ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲੇ 100 ਦਿਨਾਂ ਦੇ ਕੰਮ ਦਾ ਏਜੰਡਾ ਲੋਕਾਂ ਸਾਹਮਣੇ ਰੱਖਿਆ। ਉਨ੍ਹਾਂ ਨੇ ਆਪਣੇ ਪਹਿਲੇ 100 ਦਿਨਾਂ ਦੇ ਕੰਮ ਕਰਨ ਦੀ ਯੋਜਨਾ ਵਿੱਚ ਵਪਾਰ,ਊਰਜਾ, ਰਾਸ਼ਟਰੀ ਸੁਰੱਖਿਆ ਅਤੇ ਇਮੀਗਰੇਸ਼ਨ ਨੀਤੀ ਤੇ ਖਾਸ ਜੋਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਟਰਾਂਸ ਪੈਸੀਫਿਕ ਡੀਲ ਤੋਂ ਵੱਖ ਹੋਵੇਗਾ, ਇਸ ਡੀਲ ਨਾਲ ਅਮਰੀਕਾ ਨੂੰ ਜਿਆਦਾ ਨੁਕਸਾਨ ਹੋਣ ਦਾ ਖਤਰਾ ਹੈ।
ਟਰੰਪ ਨੇ ਆਪਣੀ 100 ਦਿਨਾਂ ਦੀ ਕੰਮਕਾਰ ਦੀ ਯੋਜਨਾ ਪੇਸ਼ ਕਰਦੇ ਹੋਏ ਕਿਹਾ ਕਿ ਉਹ ਅਮਰੀਕਾ ਨੂੰ ਮਹਾਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਵੱਚਨ-ਬਧ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਅਮਰੀਕਾ ਦੇ ਹਿੱਤ ਸੱਭ ਤੋਂ ਉਪਰ ਹਨ ਅਤੇ ੳਸ ਦੀ ਬੇਹਤਰੀ ਲਈ ਅੂਹ ਹਰ ਸੰਭਵ ਕਦਮ ਉਠਾਉਣਗੇ। ਉਨ੍ਹਾਂ ਅਨੁਸਾਰ ਅਮਰੀਕਾ ਨਾ ਕੇਵਲ ਆਰਥਿਕ ਤੌਰ ਤੇ ਮਜ਼ਬੂਤ ਬਣੇ , ਬਲਿਕ ਆਮ ਅਮਰੀਕੀ ਨਾਗਰਿਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣਗੀਆਂ।
ਉਨ੍ਹਾਂ ਨੇ ਇਮੀਗਰੇਸ਼ਨ ਦੇ ਮੁੱਦੇ ਤੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕਰਨਗੇ। ਇਸ ਸਬੰਧੀ ਉਹ ਜਨਵਰੀ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਦਿਸ਼ਾਨਿਰਦੇਸ਼ ਜਾਰੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਦੀ ਕੀਮਤ ਤੇ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਵਾਇਆ ਜਾ ਸਕਦਾ। ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤੇ ਕਿ ਜੇ ਕੋਈ ਅਧਿਕਾਰੀ ਦੇਸ਼ ਦੇ ਅੰਦਰ ਲਾਬਿੰਗ ਕਰੇਗਾ ਤਾਂ ਉਸ ਉਪਰ ਪੰਜ ਸਾਲ ਦਾ ਪ੍ਰਤੀਬੰਧ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਦੂਸਰੇ ਦੇਸ਼ਾਂ ਦੇ ਲਈ ਲਾਬਿੰਗ ਕਰਨ ਵਾਲਿਆਂ ਦੇ ਖਿਲਾਫ਼ ਆਜੀਵਨ ਪ੍ਰਤੀਬੰਧ ਲਗੇਗਾ।
ਡੋਨਲਡ ਟਰੰਪ ਨੇ ਅਮਰੀਕਾ ਦੀ ਸੁਰੱਖਿਆ ਦੇ ਵੀ ਪੁਖਤਾ ਇੰਤਜਾਮ ਕਰਨ ਦੀ ਵੀ ਗੱਲ ਕੀਤੀ। ਇਸ ਸਿਲਸਿਲੇ ਵਿੱਚ ਅਮਰੀਕੀ ਖੁਫ਼ੀਆ ਏਜੰਸੀ ਅਤੇ ਰੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਹਰ ਤਰ੍ਹਾ ਦੀ ਚੁਣੌਤੀ ਨਾਲ ਨਜਿਠਣ ਲਈ ਅਲੱਰਟ ਰਹਿਣ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ।