ਫਤਹਿਗੜ੍ਹ ਸਾਹਿਬ – “ਹਿੰਦ ਦੇ ਰੱਖਿਆ ਵਜ਼ੀਰ ਸ਼੍ਰੀ ਪਾਰੀਕਰ ਨੇ ਇਹ ਕਹਿ ਕੇ “ਕਿ 1947 ਤੋਂ ਬਾਅਦ ਹਿੰਦ ਹਕੂਮਤ ਦਾ ਹਿੰਦ ਫੌਜ ਵੱਲੋਂ ਕੋਈ ਵੀ ਸਰਜੀਕਲ ਆਪ੍ਰੇਸ਼ਨ ਨਹੀਂ ਹੋਇਆ।ਇਹ ਤਾਂ ਕੇਵਲ ਸ਼੍ਰੀ ਮੋਦੀ ਅਤੇ ਅਸੀਂ ਹੀ ਕੀਤਾ ਹੈ, ਆਪਣੀ ਹਿੰਦੂਤਵ ਬਹਾਦਰੀ ਦੇ ਅਤੇ ਵਿਖਾਵੇ ਵਾਲੀ 75 ਇੰਚ ਚੌੜੀ ਛਾਤੀ ਦੇ ਖੁਦ ਹੀ ਗੁਣਗਾਨ ਕਰਨ ਅਤੇ ਸੋਹਲੇ ਗਾਉਣ ਦੇ ਅਮਲ ਕਰ ਰਹੇ ਹਨ।” ਜੇਕਰ ਇਹਨਾਂ ਹਿੰਦੂਤਵ ਮੁਤੱਸਵੀ ਆਗੂਆਂ ਅਤੇ ਹੁਕਮਰਾਨਾ ਵਿਚ ਦੁਸ਼ਮਣ ਅੱਗੇ ਕੰਧ ਬਣ ਕੇ ਖੜ੍ਹੇ ਹੋਣ ਅਤੇ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਤਾਕਤ ਹੈ ਤਾਂ ਉਹ 1962 ਵਿਚ ਜੋ ਪਾਰਲੀਮੈਂਟ ਵਿਚ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਜਦੋਂ ਤੱਕ ਚੀਨ ਵੱਲੋਂ ਭਾਰਤ ਦੀ 39 ਹਜਾਰ ਸਕੇਅਰ ਕਿਲੋਮੀਟਰ ਕਬਜ਼ੇ ਵਿਚ ਲਈ ਗਈ ਧਰਤੀ ਦੀ ਇਕ ਇਕ ਇੰਚ ਪ੍ਰਾਪਤ ਨਹੀਂ ਕਰ ਲੈਂਦੇ, ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ, ਦੇ ਸੰਬੰਧ ਵਿਚ 1962 ਤੋਂ ਲੈ ਕੇ ਅੱਜ ਤੱਕ 54 ਸਾਲਾਂ ਦੇ ਸਮੇਂ ਵਿਚ ਇਕ ਇੰਚ ਵੀ ਧਰਤੀ ਇਹ ਸਰਜੀਕਲ ਆਪ੍ਰੈਸ਼ਨ ਕਰਨ ਦਾ ਦਾਅਵਾ ਕਰਨ ਵਾਲੇ ਅਤੇ ਆਪਣੀ ਬਹਾਦਰੀ ਦਾ ਗੁਣਗਾਨ ਕਰਨ ਵਾਲੇ ਇਹ ਹਿੰਦੂਤਵ ਹੁਕਮਰਾਨ ਵਾਪਿਸ ਕਿਉਂ ਨਹੀਂ ਕਰਵਾ ਸਕੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਮੋਦੀ, ਸ਼੍ਰੀ ਪਾਰੀਕਰ ਅਤੇ ਉਹਨਾਂ ਦੇ ਅਖੌਤੀ ਸਰਜੀਕਲ ਆਪ੍ਰੇਸ਼ਨ ਦੀ ਪ੍ਰਸ਼ੰਸਾ ਕਰਨ ਵਾਲੇ ਹਿੰਦੂਤਵ ਸਿਆਸਤਦਾਨਾਂ ਅਤੇ ਹੁਕਮਰਾਨਾਂ ਨੂੰ ਕੌਮਾਂਤਰੀ ਪੱਧਰ ਉਤੇ ਗੰਭੀਰ ਸਵਾਲ ਕਰਦੇ ਹੋਏ ਅਤੇ ਉਹਨਾਂ ਦੀਆਂ 75 ਇੰਚ ਚੌੜੀਆਂ ਛਾਤੀਆਂ ਦਾ ਮੀਡੀਆ ਵਿਚ ਪ੍ਰਚਾਰ ਕਰਨ ਵਾਲਿਆਂ ਨੂੰ ਚੁਨੌਤੀ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ 1962, 1965, 1971 ਦੀਆਂ ਜੰਗਾਂ ਵੇਲੇ ਜੇਕਰ ਸਿੱਖ ਰੈਜੀਮੈਂਟ ਅਤੇ ਬਹਾਦਰ ਸਿੱਖ ਜਰਨੈਲਾਂ ਦੇ ਕਾਰਨਾਮਿਆਂ ਨੂੰ ਮਨਫੀ ਕਰ ਦਿੱਤਾ ਜਾਵੇ, ਤਾਂ ਸਰਜੀਕਲ ਆਪ੍ਰੇਸ਼ਨ ਦਾ ਦਾਅਵਾ ਕਰਨ ਵਾਲੇ ਹਿੰਦੂਤਵ ਹੁਕਮਰਾਨ ਅਤੇ ਸਿਆਸਤਦਾਨ ਅੱਜ ਇਹ ਫੋਕੇ ਦਗਮੱਜੇ ਮਾਰਨ ਦੇ ਅਮਲ ਵੀ ਨਾ ਕਰ ਸਕਦੇ। ਇਹ ਸਿੱਖ ਰੈਜੀਮੈਂਟ ਅਤੇ ਸਿੱਖ ਜਰਨੈਲਾਂ ਦੀ ਹੀ ਦੇਣ ਹੈ ਕਿ ਜਿਹਨਾਂ ਨੇ ਕੇਵਲ ਉਪਰੋਕਤ ਜੰਗਾਂ ਵਿਚ ਹੀ ਹਿੰਦ ਦੀ ਕੰਧ ਬਣ ਕੇ ਹੀ ਨਹੀਂ ਖੜ੍ਹੇ ਬਲਕਿ ਕੌਮਾਂਤਰੀ ਪੱਧਰ ‘ਤੇ ਪੰਜਾਬੀਆਂ ਅਤੇ ਸਿੱਖਾਂ ਦੀ ਬਹਾਦਰੀ ਅਤੇ ਤਿੱਖਣ ਬੁੱਧੀ ਦੇ ਝੰਡੇ ਗੱਡੇ। ਇੱਥੋਂ ਤੱਕ ਅੰਦਰੂਨੀ ਫੈਲਣ ਵਾਲੀਆਂ ਬਗਾਵਤਾਂ ਦੇ ਵਿਦਰੋਹਾਂ ਨੂੰ ਵੀ ਸਿੱਖ ਫੌਜਾਂ ਅਤੇ ਜਰਨੈਲਾਂ ਨੇ ਹੀ ਕਾਬੂ ਕੀਤਾ। ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਸਿੱਖ ਕੌਮ ਵਰਗੀ ਬਹਾਦਰ ਕੌਮ ਨੂੰ ਉਸ ਦੀਆਂ ਕੁਰਬਾਨੀਆਂ , ਬਹਾਦਰੀ ਦਾ ਇਬਜਾਨਾ ਦੇਣ ਦੀ ਬਜਾਏ ਹਿੰਦੂਤਵ ਹੁਕਮਰਾਨਾ ਨੇ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਵਿਧਾਨਕ, ਸਮਾਜਿਕ, ਧਾਰਮਿਕ, ਇਖਲਾਕੀ ਅਤੇ ਮਾਲੀ ਤੌਰ ‘ਤੇ ਵੱਡੇ ਧੋਖੇ ਅਤੇ ਫਰੇਬ ਕਰਦੇ ਆ ਹਰੇ ਹਨ। ਅਤੇ ਜਦੋਂ ਵੀ ਭਾਰਤ ਉਤੇ ਕਿਸੇ ਬਾਹਰੀ ਹਮਲੇ ਦਾ ਖਤਰਾ ਖੜ੍ਹਾ ਹੁੰਦਾ ਹੈ, ਤਾਂ ਇਹ ਹੁਕਮਰਾਨ ਸਿੱਖ ਕੌਮ ਨੂੰ ਬਲਦੀ ਦੇ ਬੂਥੇ ਵਿਚ ਸੁੱਟਣ ਲਈ ਉਹਨਾਂ ਦੀ ਬਹਾਦਰੀ ਦੇ ਝੂਠੇ ਸੋਹਲੇ ਗਾਉਣੇ ਸ਼ੁਰੂ ਕਰ ਦਿੰਦੇ ਹਨ। ਜਿਸ ਨੂੰ ਸਮੁੱਚੀ ਸਿੱਖ ਕੌਮ ਸਮਝ ਚੁੱਕੀ ਹੈ ਅਤੇ ਹਿੰਦੂਤਵ ਹੁਕਮਰਾਨ ਸਿਆਸੀ ਸ਼ਤਰੰਜੀ ਖੇਡਾਂ ਰਾਹੀਂ ਸਿੱਖ ਕੌਮ ਦੀ ਅਤੇ ਸਿੱਖ ਫੌਜਾਂ ਅਤੇ ਜਰਨੈਲਾਂ ਦੀ ਦੁਰਵਰਤੋਂ ਨਹੀਂ ਕਰ ਸਕਣਗੇ। ਇਸ ਲਈ ਅਜਿਹੇ ਝੂਠੇ ਦਗਮੱਜੇ ਮਾਰਨ ਦੀ ਬਜਾਏ ਜੇਕਰ ਮੱਕਾਰਤਾ ਨਾਲ ਭਰੇ ਹਿੰਦੂਤਵ ਹੁਕਰਾਨ ਸਿੱਖ ਕੌਮ ਦੇ ਜਬਰੀ ਕੁਚਲੇ ਹੱਕਾਂ ਅਤੇ ਹਕੂਕਾਂ ਨੂੰ ਇਮਾਨਦਾਰੀ ਨਾਲ ਵਾਪਿਸ ਕਰ ਦੇਣ ਅਤੇ ਸਿੱਖ ਕੌਮ ਦੇ ਸਿੱਖ ਵੱਸੋਂ ਵਾਲੇ ਇਲਾਕਿਆਂ ਨੂੰ ਬਤੌਰ ਬਫਰ ਸਟੇਟ ਦੇ ਪ੍ਰਵਾਨ ਕਰਕੇ ਸੰਪੂਰਨ ਤੌਰ ‘ਤੇ ਉਹਨਾਂ ਨੂੰ ਆਜ਼ਾਦ ਕਰਨ ਦੇ ਬਚਨ ਪੂਰਨ ਕਰਨ ਤਾਂ ਬੇਹਤਰ ਹੋਵੇਗਾ। ਵਰਨਾਂ ਸਿੱਖ ਕੌਮ ਅਤੇ ਸਿੱਖ ਜਰਨੈਲਾਂ ਤੋਂ ਬਿਨ੍ਹਾਂ ਇਹ ਹੁਕਮਰਾਨ ਭੇਡਾਂ ਦੀ ਨਿਆਈ ਹਨ ਅਤੇ ਹੋਣ ਵਾਲੇ ਵੱਡੇ ਨੁਕਸਾਨ ਲਈ ਇਹ ਹੁਕਮਰਾਨ ਜਿੰਮੇਵਾਰ ਹੋਣਗੇ ਨਾਂ ਕਿ ਸਿੱਖ ਕੌਮ।