ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝਟਕਾ ਦਰ ਝਟਕਾ ਮਿਲ ਰਿਹਾ ਹੈ ਅਤੇ ਦਿੱਲੀ ਕਮੇਟੀ ਦੇ ਬਾਦਲ ਦਲ ਨਾਲ ਸਬੰਧਿਤ ਗੁਰੂ ਨਾਨਕ ਪਬਲਿਕ ਸਕੂਲ ਦੇ ਚੇਅਰਮੈਨ ਸ੍ਰ. ਇੰਦਰਮੋਹਨ ਸਿੰਘ ਸਚਦੇਵਾ ਤੋ ਬਾਅਦ ਪਾਰਟੀ ਛੱਡਣ ਵਾਲਿਆਂ ਦੀ ਹੋੜ ਲੱਗ ਗਈ ਹੈ ਅਤੇ ਹੁਣ ਪ੍ਰਿਤਪਾਲ ਸਿੰਘ ਸਰਪ੍ਰਸਤ ਗੁਰੂਦੁਆਰਾ ਸਿੰਘ ਸਭਾ, ਮਨਮੋਹਨ ਸਿੰਘ ਢੀਗਰਾ ਐਡੀਸ਼ਨਲ ਚੇਅਰਮੈਨ ਗੁਰੂ ਨਾਨਕ ਪਬਲਿਕ ਸਕੂਲ, ਸਰਬਜੀਤ ਸਿੰਘ ਢੀਗਰਾ, ਚਰਨਜੀਤ ਸਿੰਘ ਕਟਾਰੀਆ, ਸੁੱਚਾ ਸਿੰਘ ਚਾਵਲਾ, ਹਿੰਮਤ ਸਿੰਘ ਤਨੇਜਾ, ਜਗਮੋਹਨ ਸਿੰਘ ਜੁਨੇਜਾ, ਸੁਖਦੀਪ ਸਿੰਘ ਚਾਵਲਾ, ਜਸਵਿੰਦਰ ਸਿੰਘ ਚਾਵਲਾ, ਰਾਵਿੰਦਰਪਾਲ ਸਿੰਘ ਨਾਰੰਗ, ਇੰਦਰਮੋਹਨ ਸਿੰਘ ਨੋਨਿੱਧ ਟਰੈਵਲਜ ਵਾਲੇ ਅਤੇ ਰਾਜੂ ਜੀ ਸ਼ਿਵਾ ਪਾਰਕ ਨੇ ਵੀ ਬਾਦਲ ਦਲੀਆਂ ਦੀਆ ਪੰਥ ਵਿਰੋਧੀ ਨੀਤੀਆਂ ਨੂੰ ਤਿਲਾਂਜਲੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਅਕਾਲੀ ਦਲ ਦਿੱਲੀ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍. ਹਰਵਿੰਦਰ ਸਿੰਘ ਸਰਨਾ ਨੇ ਉਪਰੋਕਤ ਵਿਅਕਤੀਆਂ ਦਾ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ ਹੋਣ ਦਾ ਸੁਆਗਤ ਕਰਦਿਆ ਕਿਹਾ ਕਿ ਬਾਦਲ ਦਲ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਿਆ ਹੈ ਜਿਸ ਨੂੰ ਸਿਰਫ ਆਪਣੇ ਪਰਿਵਾਰ ਤੋ ਇਲਾਵਾ ਹੋਰ ਕੁਝ ਨਹੀ ਦਿੱਸਦਾ। ਉਹਨਾਂ ਕਿਹਾ ਕਿ ਬਾਦਲ ਦਲ ਨੇ ਜੋ ਧਾਂਦਲੀਆ ਕਰਕੇ ਦਿੱਲੀ ਕਮੇਟੀ ਦੀ 2013 ਵਿੱਚ ਹੋਈ ਚੋਣ ਜਿੱਤੀ ਸੀ ਉਸ ਬਾਰੇ ਵੀ ਦਿੱਲੀ ਦੀ ਸੰਗਤ ਭਲੀਭਾਂਤ ਜਾਣੂ ਹੈ ਤੇ ਦਿੱਲੀ ਕਮੇਟੀ ਤੇ ਲੋਕਤੰਤਰ ਦਾ ਕਤਲ ਕਰਕੇ ਕਬਜ਼ਾ ਕਰਨ ਦੀ ਨੀਤੀ ਤੋ ਵੀ ਵਾਕਫ ਹੈ। ਉਹਨਾਂ ਕਿਹਾ ਕਿ ਰਿਕਾਰਡ ਮੁਤਾਬਕ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ ਦੇ ਹਲਕੇ ਵਿੱਚ ਕਰੀਬ ਪੰਦਰਾਂ ਹਜ਼ਾਰ ਵੋਟ ਜ਼ਾਅਲੀ ਬਣਾਈ ਸੀ ਤੇ ਅੱਜ ਵੀ ਪੰਜਾਬੀ ਬਾਗ ਦੇ ਨਵੇਂ ਹਲਕੇ ਵਿੱਚੋ 3800 ਜ਼ਾਅਲੀ ਵੋਟਾਂ ਕੱਟਵਾਈਆਂ ਗਈਆ ਹਨ ਤੇ ਉਹਨਾਂ ਦੇ ਵਲੰਟੀਅਰਾਂ ਨੇ ਘਰ ਘਰ ਜਾ ਕੇ ਪੜਤਾਲ ਕੀਤੀ ਤਾਂ ਲੋਕ ਹੈਰਾਨ ਰਹਿ ਗਏ ਕਿ ਉਹਨਾਂ ਦੇ ਐਡਰੇਸ ਦੇ ਕੇ ਸਿਰਸਾ ਨੇ ਹੇਰਾਫੇਰੀ ਕਰਕੇ ਵੋਟਾਂ ਬਣਾਈਆਂ ਹਨ। ਉਹਨਾਂ ਕਿਹਾ ਕਿ ਹੇਰਾਫੇਰੀ ਦੇ ਬਾਦਸ਼ਾਹ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਮੇਸ਼ਾਂ ਹੀ ਇੱਕ ਨੁਕਾਤੀ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਕਿ ਕਬਜ਼ਾ ਕਿਵੇਂ ਕਰਨਾ ਹੈ ਤੇ 2013 ਵਿੱਚ ਜਿਸ ਤਰੀਕੇ ਨਾਲ ਦਿੱਲੀ ਕਮੇਟੀ ਤੇ ਕਬਜ਼ਾ ਕੀਤਾ ਗਿਆ ਉਸ ਤੋਂ ਸਿਰਫ ਦਿੱਲੀ ਦੇ ਸਿੱਖ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਸਿੱਖ ਵਾਕਫ ਹਨ। ਉਹਨਾਂ ਕਿਹਾ ਕਿ ਹਾਰ ਜਾਣਾ ਕੋਈ ਮਾਅਨਾ ਨਹੀ ਰੱਖਦਾ ਕਿਉਂਕਿ ਦੋ ਪਹਿਲਵਾਨ ਜਦੋ ਘੁਲਦੇ ਹਨ ਤਾਂ ਇੱਕ ਨੇ ਹਾਰਨਾ ਹਾਰਨਾ ਹੀ ਹੁੰਦਾ ਹੈ ਪਰ ਹੇਰਾਫੇਰੀ ਨਾਲ ਕਿਸੇ ਨੂੰ ਹਰਾਉਣਾ ਜਿਥੇ ਲੋਕਤੰਤਰ ਦੇ ਕਤਲ ਹੈ ਉਥੇ ਨਿਯਮਾਂ ਤੇ ਮਰਿਆਦਾ ਵੀ ਉਲੰਘਣਾ ਹੈ ਜਿਹੜੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਕਸਰ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਝੂਠ ਬੋਲਣਾ ਤੇ ਹੇਰਾਫੇਰੀ ਕਰਨਾ ਬਾਦਲ ਦਲੀਆ ਨੂੰ ਵਿਰਸੇ ਵਿੱਚ ਮਿਲਿਆ ਹੈ ਅਤੇ ਸ੍ਰ. ਬਾਦਲ ਇਸ ਵਿੱਚ ਪੀ।ਐਚ ਡੀ ਕਰ ਚੁੱਕੇ ਹਨ।
ਸ੍ਰ. ਸਰਨਾ ਦਿੱਲੀ ਕਮੇਟੀ ਦੇ ਮੌਜੂਦਾ ਬਾਦਲ ਦਲੀਏ ਪ੍ਰਬੰਧਕਾਂ ਦੇ ਨਜਾਇਜ ਖਰਚਿਆ ਦਾ ਕੱਚਾ ਚਿੱਠਾ ਪੇਸ਼ ਕਰਦਿਆਂ ਕਿਹਾ ਕਿ
* ਦਿੱਲੀ ਕਮੇਟੀ ਕੋਲ ਆਪਣੇ ਸੇਵਾਦਰ ਹਨ ਤੇ ਸੰਗਤ ਵੀ ਵੱਡੀ ਗਿਣਤੀ ਵਿੱਚ ਸਹਿਯੋਗ ਕਰਨ ਲਈ ਪਹੁੰਚ ਜਾਂਦੀ ਹੈ ਪਰ ਇਹਨਾਂ ਨੇ ਗੁਰੂਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੀ ਛਬੀਲ ਤੇ ਵਿਸਾਖੀ ਦੇ ਤਿਉਹਾਰ ਤੇ ਬਾਹਰੋ ਟਾਸਕ ਫੋਰਸ ਮੰਗਵਾਈ ਜਿਸ ਤੇ 3 ਲੱਖ 20 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ।
* ਗੁਰੂਦੁਆਰਾ ਮਿਲਾਪ ਸਾਹਿਬ ਅਸੰਦ ਹਰਿਆਣਾ ਵਿਖੇ ਉਸਾਰੀ ਲਈ 8ਲੱਖ 55 ਹਜ਼ਾਰ ਸੀਮੈਂਟ ਦਾ ਬਿੱਲ ਪਾਇਆ ਗਿਆ।
* ਹਵਾਈ ਖਰਚੇ ਦੇ 4 ਲੱਖ 59 ਹਜ਼ਾਰ 987 ਰੁਪਏ ਬਲਿਉ ਓਸ਼ੀਅਨ ਟਰੇਵਲਰਜ਼ ਨੂੰ 30 ਜਨਵਰੀ 2016 ਤੋ 23 ਅਪ੍ਰੈਲ 2016 ਤੱਕ ਦੇ ਅਦਾ ਕੀਤੇ ਗਏ।
* ਭਾਜਪਾ ਦੇ ਸਾਬਕਾ ਵਿਧਾਇਕ ਆਰ ਪੀ ਸਿੰਘ ਦੋ ਬੱਸਾਂ ਸ੍ਰੀ ਨਗਰ ਲੈ ਕੇ ਗਿਆ ਜਿਸ ਦਾ ਕਿਰਾਇਆ ਦਿੱਲੀ ਕਮੇਟੀ ਦੀ ਗੋਲਕ ਵਿੱਚੋ 2 ਲੱਖ 80 ਹਜ਼ਾਰ ਅਦਾ ਕੀਤਾ ਗਿਆ।
* ਫਤਹਿ ਦਿਵਸ ਤੇ ਪ੍ਰਕਾਸ਼ ਟੈਲੀਵੀਜਨ ਕਾਸਟ ਭਾਵ ਪੀ ਟੀ ਸੀ ਚੈਨਲ ਨੂੰ ਫਤਹਿ ਦਿਵਸ ਤੇ 11 ਲੱਖ ਗੋਲਕ ਵਿੱਚੋ ਦਿੱਤੇ ਗਏ ਜਿਹੜਾ ਲਾਈਵ ਦੇਣ ਵਾਸਤੇ ਕੋਈ ਹੋਰ ਚੈਨਲ ਗੁਰੂ ਘਰ ਨੂੰ ਆਨਰੇਰੀ ਵੀ ਸੇਵਾ ਦੇ ਸਕਦਾ ਸੀ ਜਾਂ ਫਿਰ ਬਹੁਤ ਘੱਟ ਪੈਸੇ ਦਿੱਤੇ ਜਾ ਸਕਦੇ ਸਨ।
* ਸੇਵਾਦਾਰ ਕਰਤਾਰ ਸਿੰਘ ਨੂੰ ਲੰਗਰ ਹਾਲ ਗੁਰੂਦੁਆਰਾ ਛੇਵੀ ਪਾਤਸ਼ਾਹੀ ਗੁਰੂਸਰ ਯੋਧਾ ਮੁਕਤਸਰ ਲਈ ਪੰਜ ਲੱਖ ਦਿੱਤੇ ਗਏ।
* ਦਿੱਲੀ ਕਮੇਟੀ ਦੇ ਮੈਂਬਰ ਚਮਨ ਸਿੰਘ ਦੇ ਬੇਟੇ ਦੀਆ ਹੋਈ ਮੌਤ ਤੇ ਇਨੋਵਾ ਗੱਡੀਆ ਦਾ ਖਰਚਾ ਦਿੱਲੀ ਕਮੇਟੀ ਦੀ ਗੋਲਕ ਵਿੱਚੋ 31283 ਦਿੱਤੇ ਗਏ ਤੇ 73763 ਰੁਪਏ ਰਾਜਧਾਨੀ ਟੈਂਟ ਹਾਊਸ ਨੂੰ ਅੱੰਤਮ ਅਰਦਾਸ ਦੇ ਖਰਚੇ ਵਜੋ ਦਿੱਤੇ ਗਏ।
* ਚਾਰ ਲੱਖ ਰੁਪਏ ਪੰਜਾਬੀ ਉਰਦੂ ਘੱਟ ਗਿਣਤੀ ਭਾਸ਼ਾਵਾਂ ਦੀ ਪ੍ਰਮੋਸ਼ਨ ਵਾਸਤੇ ਰਣਜੀਤ ਕੌਰ ਨੂੰ 21 ਅਪ੍ਰੈਲ 2016 ਤੋੱ 24 ਅਪ੍ਰੈਲ 2016 ਤੱਕ ਦੇ ਸਿਰਫ ਚਾਰ ਦਿਨਾਂ ਦੇ ਅਦਾ ਕੀਤੇ ਗਏ।
* ਕੰਬੋਜ ਬੱਸ ਸਰਵਿਸ ਵੱਲੋ ਫਤਿਹ ਮਾਰਚ ਸਮੇਂ 2ਲੱਖ 78 ਹਜਾਰ ਦਾ ਬਿੱਲ ਦਿੱਤਾ ਗਿਆ ਜਿਸ ਦੀ ਅਦਾਇਗੀ ਵੀ ਬਾਅਦ ਵਿੱਚ 2 ਲੱਖ 67 ਹਜ਼ਾਰ ਕਰ ਦਿੱਤੀ ਗਈ।
* ਦਿੱਲੀ ਕਮੇਟੀ ਦਾ ਆਪਣੀ ਮੀਡੀਆ ਸੈਂਟਰ ਹੋਣ ਦੇ ਬਾਵਜੂਦ ਵੀ ਲੋਕੇਸ਼ ਸ਼ਰਮਾ ਨੂੰ ਸ਼ਤਾਬਦੀ ਸਮਾਗਮਾਂ ਲਈ ਬਣਾਏ ਮੀਡੀਆ ਸੈਂਟਰ ਲਈ ਤਿੰਨ ਲੱਖ ਅਦਾ ਕੀਤੇ ਗਏ
* 50 ਹਜ਼ਾਰ ਸਿਰਫ ਪੁਨੀਤ ਚੰਡੋਕ ਨੂੰ ਕੌਮੀ ਮੀਡੀਆ ਨੂੰ ਸਿਰਫ ਬੁਲਾਉਣ ਲਈ ਹੀ ਦਿੱਤੇ ਗਏ।
* 1 ਲੱਖ 70 ਹਜ਼ਾਰ ਦਾਸਤਾਨੇ ਬੰਦਾ ਸਿੰਘ ਬਹਾਦਰ ਤੇ ਕਾਮਾਗਾਟਾ ਮਾਰੂ ਸ਼ੋਅ ਬਦਲੇ ਖਰਚ ਕੀਤੇ ਗਏ।
* ਇੱਕ ਪਾਸੇ ਸਕੂਲਾਂ ਵਿੱਚੋ ਬੱਚੇ ਘੱਟ ਰਹੇ ਹਨ ਤੇ ਦੂਜੇ ਪਾਸ਼ੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੰਸਥਾ ਲਈ 4 ਲੱਖ 54 ਹਜ਼ਾਰ 769 ਰੁਪਏ ਦਾ ਖੇਡਾਂ ਦਾ ਸਮਾਨ ਖਰੀਦਿਆ ਦਿਖਾਇਆ ਗਿਆ ਹੈ।
* ਬੰਜਾਰਾ ਸਮਾਜ ਲਈ ਅਹਿਮਦਾਬਾਦ ਸ਼ਤਾਬਦੀ ਲਈ 25000 ਰੁਪਏ 19 ਜੂਨ 2016 ਨੂੰ ਗੁਰੂ ਦੀ ਗੋਲਕ ਵਿੱਚੋ ਅਦਾ ਕੀਤੇ ਗਏ।
