ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਵਿੱਦਿਅਕ ਅਦਾਰੇ ਸ਼੍ਰੀ ਗੁਰੂ ਤੇਗ ਬਹਾਦਰ ਇੰਸਟੀਟਿਊਟ ਆੱਫ਼ ਮੈਨੇਜਮੈਂਟ ਐਂਡ ਆਈ.ਟੀ., ਗੁਰਦੁਆਰਾ ਨਾਨਕ ਪਿਆਊ ’ਚ ਅਗਲੇ ਵਿੱਦਿਅਕ ਵਰ੍ਹੇ ਤੋਂ ਲਗਭਗ 200 ਸੀਟਾਂ ਵਧਣ ਜਾ ਰਹੀਆਂ ਹਨ। ਇਸ ਗੱਲ ਦਾ ਖੁਲਾਸਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਦਾਰੇ ਦੇ ਸਲਾਨਾ ਸਮਾਗਮ ਦੌਰਾਨ ਸ਼ਾਹ ਆਡੋਟੋਰਿਅਮ ਵਿਖੇ ਕੀਤਾ।
ਜੀ.ਕੇ. ਨੇ ਕਿਹਾ ਕਿ ਕਮੇਟੀ ਨੇ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਤੋਂ ਵੱਖ-ਵੱਖ ਕੋਰਸਾ ਦੀਆਂ ਸੀਟਾਂ ਵਧਾਉਣ ਲਈ ਜਰੂਰੀ ਸਾਜ਼ੋ-ਸਮਾਨ ਅਤੇ ਲੋੜੀਂਦੇ ਢਾਂਚੇ ਦੀ ਵਿਵਸਥਾ ਕਰ ਦਿੱਤੀ ਹੈ ਕਿਉਂਕਿ ਅਕਸਰ ਦੇਖਣ ’ਚ ਆਉਂਦਾ ਹੈ ਕਿ 70 ਫੀਸਦੀ ਤਕ ਨੰਬਰ ਲਿਆਉਣ ਵਾਲੇ ਸਿੱਖ ਵਿੱਦਿਆਰਥੀ ਰੈਗੂਲਰ ਕੋਰਸ ਵਿਚ ਦਾਖਿਲਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਜਿਸ ਕਰਕੇ ਇਨ੍ਹਾਂ ਵਿੱਦਿਆਰਥੀਆਂ ਨੂੰ ਮਜਬੂਰੀ ’ਚ ਅਗਲੀ ਪੜ੍ਹਾਈ ਲਈ ਜਾਂ ਤੇ ਦਿੱਲੀ ਵਿਚ ਰਹਿ ਕੇ ਪੱਤਰਾਚਾਰ ਰਾਹੀਂ ਪੜ੍ਹਾਈ ਦਾ ਹਾਨੀ ਬਣਨਾ ਪੈਂਦਾ ਹੈ ਜਾਂ ਫਿਰ ਦਿੱਲੀ ਦੇ ਨਾਲ ਦੀਆਂ ਨਿਜ਼ੀ ਯੂਨੀਵਰਸਿਟੀਆਂ ਵਿਚ ਮੋਟੀ ਫੀਸ ਦੇ ਕੇ ਪੜ੍ਹਾਈ ਕਰਨ ਨੂੰ ਮਜ਼ਬੂਰ ਹੋਣਾਂ ਪੈਂਦਾ ਹੈ।
