ਉੱਡਦੇ ਬਾਜ਼ਾਂ ਮਗਰ ਦੌੜਦੇ ਪੰਜਾਬੀ

ਇੱਕ ਵਾਰ ਬਾਜ਼ ਫਿਰ ਚਰਚਾ ਵਿੱਚ ਹੈ। ਜੂੰਨ ਮਹੀਨੇ ਇਹ ਦੋ ਤਿੰਨ ਥਾਵਾਂ ਤੇ ਮਾਲਵੇ ਦੇ ਇਲਾਕੇ ਵਿੱਚ ਆਇਆ ਹੈ।ਲੋਕ ਇਸ ਨੂੰ ਵੇਖਣ ਲਈ ਜਾ ਰਹੇ ਹਨ। ਇਹ ਅਕਸਰ ਗੁਰਦਵਾਰੇ ਆਉਂਦਾ ਹੈ। ਗੁਰਦਵਾਰੇ ਵਿੱਚੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਗੁਰੁ ਦਾ ਬਾਜ਼ ਆਇਆ ਹੈ । ਅਣਪੜ੍ਹ ਗਰੰਥੀ ਤੇ ਕੀਰਤਨੀਏਂ ਲੋਕਾਂ ਨੂੰ ਦੋਨੀ ਹੱਥੀਂ ਲੁੱਟ ਰਹੇ ਹਨ। ਪਹਿਲਾਂ ਵੀ ਇਹ “ਬਾਜ਼ ਸਾਹਬ” ਆਇਆ ਸੀ। ਸਿਆਸਤ ਦੀਆਂ ਸਾਜਿ਼ਸ਼ਾਂ ਕਾਰਨ ਜਦੋਂ ਅੱਸੀਵੇਂ ਦਹਾਕੇ ਵਿੱਚ ਪੰਜਾਬ ਨੂੰ ਹਾਦਸਿਆਂ ਦੀਆਂ ਜ਼ਰਬਾਂ ਆ ਗਈਆਂ ਸਨ ਤਾਂ ਹਵਾ ਵੀ ਜ਼ਹਿਰੀਲੀ ਹੋ ਗਈ ਸੀ। ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਸਥਾਨ ਬੰਗਲਾ ਨੰਬਰ ਇੱਕ ਸਫ਼ਦਰਜੰਗ ਰੋਡ ‘ਤੇ ਆਪਣੇ ਸਾਥੀ ਮੁਲਾਜਮਾਂ ਨਾਲ ਸਬ ਇੰਸਪੈਕਟਰ ਬਲਬੀਰ ਸਿੰਘ ਸੁਰੱਖਿਆ ਡਿਊਟੀ ‘ਤੇ ਹਾਜ਼ਰ ਸੀ। ਭਾਦੋਂ ਦੇ ਮਹੀਨੇ ਹੁੰਮਸ ਨਾਲ ਸਾਹ ਘੁੱਟਦਾ ਸੀ। ਸਬ ਇੰਸਪੈਕਟਰ ਬਲਬੀਰ ਸਿੰਘ ਦੀ ਵਰਦੀ ਪਸੀਨੇ ਨਾਲ ਭਿੱਜ ਗਈ ਤਾਂ ਉਸਨੇ ਹਵਾ ਦੇ ਬੁੱਲੇ ਦੀ ਉਡੀਕ ‘ਚ ਉਤਾਹ ਵੇਖਿਆ। ਮੁੱਖ ਸਵਾਗਤੀ ਕਮਰੇ ਦੇ ਸਾਹਮਣੇ ਅਸਮਾਨ ਨੂੰ ਛੂੰਹਦੇ ਅਸ਼ੋਕਾ ਦਰਖਤ ‘ਤੇ ਬੈਠਾ ਬਾਜ਼ ਉਹਦੀ ਨਿਗਾਹ ਪਿਆ। ਅਕਾਲ ਤਖਤ ਢਾਹਿਆ ਗਿਆ ਸੀ। “ਅੱਛਾ! ਸੋਚਦੇ ਹੋਏ ਬਲਬੀਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਸੱਭ ਤੋਂ ਨਜਦੀਕੀ, ਸੁਰੱਖਿਆ ਗਾਰਡ ਸਬ ਇੰਸਪੈਕਟਰ ਬੇਅੰਤ ਸਿੰਘ ਨੂੰ ਬੁਲਾਇਆ। ਦੋਵਾਂ ਸਿੱਖ ਥਾਣੇਦਾਰਾਂ ਨੇ ਬਾਜ਼ ਨੂੰ “ਗੁਰੂ ਗੋਬਿੰਦ ਸਿੰਘ ਦਾ ਸਨੇਹਾ ਆਇਆ ਸਮਝ ਕੇ ਨਮਸਕਾਰ ਕੀਤੀ। ਫਿਰ ਦੋਵਾਂ ਨੇ ਅੱਖਾਂ ਮੀਚ ਕੇ, ਹੱਥ ਬੰਨ੍ਹ ਕੇ ਸਾਂਝੀ ਅਰਦਾਸ ਕੀਤੀ। ਦੋਵਾਂ ਨੇ “ ਵੀਹੜੀ ਲਾਹੁਣ” ਦੀ ਸਕੀਮ ਬਣਾਈ। ਬਾਜ਼ ਵਾਲੀ ਘਟਨਾ ਤੋਂ ਦੋ ਮਹੀਨੇ ਪਿੱਛੋਂ ਪ੍ਰਧਾਂਨ ਮੰਤਰੀ ਦੇ ਦੋ ਸੁਰੱਖਿਆ ਗਾਰਡਾਂ ਨੇ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ ।
Eagle
