ਮਾਨ ਵੱਲੋਂ ਮੁੱਖ ਸਕੱਤਰ, ਗ੍ਰਹਿ ਸਕੱਤਰ ਅਤੇ ਡੀਜੀਪੀ ਪੰਜਾਬ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਦੇੇ ਆਜ਼ਾਦੀ ਦੇ ਵਿਚਾਰਾਂ ਨੂੰ ਕੁਚਲਣ ਵਿਰੁੱਧ ਪੱਤਰ

ਵੱਲੋਂ:    ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਵੱਲ:     ਸ੍ਰੀ ਸਰਵੇਸ਼ ਕੌਸਲ, ਆਈ.ਏ.ਐਸ
ਮੁੱਖ ਸਕੱਤਰ, ਪੰਜਾਬ
ਸਿਵਲ ਸਕੱਤਰੇਤ, ਪੰਜਾਬ, ਚੰਡੀਗੜ੍ਹ ।

ਸਅਦਅ/5001/2016                                                                         01 ਦਸੰਬਰ 2016

ਵਿਸ਼ਾ:   ਮੁੱਖ ਸਕੱਤਰ ਪੰਜਾਬ, ਗ੍ਰਹਿ ਸਕੱਤਰ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਨੂੰ ਵਿਧਾਨ ਦੀ ਧਾਰਾ 14, 19 ਅਤੇ 21 ਰਾਹੀ ਮਿਲੇ ਬਰਾਬਰਤਾ ਤੇ ਆਜ਼ਾਦੀ ਦੇ ਵਿਚਾਰਾਂ ਅਤੇ ਅਮਲਾਂ ਨੂੰ ਗੈਰ-ਕਾਨੂੰਨੀ ਤੇ ਗੈਰ-ਵਿਧਾਨਿਕ ਤਰੀਕੇ ਕੁੱਚਲਣ ਵਿਰੁੱਧ ।

ਸ੍ਰੀਮਾਨ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ 10 ਨਵੰਬਰ 2016 ਨੂੰ ਸਿੱਖ ਕੌਮ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਰੱਖੇ ਗਏ ਕੌਮੀ ਸਰਬੱਤ ਖ਼ਾਲਸਾ ਦੇ ਇਕੱਠ ਨੂੰ ਮੰਦਭਾਵਨਾ ਅਧੀਨ ਅਸਫ਼ਲ ਬਣਾਉਣ ਹਿੱਤ ਆਪ ਜੀ, ਗ੍ਰਹਿ ਸਕੱਤਰ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਉਪਰੋਕਤ ਪੰਜਾਬੀਆਂ ਅਤੇ ਸਿੱਖਾਂ ਨੂੰ ਵਿਧਾਨ ਦੀ ਧਾਰਾ 14, 19 ਅਤੇ 21 ਰਾਹੀ ਮਿਲੇ ਬਰਾਬਰਤਾ ਅਤੇ ਆਜ਼ਾਦੀ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਕੇ ਉਹਨਾਂ ਦੇ ਘਰਾਂ ਵਿਚ ਬੀਬੀਆਂ ਦੇ ਹੁੰਦੇ ਹੋਏ ਪੁਲਿਸ ਵੱਲੋਂ ਜ਼ਬਰੀ ਦਾਖਲ ਹੋ ਕੇ ਤਲਾਸ਼ੀਆਂ ਵੀ ਲਈਆਂ ਗਈਆਂ ਅਤੇ ਵੱਡੇ ਪੱਧਰ ਤੇ ਸਿੱਖਾਂ ਨੂੰ ਗੈਰ-ਵਿਧਾਨਿਕ ਢੰਗਾਂ ਰਾਹੀ ਗ੍ਰਿਫ਼ਤਾਰ ਵੀ ਕੀਤਾ ਗਿਆ। ਜਦੋਂਕਿ ਪੁਲਿਸ ਕੋਲ ਨਾ ਤਾਂ ਘਰਾਂ ਦੀਆਂ ਤਲਾਸ਼ੀਆਂ ਲੈਣ ਲਈ “ਸਰਚ ਵਾਰੰਟ” ਅਤੇ “ਗ੍ਰਿਫ਼ਤਾਰੀ ਵਾਰੰਟ” ਨਹੀਂ ਸਨ। ਆਪ ਜੀ ਤਿੰਨਾਂ ਵੱਲੋਂ ਬੀਤੇ ਸਮੇਂ ਵਿਚ ਸਰਬੱਤ ਖ਼ਾਲਸਾ ਸਮੇਂ ਕੀਤੇ ਗਏ ਗੈਰ-ਕਾਨੂੰਨੀ ਅਮਲਾਂ ਅਤੇ ਬੇਇਨਸਾਫ਼ੀਆਂ ਵਿਰੁੱਧ ਅੱਜ ਵੀ ਪੰਜਾਬੀਆਂ ਤੇ ਸਿੱਖਾਂ ਦੇ ਮਨ-ਆਤਮਾ ਵਿਚ ਡੂੰਘਾਂ ਰੋਹ ਹੈ।

