ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੂਨਾਂ ਵੱਲੋਂ ਕਾਂਗਰਸ ਆਗੂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਕਮਲਨਾਥ ਦੀ 1984 ਸਿੱਖ ਕਤਲੇਆਮ ਵਿਚ ਕਥਿਤ ਰੂਪ ’ਚ ਸਮੂਲੀਅਤ ਹੋਣ ਨੂੰ ਲੈ ਕੇ ਅੱਜ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਦੇ ਮੁਖ ਦਫ਼ਤਰ 24 ਅਕਬਰ ਰੋਡ ਦੇ ਵੱਲ ਵੱਧ ਰਹੇ ਸਿੱਖ ਕਾਰਕੂਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਸਿੱਖਾਂ ਦੇ ਕਾਤਿਲਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਕਾਨੂੰਨੀ ਸ਼ਿਕੰਜ਼ੇ ਤੋਂ ਬਚਾਉਣ ਦੇ ਖਿਲਾਫ਼ ਜੋਰਦਾਰ ਨਾਰੇਬਾਜ਼ੀ ਕੀਤੀ।
‘‘ਕਾਂਗਰਸ ਦਾ ਹੱਥ-ਕਾਤਿਲਾਂ ਦੇ ਨਾਲ’’ ਵਰਗੇ ਗਗਨਭੇਦੀ ਨਾਹਰੇ ਲਗਾਉਂਦੇ ਹੋਏ ਕਾਰਕੂਨਾਂ ਨੇ ਕਾਂਗਰਸ ਆਗੂ ਸੱਜਣ ਕੁਮਾਰ ਦੇ ਬਚਾਵ ਵਿਚ ਸਾਬਕਾ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਵੱਲੋਂ ਦਿੱਲੀ ਹਾਈਕੋਰਟ ਵਿਚ ਖੇਡੀ ਜਾ ਰਹੀ ਕਾਨੂੰਨੀ ਪੈਂਤਰੇਬਾਜ਼ੀ ਦੇ ਖਿਲਾਫ਼ ਵੀ ਆਪਣੇ ਗੁੱਸੇ ਦਾ ਵਿਖਾਵਾ ਕੀਤਾ। ਪ੍ਰਦਰਸ਼ਨ ਦੀ ਅਗਵਾਹੀ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਸਾਬਕਾ ਵਿਧਾਇਕ ਤੇ ਦਲ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਸਾਂਝੇ ਤੌਰ ਤੇ ਕੀਤੀ। ਸੱਜਣ ਕੁਮਾਰ ਵੱਲੋਂ ਦਿੱਲੀ ਹਾਈ ਕੋਰਟ ਦੇ ਸਿੱਖ ਜਜ ਪ੍ਰਕਾਸ਼ ਸਿੰਘ ਤੇਜੀ ਦੀ ਪੇਸ਼ੇ ਪ੍ਰਤੀ ਵਫਾਦਾਰੀ ਤੇ ਸਵਾਲ ਚੁੱਕਦੇ ਹੋਏ ਸੱਜਣ ਕੁਮਾਰ ਦੇ ਖਿਲਾਫ ਚਲ ਰਹੇ ਮਾਮਲੇ ਤੋਂ ਵੱਖ ਕਰਨ ਦੇ ਲਈ ਦਾਖਿਲ ਕੀਤੀ ਗਈ ਪਟੀਸ਼ਨ ਨੂੰ ਅਕਾਲੀ ਆਗੂਆਂ ਨੇ ਸੰਵੈਧਾਨਿਕ ਕੀਮਤਾਂ ਦਾ ਘਾਣ ਦੱਸਿਆ। ਉਨ੍ਹਾਂ ਦਾ ਸਵਾਲ ਸੀ ਕਿ ਕੀ ਹੁਣ ਇੱਕ ਮੁਜਰਿਮ ਇਸ ਗੱਲ ਦਾ ਫੈਸਲਾ ਲਵੇਗਾ ਕਿ ਉਸਦੇ ਮਾਮਲੇ ਦੀ ਸੁਣਵਾਈ ਕਿਹੜਾ ਜਜ ਕਰੇਗਾ ?
