ਨਵੀਂ ਦਿੱਲੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 5 ਜਨਵਰੀ 2017 ਨੂੰ ਆ ਰਹੇ 350ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਤੇ ਮਨਾਉਣ ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿਆਰੀਆਂ ਕਰ ਲਈਆਂ ਹਨ। ਉਕਤ ਦਾਅਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਰਦੇ ਹੋਏ ਕਮੇਟੀ ਵੱਲੋਂ ਇਸ ਸਬੰਧ ਵਿਚ 19 ਨਵੰਬਰ ਨੂੰ ਸੈਂਟ੍ਰਲ ਪਾਰਟ ਕਨਾੱਟ ਪਲੈਸ ਅਤੇ 25 ਤੇ 26 ਨਵੰਬਰ ਨੂੰ ਇੰਡੀਆ ਗੇਟ ਦੇ ਅਗਸਤ ਕ੍ਰਾਂਤੀ ਪਾਰਕ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਜਿਥੇ ਧਾਰਮਿਕ ਆਜਾਦੀ ਦੀ ਪੈਰਵੀ ਕੀਤੀ ਹੈ ਉਥੇ ਹੀ ਲੋਕਾਂ ਨੂੰ ਗੈਰਤ ਨਾਲ ਜੀਣਾ ਸਿੱਖਾ ਕੇ ਸਮਾਜ ਵਿਚ ਉੱਚੇ ਮਾਪਦੰਡ ਸਥਾਪਿਤ ਕੀਤੇ ਸਨ ਜਿਸਦਾ ਪ੍ਰਚਾਰ ਅਤੇ ਪ੍ਰਸਾਰ ਅਤਿ ਜਰੂਰੀ ਹੈ।
ਜੀ.ਕੇ. ਨੇ ਦੱਸਿਆ ਕਿ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਗੁਰੂ ਘਰ ਤੋਂ ਬਾਹਰ ਕੱਢ ਕੇ ਆਮ ਲੋਕਾਂ ਤਕ ਪਹੁੰਚਾਉਣ ਦੀਆਂ ਬੀਤੇ ਚਾਰ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਉਕਤ ਅਸਥਾਨਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੋਸ਼-ਕੌਮ ਪ੍ਰਤੀ ਕੁਰਬਾਨੀਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਪਰ ਗੈਰ ਸਿੱਖਾਂ ਤਕ ਗੁਰੂ ਸਾਹਿਬ ਦੇ ਸੰਤ-ਸਿਪਾਹੀ ਦੇ ਰੂਪ ਨੂੰ ਸਾਹਮਣੇ ਰੱਖਣਾ ਬਹੁਤ ਜਰੂਰੀ ਹੈ। ਕੀਰਤਨ, ਢਾਡੀ ਪ੍ਰਸੰਗ, ਕਵੀ ਦਰਬਾਰ, ਕਥਾ ਦੇ ਨਾਲ ਹੀ ਕਮੇਟੀ ਵੱਲੋਂ ਗੱਤਕਾ ਮੁਕਾਬਲੇ ਅਤੇ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਮਾਣਮਤੇ ਸਿੱਖ ਇਤਿਹਾਸ ਨੂੰ ਸਾਹਮਣੇ ਰੱਖਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਲੜੀ ’ਚ ਜੀ.ਕੇ. ਨੇ ਉਕਤ ਸਮਾਗਮਾਂ ਨੂੰ ਜੋੜਿਆ।
ਉਨ੍ਹਾਂ ਕਿਹਾ ਕਿ ਲਾਲਕਿਲੇ ’ਤੇ ਦਿੱਲੀ ਫਤਹਿ ਦਿਵਸ ਅਤੇ ਕੁਤੁਬ ਮੀਨਾਰ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਦੇ ਮੌਕੇ ਕਮੇਟੀ ਵੱਲੋਂ ਕਰਵਾਏ ਗਏ ਸਮਾਗਮਾਂ ਨੂੰ ਸੰਗਤਾਂ ਵੱਲੋਂ ਮਿਲੇ ਭਰਵੇ ਹੁੰਗਾਰੇ ਦੇ ਨਤੀਜ਼ੇ ਵੱਜੋਂ ਕਮੇਟੀ ਵੱਲੋਂ ਉਕਤ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜੀ.ਕੇ. ਨੇ ਸਿੱਖ ਨੌਜਵਾਨਾਂ ਨੂੰ ਸੈਂਟ੍ਰਲ ਪਾਰਕ ਵਿਖੇ ਪੰਜਾਬੀ ਰੰਗਮੰਚ ਪਟਿਆਲੇ ਵੱਲੋਂ ਤਿਆਰ ਕੀਤੇ ਗਏ ‘‘ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ’’ ਲਾਈਟ ਐਂਡ ਸ਼ਾਉਂਡ ਸੌਂਅ ’ਚ ਆਉਣ ਦਾ ਸੱਦਾ ਦਿੰਦੇ ਹੋਏ ਦਸ਼ਮ ਪਿਤਾ ਦੀ ਦੇਸ਼ ਅਤੇ ਕੌਮ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਨਾ ਵਿਸਾਰਨ ਦਾ ਵੀ ਸੁਨੇਹਾ ਦਿੱਤਾ। ਜੀ.ਕੇ. ਨੇ ਕਿਹਾ ਕਿ ਸੰਗਤਾਂ ਦਾ ਭਰਵਾ ਹੁੰਗਾਰਾ ਪ੍ਰਬੰਧਕਾਂ ਨੂੰ ਕੁਝ ਹੱਟ ਕੇ ਨਵੇਂ ਤਰੀਕੇ ਨਾਲ ਕਰਨ ਦੀ ਪ੍ਰੇਰਣਾ ਕਰਦਾ ਹੈ।