ਫ਼ਤਹਿਗੜ੍ਹ ਸਾਹਿਬ – “ਪੰਜਾਬ ਦੇ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਰਾਹੀ ਵਹਿੰਦੇ ਪਾਣੀਆਂ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਸੂਬੇ ਦਾ ਹੀ ਹੱਕ ਤੇ ਅਧਿਕਾਰ ਹੈ । ਜੋ ਸੁਪਰੀਮ ਕੋਰਟ ਭਾਰਤ ਨੇ ਪਾਣੀਆਂ ਬਾਰੇ ਤਾਜਾ ਫੈਸਲਾ ਦਿੱਤਾ ਹੈ, ਇਹ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਨ ਦੇ ਨਾਲ-ਨਾਲ ਪੰਜਾਬ ਸੂਬੇ ਤੇ ਪੰਜਾਬੀਆਂ ਨਾਲ ਵੱਡਾ ਧ੍ਰੋਹ ਕਮਾਉਣ ਵਾਲੇ ਅਮਲ ਹਨ । ਇਸ ਲਈ ਪੰਜਾਬ ਨਿਵਾਸੀ ਸੁਪਰੀਮ ਕੋਰਟ ਦੇ ਆਏ ਤਾਨਾਸ਼ਾਹੀ ਫੈਸਲੇ ਨੂੰ ਮੰਨਣ ਦੇ ਬਿਲਕੁਲ ਵੀ ਪਾਬੰਦ ਨਹੀਂ ਹਨ । ਬਲਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਇਕ ਵੀ ਬੂੰਦ ਦੂਸਰੇ ਕਿਸੇ ਗੁਆਂਢੀ ਸੂਬੇ ਨੂੰ ਨਹੀਂ ਜਾਣ ਦਿੱਤੀ ਜਾਵੇਗੀ । ਜੇਕਰ ਸੈਟਰ ਦੀ ਹਕੂਮਤ ਨੇ ਇਸ ਦਿਸ਼ਾ ਵੱਲ ਕਿਸੇ ਸਖ਼ਤੀ ਜਾਂ ਤਾਕਤ ਦੀ ਦੁਰਵਰਤੋ ਕਰਨ ਦੀ ਕੋਸਿ਼ਸ਼ ਕੀਤੀ ਤਾਂ ਹਰ ਪੰਜਾਬੀ ਵਿਸ਼ੇਸ਼ ਤੌਰ ਤੇ ਜਿੰਮੀਦਾਰ ਤੇ ਸਿੱਖ ਕੌਮ ਇਸਦਾ ਡੱਟਕੇ ਵਿਰੋਧ ਵੀ ਕਰੇਗੀ ਅਤੇ ਅਗਲੇਰਾ ਸਖ਼ਤ ਐਕਸ਼ਨ ਲੈਣ ਲਈ ਮਜ਼ਬੂਰ ਹੋਵੇਗੀ । ਜਿਸ ਦੇ ਨਤੀਜਿਆ ਲਈ ਮੁਤੱਸਵੀ ਸੋਚ ਵਾਲੇ ਸੁਪਰੀਮ ਕੋਰਟ ਦੇ ਜੱਜ, ਮੋਦੀ ਹਕੂਮਤ ਅਤੇ ਬਾਦਲ ਹਕੂਮਤ ਜਿੰਮੇਵਾਰ ਹੋਣਗੀਆ । ਕਿਉਂਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਮਰਹੂਮ ਦੇਵੀ ਲਾਲ ਤੋ ਕਰੋੜਾਂ ਰੁਪਏ ਪ੍ਰਾਪਤ ਕਰਕੇ, ਇਵਜਾਨੇ ਵਿਚ ਕੌਡੀਆਂ ਦੇ ਭਾਅ ਆਪਣੇ ਔਰਬਿਟ ਹੋਟਲ ਲਈ ਜ਼ਮੀਨ ਪ੍ਰਾਪਤ ਕਰਕੇ ਹੀ ਹਰਿਆਣੇ ਨੂੰ ਪੰਜਾਬ ਦੇ ਕੀਮਤੀ ਪਾਣੀ ਦੇਣ ਦਾ ਸੌਦਾ ਕੀਤਾ ਸੀ। ਇਸੇ ਤਰ੍ਹਾਂ ਮਰਹੂਮ ਇੰਦਰਾ ਗਾਂਧੀ ਨੇ 8 ਅਪ੍ਰੈਲ 1982 ਨੂੰ ਐਸ.ਵਾਈ.ਐਲ ਦੀ ਨੀਂਹ ਰੱਖਕੇ ਪੰਜਾਬੀਆਂ ਅਤੇ ਸਿੱਖਾਂ ਨੂੰ ਦਬਾਉਣ ਤੇ ਪੰਜਾਬ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਇਆ ਸੀ । ਕਪੂਰੀ ਵਿਖੇ ਐਸ.ਵਾਈ.ਐਲ ਦਾ ਨੀਂਹ ਰੱਖਣ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਇਸਦਾ ਸਵਾਗਤ ਕਰਨ ਵਾਲਿਆ ਵਿਚ ਮੋਹਰੀ ਸਨ । ਇਸ ਲਈ ਜੇਕਰ ਅੱਜ ਸੁਪਰੀਮ ਕੋਰਟ ਨੇ ਪੰਜਾਬ ਵਿਰੋਧੀ ਫੈਸਲਾ ਦਿੱਤਾ ਹੈ, ਉਸ ਲਈ ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਜਮਾਤ, ਬੀਜੇਪੀ ਜਮਾਤ ਅਤੇ ਮੁਤੱਸਵੀ ਪੰਜਾਬ ਵਿਰੋਧੀ ਸੰਗਠਨ ਜਿੰਮੇਵਾਰ ਹਨ । ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੇ ਕੇਸ ਦੀ ਰੀਪੇਰੀਅਨ ਕਾਨੂੰਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਹੀ ਪੈਰਵੀ ਨਹੀਂ ਕੀਤੀ ਅਤੇ ਪਾਣੀਆਂ ਦੇ ਬਿਨ੍ਹਾਂ ਤੇ ਸਿਆਸੀ ਤੇ ਮਾਲੀ ਸੌਦੇਬਾਜੀਆਂ ਕਰਦੇ ਆ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਪਰੀਮ ਕੋਰਟ ਦੇ ਆਏ ਪੰਜਾਬ ਵਿਰੋਧੀ ਫੈਸਲੇ ਨੂੰ ਬਿਲਕੁਲ ਵੀ ਪ੍ਰਵਾਨ ਨਾ ਕਰਨ ਅਤੇ ਇਸ ਲਈ ਉਪਰੋਕਤ ਪੰਜਾਬ ਵਿਰੋਧੀ ਜਮਾਤਾਂ ਕਾਂਗਰਸ, ਬਾਦਲ ਦਲ, ਬੀਜੇਪੀ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਐਸ.ਵਾਈ.ਐਲ ਨਹਿਰ ਰਾਹੀ ਪੰਜਾਬ ਦੇ ਪਾਣੀਆਂ ਨੂੰ ਜਾਣ ਤੋਂ ਰੋਕਣ ਦੇ ਕੋਈ ਸੁਹਿਰਦ ਉਦਮ ਹੋਏ ਹਨ ਜਾਂ ਉਸ ਲਈ ਕੁਰਬਾਨੀਆਂ ਕੀਤੀਆਂ ਹਨ, ਉਹ ਪੰਜਾਬ ਦੇ ਸਿੱਖ ਨੌਜ਼ਵਾਨਾਂ ਨੇ ਕੀਤੇ ਹਨ । ਸ. ਬਾਦਲ, ਕੈਪਟਨ ਅਮਰਿੰਦਰ ਸਿੰਘ ਆਦਿ ਆਗੂ ਤਾਂ ਆਪੋ-ਆਪਣੇ ਸਵਾਰਥੀ ਤੇ ਸਿਆਸੀ ਹਿੱਤਾ ਲਈ ਪੰਜਾਬ ਵਿਰੋਧੀ ਹੋਣ ਵਾਲੇ ਫੈਸਲਿਆ ਵਿਚ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੀ ਨੀਤੀ ਤੇ ਅਮਲ ਕਰਦੇ ਆ ਰਹੇ ਹਨ । ਅੱਜ ਬਾਦਲ ਵੱਲੋ ਕੈਬਨਿਟ ਦੀ ਮੀਟਿੰਗ ਸੱਦਣ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਤੋ ਅਸਤੀਫ਼ਾ ਦੇਣ ਅਤੇ ਪੰਜਾਬ ਦੇ ਕਾਂਗਰਸੀ ਐਮ.