ਨਵੀਂ ਦਿੱਲੀ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਰਧ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਦੀ ਦਿਸ਼ਾ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਦਿੱਲ ਕਹੇ ਜਾਂਦੇ ਕਨਾਟ ਪਲੇਸ ਵਿਖੇ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਸੈਂਟਰਲ ਪਾਰਕ ਵਿਚ ਹੋਏ ਸਮਾਗਮ ’ਚ ਦਿੱਲੀ ਕਮੇਟੀ ਦੀ ਢਾਡੀ ਕੌਂਸਿਲ ਨੇ ਢਾਡੀ ਵਾਰਾਂ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੇ ਕੀਰਤਨ, ਕਵੀ ਸਜਣਾਂ ਨੇ ਕਵਿਤਾਵਾਂ, ਸਿੱਖ ਤੇਗ ਮਾਰਸ਼ਲ ਆਰਟ ਅਕੈਡਮੀ ਦੇ ਨੌਜਵਾਨ ਬੱਚੇ-ਬੱਚਿਆਂ ਨੇ ਗਤਕਾ ਅਤੇ ਪੰਜਾਬੀ ਰੰਗਮੰਚ ਪਟਿਆਲਾ ਵੱਲੋਂ ‘‘ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ’’ ਲਾਈਟ ਐਂਡ ਸ਼ੋਅ ਪ੍ਰੋਗਰਾਮ ਦੀ ਪੇਸ਼ਕਾਰੀ ਕਰਕੇ ਗੁਰੂ ਸਾਹਿਬ ਦੀ ਸਮਾਜ ਅਤੇ ਦੇਸ਼ ਪ੍ਰਤੀ ਦੇਣ ਨੂੰ ਯਾਦ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਵੱਲੋਂ 52 ਕਵੀਆਂ ਨੂੰ ਆਪਣੇ ਦਰਬਾਰੀ ਕਵੀਆਂ ਵੱਜੋਂ ਰੱਖਣ ਦੀ ਚਲਾਈ ਗਈ ਪਰੰਪਰਾਂ ਨੂੰ ਸਮਰਪਿਤ ਕਮੇਟੀ ਵੱਲੋਂ ਪਹਿਲੀ ਵਾਰ ਵੱਡੀ ਪੰਥਕ ਸਟੇਜ਼ ’ਤੇ ਕਵੀਆਂ ਨੂੰ ਕਵਿਤਾਵਾਂ ਪੜਨ ਦਾ ਮੌਕਾ ਦਿੱਤਾ ਗਿਆ ਤਾਂਕਿ ਵਿਸਾਰੀ ਜਾ ਰਹੀ ਕੌਮ ਦੀ ਉਕਤ ਅਮੀਰ ਵਿਰਾਸਤ ਨੂੰ ਸੁਰਜੀਤ ਰੱਖਿਆ ਜਾ ਸਕੇ। ਕਵੀ ਦਰਬਾਰ ’ਚ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਰਵਿੰਦਰ ਸਿੰਘ ਮਸ਼ਰੂਰ, ਬੀਬੀ ਸੁਖਵਿੰਦਰ ਕੌਰ, ਜਨਾਬ ਜਮੀਰ ਅਲੀ ਜ਼ਮੀਰ, ਡਾ। ਸਤੀਸ਼ ਕੁਮਾਰ ਵਰਮਾ, ਡਾ। ਰਬੀਨਾ ਸ਼ਬਨਮ, ਅਮਰਜੀਤ ਸਿੰਘ ਅਮਰ, ਬੀਬੀ ਜਗਜੀਤ ਕੌਰ ਭੋਲੀ, ਅਵਤਾਰ ਸਿੰਘ ਤਾਰੀ, ਕਰਮਜੀਤ ਸਿੰਘ ਨੂਰ ਅਤੇ ਰਛਪਾਲ ਸਿੰਘ ਪਾਲ ਨੇ ਅਪਣੀ ਕਵਿਤਾਵਾਂ ਰਾਹੀਂ ਗੁਰੂ ਸਾਹਿਬ ਦੀ ਸਿਫ਼ਤਾਂ ਦੇ ਆਪਣੇ ਕਲਮ ਸਦਕਾ ਪੁਲ ਬੰਨੇ।
ਪੰਥਕ ਵਿਚਾਰਾ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੌਮ ਦੇ ਮਹਾਨ ਵਿਦਵਾਨ ਜੋਗਾ ਸਿੰਘ ਜਗਆਸ਼ੂ, ਭਗਵਾਨ ਸਿੰਘ ਦੀਪਕ, ਅਤੇ ਪ੍ਰੇਮ ਸਿੰਘ ਪਾਰਸ਼ ਨੂੰ ਜੀਵਨਕਾਲ ਦੌਰਾਨ ਪੰਥ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਲਈ ਲਾਈਫ਼ ਟਾਈਮ ਅਚੀਵਮੈਂਟ ਸਨਮਾਨ ਅਤੇ ਨਗਦ ਰਾਸ਼ੀ ਦੇਕੇ ਸਨਮਾਨਿਤ ਕੀਤਾ। ਜੀ।