ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਮੌਜੂਦਾ 30-40 ਫੀਸਦੀ ਕਮੇਟੀ ਮੈਂਬਰਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਇਹ ਖੁਲਾਸਾ ਦਲ ਅਤੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਚੁਨਿੰਦਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਜੀ. ਕੇ. ਨੇ ਬੇਦਾਗ ਤੇ ਪੰਥਦਰਦੀ ਆਗੂਆਂ ਵਿਚੋਂ ਵੱਧ ਤੋਂ ਵੱਧ ਬੀਬੀਆਂ ਅਤੇ ਨੌਜਵਾਨਾਂ ਨੂੰ ਦਲ ਵੱਲੋਂ ਟਿਕਟ ਦਿੱਤੇ ਜਾਣ ਦੇ ਤੈਅ ਕੀਤੇ ਗਏ ਤਰੀਕੇ ਅਤੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਇਸ ਵਾਰ ਟਿਕਟ ਦੇਣ ਦੇ ਆਧਾਰ ਦੀ ‘‘ਨਿਯਮ ਪੱਤ੍ਰਿਕਾ’’ ਵਿਚ ਉਮੀਦਵਾਰ ਦਾ ਅਕਸ, ਈਮਾਨਦਾਰੀ, ਪਾਰਟੀ ਪ੍ਰਤੀ ਵਫਾਦਾਰੀ, ਸੰਗਤ ’ਚ ਮਕਬੂਲੀਅਤ, ਚੰਗੀ ਸਿਹਤ, ਸਿੱਖਿਆ, ਪੁਰਾਣਾ ਰਿਪੋਰਟ ਕਾਰਡ ਅਤੇ ਕੌਮ ਲਈ ਕਾਰਜ ਕਰਨ ਦਾ ਜਜ਼ਬਾ ਮੁਖ ਤੌਰ ਤੇ ਸਖਤ ਪੈਮਾਨੇ ਦੇ ਤੌਰ ’ਤੇ ਸ਼ਾਮਿਲ ਕੀਤਾ ਗਿਆ ਹੈ ਤਾਂਕਿ ਦਾਗੀ, ਗੈਰ-ਵਿਸ਼ਵਾਸੀ ਅਤੇ ਸੰਗਤ ਦਾ ਕੰਮ ਕਰਨ ਤੋਂ ਪਾਸਾ ਵੱਟਣ ਵਾਲੇ ਲੋਕ ਪਾਰਟੀ ਦੇ ਉਮੀਦਵਾਰ ਨਾ ਬਣ ਸਕਣ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਰ ਹਲਕੇ ਦਾ ਇੱਕ ਵਾਰ ਸਰਵੇ ਕੀਤਾ ਜਾ ਚੁੱਕਾ ਹੈ ਅਤੇ ਯੋਗ ਉਮੀਦਵਾਰਾਂ ਦੀ ਚੋਣ ਲਈ 2 ਸਰਵੇ ਹੋਰ ਕੀਤੇ ਜਾ ਸਕਦੇ ਹਨ। ਇਨ੍ਹਾਂ ਸਰਵੇ ਦੌਰਾਨ ਮੌਜੂਦਾ ਮੈਂਬਰ ਦਾ ਰਿਪੋਰਟ ਕਾਰਡ, ਨਵੀਂ ਹੱਦਬੰਦੀ ਤੋਂ ਬਾਅਦ ਆਏ ਸਮਾਜਿਕ ਬਦਲਾਵ ਅਤੇ ਪਾਰਟੀ ਦੇ ਸਮਰਪਿਤ ਕੈਡਰ ਦੀ ਚਾਹਤ ਮੁਖ ਬਿੰਦੂ ਹਨ।
