ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਊਦੀਆਂ ਚੋਣਾਂ ਲਈ ਵੋਟ ਤਿਆਰ ਕਰਨ ਦੀ ਦਿੱਲੀ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਵਿਵਾਦਾਂ ਵਿਚ ਆ ਗਈ ਹੈ। ਸਰਕਾਰੀ ਅਮਲੇ ‘ਤੇ ਵੋਟਾ ਬਣਾਉਣ ਅਤੇ ਕੱਟਣ ਦਾ ਕਾਰਜ ਦਿੱਲੀ ਸਰਕਾਰ ਦੇ ਦਬਾਅ ਹੇਠ ਭ੍ਰਿਸ਼ਟ ਤਰੀਕੇ ਨਾਲ ਕਰਨ ਦਾ ਦੋਸ਼ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਲਗਾਉਂਦੇ ਹੋਏ ਦਿੱਲੀ ਦੇ ਉਪਰਾਜਪਾਲ ਨਜ਼ੀਬ ਜੰਗ ਨੂੰ ਪੱਤਰ ਲਿਖਿਆ ਹੈ।
ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਦੀ ਵੋਟ ਪ੍ਰਕ੍ਰਿਆ ਅੱਖਾਂ ਵਿਚ ਘੱਟਾ ਪਾਉਣ ਦਾ ਮਾਧਿਯਮ ਬਣ ਗਈ ਹੈ ਨਵਾਂ ਵੋਟ ਬਣਾਉਣ ਲਈ ਫਾਰਮ ਨੰਬਰ 4, ਵੋਟ ਕੱਟਵਾਉਣ ਲਈ ਫਾਰਮ ਨੰਬਰ 5 ਅਤੇ ਵੋਟ ਵਿਚ ਸੁਧਾਈ ਕਰਾਉਣ ਲਈ ਫਾਰਮ ਨੰਬਰ 6 ਕਿਸੇ ਵਾਰਡ ਵਿਚ ਤਾਂ ਮੌਜੂਦ ਹੈ ਤੇ ਕਿਸੇ ਵਿਚ ਹੈ ਹੀ ਨਹੀਂ। ਕੱਲ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਕਨਾਟ ਪਲੈਸ ਵਾਰਡ ਨੰਬਰ 14 ਦੇ ਮਤਦਾਤਾ ਸਹਾਇਤਾ ਕੇਂਦਰ ’ਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਸਟਾਫ਼ ਕੁਆਟਰਾਂ ਵਿਚ ਰਹਿੰਦੇ ਕਮੇਟੀ ਸਟਾਫ਼ ਦੇ 100 ਵੋਟਾਂ ਨੂੰ ਗਲਤ ਫੋਟੋ ਅਤੇ ਫਰਜ਼ੀ ਦਸਤਖਤਾਂ ਨਾਲ ਕੱਟਣ ਦੇ ਸਰਕਾਰੀ ਅਮਲੇ ਵੱਲੋਂ ਸਰਨਾ ਦਲ ਦੇ ਕਮੇਟੀ ਮੈਂਬਰ ਪ੍ਰਭਜੀਤ ਸਿੰਘ ਜੀਤੀ ਨਾਲ ਮਿਲ ਕੇ ਕੀਤੀ ਗਈ ਸਾਜਿਸ਼ ਦਾ ਜੀ.ਕੇ. ਨੇ ਖੁਲਾਸਾ ਕੀਤਾ।
ਜੀ.ਕੇ. ਨੇ ਦੱਸਿਆ ਕਿ ਫਾਰਮ ਨੰਬਰ 5 ਦੇ ਤਹਿਤ ਕੇਵਲ ਸਰਕਾਰੀ ਅਧਿਕਾਰੀ ਹੀ ਮੌਕੇ ‘ਤੇ ਜਾ ਕੇ ਪੂਰੀ ਛਾਣਬੀਨ ਕਰਨ ਉਪਰੰਤ ਵੋਟਰ ਲਿਸਟ ਵਿਚ ਮੌਜੂਦ ਵੋਟਰ ਦਾ ਨਾਂ ਕੱਟ ਸਕਦਾ ਹੈ ਜੇਕਰ ਵੋਟਰ ਮੌਜੂਦਾ ਪੱਤੇ ਤੇ ਨਹੀਂ ਰਹਿੰਦਾ ਜਾਂ ਉਸਦੀ ਮੌਤ ਹੋ ਚੁੱਕੀ ਹੈ। ਪਰ ਜੀਤੀ ਨੇ ਚੋਣ ਅਧਿਕਾਰੀ ਨਾਲ ਗੰਢਤੁੱਪ ਕਰਕੇ ਵੱਡੀ ਗਿਣਤੀ ’ਚ ਫਾਰਮ ਨੰਬਰ 5 ਪ੍ਰਾਪਤ ਕਰਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਕਾਰਜ ਕਰਦੇ ਸੇਵਾਦਾਰ ਸਵਿੰਦਰ ਸਿੰਘ ਦੀ ਫਰਜੀ ਫੋਟੋ ਅਤੇ ਦਸਤਖਤਾਂ ਨਾਲ 100 ਵੋਟ ਕਮੇਟੀ ਸਟਾਫ਼ ਦੇ ਕੱਟਣ ਲਈ ਬੰਦ ਲਿਫਾਫੇ ਵਿਚ ਅਧਿਕਾਰੀ ਨੂੰ ਆਪਣੇ ਮੁਲਾਜਮ ਸੱਜ਼ਾਦ ਰਾਹੀਂ ਭੇਜੇ ਸੀ। ਲਿਫਾਫੇ ਉਪਰ ਜੀਤੀ ਦੀ ਕੰਪਨੀ ਵੀਐਕਸਐਲ ਰਿਅਲ ਟੂਰ ਪ੍ਰਾਈਵੇਟ ਲਿਮਿਟੇਡ ਦਾ ਨਾਂ ਛੱਪਿਆ ਹੋਇਆ ਸੀ। ਜਿਸ ਕਰਕੇ ਮੌਕੇ ਤੇ ਮੌਜੂਦ ਅਕਾਲੀ ਦਲ ਦੇ ਆਗੂਆਂ ਨੂੰ ਸ਼ੱਕ ਹੋਇਆ ਜਿਸ ਉਪਰੰਤ ਲਿਫਾਫੇ ਨੂੰ ਖੋਲਣ ਤੋਂ ਬਾਅਦ ਸਾਰਾ ਛੜਯੰਤਰ ਸਾਹਮਣੇ ਆ ਗਿਆ।
ਜੀ.ਕੇ. ਨੇ ਕਿਹਾ ਕਿ 1983 ਤੋਂ ਬਾਅਦ 2015 ਵਿਚ ਕਮੇਟੀ ਵਾਰਡਾਂ ਦੀ ਨਵੀਂ ਹੱਦਬੰਦੀ ਹੋਈ ਹੈ ਇਸ ਕਰਕੇ ਕਾਨੂੰਨਨ ਤੌਰ ਤੇ ਘਰ-ਘਰ ਜਾ ਕੇ ਪੂਰੀ ਵੋਟਰ ਲਿਸ਼ਟ ਫਾਰਮ ਨੰਬਰ 4 ਭਰਕੇ ਨਵੀਂ ਬਣਨੀ ਚਾਹੀਦੀ ਸੀ।ਪਰ ਦਿੱਲੀ ਸਰਕਾਰ ਨੇ ਸਾਰੇ ਨੀਯਮ ਕਾਇਦੇ ਤਾਕ ਤੇ ਰੱਖ ਕੇ ਪੁਰਾਣੀ ਵੋਟਰ ਲਿਸ਼ਟ ਦੀ ਸੁਧਾਈ ਦਾ ਕਾਰਜ ਜਾਰੀ ਰੱਖਿਆ ਹੋਇਆ ਹੈ। ਅੱਜ ਵਾਰਡ ਨੰਬਰ 41 ਦੀ ਅਧਿਕਾਰੀ ਗੁਰਪ੍ਰੀਤ ਕੌਰ ਵੱਲੋਂ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਨੂੰ ਫਾਰਮ ਨੰਬਰ 5 ਅਤੇ 6 ਬੀਤੇ 10 ਦਿਨਾਂ ਤੋਂ ਉਨ੍ਹਾਂ ਕੋਲ ਨਾ ਹੋਣ ਦੀ ਦਿੱਤੀ ਗਈ ਲਿਖਿਤ ਨੂੰ ਵੀ ਉਪਰਾਜਪਾਲ ਨੂੰ ਭੇਜਣ ਦਾ ਜੀ.ਕੇ. ਨੇ ਜਾਣਕਾਰੀ ਦਿੱਤੀ।
ਦਿੱਲੀ ਸਰਕਾਰ ਵੱਲੋਂ ਟੈਕਸੀ ਸਟੈਂਡਾ ਤੇ ਰਹਿੰਦੇ ਡਰਾਈਵਰਾਂ ਦੇ ਵੋਟ ਕੱਟਣ ਦੀ ਸ਼ੁਰੂ ਕੀਤੀ ਗਈ ਪ੍ਰਕਿਰਆ ਨੂੰ ਤੁਰੰਤ ਰੋਕਣ ਦੀ ਉਪਰਾਜਪਾਲ ਨੂੰ ਅਪੀਲ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਪਹਿਲੇ ਅਰਵਿੰਦ ਕੇਜਰੀਵਾਲ ਸਰਕਾਰ ਨੇ ਟੈਕਸੀ ਉਦਯੋਗ ਨੂੰ ਓਲਾ ਅਤੇ ਓਬਰ ਦੇ ਭਾਰ ਸਹਾਰੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਉਨ੍ਹਾਂ ਦੇ ਜਮਹੂਰੀ ਹੱਕਾਂ ਦਾ ਕਤਲ ਕੀਤਾ ਜਾ ਰਿਹਾ ਹੈ। ਦਿੱਲੀ ਸਰਕਾਰ ਅਤੇ ਸਰਨਾ ਦਲ ਵਿਚ ਸਿਆਸੀ ਸਾਂਝ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਅਕਾਲੀ ਦਲ ਦੇ ਪੱਕੇ ਵੋਟ ਬੈਂਕ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਦੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਾ ਕਰਨ ਦੀ ਵੀ ਚੇਤਾਵਨੀ ਦਿੱਤੀ।