ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਕਾਰਜਕਾਰਣੀ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ। ਜਿਸ ਵਿੱਚ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸਰਬ-ਸੰਮਤੀ ਨਾਲ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ 41ਵੇਂ ਪ੍ਰਧਾਨ ਚੁਣੇ ਗਏ।ਉਨ੍ਹਾਂ ਦੇ ਪ੍ਰਧਾਨ ਬਨਣ ਨਾਲ ਸਮੁੱਚੇ ਸਿੱਖ ਪੰਥਕ ਹਲਕਿਆਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਇਜਲਾਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਬਠਿੰਡਾ ਤੋਂ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ਼ਮੂਲੀਅਤ ਕੀਤੀ।ਜਨਰਲ ਇਜਲਾਸ ਤੋਂ ਪਹਿਲਾਂ ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ।ਚੋਣ ਪ੍ਰਕਿਰਿਆ ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਸ਼ੁਰੂ ਕਰਦਿਆਂ ਹਾਊਸ ਨੂੰ ਪ੍ਰਧਾਨਗੀ ਲਈ ਨਾਮ ਪੇਸ਼ ਕਰਨ ਲਈ ਕਿਹਾ ਗਿਆ।ਜਿਸ ਲਈ ਜਥੇਦਾਰ ਤੋਤਾ ਸਿੰਘ ਨੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦਾ ਨਾਮ ਪ੍ਰਧਾਨਗੀ ਪਦ ਲਈ ਪੇਸ਼ ਕੀਤਾ।ਉਨ੍ਹਾਂ ਦੇ ਨਾਮ ਦੀ ਤਾਈਦ ਬੀਬੀ ਜਗੀਰ ਕੌਰ ਅਤੇ ਤਾਈਦ-ਮਜੀਦ ਸ੍ਰ: ਨਵਤੇਜ ਸਿੰਘ ਕੌਣੀ ਨੇ ਕੀਤੀ।ਇਸ ਉਪਰੰਤ ਚੁਣੇ ਗਏ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਹਾਊਸ ਦੀ ਅਗਲੀ ਕਾਰਵਾਈ ਚਲਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਸੱਦਾ ਦਿੱਤਾ ਗਿਆ।
ਸੀਨੀਅਰ ਮੀਤ ਪ੍ਰਧਾਨ ਵਜੋਂ ਸ੍ਰ: ਬਲਦੇਵ ਸਿੰਘ ਕਿਆਮਪੁਰ ਨੂੰ ਚੁਣਿਆ ਗਿਆ।ਜਿਨ੍ਹਾਂ ਦਾ ਨਾਮ ਸ. ਸੁਰਿੰਦਰ ਸਿੰਘ ਭੂਲੇਰਾਠਾ, ਹੁਸ਼ਿਆਰਪੁਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ। ਇਨ੍ਹਾਂ ਦੇ ਨਾਮ ਦੀ ਤਾਈਦ ਸ. ਰਘੂਜੀਤ ਸਿੰਘ ਵਿਰਕ ਅਤੇ ਤਾਈਦ-ਮਜੀਦ ਸ. ਜਰਨੈਲ ਸਿੰਘ ਡੋਗਰਾਂ ਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੀਤੀ।
ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਬਾਬਾ ਬੂਟਾ ਸਿੰਘ ਨੂੰ ਚੁਣਿਆ ਗਿਆ। ਇਨ੍ਹਾਂ ਦਾ ਨਾਮ ਸ. ਸੁਰਜੀਤ ਸਿੰਘ ਗੜ੍ਹੀ ਨੇ ਪੇਸ਼ ਕੀਤਾ ਅਤੇ ਸ. ਅਲਵਿੰਦਰਪਾਲ ਸਿੰਘ ਪੱਖੋਕੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਤਾਈਦ ਅਤੇ ਤਾਈਦ-ਮਜੀਦ ਕੀਤੀ।
