ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਜੈਟ ਏਅਰਵੇਜ਼ ਨੂੰ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਅਬੂ-ਡਾਬੀ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।ਮੰਚ ਦੇ ਸਰਪ੍ਰਸਤ ਡਾ ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਜੈਟ ਏਅਰਵੇਜ਼ ਨੇ 2013 ਵਿਚ ਅੰਮ੍ਰਿਤਸਰ ਸਮੇਤ 23 ਸ਼ਹਿਰਾਂ ਤੋਂ ਅਬੂਡਾਬੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ।ਉਸ ਨੇ ਬਾਕੀ ਸ਼ਹਿਰਾਂ ਤੋਂ ਤਾਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਪਰ ਅੰਮ੍ਰਿਤਸਰ ਤੋਂ ਸਿੱਧੀ ਉਡਾਣ ਸ਼ੁਰੂ ਨਹੀਂ ਕੀਤੀ। ਹੁਣ ਉਸਨੇ ਐਲਾਨ ਕੀਤਾ ਹੈ ਕਿ ਜੇ ਚੰਡੀਗੜ੍ਹ ਤੋਂ ਉਸ ਨੂੰ ਆਗਿਆ ਮਿਲ ਗਈ ਤੇ ਉਸ ਹਵਾਈ ਅੱਡੇ ਤੇ ਲੋੜੀਦੀਆਂ ਸਹੂਲਤਾਂ ਦਾ ਪ੍ਰਬੰਧ ਹੋ ਗਿਆ ਤਾਂ ਉਹ 2017 ਦੇ ਅੱਧ ਵਿਚਕਾਰ ਅਬੂਡਾਬੀ ਲਈ ਸਿੱਧੀ ਉਡਾਣ ਸ਼ੁਰੂ ਕਰੇਗੀ। ਇਸ ਤੋਂ ਪਤਾ ਲਗਦਾ ਹੈ ਕਿ ਇਹ ਹਵਾਈ ਕੰਪਨੀ ਗੁਰੂ ਕੀ ਨਗਰੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਇਸ ਸਮੇਂ ਅੰਮ੍ਰਿਤਸਰ ਦੇ ਯਾਤਰੂਆਂ ਨੂੰ ਅਬੂ ਡਾਬੀ ਬਰਾਸਤਾ ਦਿੱਲੀ ਜਾਣਾ ਪੈ ਰਿਹਾ ਹੈ,ਜਿਸ ਲਈ ਉਨ੍ਹਾਂ ਨੂੰ ਕਈ ਕਈ ਘੰਟੇ ਦਿੱਲੀ ਹਵਾਈ ਅੱਡੇ ਖ਼ਜਲਖੁਆਰ ਹੋਣਾ ਪੈਂਦਾ ਹੈ।ਜੇ ਸਿੱਧੀ ਉਡਾਣ ਸ਼ੁਰੂ ਹੋ ਜਾਵੇ ਤਾਂ ਉਨ੍ਹਾਂ ਨੂੰ ਇਸ ਖ਼ਜਲਖੁਆਰੀ ਤੋਂ ਛੁਟਕਾਰਾ ਮਿਲ ਜਾਵੇਗਾ।ਮੰਚ ਆਗੂ ਨੇ ਸਾਬਕਾ ਮੇਅਰ ਤੇ ਰਾਜ ਸਭਾ ਮੈਂਬਰ ਸ੍ਰੀ ਸਵੇਤ ਮਲਿਕ ਨੂੰ ਬੇਨਤੀ ਕੀਤੀ ਗਈ ਹੈ ਜੇ ਵਾਕਿਆ ਹੀ ਉਨ੍ਹਾਂ ਨੂੰ ਅੰਮ੍ਰਿਤਸਰ ਨਾਲ ਪਿਆਰ ਹੈ ਤਾਂ ਉਹ ਇਸ ਸੰਬੰਧੀ ਜੈਟ ਏਅਰਵੇਜ਼ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਹ ਉਡਾਣ ਸ਼ੁਰੂ ਕਰਵਾਉਣ ।
ਵਰਨਣਯੋਗ ਹੈ ਕਿ ਅਬੂਡਾਬੀ ਤੋਂ ਇਤਹਾਦ ਦੀਆਂ ਸਾਨ ਫ਼ਰਾਂਸਿਸਕੋ, ਲਾਸ ਏਂਨਜਲਜ਼,ਨਿਊ ਯਾਰਕ,ਸ਼ਿਕਾਗੋ,ਟੋਰਾਂਟੋ ਤੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਹਨ,ਜਿੱਥੇ ਪੰਜਾਬੀ ਵਡੀ ਗਿਣਤੀ ਵਿਚ ਹਨ।ਜੈੱਟ ਏਅਰਵੇਜ਼ ਦੀ ਪਹਿਲਾਂ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸੀ,ਜਿਸ ਦਾ ਪੰਜਾਬੀਆਂ ਨੂੰ ਬਹੁਤ ਲਾਭ ਸੀ ਪਰ ਇਸ ਨੇ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾਉਣ ਲਈ ਇਸ ਨੂੰ ਬਰਾਸਤਾ ਦਿੱਲੀ ਕਰ ਦਿੱਤਾ ,ਜਿਸ ਨੂੰ ਕਿ ਪ੍ਰਾਈਵੇਟ ਕੰਪਨੀ ਚਲਾ ਰਹੀ ਹੈ।