ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਸਈਅਦ ਅਲੀ ਸ਼ਾਹ ਦੀ ਭਾਸ਼ਾ ਬੋਲਦੇ ਹੋਏ ਕਿਹਾ ਕਿ ਕਸ਼ਮੀਰ ਨਾ ਕਦੇ ਭਾਰਤ ਦਾ ਅਨਿਖੜਵਾਂ ਅੰਗ ਸੀ ਅਤੇ ਨਾ ਹੀ ਕਦੇ ਹੋਵੇਗਾ। ਫਾਰੂਕ ਨੇ ਇਹ ਸ਼ਬਦ ਪਾਰਟੀ ਵਰਕਰਾਂ ਨੂੰ ਇੱਕ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕਹੇ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਨੇ ਕਦੇ ਵੀ ਕਸ਼ਮੀਰੀਆਂ ਤੇ ਭਰੋਸਾ ਨਹੀਂ ਕੀਤਾ ਅਤੇ ਨਾ ਹੀ ਉਹ ਕਦੇ ਕਸ਼ਮੀਰ ਦੀ ਸਮੱਸਿਆ ਨੂੰ ਸਵੀਕਾਰ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਦਿੱਲੀ ਨੇ ਕਸ਼ਮੀਰ ਨਾਲ ਕਿਹੋ ਜਿਹਾ ਵਰਤਾਰਾ ਕੀਤਾ ਹੈ। ਇਸ ਲਈ ਹੀ ਉਹ ਸੜਕਾਂ ਤੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਪ੍ਰਧਾਨਮੰਤਰੀ ਮੋਦੀ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ ਹੈ, ਪਰ ਮੋਦੀ ਅਤੇ ਉਸ ਦੀ ਪਾਰਟੀ ਧਾਰਾ 370 ਨੂੰ ਸਮਾਪਤ ਕਰਨਾ ਚਾਹੁੰਦੀ ਤਾਂ ਜੋ ਕਸ਼ਮੀਰ ਪੂਰੀ ਤਰ੍ਹਾਂ ਨਾਲ ਭਾਰਤ ਦਾ ਹਿੱਸਾ ਬਣ ਜਾਵੇ, ਪਰ ਨੇਕਾਂ ਦੇ ਰਹਿੰਦੇ ਹੋਏ ਇਹ ਸੰਭਵ ਨਹੀਂ ਹੈ।
ਫਾਰੂਕ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਆਪਣੇ ਅਧਿਕਾਰਾਂ ਨੂੰ ਖੋਹਣ ਜਾਂ ਖਿਲਵਾੜ ਕਰਨ ਦਾ ਅਵਸਰ ਨਹੀਂ ਦੇਣਗੇ। ਉਨ੍ਹਾਂ ਨੇ ਸੰਘ ਮੁੱਖੀ ਭਾਗਵਤ ਦੇ ਬਿਆਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਭਾਗਵਤ ਨੇ ਕਾਨੂੰਨ ਦੇ ਖਿਲਾਫ਼ ਗੱਲ ਕੀਤੀ ਹੈ, ਇਸ ਲਈ ਉਸ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਸੰਵਿਧਾਨ ਅਨੁਸਾਰ ਭਾਰਤ ਇੱਕ ਹਿੰਦੂ ਰਾਸ਼ਟਰ ਨਹੀਂ, ਬਲਿਕ ਇੱਕ ਧਰਮ ਨਿਰਪੱਖ ਰਾਸ਼ਟਰ ਹੈ। ਜੋ ਲੋਕ ਇਸ ਨੂੰ ਹਿੰਦੂ ਰਾਸ਼ਟਰ ਕਹਿ ਰਹੇ ਹਨ, ਉਹ ਭਾਰਤੀ ਸੰਵਿਧਾਨ ਦੇ ਖਿਲਾਫ਼ ਬੋਲ ਰਹੇ ਹਨ ਅਤੇ ਇਸ ਲਈ ਕੇਂਦਰ ਨੂੰ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।