ਛਾਣਨੀ ਵੱਡੀ ਕਰਨ ਨਾਲ ਕਈ ਮੌਜੂਦਾ ਮੈਂਬਰਾਂ ਦੀ ਟਿਕਟ ਕੱਟਣ ਦੀ ਸੰਭਾਵਨਾ ਪੈਦਾ ਹੋਣ ਨੂੰ ਲੈ ਕੇ ਇੱਕ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਜੀ. ਕੇ. ਨੇ ਬੇਬਾਕੀ ਨਾਲ ਕਿਹਾ ਕਿ ਮੌਜੂਦਾ 40 ਫੀਸਦੀ ਮੈਂਬਰਾਂ ਦੀ ਵੀ ਉਨ੍ਹਾਂ ਨੂੰ ਟਿਕਟ ਕੱਟਣੀ ਪਈ ਤਾਂ ਉਹ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਸਾਫ਼ ਕੀਤਾ ਕਿ ਟਿਕਟ ਨਾ ਮਿਲਣ ਵਾਲੇ ਮੈਂਬਰਾਂ ਨੂੰ ਪਾਰਟੀ ਵੱਲੋਂ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ। ਪਾਰਟੀ ਦੇ ਫੈਸਲੇ ਨੂੰ ਸਵੀਕਾਰ ਨਹੀਂ ਕਰਨ ਵਾਲੇ ਆਗੂ ਜੇਕਰ ਪਾਰਟੀ ਛੱਡਣ ਦਾ ਫੈਸਲਾ ਲੈਣਗੇ ਤਾਂ ਪਾਰਟੀ ਵੱਲੋਂ ਉਨ੍ਹਾਂ ਨੂੰ ਮਨਾਉਣ ਜਾ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੰਗਤਾਂ ਨੂੰ ਚੰਗਾ ਨੁਮਾਇੰਦਾ ਚੁਣਨ ਵਾਸਤੇ ਦੇਣਾ ਪਾਰਟੀ ਦੀ ਪਹਿਲੀ ਪ੍ਰਾਥਮਿਕਤਾ ’ਚ ਹੈ।
ਉਮੀਦਵਾਰਾਂ ਦੇ ਚੋਣ ਦੀ ਪ੍ਰੀਕਿਰਆ ਸ਼ੁਰੂ ਕਰਨ ਦੀ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਕਿਹਾ ਕਿ ਚੋਣ ਲੜਨ ਦੇ ਇਛੁੱਕ ਉਮੀਦਵਾਰ 17 ਤੋਂ 21 ਅਕਤੂਬਰ ਤਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਪਾਰਟੀ ਦਫ਼ਤਰ ਵਿਖੇ ਆਪਣਾ ਉਮੀਦਵਾਰੀ ਫਾਰਮ ਅਤੇ ਬਾਇਓਡਾਟਾ ਜਮਾ ਕਰਾ ਸਕਦੇ ਹਨ। ਉਸਤੋਂ ਬਾਅਦ ਫਾਰਮ ਭਰਨ ਵਾਲੇ ਉਮੀਦਵਾਰਾਂ ਵਿਚੋਂ ਯੋਗ ਉਮੀਦਵਾਰਾਂ ਦੀ ਚੋਣ ਸਕ੍ਰੀਨਿੰਗ ਕਮੇਟੀ ਵੱਲੋਂ 28 ਅਕਤੂਬਰ ਤਕ ਕਰਕੇ ਕੋਰ ਕਮੇਟੀ ਨੂੰ ਭੇਜੀ ਜਾਵੇਗੀ। ਕੋਰ ਕਮੇਟੀ ਹਰ ਵਾਰਡ ਦੇ ਸਿਆਸੀ ਗੁਣਾ-ਭਾਗ ਨੂੰ ਮੁਖ ਰੱਖਕੇ ਸਭ ਤੋਂ ਪ੍ਰਭਾਵੀ ਉਮੀਦਵਾਰ ਨੂੰ ਟਿਕਟ ਦੇਣ ਦੀ ਸਿਫ਼ਾਰਿਸ ਪਾਰਟੀ ਹਾਈਕਮਾਨ ਨੂੰ ਕਰੇਗੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਤੋਂ ਬਾਅਦ ਪਾਰਟੀ ਦੇ ਅਧਿਕਾਰਿਕ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।