ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਸਿਆਸੀ ਸਫ਼ਰ ਨੂੰ ਖ਼ਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਉਕਤ ਦਾਅਵਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕੱਲ ਸਰਨਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਜਵਾਬ ਵੱਜੋਂ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਚੋਣ ਸਰਵੇਖਣਾਂ ਰਾਹੀਂ ਆਪਣੀ ਹਾਰ ਨੂੰ ਸਾਹਮਣੇ ਵੇਖ ਸਰਨਾ ਸੰਗਤ ਨੂੰ ਗੁਮਰਾਹ ਕਰਨ ਲਈ ਨੀਂਵੇ ਪੱਧਰ ਦੀ ਸਿਆਸਤ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਬੀਤੇ ਦਿਨੀਂ ਇੱਕ ਨਿਰਪੱਖ ਡਾਟਾ ਬੇਸ ਕੰਪਨੀ ਵੱਲੋਂ ਦਿੱਲੀ ਦੀ ਸਿੱਖ ਸੰਗਤ ਦੀ ਸਿਆਸੀ ਰਾਇ ਪਤਾ ਕਰਨ ਲਈ ਤਿੰਨ ਸਰਵੇ ਕੀਤੇ ਗਏ ਸਨ। ਜਿਸ ਵਿਚ ਸਾਫ਼ ਤੌਰ ’ਤੇ ਆਉਂਦੀਆਂ ਚੋਣਾਂ ਵਿਚ ਕਮੇਟੀ ਦਾ ਮੁੜ੍ਹ ਤੋਂ ਪ੍ਰਧਾਨ ਜੀ।ਕੇ। ਦੇ ਬਣਨ ਦੇ ਹੱਕ ਵਿਚ 67 ਫੀਸਦੀ, ਸਰਨਾ 7 ਫੀਸਦੀ, ਹੋਰਨਾਂ 5 ਫੀਸਦੀ ਅਤੇ 21 ਫੀਸਦੀ ਸੰਗਤ ਵੱਲੋਂ ਕੋਈ ਰਾਇ ਨਹੀਂ ਦਿੱਤੇ ਜਾਣ ਦਾ ਨਤੀਜਾ ਪ੍ਰਾਪਤ ਹੋਇਆ ਸੀ। ਇਸ ਨਾਮੀ ਸਰਵੇ ਬਾਰੇ ਸਰਨਾ ਚੰਗੀ ਤਰ੍ਹਾਂ ਜਾਣਕਾਰੀ ਰੱਖਦੇ ਹਨ ਕਿ ਆਉਂਦੀਆਂ ਚੋਣਾਂ ਸਰਨਾ ਦਲ ਨੂੰ ਦਿੱਲੀ ਦੀ ਸਿਆਸਤ ਤੋਂ ਬਾਹਰ ਕੱਢਣ ਦਾ ਕਾਰਜ ਕਰਨਗੀਆਂ।
ਉਨ੍ਹਾਂ ਕਿਹਾ ਕਿ ਇਸ ਕਰਕੇ ਘਬਰਾਏ ਅਤੇ ਬੌਖਲਾਏ ਸਰਨਾ ਨੇ ਪੰਜਾਬੀ ਬਾਗ ਕਲੋਨੀ ਦੇ ਕੁਝ ਵੋਟਰਾਂ ਨੂੰ ਆਪਣੇ ਦਫ਼ਤਰ ਵਿਖੇ ਬੁਲਾ ਕੇ ਅਕਾਲੀ ਦਲ ਦੇ ਆਗੂ ਦੱਸ ਕੇ ਪ੍ਰੈਸ ਕਾਨਫਰੰਸ ਕਰਨ ਦਾ ਪਖੰਡ ਕਰਨ ਨੂੰ ਮਜ਼ਬੂਰ ਹੋਣਾ ਪਿਆ। ਜਦੋਂ ਕਿ ਸਰਨਾ ਦਲ ਵਿਚ ਸ਼ਾਮਿਲ ਹੋਏ ਸਮੂਹ ਵੋਟਰ ਅਕਾਲੀ ਦਲ ਦੇ ਵਿਚ ਕਿਸੇ ਵੀ ਅਹੁੱਦੇ ’ਤੇ ਅੱਜ ਤਕ ਨਹੀਂ ਰਹੇ ਸਨ। ਸਰਨਾ ਵੱਲੋਂ ਕਮੇਟੀ ਦੇ ਖਿਲਾਫ਼ ਕੁਝ ਮਾਲੀ ਬੇਨਿਯਮੀਆਂ ਨੂੰ ਲੈ ਕੇ ਲਗਾਏ ਗਏ ਦੋਸ਼ਾਂ ਨੂੰ ਕਮੇਟੀ ਦੇ ਬੁਲਾਰੇ ਨੇ ਗਲਤ ਕਰਾਰ ਦਿੱਤਾ।
ਕਮੇਟੀ ਖਿਲਾਫ਼ ਦੂਸ਼ਣਬਾਜ਼ੀ ਕਰਨ ਤੋਂ ਪਹਿਲਾ ਸਰਨਾ ਨੂੰ ਆਪਣੇ ਪ੍ਰਧਾਨਗੀ ਕਾਲ ਦੌਰਾਨ ਬਾਲਾ ਸਾਹਿਬ ਹਸਪਤਾਲ ਦੇ ਕੀਤੇ ਗਏ 362 ਕਰੋੜ ਰੁਪਏ ਦੇ ਘੋਟਾਲੇ ਅਤੇ 2010 ਵਿਚ ਕਰਵਾਈ ਗਈ ਵਰਲਡ ਸਿੱਖ ਕਾਨਫਰੰਸ, 2011 ਵਿਚ ਕੁੰਡਲੀ ਬਾਰਡਰ ’ਤੇ ਦਿੱਲੀ ਸਰਕਾਰ ਦੇ ਪ੍ਰੋਗਰਾਮ, ਰਾਗੀ ਦਰਸ਼ਨ ਸਿੰਘ ਦੀ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ੀ ਦੌਰਾਨ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇੱਕ ਟੌਵਾ ਪੁੱਟਣ ਲਈ ਕੀਤੇ ਗਏ ਕਰੋੜਾਂ ਰੁਪਏ ਦੇ ਖਰਚਿਆਂ ਦਾ ਵੀ ਜਵਾਬ ਦੇਣ ਦੀ ਸਰਨਾ ਨੂੰ ਉਨ੍ਹਾਂ ਅਪੀਲ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਨਾ ਆਪਣੇ ਪ੍ਰਧਾਨਗੀਕਾਲ ਦੌਰਾਨ ਕੀਤੇ ਗਏ ਬੇਲੋੜੇ ਖਰਚਿਆਂ ’ਤੋਂ ਪਾਸਾ ਵੱਟ ਕੇ ਕੌਮ ਦੀ ਭਲਾਈ ਲਈ ਮੌਜੂਦਾ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਸਵਾਲ ਚੁੱਕ ਕੇ ਨਾ ਪੱਖੀ ਸਿਆਸਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਨਾ ਆਪਣੀ ਸਿਆਸੀ ਜਮੀਨ ਨੂੰ ਖਿਸਕਦਾ ਵੇਖ ਕੇ ਆਪਣੇ ਕਾਰਕੂਨਾ ਨੂੰ ਇੱਕਮੁੱਠ ਰੱਖਣ ਲਈ ਸਿਆਸੀ ਡਰਾਮਾ ਕਰ ਰਹੇ ਹਨ। ਸਰਨਾ ਵੱਲੋਂ ਜਾਰੀ ਕੀਤਾ ਗਿਆ ਚਿੱਠਾ ਸਰਨਾ ਦੀ ਲੋੜਵੰਦਾਂ ਤੋਂ ਮੂੰਹ ਮੋੜਨ ਦੀ ਪੁਰਾਣੀ ਨੀਤੀ ਦੀ ਗਵਾਹੀ ਭਰਦਾ ਹੈ। ਕਮੇਟੀ ਵੱਲੋਂ ਲੋੜਵੰਦਾਂ ਦੀ ਮਦਦ ਕਰਨਾ, ਬਾਬਾ ਬੰਦਾ ਸਿੰਘ ਬਹਾਦਰ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਤੇ ਲਾਲ ਕਿਲੇ ’ਤੇ ਫਤਹਿ ਦਿਵਸ ਅਤੇ ਗੁਰੂ ਘਰਾਂ ਦੇ ਪ੍ਰਬੰਧਾਂ ਦਾ ਬਿਹਤਰ ਰੱਖਰਖਾਵ ਕਰਨਾ ਜੇਕਰ ਬੇਲੋੜੇ ਖਰਚੇ ਦੀ ਸੂਚੀ ਵਿਚ ਆਉਂਦਾ ਹੈ ਤਾਂ ਇਹ ਗਲਤੀ ਅਸੀਂ ਕਰਦੇ ਰਹਾਂਗੇ।
ਸਰਨਾ ਵੱਲੋਂ ਸਿਰਫ਼ ਅਕਾਲੀ ਦਲ ਦੇ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਮੁੱਦਾ ਬਣਾਉਂਦੇ ਹੋਏ ਉਨ੍ਹਾਂ ਨੇ ਕਮੇਟੀ ਚੋਣਾਂ ਲੜਨ ਦੇ ਇੱਛੁਕ ਬਾਕੀ ਦਲਾਂ ਨਾਲ ਅੰਦਰਖਾਤੇ ਸਰਨਾ ਵੱਲੋਂ ਅਘੋਸ਼ਿਤ ਭਾਈਵਾਲੀ ਕਰਨ ਦਾ ਦੋਸ਼ ਲਗਾਇਆ। ਇਸ ਸੰਬੰਧੀ ਬੀਤੇ ਦਿਨੀਂ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਗੁਰਮਤਿ ਦੇ ਉਲਟ ਆਪਣੇ ਹਲਕੇ ਵਿਚ ਕਰਵਾਚੌਥ ਦੇ ਤਿਉਹਾਰ ਮੌਕੇ ਮੁਫ਼ਤ ਚੂੜੀਆਂ ਵੰਡਣ ਅਤੇ ਬੀਬੀਆਂ ਨੂੰ ਮਹਿੰਦੀ ਲਗਾਉਣ ਦੇ ਆਯੋਜਿਤ ਕੀਤੇ ਗਏ ਪ੍ਰੋਗਰਾਮ ਅਤੇ ਪੰਥਕ ਸੇਵਾ ਦਲ ਦੇ ਆਪਸੀ ਕਾਟੋ-ਕਲੇਸ਼ ’ਤੇ ਸਰਨਾ ਦੀ ਚੁੱਪੀ ਤੇ ਵੀ ਉਨ੍ਹਾਂ ਸਵਾਲ ਖੜੇ ਕੀਤੇ।
ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੇ ਕਿਸੇ ਨੁਮਾਇੰਦੇ ਨੇ ਬੀਬੀਆਂ ਨੂੰ ਕੜੇ (ਅੰਮ੍ਰਿਤ ਛੱਕਣਾ) ਦੀ ਥਾਂ ਚੂੜੀਆਂ ਭੇਂਟ ਕੀਤੀਆਂ ਹੁੰਦੀਆਂ ਤਾਂ ਸਰਨਾ ਅੱਗਲੇ ਦਿਨ ਹੀ ਆਪਣੇ ਬਿਆਨ ਰਾਹੀਂ ਅਕਾਲੀ ਆਗੂਆਂ ਦਾ ਰਿਸ਼ਤਾ ਆਰ।ਐਸ।ਐਸ। ਨਾਲ ਜੋੜ ਦਿੰਦੇ। ਸਰਨਾ ਦੇ ਰੁੱਖ ਵਿਚ ਵਿਰੋਧੀ ਧਿਰਾਂ ਖਾਸ ਕਰਕੇ ਆਪਣੇ ਪੁਰਾਣੇ ਵਫ਼ਾਦਾਰਾਂ ਦੇ ਖਿਲਾਫ਼ ਦਿਖਾਈ ਜਾ ਰਹੀ ਨਰਮੀ ਨੂੰ ਉਨ੍ਹਾਂ ਨੇ ਸਰਨਾ ਵੱਲੋਂ ਭਵਿੱਖ ਦੀ ਸਿਆਸਤ ਲਈ ਖਿੜਕੀ ਖੁੱਲੀ ਰੱਖਣ ਦਾ ਮਾਧਿਯਮ ਦੱਸਿਆ।