ਇਸਲਾਮਾਬਾਦ – ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਜਰਦਾਰੀ ਦੇ ਸਪੁੱਤਰ ਬਿਲਾਵਲ ਭੁੱਟੋ ਨੇ ਐਤਵਾਰ ਨੂੰ ਇੱਕ ਰੈਲੀ ਦੌਰਾਨ ਮੋਦੀ ਨੂੰ ਗੁਜਰਾਤ ਅਤੇ ਕਸ਼ਮੀਰ ਦਾ ਕਸਾਈ ਦੱਸਦੇ ਹੋਏ ਕਿਹਾ ਕਿ ਉਸ ਤੋਂ ਪਾਕਿਸਤਾਨ ਨੂੰ ਕੋਈ ਵੀ ਉਮੀਦ ਨਹੀਂ ਰੱਖਣੀ ਚਾਹੀਦੀ। ਪੀਪੀਪੀ ਦੇ ਚੇਅਰਮੈਨ ਬਿਲਾਵਲ ਨੇ ਸ਼ਰੀਫ਼ ਸਰਕਾਰ ਦੀ ਵੀ ਜਮ ਕੇ ਆਲੋਚਨਾ ਕੀਤੀ।
ਬਿਲਾਵਲ ਭੁੱਟੋ ਨੇ ਕਿਹਾ ਕਿ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਨੇ ਕਸ਼ਮੀਰ ਦੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪਾਕਿਸਤਾਨ ਤੇ ਅੱਤਵਾਦ ਦੇ ਆਰੋਪ ਲਗਾਏ ਹਨ। ਕਸ਼ਮੀਰ ਵਿੱਚ ਚੱਲ ਰਹੀ ਹਿੰਸਾ ਅਤੇ ਰਾਜ ਦੀ ਜਨਤਾ ਤੇ ਹੋ ਰਹੇ ਅੱਤਿਆਚਾਰ ਵੱਲੋਂ ਦੁਨੀਆਂ ਦਾ ਧਿਆਨ ਹਟਾਉਣ ਲਈ ਇਹ ਸੱਭ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੀਆਂ ਗੱਲਤ ਨੀਤੀਆਂ ਕਾਰਣ ਪਾਕਿਸਤਾਨ ਦੁਨੀਆਂਭਰ ਵਿੱਚ ਕਮਜੋਰ ਪੈ ਰਿਹਾ ਹੈ।
ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਭੁੱਟੋ ਨੇ ਸ਼ਰੀਫ਼ ਸਰਕਾਰ ਦੇ ਸਾਹਮਣੇ ਆਪਣੀਆਂ ਚਾਰ ਮੰਗਾਂ ਰੱਖਦੇ ਹੋਏ ਕਿਹਾ ਕਿ ਜੇ 27 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਅੰਦੋਲਨ ਕਰਨਗੇ। ਬਿਲਾਵਲ ਦੀ ਪਹਿਲੀ ਮੰਗ ਇਹ ਹੈ ਕਿ ਨੈਸ਼ਨਲ ਸਕਿਊਰਟੀ ਦੇ ਮੁੱਦੇ ਤੇ ਨਵੀਂ ਪਾਰਲੀਮੈਂਟਰੀ ਕਮੇਟੀ ਦਾ ਗਠਨ ਕੀਤਾ ਜਾਵੇ। ਦੂਸਰੀ ਮੰਗ ਇਹ ਹੈ ਕਿ ਪਨਾਮਾ ਪੇਪਰਸ ਦੇ ਮਾਮਲੇ ਵਿੱਚ ਬਿੱਲ ਲਿਆਂਦਾ ਜਾਵੇ। ਤੀਸਰੀ ਮੰਗ ਅਨੁਸਾਰ ਚੀਨ-ਪਾਕਿਸਤਾਨ ਇੱਕਨਾਮਿਕ ਕਾਰੀਡੋਰ ਸਬੰਧੀ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਵੱਲੋਂ ਕੀਤੇ ਗਏ ਆਦੇਸ਼ਾਂ ਨੂੰ ਲਾਗੂ ਕੀਤਾ ਜਾਵੇ। ਬਿਲਾਵਲ ਦੀ ਚੌਥੀ ਮੰਗ ਇਹ ਹੈ ਕਿ ਤਤਕਾਲ ਵਿਦੇਸ਼ਮੰਤਰੀ ਦੀ ਨਿਯੁਕਤੀ ਕੀਤੀ ਜਾਵੇ।