ਜਨਰਲ ਸਕੱਤਰ ਦੇ ਅਹੁਦੇ ਲਈ ਸ. ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਚੁਣਿਆ ਗਿਆ।ਇਨ੍ਹਾਂ ਦਾ ਨਾਮ ਸ.ਮੇਜਰ ਸਿੰਘ ਢਿਲੋਂ ਰਾਮਪੁਰਾ ਫੂਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਤੇ ਤਾਈਦ ਸ੍ਰ: ਪਰਮਜੀਤ ਸਿੰਘ ਰਾਏਪੁਰ ਨੇ ਕੀਤੀ ਅਤੇ ਤਾਈਦ-ਮਜੀਦ ਸ੍ਰ: ਨਵਤੇਜ ਸਿੰਘ ਕੌਣੀ ਅਤੇ ਤਾਈਦ-ਮਜੀਦ ਬੀਬੀ ਜਗੀਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੀਤੀ।
ਉਪਰੰਤ ਪ੍ਰੋ: ਕਿਰਪਾਲ ਸਿੰਘ ਜੀ ਬਡੂੰਗਰ ਵੱਲੋਂ 11 ਮੈਂਬਰੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੇ ਨਾਮ ਪੇਸ਼ ਕੀਤੇ ਗਏ।ਜਿਨ੍ਹਾਂ ਵਿੱਚ ਸ੍ਰ: ਜੈਪਾਲ ਸਿੰਘ ਮੰਡੀਆਂ ਹੁਸ਼ਿਆਰਪੁਰ, ਸ੍ਰ: ਨਿਰਮਲ ਸਿੰਘ ਹਰਿਆਓ, ਸ੍ਰ: ਕੁਲਵੰਤ ਸਿੰਘ ਮੰਨਣ, ਸ੍ਰ: ਸਤਪਾਲ ਸਿੰਘ ਤਲਵੰਡੀ ਭਾਈ, ਸ੍ਰ: ਬਲਵਿੰਦਰ ਸਿੰਘ ਵੇਈਂਪੂਈ, ਸ੍ਰ: ਗੁਰਮੇਲ ਸਿੰਘ ਸੰਗਤਪੁਰਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਭਾਈ ਰਾਮ ਸਿੰਘ ਅੰਮ੍ਰਿਤਸਰ, ਸ੍ਰ: ਗੁਰਚਰਨ ਸਿੰਘ ਗਰੇਵਾਲ, ਸ੍ਰ: ਸੁਰਜੀਤ ਸਿੰਘ ਭਿੱਟੇਵੱਡ ਤੇ ਸ੍ਰ: ਸੁਰਜੀਤ ਸਿੰਘ ਕਾਲਾਬੂਲਾ ਦਾ ਨਾਮ ਪੇਸ਼ ਕੀਤਾ ਗਿਆ।ਜਿਸ ਨੂੰ ਹਾਊਸ ਦੇ ਸਮੁੱਚੇ ਮੈਂਬਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ।
ਜਨਰਲ ਇਜਲਾਸ ਵਿੱਚ ਸਿੱਖ ਇਤਿਹਾਸ ਰੀਸਰਚ ਬੋਰਡ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਦੀ ਚੋਣ ਵੀ ਸਰਬ-ਸੰਮਤੀ ਨਾਲ ਕਰ ਲਈ ਗਈ।ਜਨਰਲ ਇਜਲਾਸ ਦੀ ਆਰੰਭਤਾ ਤੋਂ ਪਹਿਲਾਂ ਪੰਥ ਤੋਂ ਵਿੱਛੜ ਚੁੱਕੀਆਂ ਸਖ਼ਸ਼ੀਅਤਾਂ ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰ: ਰੇਸ਼ਮ ਸਿੰਘ, ਸ੍ਰ: ਨਿਰਮਲ ਸਿੰਘ ਘਰਾਚੋਂ, ਬੀਬੀ ਹਰਬੰਸ ਕੌਰ ਸੁਖਾਣਾ, ਸ੍ਰ: ਦਿਲਬਾਗ ਸਿੰਘ ਪਠਾਨਕੋਟ, ਸ੍ਰ: ਬਲਬੀਰ ਸਿੰਘ ਕੁਰਾਲਾ ਅਤੇ ਬਾਬਾ ਜਸਵੀਰ ਸਿੰਘ ਕਾਲਾਮਲ੍ਹਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਪੰਜ ਵਾਰ ਮੂਲ ਮੰਤਰ ਦਾ ਜਾਪੁ ਕਰਕੇ ਸ਼ਰਧਾਜਲੀ ਭੇਟ ਕੀਤੀ ਗਈ।
ਪ੍ਰਧਾਨਗੀ ਪਦ ਸੰਭਾਲਣ ਉਪਰੰਤ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਊਸ ਵਿੱਚ ਇਹ ਮਤੇ ਪੇਸ਼ ਕੀਤੇ:-
ਮਤਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਪਿੱਛਲੇ ਸਮੇਂ ਦੌਰਾਨ ਪੰਜਾਬ ਵਿੱਚ ਵੱਖ-ਵੱਖ ਸਥਾਨਾਂ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਅਤੇ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਗੁਰਬਾਣੀ ਦੇ ਗੁਟਕਿਆਂ ਦੀ ਵੱਖ-ਵੱਖ ਸਥਾਨਾਂ ਤੇ ਕੀਤੀ ਗਈ ਬੇਅਦਬੀ ਦੀ ਨਿਖੇਧੀ ਕਰਦਾ ਹੋਇਆ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੈ।ਗੁਰੂ ਘਰਾਂ ਦੇ ਪ੍ਰਬੰਧਕਾਂ, ਸੇਵਾ-ਸੁਸਾਇਟੀਆਂ, ਸਿੰਘ-ਸਭਾਵਾਂ, ਟਕਸਾਲਾਂ, ਨਿਹੰਗ ਜਥੇਬੰਦੀਆਂ ਅਤੇ ਹੋਰ ਸੰਪਰਦਾਵਾਂ ਨੂੰ ਅਪੀਲ ਕਰਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਬਰਕਰਾਰ ਰੱਖਣ ਲਈ ਉਚੇਚੇ ਪ੍ਰਬੰਧ ਕੀਤੇ ਜਾਣ ਤਾਂ ਜੋ ਅਜਿਹੀਆਂ ਦੁਖਦਾਈ ਘਟਨਾਵਾਂ ਨਾ ਵਾਪਰਨ।
ਮਤਾ : ਇਹ ਇਜਲਾਸ ਪੰਜਾਬ ਅਤੇ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲੇ ਅਨਸਰਾਂ ‘ਤੇ ਧਾਰਾ 295-ਏ ਦਾ ਪਰਚਾ ਦਰਜ਼ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਕੋਝੀ ਹਰਕਤ ਕਰਨ ਦਾ ਹੀਆ ਨਾ ਕਰ ਸਕੇ।
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਇਹ ਜਨਰਲ ਇਜਲਾਸ ਜੂਨ, 1984 ਤੇ ਨਵੰਬਰ, 1984 ‘ਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਕੇਂਦਰ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ ‘ਤੇ ਸਿੱਖਾਂ ਨੂੰ ਬੇ-ਰਹਿਮੀ ਨਾਲ ਕਤਲੇਆਮ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਤੇ ਕਾਰੋਬਾਰ ਤਬਾਹ ਕਰ ਦਿੱਤੇ ਗਏ।੩੨ ਸਾਲ ਦਾ ਸਮਾਂ ਬੀਤ ਜਾਣ ‘ਤੇ ਵੀ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲੀਆਂ।ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਨਿਸ਼ਾਨ ਦੇਹੀ ਲਈ ਸਰਕਾਰ ਵੱਲੋਂ ਕਈ ਕਮਿਸ਼ਨ ਨੀਯਤ ਕੀਤੇ ਗਏ ਪ੍ਰੰਤੂ ਉਨ੍ਹਾਂ ਦੀਆਂ ਰੀਪੋਰਟਾਂ ਆਈਆਂ ਨੂੰ ਕਈ ਸਾਲ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲੀਆਂ।ਇਨਸਾਫ ਵਿੱਚ ਏਨੀ ਦੇਰੀ ਪੀੜਤ ਪਰਿਵਾਰਾਂ ਦੇ ਜਖ਼ਮਾਂ ਤੇ ਲੂਣ ਛਿੜਕਣ ਦੇ ਤੁੱਲ ਹੈ।ਸਿੱਖ ਜਗਤ ਦੀ ਨੁਮਾਇੰਦਾ ਸੰਸਥਾ, ਸ਼੍ਰੋਮਣੀ ਗੁ:ਪ੍ਰ:ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਸਮੇਂ-ਸਮੇਂ ਤੇ ਜਿਥੇ ਪੀੜਤਾਂ ਦੀ ਢੁੱਕਵੀਂ ਮਦਦ ਕੀਤੀ ਉੱਥੇ ਸਮੂੰਹ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਹਰ ਸਾਲ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾ ਕੇ ਕਤਲੇਆਮ ਦੇ ਸ਼ਿਕਾਰ ਹੋਏ ਸਿੱਖਾਂ ਦੀ ਆਤਮਿਕ ਸ਼ਾਂਤੀ ਤੇ ਇਨਸਾਫ ਲਈ ਅਰਦਾਸ ਸਮਾਗਮ ਆਯੋਜਤ ਕੀਤੇ ਗਏ।ਅੱਜ ਦਾ ਇਹ ਜਨਰਲ ਇਜਲਾਸ 1984 ਦੀ ਸਿੱਖ ਕਤਲੇਆਮ-ਨਸ਼ਲਕੁਸ਼ੀ ਦੇ ਦੋਸ਼ੀਆਂ ਨੂੰ ਸਖ਼ਤ ਸ਼ਜਾਵਾਂ ਦੇਣ ਦੀ ਪੁਰਜ਼ੋਰ ਮੰਗ ਕਰਦਾ ਹੈ।