ਬਾਜ਼ ਇਸ ਧਰਤੀ ਦੇ ਕਿਸੇ ਇੱਕ ਖਿੱਤੇ ਨਾਲ ਸਬੰਧਤ ਪੰਛੀ ਨਹੀਂ ਹੈ। ਇਹਦਾ ਸਾਰੀ ਦੁਨੀਆਂ  ਵਿੱਚ ਆਪਣਾ ਸਥਾਨ ਹੈ। ਜਿਸ ਤਰ੍ਹਾਂ ਜੰਗਲ ਵਿੱਚ ਸ਼ੇਰ ਦਾ ਰਾਜ ਹੈ, ਪਾਣੀ ‘ਚ ਮਗਰਮੱਛ ਦੀ ਦਹਿਸ਼ਤ ਹੈ ਇਸੇ ਤਰ੍ਹਾਂ ਅਸਮਾਨ ਵਿੱਚ ਬਾਜ਼ ਦੀ ਸਰਦਾਰੀ ਹੈ। ਬਾਜ਼ ਦੀ ਸ਼ਕਲ ਨਾਲ ਮਿਲਦੇ ਜੁਲਦੇ ਦੋ ਦਰਜਨ ਸਿ਼ਕਾਰੀ ਪੰਛੀ ਹਨ ।ਇਨ੍ਹਾਂ ਸਿ਼ਕਾਰੀ ਪੰਛੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਆਮ ਪੰਛੀਆਂ ਦੇ ਨਰ ਮਦੀਨ ਤੋਂ ਵੱਡੇ ਹੁੰਦੇ ਹਨ ਉਥੇ ਇਨ੍ਹਾਂ ਸਿ਼ਕਾਰੀ ਪੰਛੀਆਂ ਦੀਆਂ ਮਦੀਨ ਨਰਾਂ ਤੋਂ ਵੱਡੀਆਂ ਹੁੰਦੀਆਂ ਹਨ। ਇਸੇ ਨਸਲ ਦਾ ਸਿ਼ਕਰਾ ਛੋਟੇ ਪੰਛੀਆਂ ਦਾ ਸਿ਼ਕਾਰ ਕਰਦਾ ਹੈ ਤੇ ਦਿਲ ਖਾਂਦਾ ਹੈ। ਜਿਸ ਨੂੰ ਸਿ਼ਵ ਕੁਮਾਰ ਨੇ “ਇੱਕ ਸਿ਼ਕਰਾ ਯਾਰ ਬਣਾਇਆ” ਗੀਤ ਵਿੱਚ ਬਿਆਨ ਕੀਤਾ ਸੀ। ਪਰ ਬਾਜ਼ ਤੋਂ ਆਕਾਰ ਵਿੱਚ ਵੱਡਾ ਉਕਾਬ ਹੁੰਦਾ ਹੈ ਜੋ ਦੂਸਰੇ ਸਿ਼ਕਾਰੀ ਪੰਛੀਆਂ ਦੇ ਕੀਤੇ ਸਿ਼ਕਾਰ ਖੋਹ ਲੈਂਦਾ ਹੈ ਜਿਵੇਂ ਚੀਤੇ ਵਲੋਂ ਕੀਤੇ ਸਿ਼ਕਾਰ ਨੂੰ ਲੱਕੜਬੱਗਾ ਤੇ ਸ਼ੇਰ ਖੋਹ ਲੈਂਦੇ ਹਨ। ਬਾਜ਼ ਤੇ ਉਕਾਬ ਜਦੋਂ ਆਪਣੇ ਸਿ਼ਕਾਰ ‘ਤੇ ਝਪਟਦੇ ਹਨ ਤਾਂ ਇਨ੍ਹਾਂ ਦੇ ਪੰਜੇ ਦੀ ਤਾਕਤ ਇੰਨੀ ਹੁੰਦੀ ਹੈ ਕਿ ਮਨੁੱਖ ਦੇ ਸਿਰ ਨੂੰ ਹਥੌੜੇ ਵਾਂਗ ਫੇਹ ਸਕਦੇ ਹਨ। ਇਸੇ ਨਸਲ ਦਾ ਪੰਛੀ ਕੁਰਲ ਮੱਛੀਆਂ ਦਾ ਸਿ਼ਕਾਰ ਕਰਦਾ ਹੈ। ਉਹ ਪੰਜ ਕਿਲੋ ਦੀ ਮੱਛੀ ਚੁੱਕ ਕੇ ਆਲ੍ਹਣੇ ‘ਚ ਲੈ ਜਾਂਦਾ ਹੈ ਜਿਵੇਂ ਚੀਤਾ ਆਪਣੇ ਤੋਂ ਵੱਧ ਭਾਰੇ ਜੈਬਰੇ ਨੂੰ ਗਲ ਤੋਂ ਚੁੱਕ ਕੇ ਦਰੱਖਤ ਤੇ ਟੰਗ ਦਿੰਦਾ ਹੈ। ਤੁਰਕਿਸਤਾਨ ਵਿੱਚ ਕੁਰਲ ਨਾਲ ਉਥੋਂ ਦੇ ਕਬੀਲੇ ਸਿ਼ਕਾਰ ਕਰਦੇ ਹਨ। ਇਹ ਹਿਰਨ ਦੇ ਸਿਰ ‘ਤੇ ਬੈਠ ਕੇ ਉਸ ਦੀਆਂ ਅੱਖਾਂ ਕੱਢ ਲੈਂਦਾ ਹੈ ਜਿਸ ਨੂੰ ਪਿੱਛੋਂ ਸਿ਼ਕਾਰੀ ਮਾਰ ਲੈਂਦੇ ਹਨ। ਮੂਸਖੋਰ ਸਿਰਫ ਚੂਹੇ ਹੀ ਮਾਰ ਕੇ ਖਾਂਦਾ ਹੈ। ਪੰਜਾਬ ਵਿੱਚ ਇਹ ਡੱਡੂ, ਕਿਰਲੇ ਮਾਰ ਕੇ ਖਾਂਦਾ ਹੈ। ਮਾਲਵੇ ਵਿੱਚ ਖੇਤਾਂ ਵਿੱਚ ਮਾਲ ਚਾਰਦੇ ਪਾਲੀ ਇਸਨੂੰ ਚੂਹਮਾਰ ਕਹਿੰਦੇ ਹਨ।

ਇਹੀ ਵਤੀਰਾ ਪੰਜਾਬ ‘ਚ ਰਹਿੰਦੇ ਲਗੜ ਦਾ ਹੈ। ਲੋਕ ਅਕਸਰ ਹੀ ਇਨ੍ਹਾਂ ਸਾਰੇ ਸਿ਼ਕਾਰੀ ਪੰਛੀਆਂ ਨੂੰ ਬਾਜ਼ ਕਹਿੰਦੇ ਹਨ। “ਬਾਜ਼ ਹਮਾਰੀ ਥਾਨ ਧਨੰਤਰਿ।।”। ਪਾਲੇ ਤੇ ਸਿਖਾਏ ਹੋਏ ਬਾਜ਼ ਤਿੱਤਰ, ਮੁਰਗਾਬੀ ਅਤੇ ਸਹੇ ਦਾ ਸਿ਼ਕਾਰ ਕਰਦੇ ਹਨ। ਇਹ ਦਸ ਕੁ ਸਾਲ ਸਿ਼ਕਾਰ ਕਰਦਾ ਹੈ ਫਿਰ ਬੁੱਢਾ ਹੋ ਜਾਂਦਾ ਹੈ।