ਸੱਜਣ ਕੁਮਾਰ ਦੇ ਸਮਰਥਨ ਵਿਚ ਸਲਮਾਨ ਖੁਰਸ਼ੀਦ ਵੱਲੋਂ ਅਦਾਲਤ ਵਿਚ ਦਿੱਤੀ ਗਈ ਮੈਰਾਥਨ ਦਲੀਲਾਂ ਨੂੰ ਆਗੂਆਂ ਨੇ ਸੋਨੀਆ ਗਾਂਧੀ ਵੱਲੋਂ ਕਾਤਿਲਾਂ ਨੂੰ ਪਨਾਹ ਦੇਣ ਦੇ ਤੌਰ ਤੇ ਪਰਿਭਾਸ਼ਿਤ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਕਾਂਗਰਸ ਤੇ ਰਾਜ ਕਰਦੇ ਗਾਂਧੀ ਪਰਿਵਾਰ ਦਾ ਸਿੱਖ ਕਤਲੇਆਮ ਵਿਚ ਪੂਰਾ ਹੱਥ ਸੀ ਇਸ ਲਈ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣਾ ਕਾਂਗਰਸ ਦੀ ਸਿਆਸੀ ਮਜਬੂਰੀ ਅਤੇ ਆਪਣੀ ਸਮੂਲੀਅਤ ਨੂੰ ਲੁਕਾਉਣ ਦਾ ਆਖਰੀ ਹਥਿਆਰ ਹੈ। ਸਿੱਖਾਂ ਆਗੂਆਂ ਨੇ ਜੱਜ ਦੀ ਪੇਸ਼ੇ ਪ੍ਰਤੀ ਵਫਾਦਾਰੀ ਤੇ ਧਰਮ ਦੇ ਆਧਾਰ ਤੇ ਸ਼ੱਕ ਕਰਨ ਦੇ ਸ਼ੁਰੂ ਹੋਏ ਨਵੇਂ ਰੁਝਾਨ ਨੂੰ ਗਲਤ ਕੋਸ਼ਿਸ਼ ਦੱਸਿਆ।
ਕਾਂਗਰਸ ਮੁਖ ਦਫ਼ਤਰ ਦੇ ਵੱਲ ਵੱਧ ਰਹੇ ਕਾਰਕੂਨਾਂ ਨੂੰ ਦਿੱਲੀ ਪੁਲਿਸ ਨੇ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਕਈ ਕਾਰਕੂਨ ਪਹਿਲੇ ਬੈਰੀਕੇਡ ਨੂੰ ਤੋੜ ਕੇ ਅੱਗੇ ਲੰਘ ਗਏ ਸੀ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਚਮਨ ਸਿੰਘ, ਸਮਰਦੀਪ ਸਿੰਘ ਸੰਨੀ, ਅਕਾਲੀ ਆਗੂ ਰਣਜੀਤ ਕੌਰ, ਜਸਵਿੰਦਰ ਸਿੰਘ ਜੌਲੀ, ਅਮਰਜੀਤ ਕੌਰ ਪਿੰਕੀ, ਤਰਵਿੰਦਰ ਕੌਰ ਖਾਲਸਾ, ਅਮਰਜੀਤ ਸਿੰਘ ਤਿਹਾੜ, ਜਸਪ੍ਰੀਤ ਸਿੰਘ ਵਿੱਕੀਮਾਨ, ਸੁਰਿੰਦਰ ਪਾਲ ਸਿੰਘ ਓਬੇਰਾਇ, ਗਗਨ ਸਿੰਘ ਛਿਆਸੀ, ਆਤਮਾ ਸਿੰਘ ਲੁਬਾਣਾ, ਗੁਰਦੀਪ ਸਿੰਘ ਬਿੰਟੂ ਤੇ ਸੁਖਮਨ ਸਿੰਘ ਸਹਿਤ ਸੈਂਕੜੇ ਕਾਰਕੂਨ ਮੌਜੂਦ ਸਨ।