ਅੰਮ੍ਰਿਤਸਰ – ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਬਨਾਉਣ, ਵਿੱਦਿਆ ਦੇ ਖੇਤਰ ਵਿਚ ਅਹਿਮ ਪੁਲਾਂਘਾਂ ਪੁੱਟਣ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਹਰਾ-ਭਰਾ ਬਨਾਉਣ ਲਈ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਅਰੰਭੀ ‘ਨੰਨੀ ਛਾਂ’ ਨੂੰ ਅਪਣਾਉਂਦਿਆਂ ਸ਼੍ਰੋਮਣੀ ਕਮੇਟੀ ਵਲੋਂ (ਵਾਤਾਵਰਨ ਜਾਗਰੂਕਤਾ ਤੇ ਨਾਰੀ ਸ਼ਕਤੀ) ਡਾਇਰੈਕਟੋਰੇਟ ਸਥਾਪਤ ਕੀਤਾ ਹੈ, ਜਿਸ ਦੀ ਡਾਇਰੈਕਟਰ ਡਾ: ਮਦਨਜੀਤ ਕੌਰ ਸਹੋਤਾ ਵਲੋਂ ਜ਼ਿਲ੍ਹਾ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ‘ਮੋਨਸੂਨ ਸੈਸ਼ਨ ਸਕੀਮ’ ਅਧੀਨ 16 ਅਗਸਤ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਮੁੱਚੇ ਗੁਰਦੁਆਰਾ ਸਾਹਿਬਾਨ ’ਚ ਬੂਟੇ ਵੰਡਣ ਦਾ ਉਪਰਾਲਾ ਕੀਤਾ ਹੈ।
ਅਜੋਕੇ ਮਨੁੱਖ ਵਲੋਂ ਧੜਾ-ਧੜ ਰੁੱਖਾਂ ਦੀ ਕਟਾਈ ਕਰਕੇ ਕੁਦਰਤ ਦੇ ਸਮਤੋਲ ਨੂੰ ਵਿਗਾੜਿਆ ਜਾ ਰਿਹਾ ਹੈ। ਨਤੀਜੇ ਵਜੋਂ ਸਮੁੱਚੇ ਵਾਤਾਵਰਨ ’ਤੇ ਮਾਰੂ ਅਸਰ ਪੈ ਰਿਹਾ ਹੈ। ਇਥੇ ਹੀ ਬੱਸ ਨਹੀਂ, ਅਜੋਕੇ ਸਮਾਜ ਵਿਚ ਅਣਜੰਮੀਆਂ ਧੀਆਂ ਨੂੰ ਕੁੱਖਾਂ ਵਿਚ ਹੀ ਕਤਲ ਕਰਕੇ ਜੱਗਜਣਨੀ (ਔਰਤ) ਦਾ ਅਪਮਾਨ ਕਰਨ ਵਰਗੀ ਨਾਮੁਰਾਦ ਸਮਾਜਿਕ ਬੁਰਾਈ ਦੇ ਨਤੀਜੇ ਵੀ ਸਾਡੇ ਸਾਹਮਣੇ ਹਨ, ਇਕ ਹਜ਼ਾਰ ਲੜਕਿਆਂ ਪਿਛੇ ਕੇਵਲ 700 ਲੜਕੀਆਂ ਦੀ ਗਿਣਤੀ ਰਹਿ ਗਈ ਹੈ। ਮਨੁੱਖ ਨੂੰ ਰੁੱਖਾਂ ਦੀ ਕਟਾਈ ਤੇ ਮਾਦਾ ਭਰੂਣ ਹੱਤਿਆ ਦੇ ਖਤਰਨਾਕ ਨਤੀਜਿਆਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਮਨੁੱਖ ਦੇ ਅੰਦਰ ‘ਇਕ ਰੁੱਖ ਸੌ ਸੁਖ’, “ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ” ਦਾ ਸਿਧਾਂਤ ਭਾਰੂ ਹੋਣ ਦੇ ਨਾਲ-ਨਾਲ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦੀ ਸੋਝੀ ਆਉਣੀ ਸ਼ੁਰੂ ਹੋ ਗਈ ਹੈ- ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬੀਬੀ ਹਰਸਿਮਰਤ ਕੌਰ ਮੈਂਬਰ ਪਾਰਲੀਮੈਂਟ ਵਲੋਂ ਵਾਤਾਵਰਨ (ਰੁੱਖਾਂ) ਤੇ ਧੀਆਂ ਬਚਾਉਣ ਲਈ ਵਿੱਢੀ ਲਹਿਰ ‘ਨੰਨ੍ਹੀ ਛਾਂ’ ਨੂੰ ਹੋਰ ਅੱਗੇ ਵਧਾਉਂਦਿਆਂ ਸਿੱਖ ਜਗਤ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ (ਵਾਤਾਵਰਨ ਜਾਗਰੂਕਤਾ ਤੇ ਨਾਰੀ ਸ਼ਕਤੀ) ਨੰਨ੍ਹੀ ਛਾਂ ਨੂੰ ਅਪਣਾਉਂਦੇ ਹੋਏ ਆਪਣੇ ਪ੍ਰਬੰਧ ਅਧੀਨ ਸੈਕਸ਼ਨ 85 ਦੇ ਸਮੂੰਹ ਗੁਰਦੁਆਰਾ ਸਾਹਿਬਾਨ ਵਿਖੇ ਬੂਟੇ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਅੱਜ ਸ੍ਰੀ ਹਰਿਮੰਦਰ ਸਾਹਿਬ ਤੋਂ ਸੰਗਤਾਂ ਨੂੰ ਬੂਟਾ ਪ੍ਰਸ਼ਾਦਿ ਅਰੰਭ ਕਰਨ ਉਪਰੰਤ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਵਿੱਢੀ ‘ਨੰਨ੍ਹੀ ਛਾਂ’ ਪ੍ਰੋਗਰਾਮ ਤਹਿਤ ਲੱਖਾਂ ਪੌਦੇ ਵੰਡ ਕੇ ਵਾਤਾਵਰਨ ਨੂੰ ਹਰਾ-ਭਰਾ ਕਰਨ ਅਤੇ ਬੱਚੀਆਂ ਨੂੰ ਕੁੱਖ ’ਚ ਕਤਲ ਨਾ ਕਰਨ ਅਤੇ ਮਰਦ ਦੇ ਬਰਾਬਰ ਜਿਊਣ ਦੇ ਮੌਕੇ ਪ੍ਰਦਾਨ ਕਰਨ ਦੇ ਸੰਕਲਪ ਰਾਹੀਂ ਅਜੋਕੇ ਸਮਾਜ ਦੀ ਮਾਨਸਿਕਤਾ ਨੂੰ ਝੰਜੋੜਨ ਦਾ ਸ਼ੁਰੂ ਕੀਤਾ ਉੱਦਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੋਰ ਵੀ ਵੱਡੇ ਪੱਧਰ ’ਤੇ ਅਰੰਭਿਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਅੱਜ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਗਈ ਹੈ।
ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰਬੰਧ ਅਧੀਨ ਲਈ (‘ਵਾਤਾਵਰਨ ਜਾਗਰੂਕਤਾ ਤੇ ਨਾਰੀ ਸ਼ਕਤੀ’) ‘ਨੰਨ੍ਹੀ ਛਾਂ’ ਦਾ ਡਾਇਰੈਕਟੋਰੇਟ ਕਾਇਮ ਕੀਤਾ ਹੈ, ਜਿਸ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਮੂੰਹ ਗੁਰਦੁਆਰਾ ਸਾਹਿਬਾਨ ਤੋਂ 16 ਅਗਸਤ ਦਿਨ ਐਤਵਾਰ ਸੰਗਰਾਂਦ ਦਿਹਾੜੇ ’ਤੇ ਬੂਟਾ ਪ੍ਰਸ਼ਾਦ ਸੰਗਤਾਂ ਨੂੰ ਵੰਡਿਆ ਜਾਣਾ ਹੈ, ਜਿਸ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਅਨੁਮਾਨ ਹੈ ਕਿ ਸਵਾ ਦੋ ਲੱਖ ਦੇ ਕਰੀਬ ਬੂਟਾ ਵੰਡਿਆ ਜਾਣਾ ਹੈ। ਇਹ ਉਪਰਾਲਾ ਪੰਜਾਬ ਸਰਕਾਰ ਦੇ ਵਣ ਵਿਭਾਗ ਵਲੋਂ ‘ਮੋਨਸੂਨ ਸੈਸ਼ਨ ਦੀ ਸਕੀਮ’ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਨੂੰ ਮੁਹੱਈਆ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ‘ਨੰਨ੍ਹੀ ਛਾਂ’ ਦੇ ਇਸ ਪ੍ਰੋਜੈਕਟ ਦੀ ਕਾਮਯਾਬੀ ਵਾਸਤੇ ਸਮੂੰਹ ਸੰਗਤਾਂ ਵਿਚ ਭਰਪੂਰ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਹਰ ਗੁਰਦੁਆਰਾ ਸਾਹਿਬਾਨ ਵਿਖੇ ਨੰਨ੍ਹੀ ਛਾਂ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਸੰਗਤਾਂ ਨੂੰ ਅਗਾਉਂ ਸੂਚਨਾ ਦਿੱਤੀ ਜਾ ਰਹੀ ਹੈ ਕਿ ਜਿਨ੍ਹਾਂ ਜਨਤਕ ਸਥਾਨਾਂ ’ਤੇ ਪੌਦੇ ਲਗਾਏ ਜਾਣੇ ਹਨ, ਉਨ੍ਹਾਂ ਦੀ ਤਿਆਰੀ ਪਹਿਲਾਂ ਹੀ ਕੀਤੀ ਜਾਵੇ। ਪੂਰੇ ਪੰਜਾਬ ਭਰ ਵਿਚ ਇਕ ਹੀ ਦਿਨ ਅਜਿਹਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਨਵਾਂ ਮੀਲ ਪੱਥਰ ਹੋਵੇਗਾ। ਪ੍ਰਮੁੱਖ, ਇਤਿਹਾਸਕ ਸਥਾਨਾਂ ਤੋਂ ਇਹ ਬੂਟੇ (ਪੌਦੇ) ਨਿਰੰਤਰ ਪ੍ਰਸ਼ਾਦ ਦੇ ਰੂਪ ਵਿਚ ਵੰਡੇ ਜਾਂਦੇ ਰਹਿਣਗੇ। ਇਹ ਸਮੁੱਚਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਨੰਨ੍ਹੀ ਛਾਂ ਦੀ ਡਾਇਰੈਕਟਰ ਡਾ: ਮਦਨਜੀਤ ਕੌਰ (ਸਹੋਤਾ) ਦੀ ਦੇਖ-ਰੇਖ ਹੇਠ ਹੋ ਰਿਹਾ ਹੈ ਅਤੇ ਉਹ ਇਸ ਯੋਜਨਾ ਵਿਚ ਨਿੱਜੀ ਤੌਰ ’ਤੇ ਹਰ ਗੁਰੂ-ਘਰ ਨਾਲ ਸੰਪਰਕ ਵਿਚ ਹਨ। ਉਨ੍ਹਾਂ ਨੇ ਦੱਸਿਆ ਕਿ ਹਰੇਕ ਗੁਰੂ-ਘਰ ਵਿਚ ਪੌਦਿਆਂ ਦੀ ਸਪਲਾਈ ਨਿਰੰਤਰ ਜਾਰੀ ਰਹੇਗੀ ਅਤੇ ਸੰਗਤਾਂ ਵਿਚ ਇਹ ਵਿਸ਼ਵਾਸ ਪੈਦਾ ਕੀਤਾ ਜਾਵੇਗਾ ਕਿ ਜੋ ਬੂਟਾ ਪ੍ਰਸ਼ਾਦ ਦੇ ਰੂਪ ਵਿਚ ਗੁਰੂ-ਘਰ ਤੋਂ ਪ੍ਰਾਪਤ ਹੁੰਦਾ ਹੈ, ਉਸ ਦੀ ਪਾਲਣਾ ਕਰਨੀ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ। ਨੰਨ੍ਹੀ ਛਾਂ ਦੀ ਡਾਇਰੈਕਟਰ ਡਾ: ਮਦਨਜੀਤ ਕੌਰ (ਸਹੋਤਾ) ਅਨੁਸਾਰ ਇਸ ਤੋਂ ਅਗਲੇ ਪੜਾਅ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਦੇ ਸਮੂੰਹ ਸਕੂਲਾਂ-ਕਾਲਜਾਂ ’ਚ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਨੌਜਵਾਨ ਪੀੜ੍ਹੀ ਵਿਚ ਅਜਿਹੀ ਭਾਵਨਾ ਪ੍ਰਪੱਕ ਕਰਨ ਦੇ ਵਾਸਤੇ ਉਚੇਚੇ ਪ੍ਰਬੰਧ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਦਿੱਤੇ ਜਾਣ ਵਾਲੇ ਇਹ ਬੂਟੇ ਉਨ੍ਹਾਂ ਲਈ ਵਾਤਾਵਰਨ ਨੂੰ ਹਰਾ-ਭਰਾ ਬਨਾਉਣ, ਰੁੱਖਾਂ ਦੀ ਕਟਾਈ ਰੋਕਣ ਤੇ ਸਮਾਜ ਨੂੰ ਹਰਾ-ਭਰਾ ਬਨਾਉਣ ਲਈ ਧੀਆਂ ਨੂੰ ਬਚਾਉਣ (ਮਾਦਾ ਭਰੂਣ ਹੱਤਿਆ ਰੋਕਣ) ਲਈ ਪ੍ਰੇਰਨਾ-ਸਰੋਤ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਕਾਰਜ ਨਿਰੰਤਰ ਜਾਰੀ ਰਖਿਆ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚਾਰ ਪ੍ਰਮੁੱਖ ਇਤਿਹਾਸਕ ਸਥਾਨਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਫੁੱਲਾਂ, ਫਲਾਂ ਅਤੇ ਛਾਂਦਾਰ ਪੌਦਿਆਂ ਦੀਆਂ ਨਰਸਰੀਆਂ ਆਰੰਭ ਕੀਤੀਆਂ ਗਈਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਬੂਟੇ ਵੰਡਣ ਲਈ ਬਣੇ ਸ਼ਾਨਦਾਰ ਸਟਾਲ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਧਰਮ ਸਿੰਘ ਜੀ ਨੇ ਅਰਦਾਸ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਮੈਂਬਰਾਨ ਸ਼੍ਰੋਮਣੀ ਕਮੇਟੀ ਸ. ਗੋਪਾਲ ਸਿੰਘ ਜਾਣੀਆ, ਸ. ਗੁਰਮੇਲ ਸਿੰਘ ਸੰਗੋਵਾਲ, ਬੀਬੀ ਦਵਿੰਦਰ ਕੌਰ ਖਾਲਸਾ, ਸ. ਰਘਬੀਰ ਸਿੰਘ ਸਹਾਰਨਮਾਜਰਾ, ਨੰਨ੍ਹੀ ਛਾਂ ਦੀ ਡਾਇਰੈਕਟਰ ਡਾ: ਮਦਨਜੀਤ ਕੌਰ (ਸਹੋਤਾ), ਮੀਤ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਬਲਬੀਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਐਡੀ: ਮੈਨੇਜਰ ਸ. ਟਹਿਲ ਸਿੰਘ, ਵਣ ਵਿਭਾਗ ਦੇ ਅਧਿਕਾਰੀ ਸ. ਚਰਨਜੀਤ ਸਿੰਘ ਆਦਿ ਸ਼ਾਮਲ ਸਨ।