ਅੰਮ੍ਰਿਤਸਰ – ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ, ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਵਿਖੇ ਅਲੌਕਿਕ ਜਲੌ ਸਜਾਏ ਗਏ।
ਸ. ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ ਨੇ ਕਿਹਾ ਕਿ ਜਦੋਂ ਧਰਤੀ ਤੋਂ ਲੋਕ ਧਰਮ ਤੇ ਸ਼ਰਮ ਭੁਲਾ ਦਿੰਦੇ ਨੇ ਤਾਂ ਅਕਾਲ ਪੁਰਖ ਆਪਣੇ ਦਰ ਤੋਂ ਵਰੋਸਾਈ ਹੋਈ ਕਿਸੇ ਆਤਮਾ ਨੂੰ ਧਰਤੀ ‘ਤੇ ਧਰਮ ਦਾ ਪ੍ਰਕਾਸ਼ ਕਰਨ ਲਈ ਭੇਜਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਸਾਰੀ ਲੋਕਾਈ ਪਾਪ ਤੇ ਜ਼ੁਲਮ ਦੀ ਗ੍ਰਿਫਤ ਵਿਚ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਹਰ ਧਰਮ, ਜਾਤ-ਪਾਤ, ਵਰਣ, ਮਜ਼੍ਹਬ, ਰੂਪ-ਰੰਗ ਦੇ ਲੋਕਾਂ ਦੇ ਉਦਾਰ ਲਈ ਸਿੱਖਿਆਵਾਂ ਦੀਆਂ ਛਹਿਬਰਾਂ ਲਾਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਿੱਤੀ ‘ਵੰਡ ਛਕਣ’ ਦੀ ਸਿੱਖਿਆ ਸਦਕਾ ਹੀ ਅੱਜ ਸਿੱਖ ਕੌਮ ਵੱਲੋਂ ਲਗਾਏ ਜਾ ਰਹੇ ਅਤੁੱਟ ਲੰਗਰਾਂ ਵਿਚ ਹਰ ਧਰਮ, ਜਾਤ-ਪਾਤ ਦੇ ਲੋਕ ਬਿਨਾਂ ਕਿਸੇ ਭੇਦ ਭਾਵ ਦੇ ਆਪਣਾ ਪੇਟ ਭਰ ਰਹੇ ਹਨ। ਉਨ੍ਹਾਂ ਨੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਅਤੇ ਮਨਮੋਹਕ ਆਤਿਸ਼ਬਾਜੀ ਵੀ ਕੀਤੀ ਗਈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਵੇਰੇ ਮੁੱਖਵਾਕ ਦੀ ਕਥਾ ਉਪਰੰਤ ਸਕੂਲੀ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਸੇ ਹੀ ਅਸਥਾਨ ਤੇ ਰਾਤ ੭ ਤੋਂ ੯ ਵਜੇ ਤੀਕ ਕੀਰਤਨ ਹੋਇਆ ਜਿਸ ਵਿੱਚ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਰਾਤ ੯:੦੦ ਵਜੇ ਕਵੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉੱਚ ਕੋਟੀ ਦੇ ਕਵੀ-ਜਨਾਂ ਨੇ ਹਿੱਸਾ ਲਿਆ।