ਪੁਰਾਣੇ ਸਮਿਆਂ ਤੋਂ ਹੀ ਅਮੀਰ ਲੋਕ ਬਾਜ਼ ਤੇ ਉਕਾਬ ਨੂੰ ਆਪਣੇ ਹੱਥ ‘ਤੇ ਰੱਖਦੇ ਅਤੇ ਸਿ਼ਕਾਰ ਖੇਡਦੇ ਸਨ। ਰੋਮਨ ਸਾਮਰਾਜ ਸਮੇਂ ਬਾਜ਼ ਫੌਜਾਂ ਦਾ ਚਿੰਨ੍ਹ ਹੁੰਦਾ ਸੀ। ਉੱਡਦਾ ਹੋਇਆ ਉਕਾਬ ਯੂਨਾਨੀਆਂ ਦਾ ਨਿਸ਼ਾਨ ਸੀ। ਹਿਟਲਰ ਦੀ ਥਰਡ ਰੀਚ ਦਾ ਨਿਸ਼ਾਨ ਉੱਡਦਾ ਹੋਇਆ ਬਾਜ਼ ਸੀ। ਅਮਰੀਕਾ ਵਿੱਚ ਬਾਜ਼ ਸਰਕਾਰੀ ਸ਼ਕਤੀ ਦਾ ਪ੍ਰਤੀਕ ਹੈ। ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਕਬਾਇਲੀ ਬਾਜ਼ ਪਾਲ ਕੇ ਅੱਜ ਤੱਕ ਸਿ਼ਕਾਰ ਕਰਦੇ ਆਏ ਹਨ। ਸਾਬਕਾ ਸੋਵੀਅਤ ਯੂਨੀਅਨ ਦੇ ਸੂਬੇ ਕਜ਼ਾਕਿਤਸਾਨ, ਉਜ਼ਬੇਕਿਸਤਾਨ, ਕਿਰਗਿਸਤਾਨ ਆਦਿ ਕੇਂਦਰੀ ਏਸ਼ੀਆ ਦੇ ਦੇਸ਼ਾਂ ਵਿੱਚ ਸਦੀਆਂ ਤੋਂ ਕਬੀਲਿਆਂ ਵਿੱਚ ਰਹਿੰਦੇ ਲੋਕ ਘੋੜਿਆਂ ‘ਤੇ ਚੜ੍ਹ ਕੇ ਹੱਥਾਂ ਤੇ ਬਾਜ਼ ਬਿਠਾ ਕੇ ਸਿ਼ਕਾਰ ਕਰਨ ਲਈ ਜਾਂਦੇ ਰਹੇ ਹਨ। ਅੱਜ ਵੀ ਇਹ ਕਬੀਲੇ ਬਾਜ਼ ਨੂੰ ਪਾਲ ਕੇ ਉਸ ਨੂੰ ਹੱਥ ‘ਤੇ ਬੈਠਣਾ ਸਿਖਾਉਂਦੇ ਹਨ। ਉਸ ਦੀਆਂ ਅੱਖਾਂ ਨੂੰ ਚਪੜੇ ਦੀ ਟੋਪੀ ਨਾਲ ਢਕਦੇ ਹਨ ਤੇ ਸਿ਼ਕਾਰ ਵੇਖ ਕੇ ਹੀ ਉਹ ਦੀਆਂ ਅੱਖਾਂ ਤੋਂ ਟੋਪੀ ਲਾਹ ਕੇ ਛੱਡਦੇ ਹਨ। ਉਕਾਬ ਤੇ ਬਾਜ਼ ਬਰਫੀਲੇ ਦੇਸ਼ਾਂ ਦੇ ਪੰਛੀ ਹਨ। ਪੰਜਾਬ ਵਿੱਚ ਅੱਜ ਕੱਲ੍ਹ ਜਿੱਥੇ ਗਰਮੀਂ ਵਿੱਚ ਲੋਕ ਭੱਠੀ ਦੇ ਦਾਣਿਆਂ ਵਾਂਗ ਭੁੱਜ ਰਹੇ ਹਨ, ਬਾਜ਼ ਹਫਤਾ ਵੀ ਜਿੰਦਾ ਨਹੀਂ ਰਹਿ ਸਕਦਾ।

ਬਾਜ਼ ਸਿ਼ਕਾਰੀ ਪੰਛੀ ਹੋਣ ਕਾਰਨ ਉੱਚੀਆਂ ਥਾਵਾਂ ‘ਤੇ ਬੈਠਣ ਦਾ ਆਦੀ ਹੈ ਜਿਥੋਂ ਇਹ ਆਪਣੇ ਸਿ਼ਕਾਰ ਨੂੰ ਨੀਝ ਨਾਲ ਵੇਖ ਸਕੇ। ਇਸਦੀ  ਵੇਖਣ ਸ਼ਕਤੀ ਖੁਰਦਬੀਂਨ ਵਰਗੀ ਹੈ। ਅਸਮਾਂਨ ਤੋਂ ਇਹ ਧਰਤੀ ਤੇ ਰਾਕਟ ਦੀ ਸਪੀਡ ਨਾਲ ਝਪਟਦਾ ਹੈ ਤੇ ਵਗੈਰ ਆਪਣੀ ਧੌਂਣ ਤੁੜਵਾਏ ਇੱਕ ਦਮ ਬਰੇਕ ਲਾਕੇ ਸਿ਼ਕਾਰ ਚੁੱਕਕੇ ਉੱਡ ਜਾਂਦਾ ਹੈ।ਇਹੋ ਜਿਹੀਆਂ ਬਰੇਕਾਂ ਕਰੋੜ ਰੁਪਏ ਦੀ ਕਾਰ ਦੀਆਂ ਵੀ ਨਹੀਂ ਹਨ।ਇਹ ਖੱਡ ਤੋਂ ਦੋ ਕਦਮਾਂ ਦੀ ਦੂਰੀ ਤੇ ਫਿਰ ਰਹੇ ਚੂਹੇ ਨੂੰ ਖੱਡ ਤੱਕ ਪੁੱਜਣ ਦੇ ਪਲ ਵੀ ਨਹੀਂ ਦਿੰਦਾ।

ਖੇਤਾਂ ਵਿੱਚ ਕੀੜੇਮਾਰ ਦਵਾਈਆਂ ਦੀ ਵਰਤੋਂ ਤੋਂ ਚੂਹੇ ਮਾਰਨ ਲਈ ਪਾਈਆਂ ਗੋਲੀਆਂ ਨਾਲ ਜਦੋਂ ਜਾਨਵਰ ਮਰਦੇ ਹਨ ਤਾਂ ਬਾਜ਼ ਜਾਂ ਉਸਦੇ ਹਮਸ਼ਕਲ ਪੰਛੀ ਉਨ੍ਹਾਂ ਨੂੰ ਖਾ ਲੈਂਦੇਂ ਹਨ। ਉਹ ਕੁਝ ਸਮਾਂ ਬੌਂਦਲਿਆ ਜਿਹਾ ਰਹਿੰਦਾ ਹੈ। ਇਹ ਕਿਸੇ ਕਿਸਮ ਦੀ ਕੋਈ ਅਲੋਕਾਰੀ ਘਟਨਾ ਨਹੀਂ ਹੈ। ਇਸ ਨਾਲ ਗੁਰੁ ਗੋਬਿੰਦ ਸਿੰਘ ਜੀ ਦਾ ਕੋਈ ਸਬੰਧ ਨਹੀਂ ਹੁੰਦਾ। ਇਹ ਸਾਰੇ ਪੰਛੀ ਬਾਜ ਵੀ ਨਹੀਂ ਹੁੰਦੇ। ਪੰਜਬ ਵਿੱਚ ਆਂਮ ਤੋਰ ਤੇ ਇਹਦਾ ਹਮਸ਼ਕਲ ਲਗੜ ਹੀ ਹੁੰਦਾ ਹੈ। ਉਨੀ ਸੌ ਚੌਰਾਸੀ ਦੇ ਵਰ੍ਹੇ ਇਹੀ ਹੋਇਆ ਸੀ। ਉਦੋਂ ਉੱਚੀ ਥਾਂ ਜਿਵੇਂ ਨਿਸ਼ਾਨ ਸਾਹਿਬ ‘ਤੇ ਬੈਠਾ ਬਾਜ਼ ਵੇਖ ਕੇ ਲੋਕੀਂ ਹੈਰਾਨ ਹੁੰਦੇ ਸਨ। ਲੋਕ ਉਹਦੇ ਮਰ ਜਾਣ ‘ਤੇ ਉਹਨੂੰ ਚੁੱਕ ਕੇ ਜਲੂਸ ਦੀ ਸ਼ਕਲ ਵਿੱਚ ਦਫ਼ਨਾਉਣ ਤੁਰ ਪੈਂਦੇ ਸਨ। ਹਰ ਕਸਬੇ ਤੇ ਸ਼ਹਿਰਾਂ ਵਿੱਚ ਲੋਕੀ ਇੰਝ ਮਰ ਚੁੱਕੇ ਬਾਜ਼ ਨੂੰ ਲਗਾਤਾਰ ਦੋ ਮਹੀਨਿਆਂ ਤੱਕ ਦਫਨਾਉਂਦੇ ਰਹੇ। ਕਈ ਥਾਈਂ ਮਰ ਚੁੱਕੇ ਪੰਛੀ ਲਈ ਅਰਦਾਸਾਂ ਵੀ ਕੀਤੀਆਂ ਗਈਆਂ। ਉਂਜ ਜੇ ਕਦੀ ਗੁਰੁ ਗੋਬਿੰਦ ਸਿੰਘ ਜੀ ਆ ਜਾਣ ਤਾਂ ਥਾਪੀ ਜਰੁਰ ਦੇਣਗੇ ਕਿ ਮਾਂ ਦਿਉ ਪੁੱਤੋ ਜਿੱਥੇ ਤਿੰਨ ਸੌ ਸਾਲ ਪਹਿਲਾਂ ਛੱਡ ਕੇ ਗਿਆ ਸੀ ਉੋੱਥੇ ਹੀ ਖਲੋਤੇ ਹੋ।

ਬਾਜ਼ ਬਾਰੇ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਸੀ ਕਿ ਅਕਸਰ ਲੋਕੀ ਉੱਪਰ ਨਹੀਂ ਸਨ ਵੇਖਦੇ। ਪਰ ਜਦੋਂ ਉਸ ਸਾਲ ਅਚਾਨਕ ਇੱਕ ਦੋ ਬਾਜ਼ ਇੰਝ ਦਿਖਾਈ ਦਿੱਤੇ ਤਾਂ ਲੋਕਾਂ ਨੇ ਉਪਰ ਵੇਖਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਭੁਲ ਭੁਲਾ ਗਏ। ਲੋਕ ਇਸ ਘਟਨਾ ਨੂੰ ਧਰਮ ਨਾਲ ਜੋੜ ਕੇ ਉਸ ਸਮੇਂ ਦੀ ਵਾਪਰੀ ਕਰਾਮਾਤ ਵੀ ਕਹਿੰਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਨਾਲ ਬਾਜ਼ ਦਾ ਨਾਮ ਜੁੜਿਆ ਹੋਣ ਕਾਰਨ ਹੀ ਗੁਰੂ ਸਾਹਿਬ ਨੂੰ ਬਾਜ਼ਾਂ ਵਾਲਾ ਕਹਿ ਕੇ ਯਾਦ ਕਰਦੇ ਹਾਂ। ਸਿੱਖ ਧਰਮ ਵਿੱਚ ਬਾਜ਼ ਸਿ਼ਕਾਰੀ ਪੰਛੀ ਤੋਂ ਵੱਧ, ਸ਼ਕਤੀ ਦਾ ਪ੍ਰਤੀਕ ਬਣ ਗਿਆ ਹੈ। ਵਕਤ ਨਾਲ ਇਹ ਸ਼ਕਤੀ “ਸ਼ਰਧਾ” ‘ਚ ਬਦਲ ਗਈ। ਹੁਣ ਅਗਾਂਹ ਅੰਧ ਵਿਸ਼ਵਾਸ਼ ਵਿੱਚ ਬਦਲ ਗਈ ਹੈ। ਲੋਕ ਆਪਣੀਆਂ ਸਮੱਸਿਆਵਾਂ ਖੁਦ ਹੱਲ ਕਰਨ ਦੀ ਥਾਂ ਗੁਰੁ ਦੇ ਬਾਜ਼ ਤੋਂ ‘ਮਿਹਰ ਭਰਿਆ ਹੱਥ’ ਉਡੀਕਦੇ ਹਨ।

ਸਮਾਜ ਵਿਗਿਆਨੀ ਐਰਿਕ ਹੌਫ਼ਰ ਅਨੁਸਾਰ ਅੰਨ੍ਹੀ ਸ਼ਰਧਾ ਕਾਫੀ ਹੱਦ ਤਕ ਉਸ ਵਿਸ਼ਵਾਸ ਦੀ ਪੂਰਕ ਹੁੰਦੀ ਹੈ ਜੋ ਅਸੀਂ ਆਪਣੇ ਬਾਰੇ ਗਵਾ ਚੁੱਕੇ ਹੁੰਦੇ ਹਾਂ। ਤੇ ਸ਼ੰਕਾਵਾਂ ਅਤੇ ਦੁਬਿਧਾਵਾਂ ਤੋਂ ਬਚਣ ਲਈ ਵਿਚਾਰਾਂ ਦੇ ਇੱਕ ਸੀਮਤ ਘੇਰੇ ਵਿੱਚ ਜਿਉਣਾ ਕਿਤੇ ਵੱਧ ਸੌਖਾ ਤੇ ਸੁਰੱਖਿਅਤ ਹੁੰਦਾ ਹੈ। ਇਸੇ ਲਈ ਜਾਣੇ ਅਣਜਾਣੇ ਸਿਆਸੀ ਤੇ ਧਾਰਮਕ ਲੀਡਰ ਅਜਿਹੀਆਂ ਘਟਣਾਵਾਂ ਨੂੰ ਕਰਾਮਾਤਾਂ ਕਹਿਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿੰਦੇ ਹਨ। ਇੱਕ ਵਾਰ ਇੱਕ ਕਿਸਾਂਨ ਤੇ ਮੌਲਵੀ ਦੀ ਦੋਸਤੀ ਸੀ। ਆਪਣੇ   ਮੁੰਡੇ ਨੂੰ ਉਹ ਕਿਸਾਂਨ ਮੌਲਵੀ ਕੋਲ ਲੈ ਗਿਆ ਕਿ ਇਸ ਨੂੰ ਕਿਸੇ ਰਸਤੇ ਪਾਉ। ਮੌਲਵੀ ਨੇ ਉਸ ਮੁੰਡੇ ਨੂੰ ‘ਭਗਤੀ ਕਰਨ’  ਦੀ ਸਲਾਹ ਦੇ ਕੇ ਮੌਲਵੀ ਬਨਾਉਣ ਲਈ ਆਪਣੇ ਨਾਲ ਹੀ ਲਾ ਲਿਆ ਕਿ ਇਹ ਮੇਰੇ ਬੱਚਿਆਂ ਵਰਗਾ ਏ, ਮੇਰਾ ਵਾਰਸ ਬਣੇਗਾ। ਮੌਲਵੀ ਉਹਨੂੰ ਕੋਈ ਅਕਲ ਦੀ ਗੱਲ  ਦੱਸਣ ਦੀ ਥਾਂ ਤੇ ਭਾਂਡੇ ਮਾਂਜਣ ਤੇ ਲਾਈ ਰੱਖਦਾ। ਜਵਾਂਨ ਹੋ ਰਹੇ ਮੁੰਡੇ ਦਾ ਭਗਤੀ ਵਿੱਚ ਕੀ ਜੀਅ ਲੱਗਣਾ ਸੀ। ਉਹ ਚੋਰੀਉਂ ਭੱਜ ਕੇ ਹਾਣੀ ਮੁੰਡਿਆਂ ਨਾਲ ਖੇਲਣ ਨਿੱਕਲ ਜਿਆ ਕਰੇ । ਸਿਰ ਤੇ ਬਾਪੂ ਦਾ ਡਰ ਨਹੀਂ ਸੀ। ਪਹਿਲਾਂ ਨਿੱਕੀ ਮੋਟੀ ਚੋਰੀ ਕਰਨ ਸਿੱਖਿਆ ਫਿਰ ਹੌਲੀ ਹੌਲੀ  ਸਾਰੀਆਂ “ਪਾੜਤਾਂ” ਪੜ੍ਹਦਾ ਪੜ੍ਹਦਾ ਸਿਰੇ ਦਾ ਲਫੰਡਰ ਨਿੱਕਲ ਗਿਆ। ਵੀਹ ਵਰ੍ਹਿਆਂ ਪਿੱਛੋਂ ਉਹ ਕਿਸਾਂਨ ਮੌਲਵੀ ਨਾਲ ਹਵਾਈ ਅੱਡੇ ਤੇ ਮੌਲਵੀ ਦੇ ਮੁੰਡੇ ਨੂੰ ਲੈਣ ਗਿਆ। ਵਲੈਤੋਂ ਡਾਕਟਰੀ ਪੜ੍ਹ ਕੇ ਸਾਹਿਬ ਬਣਕੇ ਆਏ, ਆਪਣੇ ਮੁੰਡੇ ਦੇ ਹਾਣੀ ਉਸ ਮੌਲਵੀ ਦੇ ਮੁੰਡੇ ਨੂੰ ਵੇਖਕੇ ਕਿਸਾਂਨ ਨੂੰ ਅਸਲ ਗੱਲ ਦੀ ਸਮਝ ਆ ਗਈ। ਮੌਲਵੀ ਨੇ ਆਪਣੇ ਪੁੱਤਰ ਨੂੰ ਡਾਕਟਰ ਬਣਾਇਆ ਤੇ ਉਸਦੇ ਨੂੰ ‘ਭਗਤੀ ਕਰਕੇ ਜਨਮ ਸਫਲਾ ਕਰਨ‘ ਦੇ ਨਾਂ ਤੇ ਕੀ ਬਣਾਕੇ ਰੱਖ ਦਿੱਤਾ ਸੀ। ਸਧਾਰਣ ਮਨੁੱਖ ਦਾ ਮਾਨਸਕ ਪੱਧਰ ਬਹੁਤ ਹੀ ਨੀਵਾਂ ਹੁੰਦਾ ਹੈ। ਅਕਲ ਸਿਰਫ ਪੜ੍ਹਕੇ,ਗੁੜ੍ਹਕੇ ਤੇ ਘੁੰਮਕੇ ਹੀ ਆਉਂਦੀ ਹੈ। ਜਨ ਸਧਾਰਣ ਤਰਕਵਾਦੀ ਹੋਣ ਦੀ ਥਾਂ ਅੰਧਵਿਸ਼ਵਾਸੀ ਹੁੰਦਾ ਹੈ। ਅਣਪੜ੍ਹ ਲੋਕ ਜਾਗਰੂਕ ਨਹੀਂ ਹੋਇਆ ਕਰਦੇ ਸਿਰਫ ਮਗਰ ਲਾਏ ਜਾਂਦੇ ਹਨ। ਸਧਾਰਣ ਜਨਤਾ ਨੂੰ ਸੌਖਿਆਂ ਹੀ ਮਗਰ ਲਾਇਆ ਜਾ ਸਕਦਾ ਖਾਸ ਤੋਰ ਤੇ ਰੱਬ ਜਾਂ ਕਿਸੇ ਕਿਸਮ ਦੀ ‘ਵੱਖਰੀ ਪਛਾਣ’ ਦੇ ਨਾਂਮ ਤੇ। ਲੋੜ ਸਿਰਫ ਕਿਸੇ ਨਾ ਕਿਸੇ ਰੂਪ ‘ਚ ਜ਼ਜ਼ਬਾਤਾਂ ਨੂੰ ਭੜਕਾਉਣ ਜਾਂ ਗੁੰਮਰਾਹ ਕਰਨ ਦੀ ਹੁੰਦੀ ਹੈ। ਪੱਠੇ ਕੁਤਰਣ ਵਾਲੇ ਹੋਰ ਤੇ ਦੁੱਧ ਪੀਣ ਵਾਲੇ ਹੋਰ ਹੁੰਦੇ ਹਨ।

ਲੇਖ ਦੇ ਸ਼ੁਰੂ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਦੇ ਕਤਲ ਵਿੱਚ ਬਾਜ਼ ਦੀ ਭੂਮਿਕਾ ਦਾ ਜਿ਼ਕਰ ਹੋਇਆ ਸੀ। ਇਸੇ ਬਾਜ਼ ਦੀ ‘ਗਵਾਹੀ’ ਨਾਲ ਬਲਬੀਰ ਸਿੰਘ ਨੂੰ ਵੀ ਬਾਕੀ ਦੋਸ਼ੀਆਂ ਨਾਲ ਸੈਸ਼ਨ ਜੱਜ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਸ੍ਰੀਮਤੀ ਇੰਦਰਾ ਗਾਂਧੀ ਨੂੰ ਕਤਲ ਕਰਨ ਦੀ ਸਾਜਿ਼ਸ਼ ਦੇ ਦੋਸ਼ ਵਿੱਚ ਹਾਈ ਕੋਰਟ ਨੇ ਵੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ। ਘਟਨਾ ਦੇ ਚਾਰ ਸਾਲਾਂ ਪਿੱਛੋਂ ਕਤਲ ਕੇਸ ਦੀ ਅਪੀਲ ਤੇ ਫੈਸਲਾ ਦਿੰਦਿਆਂ ਭਾਰਤ ਦੀ ਸੁਪਰੀਮ ਕੋਰਟ ਨੇ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਸੀ। ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਵਲੋਂ ਜਸਟਿਸ ਜੀ ਼ਐਲ਼ ਓਝਾ ਤੇ ਜਸਟਿਸ ਕੇ਼ ਜੀ਼ ਸ਼ੈਟੀ ਨੇ ਫੈਸਲੇ ਵਿੱਚ ਲਿਖਿਆ ਕਿ ਇਹ ਠੀਕ ਹੈ ਕਿ ਸਿੱਖਾਂ ਵਲੋਂ ਬਾਜ਼ ਨੂੰ ਦਸਵੇਂ ਗੁਰੂ ਦਾ ਪ੍ਰਤੀਨਿਧ ਸਮਝਿਆ ਜਾਂਦਾ ਹੈ। ਇਸ ਲਈ ਬੇਅੰਤ ਸਿੰਘ ਤੇ ਬਲਬੀਰ ਸਿੰਘ ਵਲੋਂ ਬਾਜ਼ ਨੂੰ ਵੇਖ ਕੇ ਅਰਦਾਸ ਕਰਨੀ ਕੋਈ ਅਨੋਖੀ ਗੱਲ ਨਹੀਂ ਸੀ। ਜਿਸ ਤਰ੍ਹਾਂ ਹਿੰਦੂਆਂ ਲਈ ਗਊ ਸਤਿਕਾਰ ਦੀ ਪਾਤਰ ਹੈ ਇੰਝ ਹੀ ਬਾਜ਼ ਨੂੰ ਸਿੱਖ ਧਰਮ ਵਿੱਚ ਗੁਰੂ ਦਾ ਪੰਛੀ ਕਿਹਾ ਜਾਂਦਾ ਹੈ। ਬਲਬੀਰ ਸਿੰਘ ਅਤੇ ਬੇਅੰਤ ਸਿੰਘ ਵਲੋਂ ਬਾਜ਼ ਨੂੰ ਵੇਖ ਕੇ ਮੌਕੇ ‘ਤੇ ਹੀ ਕੀਤੀ ਗਈ ਅਰਦਾਸ ਕਿਸੇ ਸਾਜਿ਼ਸ਼ ਲਈ ਕੀਤੀ ਨਹੀਂ ਮੰਨੀ ਜਾ ਸਕਦੀ। ਇਸ ਬਾਜ਼ ਦਾ ਕਿਸੇ ਸਾਜਿ਼ਸ਼ ਨਾਲ ਕੋਈ ਸਬੰਧ ਨਹੀਂ। ਇਸ ਤਰ੍ਹਾਂ ਬਲਬੀਰ ਸਿੰਘ ਫਾਂਸੀ ਦੇ ਤਖਤੇ ਤੋਂ ਬਾਂਹ ਕੁ ਦੀ ਵਿੱਥ ਤੋਂ ਮੁੜ ਗਿਆ। ਸਿੱਖਾਂ ਲਈ ਬਾਜ਼ ਸਿ਼ਕਾਰੀ ਪੰਛੀ ਜਾਂ ਸ਼ਕਤੀ ਦਾ ਪ੍ਰਤੀਕ ਹੀ ਨਹੀਂ ਬਲਕਿ ਅੰਨ੍ਹੀਂ ਸ਼ਰਧਾ ਵੀ ਹੈ। ਪਰ ਰਾਂਮ ਜੇਠ ਮਲਾਨੀਂ ਅਦਾਲਤ ਵਿੱਚ ਇਹ ਸਵਾਲ ਉਠਾਉਂਦਾ ਰਿਹਾ ਕਿ ਬੇਅੰਤ ਸਿੰਘ ਨੂੰ ਫੜ੍ਹਣ ਪਿੱਛੋਂ ਅੱਧੇ ਘੰਟੇ ਪਿੱਛੋਂ ਗੋਲੀ ਕਿਉਂ ਮਾਰੀ ਗਈ? ਜਦੋਂ ਕਿ ਉਹਨੇ ਰਵਾਲਵਰ ਸੁੱਟਕੇ, ਹੱਥ ਖੜ੍ਹੇ ਕਰਕੇ ਕਹਿ ਦਿੱਤਾ ਸੀ ਕਿ “ਮੈਂ ਜੋ ਕਰਨਾ ਸੀ ਕਰ ਦਿੱਤਾ। ਹੁਣ ਤੁਸੀਂ ਜੋ ਕਰਨਾ ਹੈ ਕਰ ਲਵੋ”ੋ। ਦੇਸ਼ ਦੇ ਹਾਕਮ ਨੂੰ ਮਾਰਨ ਜਾਂ ਹਮਲਾ ਕਰਨ ਵਾਲੇ ਨੂੰ ਜਿੰਦਾ ਫੜ੍ਹਣ ਦੀਆਂ ਲਿਖਤੀ ਹਦਾਇਤਾਂ ਸਨ। ਪਰ ਬੇਅੰਤ ਸਿੰਘ ਦੇ ਮਰਨ ਨਾਲ ਤਾਂ ਸਾਰੀ ਸਾਜਿ਼ਸ਼ ਤੇ ਹੀ ਮਿੱਟੀ ਪੈ ਗਈ।

ਇਸ ਬਾਜ ਰਾਹੀਂ ਹੋਏ ਕਤਲ ਤੇ ਪਿੱਛੋਂ ਦਹਾਕਾ ਭਰ ਸਿੱਖਾਂ ਦੇ ਖੂੰਨ ਨਾਲ ਖੇਢੀ ਗਈ ਹੋਲੀ ਦੀ ਤਾਰ ਕਿਤੇ ਬਾਹਰ ਤਾਂ ਨਹੀਂ ਸੀ ਜੁੜਦੀ? ਵਕੀਲ ਅਜੈਬ ਸਿੰਘ ਬੱਗਾ ਸਾਹਿਤ ਦੇ ਰਸੀਏ ਸਨ, ਉਨ੍ਹਾਂ ਨੇ 1985 ਵਿੱਚ ਅਜਨਾਲਾ ਹਲਕੇ ਤੋਂ ਚੋਣ ਵੀ ਲੜੀ ਸੀ। ਉਹ ਗਿਆਨੀ ਜੈਲ ਸਿੰਘ ਦੇ ਪੁਰਾਣੇ ਸਾਥੀਆਂ ਵਿੱਚੋਂ ਸਨ। ਉਸ ਦੇ ਆਪਣੇ ਪੁੱਤਰ ਅਤੇ ਭਤੀਜੇ ਕਾਮਰੇਡ ਬਲਦੇਵ ਮਾਂਨ ਨੂੰ ਬੱਗੇ ਤੇ ਸ਼ੀਨੇ ਪਿੰਡਾਂ ਦਿਆ ਸਮਗਲਰਾਂ ਤੋਂ ਖਾੜਕੂ ਬਣੇ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਕੁੱਝ ਅਰਸਾ ਪਹਿਲਾਂ ਜਦੋਂ 75 ਸਾਲ ਦੀ ਉਮਰ ਪਾਰ ਕਰਕੇ  ਉਨ੍ਹਾਂ ਦੇ ਦੋਨੌਂ ਗੁਰਦੇ ਫੇਲ਼੍ਹ ਹੋ ਗਏ ਸਨ ਤਾਂ ਉਨ੍ਹਾਂ ਮੈਨੂੰ ਖਤ ਲਿਖਿਆ ਸੀ ਕਿ “ਮੈਨੂੰ ਇਸ ਦੁਨੀਆਂ ਤੋ ਜਾਣ ਦਾ ਰੱਤੀ ਭਰ ਵੀ ਗਮ ਨਹੀਂ। ਪਰ ਤੇਰੇ ਜਿਹੇ ਮਿੱਤਰਾਂ ਤੋਂ ਵਿਦਾ ਹੁੰਦਿਆਂ ਅਫਸੋਸ ਹੋ ਰਿਹਾ ਹੈ।” ਪਿਛਲੇ ਸਾਲ ਲੁਧਿਆਣੇ ਮੇਰੀ ਰਿਸ਼ਤੇਦਾਰੀ ਵਿੱਚ ਇੱਕ ਵਿਆਹ ਸਮਾਗਮ ਦੌਰਾਂਨ ਗੁਰਦਾਸ ਮਾਂਨ ਦੇ ਗਾਣੇ ਸੁਣਦਿਆਂ ਮੈਂ ਅਜਨਾਲਾ ਦੇ ਐੱੰਮ ਐੱਲ ਏ ਬੋਨੀ ਅਮਰਪਾਲ ਨੂੰ ਬੱਗਾ ਸਾਹਿਬ ਬਾਰੇ ਪੁੱਛਿਆ ਤਾਂ ਉਸ  ਦੱਸਿਆ ਕਿ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ। ਜਦੋਂ ਪੰਜਾਬ ਵਿੱਚ ਅੱਤਵਾਦ ਸਿਖਰ ਤੇ ਸੀ ਓਦੋਂ ਇੱਕ ਵਾਰ ਉਨ੍ਹਾਂ ਮੈਨੂੰ ਕਿਹਾ ਸੀ ਕਿ “ ਮੈਂ ਇਸ ਦੁਨੀਆਂ ਵਿੱਚ ਨਹੀਂ ਹੋਣਾ। ਪਰ ਹੌਲੀ ਹੌਲੀ ਅਖਬਾਰਾਂ ਤੇ ਕਿਤਾਬਾਂ ਰਾਹੀਂ ਇਹ ਗੱਲ ਸਾਹਮਣੇ ਆਵੇਗੀ ਕਿ ‘ਇਸ ਧਰਤੀ ਤੇ ਕਿਸੇ ਥਾਂ ਕੋਈ ਮੀਟਿੰਗ ਹੋਈ ਸੀ। ਜਿਸ ਵਿੱਚ ਇਹ ਵਿਚਾਰਿਆ ਗਿਆ ਕਿ ਕਰੜੀਆਂ ਸ਼ਰਤਾਂ ਹੇਠ ਝੋਲੀ ਅੱਡ ਕਿ ਅਨਾਜ ਮੰਗਣ ਵਾਲੇ  ਦੇਸ਼ ਭਾਰਤ ਨੂੰ ਇਸ ਚੱਪਾ ਕੁ  ਪੰਜਾਬ ਨੇ ਹਰੇ ਇਨਕਲਾਬ ਨਾਲ ਆਤਮ ਨਿਰਭਰ ਕਿਵੇਂ ਬਣਾ ਦਿੱਤਾ? ਫੈਸਲਾ ਹੋਇਆ ਹੋਵੇਗਾ ਕਿ ਇਸ ਪੰਜਾਬ ਨੂੰ ਥਾਂ ਸਿਰ ਕੀਤਾ ਜਾਵੇ। ਬਾਕੀ ਤਾਂ ਸ਼ਤਰੰਜ ਦੀ ਬਾਜ਼ੀ ਵਿੱਚ ਪਿਆਦੇ,  ਘੋੜੇ, ਫੀਲ੍ਹੇ ਹੁੰਦੇ ਹਨ। ਭਾਰਤ ਪਾਕਿਸਤਾਂਨ ਦੀ ਵੰਡ ਗਾਂਧੀ ਜਿਨਾਹ ਦੇ ਝਗੜੇ ਕਾਰਨ ਨਹੀਂ ਸੀ ਹੋਈ। ਫੈਸਲਾ ਤੀਹ ਸਾਲ ਪਹਿਲਾਂ ਹੀ ਲੰਦਨ ਵਿੱਚ ਹੋ ਗਿਆ ਸੀ।ਸੋਵੀਅਤ ਯੂਨੀਅਨ 1990 ਵਿੱਚ ਟੁੱਟਿਆ ਸੀ ਪਰ ਇਸ ਹੋਣੀ ਤੇ ਦਸਤਖਤ ਸਟਾਰ ਵਾਰ ਦੀ ਸ਼ੁਰੂਆਤ ਨਾਲ ਤੀਹ ਸਾਲ ਪਹਿਲਾਂ ਯੁਰਪ ਵਿੱਚ ਹੋ ਗਏ ਸਨ।” ਹੁਣ ਨਸਿ਼ਆਂ ਦਾ ਦਰਿਆ ਪੰਜਾਬ ਵਿੱਚ ਹੀ ਕਿਉਂ ਹੈ? ਅਖਬਾਰਾਂ ਸੰਪਾਦਕੀ ਲਿਖ ਰਹੀਆਂ ਹਨ ਕਿ ਪੰਜਾਬੀਆਂ ਨੂੰ ਬਰਬਾਦ ਕਰਨ ਦੀ ਇਹ ਕੋਈ ਡੂੰਘੀ ਸਾਜਿਸ਼ ਹੈ। ਯੂ.ਐੱਂਨ.ਓ.ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਜਾਰੀ 2009 ਦੀ ਰਿਪੋਰਟ ਅਨੁਸਾਰ ਅੰਤਰ ਰਾਸ਼ਟਰੀ ਡਰੱਗ ਮਾਫੀਆ 70000 ਕਰੋੜ ਡਾਲਰ ਦਾ ਸਲਾਨਾਂ ਕਾਰੋਬਾਰ ਕਰਦਾ ਹੈ। ਜਿਸ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੁੰਦੀ ਹੈ। ਪੰਜਾਬੀ ਸੁਭਾਅ ਪੱਖੋਂ ਝਗੜਾਲੂ ਰੁੱਚੀਆਂ ਦੇ ਧਾਰਨੀਂ ਹੋਣ ਕਾਰਨ ਸੌਖੀ ਕਮਾਈ ਲਈ ਛੇਤੀ ਇਸ ਪਾਸੇ ਪੈ ਜਾਂਦੇ ਹਨ। ਕਦੀ ਬਹਾਦਰੀ ਅਤੇ ਕੁਰਬਾਨੀਂ ਵਿੱਚ ਨਾਂਮ ਕਮਾਉਣ ਵਾਲੇ ਪੰਜਾਬੀ  ਠੱਗੀ, ਧੋਖੇ,ਬੇਈਮਾਂਨੀ, ਕਬੂਤਰਬਾਜ਼ੀ ਅਤੇ ਸਮਗਲਿੰਗ ਵਿੱਚ ਝੰਡੇ ਗੱਡ ਰਹੇ ਹਨ। ਅਮਨ ਕਾਨੂੰਨ ਲਈ ਜਾਣੇ ਜਾਂਦੇ ਸੋਹਣੇ ਵਿਕਸਤ ਮੁਲਕਾਂ ਵਿੱਚ ਜਾ ਕੇ ਲਲਕਾਰੇ ਮਾਰਦੇ ਹਨ।

ਅਕਸਰ ਪੰਜਾਬੀ ਗੱਲਾਂ/ਗਾਹਲਾਂ/ਚੁਗਲੀਆਂ ਕਰਕੇ ਦਿਨ ਬਤਾਉਂਦੇ ਹਨ। ਅਮਰੀਕਨ ਯੌਰਪੀਅਨ ਲੋਕ ਜਾਂ ਕੰਮ ਕਰਦੇ ਹਨ ਜਾਂ ਵੀਕ ਐਂਡ ਤੇ ਅਨੰਦ ਮਾਣਦੇ ਹਨ। ਉਹ ਗੱਲਾਂ ਘੱਟ ਕਰਦੇ ਹਨ। ਉਨ੍ਹਾਂ ਨੂੰ ਬਾਬੇ ਨਾਨਕ ਦੀ ਦੱਸੀ ਮੱਤ, ਕਿਰਤ ਕਰਨ ਤੋਂ ਹੀ ਵਿਹਲ ਨਹੀਂ ਅਤੇ ਅਸੀਂ ਵਿਹਲੇ ਹੀ ਵਿਹਲੇ ਹਾਂ। ਕੰਮ ਸੱਭਿਆਚਾਰ ਗੋਰਿਆਂ ਅਪਣਾ ਲਿਆ। ਅਸੀਂ ਉੱਡਦੇ ਬਾਜ਼ਾਂ ਮਗਰ ਦੌੜਦੇ ਰਹੇ। ਰੋਜਾਨਾਂ  ਤੀਹ ਲੱਖ ਤੋਂ ਵੱਧ ਪੰਜਾਬੀ ਸਵੇਰੇ ਚਿੱਟੇ  ਕੱਪੜੇ ਪਾ ਕੇ ਘਰੋਂ ਸੱਥਾਂ,ਬੱਸ ਅੱਡਿਆਂ,ਰੇਲਵੇ ਸਟੇਸ਼ਨਾਂ,ਬਜਾਰਾਂ,ਕਚਹਿਰੀਆਂ ਵਿੱਚ ਤੋਰੇ ਫੇਰੇ ਲਈ ਹੀ ਨਿੱਕਲਦੇ ਹਨ।ਇਹ ਬੇਰੋਜਗਾਰ ਨਹੀਂ ਹਨ। ਅਸਲ ਵਿੱਚ ਇਨ੍ਹਾਂ ਨੂੰ ‘ਪੰਜਾਬੀ ਕਿਸਮ ਦੀ ਸੋਸ਼ਲ ਸਕਿਉਰਿਟੀ’ ਮਿਲੀ ਹੋਈ ਹੈ। ਇਨ੍ਹਾਂ ਲਈ ਹਰ ਦਿਨ ਹੀ ਵੀਕ ਐਂਡ ਹੈ। ਹਰ ਪਿੰਡ ਵਿੱਚ ਸੌ ਡੇਢ ਸੌ ਅਜਿਹੇ ਵਿਅਕਤੀ ਹਨ ਜਿਨ੍ਹਾਂ ਸਾਰੀ ਉਮਰ ‘ਚ ਕੋਈ ਕਿਰਤ ਨਹੀਂ ਕੀਤੀ। ਮੌਲਵੀ ਤੇ ਕਿਸਾਂਨ ਵਾਲੀ ਕਹਾਣੀ ਤੁਸੀਂ ਉੱਪਰ ਪੜ੍ਹ ਹੀ ਲਈ ਹੈ। ਇਹੀ ਵੋਟਤੰਤਰ ਨੂੰ ਸੂਤ ਬੈਠਦਾ ਹੈ। ਇਹ ‘ਬਾਜ਼’ ਪਹਿਲਾਂ ਹੀ ਘੱਟਾ ਢੋਅ ਰਹੇ ਪੰਜਾਬੀਆਂ ਨੂੰ ਹੋਰ ਵੀ ਅੰਧ ਵਿਸ਼ਵਾ਼ਸ਼ ਦੇ ਰਾਹ ਤੋਰੇਗਾ। ਡਾ.ਮਨਮੋਹਨ ਸਿੰਘ ਵਰਗੇ ਅਰਥ ਸ਼ਾਸਤਰੀ ਅਤੇ ਪੰਜਾਬੀ ਦੇ ਪ੍ਰਧਾਂਨ ਮੰਤਰੀ ਹੁੰਦਿਆਂ ਲੋੜ ਪੰਜਾਬ ਵਿੱਚ ਵੱਧ ਤੋਂ ਵੱਧ ਵਿਕਾਸ ਕਰਨ ਦੀ ਹੈ। ਜੇ ਪੰਜਾਬੀ ਅਜੇ ਵੀ ਸੰਭਲ ਨਹੀਂ  ਸਕੇ ਫਿਰ ਹੋਰ ਵੀ ਪੱਛੜ ਜਾਣਗੇ। ਸਿੱਖਿਆ, ਮੁੱਢਲਾ ਢਾਂਚਾ, ਸਨਅੱਤ,ਖੇਤੀ ਅਤੇ ਜਮਹੂਰੀਅਤ ਨੂੰ ਮਜਬੂਤ ਕਰਕੇ ਹੀ ਪੰਜਾਬ ਨੂੰ ਪੰਜਆਬ ਬਣਾਇਆ ਜਾ ਸਕਦਾ ਹੈ। ਖੁਸ਼ਹਾਲੀ ਵਿਕਾਸ ਨਾਲ ਆਉੰਦੀ ਹੈ। ਖੁਸ਼ਹਾਲ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਦੀ ਲੋੜ ਨਹੀਂ ਹੁੰਦੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>