* ਕੁਤਬ ਮੀਨਾਰ ਵਿਖੇ ਕਰਵਾਏ ਗਏ ਸਮਾਗਮ ਸਮੇਂ 17 ਲੱਖ ਰੁਪਏ ਪੰਜਾਬ ਟੈਂਟ ਹਾਊਸ ਨੂੰ ਅਦਾ ਕੀਤੇ ਗਏ ਜਿਥੇ ਕਿ ਬਹੁਤ ਥੋੜੇ ਵਿਅਕਤੀਆ ਦੇ ਬੈਠਣ ਦੀ ਥਾਂ ਹੈ।
* 15 ਬਾਈਊਸਰ ਪ੍ਰਬੰਧ ਲਈ ਬੁਲਾਏ ਗਏ ਜਿਹਨਾਂ ਨੂੰ 18 ਹਜ਼ਾਰ ਪ੍ਰਤੀ ਵਿਅਕਤੀ ਦਿੱਤੇ ਗਏ ਜਿਸ ਦੀ ਕੁਲ ਰਾਸ਼ੀ 2 ਲੱਖ 70 ਹਜ਼ਾਰ ਅਦਾ ਕੀਤੀ ਗਈ।
* ਪਾਲਕੀ ਵਾਲੀ ਬੱਸ ਲਈ 23 ਲੱਖ 19 ਹਜ਼ਾਰ 313 ਰੁਪਏ ਖਰਚ ਕੀਤੇ ਗਏ ਜੋ ਬਹੁਤ ਜ਼ਿਆਦਾ ਹਨ।
* ਮਾਡਰਨ ਸਟੇਜ ਸਰਵਿਸ ਵਾਲਿਆ ਨੂੰ 28 ਲੱਖ 75 ਹਜ਼ਾਰ ਰੁਪਏ ਨੂੰ ਦਿੱਤੇ।
* 17 ਜੂਨ 2016 ਤੇ 19 ਜੂਨ 2016 ਲਈ 9 ਲੱਖ 20 ਹਜ਼ਾਰ ਮਹਿਰੋਲੀ , ਅਦਾ ਕੀਤੇ।
* 9 ਲੱਖ 20 ਹਜ਼ਾਰ ਸੈਂਟਰ ਪਾਰਕ ਵਿਖੇ ਸਟੇਜ ਲਗਾਉਣ ਲਈ ਦਿੱਤੇ ਗਏ।
* 10 ਲੱਖ 35 ਹਜ਼ਾਰ ਪੰਜਾਬੀ ਬਾਗ ਪਾਰਕ ਵਿਖੇ ਸਟੇਜ ਲਗਾਉਣ ਲਈ ਦਿੱਤੇ ਗਏ।
* ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦੀ ਸਟੀਲ ਦੀ ਪਲੇਟ ਤੇ ਵੀ ਪੰਜ ਲੱਖ ਰੁਪਏ ਖਰਚ ਕਰ ਦਿੱਤੇ ਗਏ।
ਉਹਨਾਂ ਕਿਹਾ ਕਿ ਇਸ ਕਰੋੜਾਂ ਦੀ ਰਾਸ਼ੀ ਦੀ ਜੇਕਰ ਨਿਰਪੱਖ ਜਾਂਚ ਕਰਵਾਈ ਲਈ ਜਾਵੇ ਤਾਂ ਬੜਾ ਵੱਡਾ ਘੱਪਲਾ ਸਾਹਮਣੇ ਆ ਜਾਵੇਗਾ।
ਉਹਨਾਂ ਕਿਹਾ ਕਿ ਇੱਕ ਸਿੱਖ ਲਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਣੀ ਬਹੁਤ ਵੱਡੀ ਵੰਗਾਰ ਹੈ ਤੇ ਹੁਣ ਤੱਕ ਕਈ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕਈ ਦੋਸ਼ੀਆਂ ਨੂੰ ਪੰਜਾਬ ਵਿੱਚ ਸਜਾ ਦੇ ਦਿੱਤੀ ਹੈ ਪਰ ਸ੍ਰ ਬਾਦਲ ਦੇ ਰਾਜ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰ ਬਾਰ ਹੋਣੀ ਸਾਬਤ ਕਰਦੀ ਹੈ ਕਿ ਸਰਕਾਰ ਦੀ ਇਹ ਨਲਾਇਕੀ ਹੈ ਜਾਂ ਸਰਕਾਰ ਦੀ ਇਸ ਗੋਰਖ ਧੰਦੇ ਵਿੱਚ ਸ਼ਾਮਿਲ ਹੈ। ਉਹਨਾਂ ਕਿਹਾ ਕਿ ਬਰਗਾੜੀ ਕਾਂਡ ਦੇ ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਗ੍ਰਿਫਤਾਰ ਨਹੀ ਕੀਤਾ ਗਿਆ ਤੇ ਦੋ ਸਿੱਖਾਂ ਨੂੰ ਕਤਲ ਕਰਨ ਵਾਲਿਆ ਨੂੰ ਅਣਪਛਾਤੀ ਪੁਲੀਸ ਦੱਸ ਕੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋ ਸਾਬਤ ਹੁੰਦਾ ਹੈ ਕਿ ਸਰਕਾਰ ਅਜਿਹੇ ਮਾਮਲਿਆ ਵਿੱਚ ਸ਼ਾਮਲ ਹੈ। ਉਹਨਾਂ ਕਿਹਾ ਕਿ ਸ੍ਰ ਬਾਦਲ ਨੂੰ ਸਿਰਫ ਆਪਣੀ ਕੁਰਸੀ ਕਾਇਮ ਰਹਿਣ ਤੱਕ ਹੀ ਪੰਥ ਨਾਲ ਵਾਸਤਾ ਹੈ ਬਾਕੀ ਜੋ ਮਰਜੀ ਹੁੰਦਾ ਰਹੇ ਉਸ ਦਾ ਕੋਈ ਲੈਣਾ ਦੇਣਾ ਨਹੀ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵਿੱਚੋ ਤਾਂ ਬਾਦਲ ਦਲੀਆ ਦਾ ਸਫਾਇਆ ਕਰਨ ਦਾ ਦਿੱਲੀ ਦੀ ਸੰਗਤ ਨੇ ਮਨ ਬਣਾ ਲਿਆ ਹੈ ਜਿਸ ਦਾ ਸਬੂਤ ਹੈ ਕਿ ਬਾਦਲ ਦਲ ਦੀਆ ਨੀਤੀਆ ਨੂੰ ਤੰਗ ਆ ਕੇ ਬਾਦਲ ਦਲ ਦੇ ਆਗੂ ਭਾਰੀ ਗਿਣਤੀ ਵਿੱਚ ਅਕਾਲੀ ਦਲ ਦਿੱਲੀ ਵਿੱਚ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦਾ ਉਹ ਬੈਂਕ ਖਾਤਾ ਅੱਜ ਚਿੱਟੇ ਕਾਗਜ਼ ਵਾਂਗ ਖਾਲੀ ਹੈ ਜਿਥੇ ਉਹਨਾਂ ਦੇ ਸਮੇਂ 118 ਕਰੋੜ ਦੀਆ ਐਫ।ਡੀ।ਆਰਜ਼ ਬੈਕਾਂ ਵਿੱਚ ਜਮਾ ਸਨ। ਉਹਨਾਂ ਕਿਹਾ ਕਿ ਦਿੱਲੀ ਦੀ ਸੰਗਤ ਇਹਨਾਂ ਬਾਦਲੀ ਲੁਟੇਰਿਆ ਕੋਲੋ ਪਾਈ ਪਾਈ ਦਾ ਹਿਸਾਬ ਲਵੇਗੀ ਤੇ ਗੁਰੂ ਦੀ ਅਮਾਨਤ ਗੁਰੂ ਦੀ ਗੋਲਕ ਵਿੱਚ ਜਮਾ ਹੋਵੇਗੀ। ਇਸ ਸਮੇਂ ਉਹਨਾਂ ਦੇ ਨਾਲ ਸ੍ਰ. ਭਜਨ ਸਿੰਘ ਵਾਲੀਆ, ਸ੍ਰ. ਦਮਨਦੀਪ ਸਿੰਘ, ਮਨਜੀਤ ਸਿੰਘ ਸਰਨਾ ਆਦਿ ਤੋ ਇਲਾਵਾ ਹੋਰ ਆਗੂ ਵੀ ਹਾਜ਼ਿਰ ਸਨ।