ਟਰਾਂਟੋ – ਸਮਾਂ ਲੰਘ ਜਾਣ ਤੇ ਸਿਆਸੀ ਸ਼ਤਰੰਜ ਹਰ ਇੱਕ ਨੂੰ ਸਮਝ ਪੈ ਜਾਂਦੀ ਹੈ, ਪਰ ਸਮ੍ਹੇਂ ਤੋਂ ਪਹਿਲਾਂ ਇਸ ਨੂੰ ਸਮਝ ਕੇ ਕਦਮ ਉਠਾਉਣੇ ਹਰ ਇੱਕ ਵਿਅਕਤੀ ਦੀ ਸਮਝ ਦਾ ਵਿਸ਼ਾ ਨਹੀਂ ਹੁੰਦਾ। ਇਸ ਹਫਤੇ ਸਿੱਖ ਪ੍ਰਚਾਰਕਾਂ ਵਲੋਂ ਆਮ ਆਦਮੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤਾਂ ਇਹੀ ਦਰਸਾਉਂਦੀਆਂ ਹਨ ਕਿ ਸਿੱਖ ਪ੍ਰਚਾਰਕ ਸੀਮਤ ਵਿਸਿ਼ਆਂ ਤੇ ਗਿਆਨਵਾਨ ਹੋ ਸਕਦੇ ਹਨ ਪਰ ਇਹ ਪ੍ਰਚਾਰਕ ਲੋਕ ਸਿਆਸੀ ਅਕਲਮੰਦੀ ਤੋਂ ਉੱਕਾ ਕੋਰੇ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਅਤੇ ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਨੇ ਕਹੇ।
ਨਿਰਸੰਦੇਹ, ਪੰਜਾਬ ਦੇ ਲੋਕ ਬਾਦਲਾਂ ਦੀ ਸਿਆਸਤ ਦੇ ਸਤਾਏ ਹੋਏ ਹਨ ਅਤੇ ਜਿੰਨ੍ਹਾਂ ਲੋਕਾਂ ਨੇ ਵਾਰ ਵਾਰ ਬਾਦਲਾਂ ਨੂੰ ਵੋਟਾਂ ਪਾ ਕੇ ਸਤਾ ਤੇ ਬਿਠਾਇਆ ਸੀ, ਉਹ ਹੁਣ ਬਾਦਲਾਂ ਨੂੰ ਸਤਾ ਤੋਂ ਲਾਂਭੇ ਹੀ ਨਹੀਂ ਸਗੋਂ ਪੰਜਾਬ ਵਿਚੋਂ ਹੀ ਰੁਖ਼ਸਤ ਕਰ ਦੇਣਾ ਚਾਹੁੰਦੇ ਹਨ। ਜਦੋਂ ਅਜਿਹੀ ਸੂਰਤ-ਏ-ਹਾਲਤ ਬਣ ਜਾਵੇ ਤਾਂ ਦੂਰਅੰਦੇਸ਼ੀ ਵਾਲੀ ਸਿਆਸੀ ਸਮਝ ਕੌਮਾਂ ਨੂੰ ਮੁਕੰਮਲ ਤੌਰ ਤੇ ਅਲਾਮਤਾਂ ਤੋਂ ਨਿਜਾਤ ਦੁਆ ਸਕਦੀ ਹੈ। ਹੰਸਰਾ ਨੇ ਕਿਹਾ ਕਿ ਪੰਜਾਬ ਦੇ ਸਿੱਖ ਪ੍ਰਚਾਰਕ ਅਜਿਹਾ ਕਰਨ ਤੋਂ ਉੱਕ ਗਏ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਲਘੂ ਕਥਾ ਹੈ ਕਿ ਇੱਕ ਵਿਅਕਤੀ ਦਾ ਮਾਈਗਰੇਨ ਕਾਰਣ ਸਿਰ ਪੀੜ ਕਰ ਰਿਹਾ ਸੀ। ਕਿਸੇ ਨੇ ਦੱਸ ਪਾਈ ਕਿ ਇੱਕ ਚਾਈਨੀਜ਼ ਵੈਦ ਹੈ ਜੋ ਆਮ ਬਿਮਾਰੀਆਂ ਦਾ ਇਲਾਜ ਕਰਦਾ ਹੈ। ਉਕਤ ਵਿਅਕਤੀ ਉਸ ਵੈਦ ਕੋਲ ਪਹੁੰਚ ਗਿਆ ਤੇ ਆਪਣੀ ਮੁਸ਼ਕਲ ਦੱਸੀ। ਉਕਤ ਵੈਦ ਨੇ ਕਿਹਾ ਕਿ ਉਹ ਇਸ ਦਰਦ ਦਾ ਚਾਈਨੀਜ਼ ਸਲੂਸ਼ਨ ਕਰ ਸਕਦਾ ਹੈ। ਵੈਦ ਨੇ ਹਥੌੜੀ ਚੁੱਕੀ ਅਤੇ ਉਕਤ ਵਿਅਕਤੀ ਦੇ ਪੈਰ ਤੇ ਜ਼ੋਰ ਨਾਲ ਮਾਰੀ। ਪੈਰ ਦਾ ਅੰਗੂਠਾ ਫਿੱਸ ਗਿਆ ਅਤੇ ਉਕਤ ਵਿਅਕਤੀ ਚੀਕਾਂ ਮਾਰਨ ਲੱਗ ਗਿਆ। ਵੈਦ ਨੇ ਪੁੱਛਿਆ ਕਿ ਭਾਈ ਕੀ ਗੱਲ ਹੈ ਚੀਕਾਂ ਕਿਉਂ ਮਾਰ ਰਿਹਾ ਹੈਂ। ਵਿਅਕਤੀ ਕਹਿੰਦਾ ਮੇਰਾ ਪੈਰ ਬਹੁਤ ਦਰਦ ਕਰ ਰਿਹਾ ਹੈ। ਤਾਂ ਵੈਦ ਬੋਲਿਆ ਪਰ ਸਿਰ ਦਰਦ ਕਰਨੋਂ ਤਾਂ ਹੱਟ ਗਿਆ। ਭਾਵ ਅਸੀਂ ਬਾਦਲਾਂ ਦੇ ਸਤਾਏ ਆਰ ਐਸ ਐਸ ਦੀ ਸ਼ਾਖਾ ਭਾਵ ਆਮ ਆਦਮੀ ਹੱਥ ਵਾਂਗਡੋਰ ਦੇਣ ਨੂੰ ਤਿਆਰ ਹਾਂ, ਜੋ ਹੋਰ ਵੀ ਖਤਰਨਾਕ ਹੈ। ਅੱਜ ਸਿੱਖਾਂ ਨੂੰ ਪੰਥਕ ਸੋਚ ਤੋਂ ਇਲਾਵਾ ਕਿਸੇ ਤੇ ਵੀ ਯਕੀਨ ਨਹੀਂ ਕਰਨਾ ਚਾਹੀਦਾ।
ਸੁਖਮਿੰਦਰ ਸਿੰਘ ਹੰਸਰਾ ਨੇ ਅੱਗੇ ਕਿਹਾ ਕਿ ਸੰਨ 1947 ਵਿੱਚ ਸਾਨੂੰ (ਸਿੱਖਾਂ ਨੂੰ) ਨਹਿਰੂ ਅਤੇ ਗਾਂਧੀ ਇਮਾਨਦਾਰ ਲੱਗੇ ਸੀ ਤੇ ਹੁਣ ਕੇਜਰੀਵਾਲ ਇਮਾਨਦਾਰ ਲੱਗ ਰਿਹਾ ਹੈ ਜੋ ਗਾਂਧੀ ਦਾ ਸਿ਼ੱਸ਼ ਹੈ। ਸਾਡੀ ਹਾਲਤ “ਲਮਹੋਂ ਨੇ ਖਤਾ ਕੀ ਤੇ ਸਦੀਉਂ ਨੇ ਸਜ਼ਾ ਪਾਈ” ਵਾਲੀ ਹੋ ਗਈ ਹੈ। ਅਸੀਂ ਵਾਰ ਵਾਰ ਗਲਤੀਆਂ ਕਰਕੇ ਹੱਥੀਂ ਸਿੱਖ ਕੌਮ ਨੂੰ ਗੁਲਾਮੀ ਦੇ ਸੰਗਲਾਂ ਵਿੱਚ ਜਕੜ ਰਹੇ ਹਾਂ।
ਇਹ ਮੰਨਿਆ ਜਾ ਸਕਦਾ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਜਾਂ ਇਸ ਦੀ ਲੀਡਰਸਿ਼ਪ ਸ੍ਰ. ਸਿਮਰਨਜੀਤ ਸਿੰਘ ਮਾਨ ਨਾਲ ਤੁਸੀਂ ਅਸਹਿਮਤ ਹੋਵੋ, ਪਰ ਇਹ ਪੰਥਕ ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਪਾਰਟੀ ਹੈ ਜੋ ਸਿੱਖ ਕੌਮ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਪੰਜਾਬ ਵਿੱਚ ਆਉਣ ਵਾਲੀਆਂ ਸੁਬਾਈ ਚੋਣਾਂ ਵਿੱਚ ਹਰ ਸਿੱਖ ਨੂੰ ਅਕਾਲੀ ਦਲ ਅੰਮ੍ਰਿਤਸਰ ਦਾ ਸਹਿਯੋਗ ਦੇ ਕੇ ਸਿੱਖ ਵਿਰੋਧੀ ਸ਼ਕਤੀਆਂ ਨੂੰ ਸਦਾ ਵਾਸਤੇ ਲਾਂਭੇ ਕਰ ਦੇਣਾ ਚਾਹੀਦਾ ਹੈ।