾਂਦੇ ਦਾਅਵੀਆਂ ਦੀ ਫੂਕ ਪੰਥਕ ਸੇਵਾ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਅਗਵਾਹੀ ਹੇਠ ਚੋਣਾਂ ਲੜਨ ਨਾਲ ਨਿਕਲਣ ਦਾ ਵੀ ਕਾਲਕਾ ਨੇ ਦਾਅਵਾ ਕੀਤਾ।
ਕਾਲਕਾ ਨੇ ਇਸ਼ਾਰਾ ਕੀਤਾ ਕਿ ਇਸ ਸਬੰਧ ਵਿਚ ਕਾਨੂੰਨੀ ਰਾਇ ਲੈ ਕੇ ਪਾਰਟੀ ਵੱਲੋਂ ਅਗਲੀ ਕਾਰਵਾਹੀ ਕੀਤੀ ਜਾਵੇਗੀ ਕਿਉਂਕਿ ਦਿੱਲੀ ਸਰਕਾਰ ਵੱਲੋਂ ਗੁਰੂ ਘਰਾਂ ਦੇ ਪ੍ਰਬੰਧ ’ਤੇ ਅਸਿੱਧੇ ਤੌਰ ਨਾਲ ਕਬਜਾ ਕਰਨ ਦੀ ਸਾਜਿਸ਼ ਨਜ਼ਰ ਆ ਰਹੀ ਹੈ।ਕਾਲਕਾ ਨੇ ਕਿਹਾ ਕਿ ਗੁਰਦੁਆਰਾ ਚੋਣ ਬੋਰਡ ਤਹਿਤ ਵੋਟਾਂ ਬਣਾਉਣ ਦਾ ਕਾਰਜ ਕਰ ਰਿਹਾ ਸਰਕਾਰੀ ਅਮਲਾ ਸਿੱਧੇ ਤੌਰ ਤੇ ਗੁਰਦੁਆਰਾ ਚੋਣ ਮੰਤਰੀ ਕਪਿਲ ਮਿਸ਼ਰਾ ਅਤੇ ਮੁਖ ਪਾਰਲੀਮਾਨੀ ਸਕੱਤਰ ਅਵਤਾਰ ਸਿੰਘ ਕਾਲਕਾ ਦੇ ਹੁਕਮਾਂ ਨੂੰ ਮੰਨਣ ਲਈ ਪੂਰਨ ਤੌਰ ਤੇ ਪਾਬੰਦ ਹੈ। ਇਸ ਕਰਕੇ ਨਿਰਪੱਖ ਤੌਰ ਤੇ ਚੋਣ ਹੋਣ ਦੀ ਉਮੀਦ ਹੁਣ ਧੁੰਦਲੀ ਹੁੰਦੀ ਨਜ਼ਰ ਆ ਰਹੀ ਹੈ। ਕਾਲਕਾ ਨੇ ਲੋੜ ਪੈਣ ਤੇ ਉਕਤ ਮਸਲੇ ਨੂੰ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਕੋਲ ਚੁਕਣ ਦਾ ਰਾਹ ਖੁਲਾ ਰੱਖਣ ਦੀ ਵੀ ਗੱਲ ਕਹੀ।