ਐਲ.ਏਜ਼ ਵੱਲੋਂ ਅਸਤੀਫ਼ੇ ਦੇਣ ਦੇ ਅਮਲ ਕੇਵਲ ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਮਗਰਮੱਛ ਦੇ ਹੰਝੂ ਵਹਾਏ ਜਾ ਰਹੇ ਹਨ । ਜਦੋਂਕਿ ਸ. ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਕਾਂਗਰਸ ਜਮਾਤ ਅਤੇ ਬੀਜੇਪੀ ਜਮਾਤ ਨੇ ਪਾਣੀਆਂ ਸੰਬੰਧੀ ਕਦੀ ਵੀ ਸਪੱਸਟ ਸਟੈਂਡ ਨਹੀਂ ਲਿਆ । ਬਲਕਿ ਸੈਟਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੇ ਅਮਲਾਂ ਲਈ ਹਾਮੀਆ ਭਰਦੇ ਰਹੇ ਹਨ । ਉਹਨਾਂ ਕਿਹਾ ਕਿ ਸ. ਬਾਦਲ ਵੱਲੋਂ ਇਹ ਕਹਿਣਾ ਕਿ ਐਸ.ਵਾਈ.ਐਲ ਦੀ ਜਮੀਨ ਜੋ ਪੰਜਾਬ ਦੇ ਜਿੰਮੀਦਾਰਾਂ ਤੋ ਅਕਵਾਇਰ ਕੀਤੀ ਗਈ ਸੀ, ਉਹ ਜਿੰਮੀਦਾਰਾਂ ਨੂੰ ਵਾਪਸ ਕਰ ਦਿੱਤੀ ਗਈ ਹੈ, ਬਿਲਕੁਲ ਝੂਠ ਅਤੇ ਗੁੰਮਰਾਹਕੁੰਨ ਬਿਆਨਬਾਜੀ ਹੈ । ਜਦੋਂਕਿ ਜ਼ਮੀਨ ਵਾਪਸੀ ਦਾ ਕੇਸ ਤਾਂ ਅਜੇ ਅਦਾਲਤ ਵਿਚ ਪੈਡਿੰਗ ਪਿਆ ਹੈ । ਸ. ਬਾਦਲ ਵੱਲੋ ਫਿਰ ਇਹ ਜਮੀਨਾਂ ਕਿਸ ਰੂਪ ਵਿਚ ਵਾਪਸ ਕੀਤੀਆ ਗਈਆ ਹਨ ?
ਸ. ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਨਾ ਤਾਂ ਸ. ਪ੍ਰਕਾਸ਼ ਸਿੰਘ ਬਾਦਲ, ਨਾ ਕੈਪਟਨ ਅਮਰਿੰਦਰ ਸਿੰਘ, ਨਾ ਸ੍ਰੀ ਕੇਜਰੀਵਾਲ ਜਾਂ ਕੋਈ ਹੋਰ ਪੰਜਾਬ ਦੇ ਤਾਨਾਸ਼ਾਹੀ ਅਮਲਾਂ ਅਧੀਨ ਖੋਹੇ ਗਏ ਹੱਕਾਂ, ਜਿਵੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਹੈੱਡਵਰਕਸ, ਪੰਜਾਬ ਦੇ ਦਰਿਆਵਾਂ ਸਤਲੁਜ, ਰਾਵੀ, ਬਿਆਸ ਦੇ ਪਾਣੀਆਂ ਦਾ ਰੀਪੇਰੀਅਨ ਕਾਨੂੰਨ ਅਨੁਸਾਰ ਹੱਲ, ਪੰਜਾਬੀ ਬੋਲੀ ਨੂੰ ਅਮਲੀ ਰੂਪ ਵਿਚ ਲਾਗੂ ਕਰਨ, ਪੰਜਾਬ ਦੇ ਜਿੰਮੀਦਾਰਾਂ ਦੇ ਹੱਕ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਦੇ ਹੱਕਾਂ ਦੀ ਰਖਵਾਲੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਹੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਕਰ ਸਕਦੀਆ ਹਨ । ਜਿਨ੍ਹਾਂ ਉਪਰੋਕਤ ਆਗੂਆਂ ਨੇ ਆਪਣੇ ਦਿੱਲੀ ਦੇ ਆਕਾਵਾਂ ਜਾਂ ਨਾਗਪੁਰ ਦੇ ਹੈੱਡਕੁਆਟਰ ਤੋਂ ਆਦੇਸ਼ ਲੈਕੇ ਪੰਜਾਬ ਵਿਚ ਗੈਰ-ਇਖ਼ਲਾਕੀ ਤੇ ਗੰਧਲੀ ਰਾਜਨੀਤੀ ਕਰਨੀ ਹੈ ਅਤੇ ਪੰਜਾਬ ਨੂੰ ਹਰ ਪੱਖੋ ਕੰਮਜੋਰ ਕਰਨ ਦੇ ਅਮਲ ਕਰਨੇ ਹਨ, ਉਹ ਆਗੂ ਤੇ ਜਮਾਤਾਂ ਕਤਈ ਵੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਕਰਨ ਦੀ ਅਤੇ ਪੰਜਾਬ ਨਾਲ ਸੰਬੰਧਤ ਮਸਲਿਆ ਨੂੰ ਹੱਲ ਕਰਨ ਦੀ ਸਮਰੱਥਾਂ ਹੀ ਨਹੀਂ ਰੱਖਦੇ । ਇਸ ਲਈ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਉਣ ਵਾਲੀਆਂ 2017 ਦੀਆਂ ਪੰਜਾਬ ਅਸੈਬਲੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਹੋਰ ਆਉਣ ਵਾਲੇ ਦਿਨਾਂ ਵਿਚ ਸਾਡੀ ਸੋਚ ਨਾਲ ਖੜ੍ਹਕੇ ਪੰਜਾਬ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਜਿਤਾਕੇ ਨਿਰੋਲ ਖ਼ਾਲਸਾਈ ਸਰਕਾਰ ਕਾਇਮ ਕਰਨ ਵਿਚ ਯੋਗਦਾਨ ਪਾਉਣ । ਅਸੀਂ ਸਮੁੱਚੇ ਪੰਜਾਬੀਆਂ ਨਾਲ ਇਹ ਗੁਰੂ ਸਾਹਿਬ ਨੂੰ ਹਾਜਰ-ਨਾਜਰ ਸਮਝਕੇ ਇਹ ਬਚਨ ਕਰਦੇ ਹਾਂ ਕਿ ਕਿਸੇ ਵੀ ਪੰਜਾਬ ਨਿਵਾਸੀ, ਧਰਮ, ਕੌਮ, ਫਿਰਕੇ ਜਾਂ ਇਨਸਾਨ ਨਾਲ ਖ਼ਾਲਸਾਈ ਸਰਕਾਰ ਵਿਚ ਕੋਈ ਰਤੀਭਰ ਵੀ ਵਧੀਕੀ ਜਾਂ ਬੇਇਨਸਾਫ਼ੀ ਨਹੀਂ ਹੋਵੇਗੀ, ਬੇਰੁਜ਼ਗਾਰੀ, ਰਿਸਵਤਖੋਰੀ, ਚੋਰ-ਬਜ਼ਾਰੀ, ਮਿਲਾਵਟਖੋਰੀ ਵਰਗੀਆਂ ਸਮਾਜਿਕ ਬੀਮਾਰੀਆਂ ਦਾ ਨਾਮੋ-ਨਿਸ਼ਾਨ ਨਹੀਂ ਰਹਿਣ ਦਿੱਤਾ ਜਾਵੇਗਾ । ਸਭਨਾਂ ਨੂੰ ਬਰਾਬਰ ਦੇ ਮੌਕੇ ਅਤੇ ਵਿਧਾਨਿਕ ਹੱਕ ਪ੍ਰਦਾਨ ਹੋਣਗੇ । ਅਮਨ-ਚੈਨ ਅਤੇ ਜਮਹੂਰੀਅਤ ਦੀ ਉੱਚੀ ਬੰਸਰੀ ਵੱਜੇਗੀ । ਹਰ ਇਨਸਾਨ ਆਤਮਿਕ ਪੱਖੋ ਖੁਸ਼ੀ ਮਹਿਸੂਸ ਕਰੇਗਾ ਅਤੇ ਵੱਧੇ-ਫੁੱਲੇਗਾ ।