ਕੇ। ਨੇ ਕਿਹਾ ਕਿ ਕੌਮ ਦੇ ਇਤਿਹਾਸ ਨੂੰ ਸੰਭਾਲਣ ਦੀ ਦਿਸ਼ਾ ਵਿਚ ਕਮੇਟੀ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਡੇ ਲਈ ਸਾਡੇ ਗੁਰੂਆਂ ਅਤੇ ਸ਼ਹੀਦਾਂ ਦਾ ਇਤਿਹਾਸ ਘਰ-ਘਰ ਪਹੁੰਚਾਉਣਾ ਜਿਥੇ ਲਾਜ਼ਮੀ ਹੈ ਉਥੇ ਹੀ ਗੈਰਸਿੱਖਾਂ ਦੇ ਕੰਨਾਂ ਤਕ ਸਿੱਖ ਇਤਿਹਾਸ ਦੀ ਗੂੰਜ ਪਾਉਣ ਲਈ ਗੁਰੂ ਘਰਾਂ ਤੋਂ ਬਾਹਰ ਸਮਾਗਮ ਕਰਾਉਣੇ ਕਮੇਟੀ ਦੀ ਜਿੰਮੇਵਾਰੀ ਅਤੇ ਮਜਬੂਰੀ ਦੋਨੋਂ ਬਣ ਗਏ ਹਨ। ਇਨ੍ਹਾਂ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਜਿਥੇ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ ਉਥੇ ਹੀ ਸਿੱਧੇ ਪ੍ਰਸਾਰਣ ਰਾਹੀਂ ਕਰੋੜੋ ਦਰਸ਼ਕ ਦੇਸ਼-ਵਿਦੇਸ਼ ਵਿਚ ਇਨ੍ਹਾਂ ਸਮਾਗਮਾਂ ਦਾ ਅਨੰਦ ਮਾਣਦੇ ਹਨ।
ਇਨ੍ਹਾਂ ਸਮਾਗਮਾਂ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਕੀਤੀ ਜਾਂਦੀ ਨੁਕਤਾਚੀਨੀ ’ਤੇ ਕਰਾਰੀ ਚੋਟ ਕਰਦੇ ਹੋਏ ਜੀ. ਕੇ. ਨੇ ਕਿਹਾ ਕਿ ਸ਼ਹੀਦੀ ਸਥਾਨ ਦੀ ਮਿੱਟੀ ਵੇਚਣ ਵਾਲੇ ਹੁਣ ਕੌਮੀ ਕਾਰਜਾਂ ਨੂੰ ਪ੍ਰਵਾਨ ਚੜਦੇ ਵੇਖ ਕੇ ਖੁਸ਼ ਕਿਵੇਂ ਹੋਣਗੇ। ਉਨ੍ਹਾਂ ਕਿਹਾ ਕਿ ਅਪਣੇ ਪ੍ਰਧਾਨਗੀ ਕਾਲ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੁੰਦਰੀਕਰਣ ਪ੍ਰੋਜੈਕਟ ਦੀ ਆੜ ਵਿਚ ਮਿੱਟੀ ਪੁੱਟਣ ਤੇ ਲਗਭਗ 1।75 ਕਰੋੜ ਰੁਪਏ ਖਰਚ ਕਰਨ ਵਾਲੇ ਕੌਮੀ ਹਿੱਤਾਂ ਦੇ ਰਾਖੇ ਕਿਵੇਂ ਹੋ ਸਕਦੇ ਹਨ। ਜੀ. ਕੇ. ਨੇ ਢਾਡੀ ਅਤੇ ਕਵੀ ਕਲਾਂ ਨੂੰ ਬਚਾਉਣ ਲਈ ਅੱਗੇ ਵੀ ਕਾਰਜ ਜਾਰੀ ਰੱਖਣ ਦਾ ਅਹਿਦ ਲਿਆ।
ਹਿਤ ਨੇ ਕਮੇਟੀ ਵੱਲੋਂ ਲਗਾਤਾਰ ਨਵੀਂ ਸੋਚ ਨਾਲ ਇਤਿਹਾਸ ਦੀ ਕੀਤੀ ਜਾ ਰਹੀ ਰਾਖੀ ਲਈ ਜੀ. ਕੇ. ਨੂੰ ਵਧਾਈ ਦਿੰਦੇ ਹੋਏ ਜਥੇਦਾਰ ਸੰਤੋਖ ਸਿੰਘ ਦਾ ਸੱਚਾ ਸਪੂਤ ਵੀ ਐਲਾਨਿਆ। ਹਿਤ ਨੇ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਨੇ ਕੌਮ ਦੀਆਂ ਜਾਇਦਾਦਾ ਨੂੰ ਵਧਾਉਣ ਦਾ ਕਾਰਜ ਕੀਤਾ ਸੀ ਪਰ ਜੀ।ਕੇ। ਲਗਾਤਾਰ ਸਿੱਖ ਇਤਿਹਾਸ ਅਤੇ ਵਿਰਸੇ ਦੀ ਰੱਖਿਆ ਕਰਕੇ ਨਵੀਂ ਪਨੀਰੀ ਦੀ ਬੌਧਿਕ ਜਾਇਦਾਦ ਨੂੰ ਕਈ ਗੁਣਾ ਵੱਧਾ ਰਹੇ ਹਨ ਜੋ ਕਿ ਪੁੱਤ ਦੇ ਸਪੁੱਤ ਹੋਣ ਦੇ ਮਾਫ਼ਿਕ ਹੈ।
ਇਸ ਮੌਕੇ ਸਟੇਜ਼ ਦੀ ਸੇਵਾ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਮੈਂਬਰ ਚਮਨ ਸਿੰਘ ਨੇ ਨਿਭਾਈ। ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਹਰਦੇਵ ਸਿੰਘ ਧਨੋਆ, ਕੈਪਟਨ ਇੰਦਰਪ੍ਰੀਤ ਸਿੰਘ, ਜਤਿੰਦਰ ਪਾਲ ਸਿੰਘ ਗੋਲਡੀ, ਗੁਰਦੇਵ ਸਿੰਘ ਭੋਲਾ ਅਤੇ ਪਰਮਜੀਤ ਸਿੰਘ ਚੰਢੋਕ ਮੌਜੂਦ ਸਨ।