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਵਿਦੇਸ਼ਾਂ ਵਿੱਚ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ।ਸਿੱਖਾਂ ਨੇ ਦੁਨੀਆਂ ਭਰ ਵਿੱਚ ਮਿਹਨਤ ਮੁਸ਼ੱਕਤ ਕਰਕੇ ਸਬੰਧਤ ਦੇਸ਼ਾਂ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।ਗੁਰਸਿੱਖਾਂ ਦੇ ਮਾਣ ਸਤਿਕਾਰ ਤੇ ਪਹਿਚਾਣ ਨੂੰ ਬਣਾਈ ਰੱਖਣਾ ਸਬੰਧਤ ਸਰਕਾਰਾਂ ਦਾ ਧਰਮ ਕਰਤਵ ਤੇ ਫਰਜ਼ ਹੈ ਕਿ ਸਿੱਖਾਂ ਦੀ ਨਿਵੇਕਲੀ ਪਹਿਚਾਣ ਤੋਂ ਆਪਣੇ ਨਾਗਰਿਕਾਂ ਨੂੰ ਜਾਣੂੰ ਕਰਵਾਉਣ।ਯੂ।ਐਸ।ਏ।, ਕਨੇਡਾ, ਯੂ।ਕੇ।, ਫਰਾਂਸ, ਆਸਟਰੇਲੀਆ ਅਤੇ ਹੋਰ ਦੇਸ਼ ਜਿੱਥੇ ਵੀ ਸਿੱਖ ਵੱਸਦੇ ਹਨ, ਦੀਆਂ ਸਰਕਾਰਾਂ ਤੋਂ ਮੰਗ ਕਰਦਾ ਹੈ ਕਿ ਉਹ ਸਿੱਖਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਸਿੱਖਾਂ ਦੀ ਪਹਿਚਾਣ ਸਬੰਧੀ ਆਪਣੇ ਨਾਗਰਿਕਾਂ ਨੂੰ ਜਾਣੂੰ ਕਰਵਾਉਣ।।ਇਹ ਇਜਲਾਸ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਹੈ ਕਿ ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਸਬੰਧੀ ਉਥੋਂ ਦੀਆਂ ਸਰਕਾਰਾਂ ਨਾਲ ਵਿਦੇਸ਼ ਵਿਭਾਗ ਰਾਹੀਂ ਗੱਲਬਾਤ ਕਰਕੇ ਅਜਿਹੇ ਹਮਲਿਆਂ ਨੂੰ ਰੋਕਣ ਦੇ ਉਪਰਾਲੇ ਕੀਤੇ ਕਰਨ।
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਮੁੱਖ ਰਸਤੇ ਘੰਟਾ ਘਰ ਬਾਹੀ ਦੇ ਬਾਹਰਵਾਰ ਪੰਜਾਬ ਸਰਕਾਰ ਵੱਲੋਂ ਸੁੰਦਰ ਪਲਾਜਾ ਬਨਾਉਣ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਮੁੱਖ ਰਸਤੇ ਟਾਊਨ ਹਾਲ ਤੋਂ ਜਲ੍ਹਿਆ ਵਾਲਾ ਬਾਗ ਤੀਕ ਦੇ ਰਸਤੇ ਨੂੰ ਸਵਾਰਨ ਤੇ ਸੁੰਦਰ ਦਿੱਖ ਦੇ ਕੇ, ਖੂਬਸੂਰਤ ਬਨਾਉਣ ਲਈ ਸ੍ਰ। ਪਰਕਾਸ਼ ਸਿੰਘ ਜੀ ਬਾਦਲ, ਮੁੱਖ ਮੰਤਰੀ ਪੰਜਾਬ, ਸ੍ਰ। ਸੁਖਬੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਡਿਪਟੀ ਮੁੱਖ ਮੰਤਰੀ ਪੰਜਾਬ ਦਾ ਸਿੱਖ ਕੌਮ ਵੱਲੋਂ ਧੰਨਵਾਦ ਤੇ ਪ੍ਰਸ਼ੰਸਾ ਕਰਦਾ ਹੋਇਆ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਕਰਦਾ ਹੈ ਕਿ ਸਿੱਖਾਂ, ਪੰਜਾਬ, ਪੰਜਾਬੀ ਦੀ ਬਿਹਤਰੀ ਲਈ ਉਨ੍ਹਾਂ ਵੱਲੋਂ ਅਜਿਹੇ ਕਾਰਜ ਕਰਵਾਉਣ ਲਈ ਇਨ੍ਹਾਂ ਨੂੰ ਸਿਹਤਯਾਬੀ, ਬਲ-ਬੁੱਧੀ ਪ੍ਰਦਾਨ ਕਰਨ।
ਇਹ ਇਜਲਾਸ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਯਾਤਰੂਆਂ,ਸ਼ਰਧਾਲੂਆਂ ਤੇ ਪ੍ਰੇਮੀਆਂ ਦੀ ਸਹੂਲਤ ਵਾਸਤੇ ਬੁਰਜ ਅਕਾਲੀ ਫੂਲਾ ਸਿੰਘ, ਘਿਉ ਮੰਡੀ ਚੌਂਕ ਅਤੇ ਗੁਰਦੁਆਰਾ ਸ਼ਹੀਦ ਗੰਜ਼ ਬਾਬਾ ਦੀਪ ਸਿੰਘ ਜੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੀਕ ਦੇ ਰਸਤਿਆਂ ਨੂੰ ਵੀ ਸਿੱਖ ਵਿਰਾਸਤੀ ਦਿੱਖ ਦਿੱਤੀ ਜਾਵੇ। ਇਨ੍ਹਾਂ ਰਸਤਿਆਂ ਤੇ ਹਰੇ ਭਰੇ ਦਰਖਤ ਲਗਾਏ ਜਾਣ ਤੇ ਆਰਜੀ ਦੁਕਾਨਾਂ, ਫੜੀਆਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਦੇਸ਼-ਵਿਦੇਸ਼ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ,ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਸ੍ਰੀ ਅੰਮ੍ਰਿਤਸਰ ਬਾਰੇ ਵਧੀਆ ਪ੍ਰਭਾਵ ਲੈ ਕੇ ਵਾਪਸ ਜਾਣ।
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਇਹ ਜਨਰਲ ਇਜਲਾਸ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਪਿੱਛਲੇ ਦਹਾਕਿਆਂ ਤੋਂ ‘ਟਾਡਾ’ ਤੇ ਹੋਰ ਕਾਲੇ ਕਾਨੂੰਨਾਂ ਅਧੀਨ ਨਿਰਦੋਸ਼ ਨਜ਼ਰਬੰਦ ਸਿੱਖਾਂ ਦੀ ਰਿਹਾਈ ਵਾਸਤੇ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕਰਦਾ ਹੈ।
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਹਿਜਧਾਰੀ ਵੋਟਰਾਂ ਦਾ ਮਸਲਾ ਪੱਕੇ ਤੌਰ ਤੇ ਹੱਲ ਕਰਨ ਲਈ ਪੰਜਾਬ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹੈ।ਇਸ ਨਾਲ ਦੇਸ਼-ਵਿਦੇਸ਼ ਵਿੱਚ ਸਿੱਖ ਕੌਮ ਦੀ ਵੱਖਰੀਂ ਹੋਂਦ ਹਸਤੀ ਤੇ ਪਹਿਚਾਣ ਸਥਾਪਤ ਕਰਨ ‘ਤੇ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਰੂਪ ‘ਚ ਚਲਾਉਣ ‘ਚ ਮਦਦਗਾਰ ਹੋਵੇਗਾ।
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਫਿਲਮਾਂ, ਨਾਟਕਾਂ ਅਤੇ ਟੀ।ਵੀ। ਸੀਰੀਅਲਾਂ ਵਿੱਚ ਸਿੱਖ ਪਾਤਰਾਂ ਨੂੰ ਮਜ਼ਾਕੀਆ ਲਹਿਜੇ ਵਿੱਚ ਪੇਸ਼ ਕਰਨ ਦੀ ਸਖ਼ਤ ਨਿਖੇਧੀ ਕਰਦਾ ਹੈ।ਸਿੱਖਾਂ ਨੇ ਭਾਰਤ ਦੀ ਅਜ਼ਾਦੀ ਤੇ ਨਿਰਮਾਣ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।ਸਿੱਖਾਂ ਦੇ ਮਾਣ-ਸਤਿਕਾਰ ਨੂੰ ਦੇਸ਼ ਵਿੱਚ ਬਹਾਲ ਕੀਤਾ ਜਾਵੇ।ਭਾਰਤ ਸਰਕਾਰ ਪਾਸੋਂ ਮੰਗ ਕਰਦਾ ਹੈ ਕਿ ਫਿਲਮਾਂ, ਨਾਟਕਾਂ ਅਤੇ ਟੀ।ਵੀ ਸੀਰੀਅਲਾਂ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਮਜ਼ਾਕੀਆ ਲਹਿਜੇ ਵਿੱਚ ਪੇਸ਼ ਕਰਨ ਤੋਂ ਰੋਕਣ ਲਈ ਫਿਲਮ ਸੈਂਸਰ ਬੋਰਡ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਇੱਕ ਨੁਮਾਇੰਦੇ ਨੂੰ ਪੱਕੇ ਤੌਰ ਤੇ ਸ਼ਾਮਿਲ ਕੀਤਾ ਜਾਵੇ।
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਭਾਰਤ ਸਰਕਾਰ ਰਾਹੀਂ ਬੰਗਲਾਦੇਸ਼ ਦੀ ਸਰਕਾਰ ਪਾਸੋਂ ਮੰਗ ਕਰਦਾ ਹੈ ਕਿ 1947 ਵਿੱਚ ਭਾਰਤ ਦੀ ਵੰਡ ਸਮੇਂ ਸਿੱਖ ਧਰਮ ਨਾਲ ਸਬੰਧਤ ਬਹੁਤ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਪੁਰਬੀ ਅਤੇ ਪੱਛਮੀ ਪਾਕਿਸਤਾਨ ਵਿੱਚ ਚਲੇ ਗਏ ਸਨ।ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਆਪਸੀ ਸਮਝੌਤੇ ਤਹਿਤ ਇਨ੍ਹਾਂ ਗੁਰਦੁਆਰਿਆਂ ਦੀ ਸਾਂਭ-ਸੰਭਾਲ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਦਿੱਤਾ ਗਿਆ ਸੀ। 1971 ਵਿੱਚ ਪਾਕਿਸਤਾਨ ਦੀ ਵੰਡ ਉਪਰੰਤ ਪੂਰਬੀ ਪਾਕਿਸਤਾਨ ਦਾ ਹਿੱਸਾ ਨਵੇਂ ਦੇਸ਼ ਬੰਗਲਾਦੇਸ਼ ਵਜੋਂ ਹੋਦ ਵਿੱਚ ਆਇਆ।ਬੰਗਲਾਦੇਸ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਬਹੁਤ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਮੌਜੂਦ ਹਨ।ਇਸ ਸਮੇਂ ਸਹੀ ਤੌਰ ਤੇ ਸਾਂਭ-ਸੰਭਾਲ ਨਾ ਹੋਣ ਕਾਰਨ ਇਹਨਾਂ ਗੁਰਦੁਆਰਾ ਸਾਹਿਬਾਨ ਦੀ ਹਾਲਤ ਬਹੁਤ ਖਸਤਾ ਹੈ।ਖ਼ਾਸ ਕਰਕੇ ਧਰਮ ਦੀ ਅਜ਼ਾਦੀ ਵਾਸਤੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਾਰ ਜੀ ਨਾਲ ਸਬੰਧਤ ਗੁਰਦੁਆਰਾ ਸੰਗਤ ਟੋਲਾ ਢਾਕਾ ਦੀ ਹਾਲਤ ਬਹੁਤ ਤਰਸਯੋਗ ਹੈ।ਅੱਜ ਦਾ ਇਹ ਇਜਲਾਸ ਭਾਰਤ ਸਰਕਾਰ ਅਤੇ ਬੰਗਲਾ ਦੇਸ਼ ਸਰਕਾਰ ਪਾਸੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਬੰਗਲਾਦੇਸ਼ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਦਿੱਤਾ ਜਾਵੇ ਅਤੇ ਪਾਕਿਸਤਾਨ ਦੀ ਤਰਜ਼ ਤੇ ਬੰਗਲਾ ਦੇਸ਼ ਵਿਚਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਵਾਸਤੇ ਸਿੱਖ ਜੱਥੇ ਭੇਜਣ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਦਿੱਤਾ ਜਾਵੇ।
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਆਈ। ਸੀ। ਐੱਸ। ਸੀ ਅਤੇ ਸੀ। ਬੀ। ਐੱਸ। ਈ ਦੇ ਸਿਲੇਬਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਗਲਤ ਤਰੀਕੇ ਨਾਲ ਲਿਖਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਪੰਜਾਬ ਅਤੇ ਭਾਰਤ ਸਰਕਾਰ ਪਾਸੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ, ਸੀ।ਬੀ।ਐਸ।ਈ।, ਅਤੇ ਐੱਨ।ਸੀ।ਈ।ਆਰ।ਟੀ ਦੀਆਂ ਕਿਤਾਬਾਂ ਲਿਖਣ ਵਾਲੇ ਪੈਨਲ ਵਿੱਚ ਪੱਕੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਨੁਮਾਇੰਦਾ ਸ਼ਾਮਿਲ ਕੀਤਾ ਜਾਵੇ।
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਮਹਿਸੂਸ ਕਰਦਾ ਹੈ ਕਿ ਸਿੱਖਾਂ ਨੂੰ ਵਿਦੇਸ਼ਾਂ ਵਿਚ ਦਰਪੇਸ਼ ਵੱਖ-ਵੱਖ ਮਸਲਿਆਂ ਵਿਸ਼ੇਸ਼ ਕਰਕੇ ਏਅਰਪੋਰਟਾਂ ‘ਤੇ ਸੁਰੱਖਿਆ ਦੀ ਆੜ ‘ਚ ਦਸਤਾਰ ਜ਼ਬਰੀ ਉਤਾਰਨ, ਸਿੱਖਾਂ ਦੀ ਵਿਲੱਖਣ ਪਹਿਚਾਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਵਰਗੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਹੁਣ ਤੀਕ ਕੋਈ ਠੋਸ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਸਿੱਖਾਂ ‘ਚ ਨਿਰਾਸ਼ਾ ਦਾ ਆਲਮ ਹੈ।ਏਅਰਪੋਰਟਸ ਉੱਪਰ ਸਿੱਖਾਂ ਦੀਆਂ ਜ਼ਬਰੀ ਦਸਤਾਰਾਂ ਉਤਾਰੇ ਜਾਣ ਦੀਆਂ ਘਟਨਾਵਾਂ ਨੇ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ।ਘੱਟ ਗਿਣਤੀ ਸਿੱਖ ਸੰਸਾਰ ਦੇ ਜਿਸ ਵੀ ਦੇਸ਼ ‘ਚ ਵੱਸੇ ਆਪਣੇ ਉਦਮੀ ਤੇ ਮੇਹਨਤੀ ਸੁਭਾਅ ਸਦਕਾ ਉਸ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ‘ਚ ਵੱਡਾ ਯੋਗਦਾਨ ਪਾਇਆ ਪਰ ਉਨ੍ਹਾਂ ਦੇ ਧਾਰਮਿਕ ਮਸਲਿਆਂ ‘ਚ ਦਖ਼ਲ ਅੰਦਾਜ਼ੀ ਜਿਥੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਦੇ ਤੁਲ ਹੈ ਉਥੇ ਮਨੁੱਖੀ ਅਧਿਕਾਰਾਂ ਦੀ ਸਰਾ-ਸਰ ਉਲੰਘਣਾ ਵੀ ਹੈ।ਕਿਸੇ ਦੂਜੇ ਦੇਸ਼ ਵਲੋਂ ਸੁਰੱਖਿਆ ਦੀ ਆੜ ‘ਚ ਦਸਤਾਰ ਜ਼ਬਰੀ ਉਤਾਰ ਕੇ ਅਪਮਾਨਤ ਕੀਤਾ ਜਾਵੇ ਤਾਂ ਆਪਣੇ ਦੇਸ਼ ਦੀ ਸਰਕਾਰ ਉਸ ਦਾ ਨੋਟਿਸ ਵੀ ਨਾ ਲਵੇ, ਇਸ ਤੋਂ ਦੁਖਦਾਈ ਹੋਰ ਕੀ ਹੋ ਸਕਦਾ ਹੈ? ਵਰਤਮਾਨ ਸਮੇਂ ਵੀ ਸੁਰੱਖਿਆ ਦੀ ਆੜ ‘ਚ ਦਸਤਾਰ ਜ਼ਬਰੀ ਉਤਾਰੇ ਜਾਣ, ਕਿਧਰੇ ਕ੍ਰਿਪਾਨ ‘ਤੇ ਪਾਬੰਦੀ, ਸਿੱਖ ਸਭਿਆਚਾਰ ਤੇ ਧਾਰਮਿਕ ਮਰਯਾਦਾ ਨਾਲ ਸਬੰਧਤ ਸਿੱਖਾਂ ਨੂੰ ਕਈ ਮੁਸ਼ਕਲਾਂ ਦਰਪੇਸ਼ ਹਨ।ਜਦ ਕਦੀ ਵੀ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਸਿੱਖਾਂ ਨਾਲ ਅਜਿਹੀ ਬਦਸਲੂਕੀ ਦੀ ਘਟਨਾਂ ਵਾਪਰੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਉਸੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੇ ਗ੍ਰਹਿ ਮੰਤਰੀ ਦੇ ਨੋਟਿਸ ਵਿਚ ਲਿਆਂਦੀ ਗਈ ਪਰ ਇਸ ਦੇ ਬਾਵਜੂਦ ਵੀ ਕਿਸੇ ਵੀ ਪੱਧਰ ‘ਤੇ ਅਵਾਜ਼ ਬੁਲੰਦ ਕੀਤੇ ਜਾਣ ਜਾਂ ਡਿਪਲੋਮੈਟਿਕ ਪੱਧਰ ‘ਤੇ ਕੀਤੀ ਕਾਰਵਾਈ ਸਾਹਮਣੇ ਨਹੀਂ ਆਈ। ਜਿਸ ਕਾਰਨ ਦੁਨੀਆਂ ਦੇ ਕੋਨੇ-ਕੋਨੇ ਵਿਚ ਵਸਦੇ ਸਿੱਖਾਂ ਵਿਚ ਰੋਹ ਤੇ ਗੁੱਸਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਇਹ ਇਜਲਾਸ ਭਾਰਤ ਸਰਕਾਰ ਤੋਂ ਮੰਗ ਕਰਦਾ ਹੈ ਕਿ ਉਹ ਘੱਟ ਗਿਣਤੀ ਸਿੱਖਾਂ ਦੇ ਧਾਰਮਿਕ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਤੇ ਸਿੱਖਾਂ ਦੇ ਸਵੈਮਾਣ ਨੂੰ ਬਹਾਲ ਰੱਖਣ ਲਈ ਸੁਹਿਰਦਤਾ ਨਾਲ ਯਤਨਸ਼ੀਲ ਹੋਵੇ ਤਾਂ ਜੋ ਘੱਟ ਗਿਣਤੀ ਸਿੱਖਾਂ ‘ਚ ਬੇਗਾਨਗੀ ਨਾਂ ਪਨਪੇ।”
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਸਿੱਖ ਕੌਮ ਨਾਲ ਸਬੰਧਤ ਯਾਦਗਾਰਾਂ, ਸਿੱਖੀ ਵਿਰਾਸਤ ਦੀ ਸਾਂਭ-ਸੰਭਾਲ ਅਤੇ ਇਸ ਪ੍ਰਤੀ ਸਮਾਜ ਵਿੱਚ ਚੇਤਨਾ ਪੈਦਾ ਕਰਨ ਲਈ ਸ੍ਰ. ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਅਤੇ ਸ੍ਰ. ਸੁਖਬੀਰ ਸਿੰਘ ਜੀ ਬਾਦਲ ਉਪ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕਰਦਾ ਹੈ।
ਮਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 71 (1) ਅਨੁਸਾਰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਗਠਿਤ ਕਰਨ ਲਈ ਨਿਯਮਾਂ ਅਨੁਸਾਰ ਸਿੱਖੀ ਰਹਿਤ ਬਹਿਤ ਵਾਲੇ ਨਾਮਵਰ ਵਕੀਲਾਂ ਦਾ ਪੈਨਲ ਸਰਕਾਰ ਨੂੰ ਭੇਜਣ ਲਈ ਪ੍ਰਧਾਨ ਸਾਹਿਬ ਸ਼੍ਰੋਮਣੀ ਗੁ:ਪ੍ਰ:ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਅਧਿਕਾਰ ਦਿੰਦਾ ਹੈ।
ਉਪਰੋਕਤ ਪੇਸ਼ ਕੀਤੇ ਗਏ ਮਤਿਆਂ ਨੂੰ ਸਮੁੱਚੇ ਹਾਊਸ ਨੇ ਜੈਕਾਰਿਆਂ ਦੀ ਗੂੰਜ ‘ਚ ਪ੍ਰਵਾਨਗੀ ਦਿੱਤੀ।ਇਸ ਜਨਰਲ ਇਜਲਾਸ ਵਿੱਚ ਵੱਖ-ਵੱਖ ਹਲਕਿਆਂ ਤੋਂ 155 ਮੈਂਬਰ ਹਾਜ਼ਰ ਹੋਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਾਰਾ ਪ੍ਰਬੰਧਕ ਕਮੇਟੀ ਦਾ ਨਵਾਂ ਹਾਊਸ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਟਕਸਾਲਾਂ, ਸੰਤਾਂ ਮਹਾਪੁਰਸ਼ਾਂ ਅਤੇ ਨਿਹੰਗ ਸਿੰਘ ਦਲਾਂ ਆਦਿ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰੇਗਾ।ਉਨ੍ਹਾਂ ਕਿਹਾ ਕਿ ਨਵੇਂ ਹਾਊਸ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਹੋਰ ਵੀ ਸੁਚਾਰੂ ਬਨਾਉਣ ਲਈ ਯਤਨ ਕੀਤੇ ਜਾਣਗੇ ਅਤੇ ਇਸ ਦੇ ਨਾਲ-ਨਾਲ ਐਜੂਕੇਸ਼ਨ ਅਤੇ ਮੈਡੀਕਲ ਦੇ ਖੇਤਰ ਵਿੱਚ ਹੋਰ ਨਵੀਆਂ ਪੁਲਾਂਘਾਂ ਪੁੱਟਣ ਦੇ ਨਾਲ-ਨਾਲ ਇਸ ਵਿੱਚ ਸੁਧਾਰ ਲਿਆਂਦਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਥ ਨੂੰ ਦਰਪੇਸ਼ ਹਰ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਰਲੀਕਰਨ ਕੀਤਾ ਜਾਵੇਗਾ।ਇਸ ਉਪਰੰਤ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਗਏ।ਜਿੱਥੇ ਉਨ੍ਹਾਂ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਾਜਨੀਤਕ ਸਖ਼ਸ਼ੀਅਤਾਂ ਦੇ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ, ਸਕੱਤਰ, ਵਧੀਕ ਸਕੱਤਰ, ਮੀਤ ਸਕੱਤਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।