ਜੀ.ਕੇ. ਨੇ ਕਿਹਾ ਕਿ ਕਮੇਟੀ ਨਵੇਂ ਕਾਲਜ ਖੋਲਣਾ ਚਾਹੁੰਦੀ ਹੈ ਪਰ ਜਮੀਨ ਦੀ ਕਮੀ ਇਸ ਰਾਹ ਵਿਚ ਰੋੜਾ ਹੈ। ਜੀ.ਕੇ. ਨੇ ਇਸ ਵਰ੍ਹੇ ਤੋਂ ਚਾਰੋ ਖਾਲਸਾ ਕਾਲਜਾਂ ਵਿਚ ਸਿੱਖ ਬੱਚਿਆਂ ਨੂੰ 50 ਫੀਸਦੀ ਸੀਟਾਂ ਤੇ ਦਾਖਿਲਾ ਲੈਣ ਦੇ ਮਿਲੇ ਅਧਿਕਾਰ ਨੂੰ ਕਮੇਟੀ ਦੀ ਪੰਥ ਪ੍ਰਤੀ ਸਾਫ਼ ਅਤੇ ਅਗਾਹਵੱਧੂ ਸੋਚ ਦੱਸਿਆ। ਜੀ.ਕੇ. ਨੇ ਇਸ ਮੌਕੇ ਕਾਲਜ ਮੈਗਜ਼ੀਨ ‘‘ਰੈਮੀਨਸ਼ੇਨਸ਼’’ ਅਤੇ ਅਦਾਰੇ ਦੀ ਵੈਬਸਾਈਟ ਨੂੰ ਜਾਰੀ ਕੀਤਾ। ਵਿੱਦਿਆਰਥੀਆਂ ਵੱਲੋਂ ਇਸ ਮੌਕੇ ਗੁਰਬਾਣੀ ਸ਼ਬਦ ਗਾਇਣ, ਭੰਗੜਾ-ਗਿੱਧਾ ਅਤੇ ਗੱਤਕੇ ਦੇ ਜੌਹਰ ਵੀ ਦਿਖਾਏ ਗਏ।
ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਉੱਚ ਸਿੱਖਿਆ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਮਠਾਰੂ, ਕਮੇਟੀ ਮੈਂਸਰ ਜਸਬੀਰ ਸਿੰਘ ਜੱਸੀ, ਗੁਰਦੇਵ ਸਿੰਘ ਭੋਲਾ, ਸਮਰਦੀਪ ਸਿੰਘ ਸੰਨੀ, ਬੀਬੀ ਧੀਰਜ ਕੌਰ, ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਆਦਿਕ ਨੂੰ ਅਦਾਰੇ ਦੇ ਚੇਅਰਮੈਨ ਕੈਪਟਨ ਇੰਦਰਪ੍ਰੀਤ ਸਿੰਘ ਤੇ ਮੈਨੇਜਰ ਜੀਤ ਸਿੰਘ ਖੋਖਰ ਨੇ ਜੀ ਆਇਆ ਕਿਹਾ। ਇਸ ਮੌਕੇ ਕਮੇਟੀ ਦੇ ਸਮੂਹ ਅਦਾਰਿਆਂ ਦੇ ਡਾਇਰੈਕਟਰ ਜਨਰਲ ਡਾ. ਡੀ.ਐਸ. ਜੱਗੀ, ਅਦਾਰੇ ਦੀ ਡਾਇਰੈਕਟਰ ਡਾ. ਨਵਨੀਤ ਕੌਰ, ਸਹਾਇਕ ਡਾਇਰੈਕਟਰ ਵਰਿੰਦਰ ਸਿੰਘ ਤੇ ਡੀਨ ਡਾ. ਮਨਿੰਦਰ ਕੌਰ ਵੱਲੋਂ ਅਦਾਰੇ ਦੀਆਂ ਉਪਲਬਧੀਆਂ ਦੀ ਜਾਣਕਾਰੀ ਸਲਾਨਾ ਰਿਪੋਰਟ ਰਾਹੀਂ ਜਾਰੀ ਕੀਤੀ ਗਈ। ਵੱਖ-ਵੱਖ ਖੇਤਰ ਵਿਚ ਚੰਗਾ ਕਾਰਜ ਕਰਨ ਵਾਲੇ ਵਿੱਦਿਆਰਥੀਆਂ ਨੂੰ ਇਸ ਮੌਕੇ ਇਨਾਮ ਵੀ ਦਿੱਤੇ ਗਏ।