11 ਨਵੰਬਰ 2015 ਨੂੰ ਮੇਰੇ ਅੰਮ੍ਰਿਤਸਰ ਫਲੈਟ ਵਿਖੇ ਜਿਥੇ ਮੈਂ ਠਹਿਰਿਆ ਹੋਇਆ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਗੈਰ-ਵਿਧਾਨਿਕ ਜੁਬਾਨੀ ਹੁਕਮਾਂ ਰਾਹੀ ਤੜਕੇ 3 ਵਜੇ ਮੇਰੇ ਘਰ ਤੇ ਭਾਰੀ ਫੋਰਸ ਨਾਲ ਕੇਵਲ ਛਾਪਾ ਹੀ ਨਹੀਂ ਮਾਰਿਆ ਗਿਆ, ਬਲਕਿ ਮੈਨੂੰ ਮੇਰੇ ਫਲੈਟ ਤੋਂ ਅਪਮਾਨਜ਼ਨਕ ਢੰਗ ਨਾਲ ਘਸੀਟਦੇ ਹੋਏ ਗ੍ਰਿਫ਼ਤਾਰ ਕਰਕੇ ਪੁਲਿਸ ਗੱਡੀ ਵਿਚ ਬੰਦੀ ਬਣਾਇਆ ਗਿਆ ਅਤੇ ਫਿਰ ਇਕ ਅੰਮ੍ਰਿਤਸਰ ਦੇ ਥਾਣੇ ਵਿਚ ਕਈ ਘੰਟੇ ਗੈਰ-ਵਿਧਾਨਿਕ ਤਰੀਕੇ ਰੱਖਕੇ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤਸੱਦਦ ਦਾ ਸਿ਼ਕਾਰ ਬਣਾਇਆ ਗਿਆ। ਜਦੋਂਕਿ ਮੇਰੇ ਕੋਲ ਪੰਜਾਬ-ਹਰਿਆਣਾ ਹਾਈਕੋਰਟ ਦੇ ਬੇਲ ਹੁਕਮ ਸਨ, ਜਿਸ ਅਨੁਸਾਰ ਮੈਨੂੰ ਬਿਨ੍ਹਾਂ ਨੋਟਿਸ ਤੋਂ ਪੰਜਾਬ ਦੀ ਪੁਲਿਸ ਗ੍ਰਿਫ਼ਤਾਰ ਨਹੀਂ ਸੀ ਕਰ ਸਕਦੀ। ਪਰ ਪੁਲਿਸ ਅਧਿਕਾਰੀਆਂ ਨੇ ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਮੇਰੇ ਨਾਲ ਗੈਰ-ਕਾਨੂੰਨੀ ਅਤੇ ਗੈਰ-ਵਿਧਾਨਿਕ ਤਰੀਕੇ ਅਮਲ ਕਰਕੇ ਮੇਰੇ ਉਤੇ ਸਰੀਰਕ ਅਤੇ ਮਾਨਸਿਕ ਤੌਰ ਤੇ ਤਸੱਦਦ-ਜੁਲਮ ਢਾਹਿਆ ਗਿਆ। ਇਹ ਹੋਰ ਵੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹਨ ਕਿ ਅੱਜ ਤੱਕ ਇਕ ਸਾਲ ਬੀਤਣ ਉਪਰੰਤ ਵੀ ਮੇਰੇ ਨਾਲ ਕੀਤੇ ਗਏ ਦੁਰਵਿਵਹਾਰ ਅਤੇ ਗੈਰ-ਕਾਨੂੰਨੀ ਅਮਲਾਂ ਦੇ ਦੋਸ਼ੀਆਂ ਵਿਚੋਂ ਕਿਸੇ ਨੂੰ ਵੀ ਕਾਨੂੰਨ ਅਨੁਸਾਰ ਸਜ਼ਾ ਨਹੀਂ ਦਿੱਤੀ ਗਈ, ਇਥੋਂ ਤੱਕ ਐਫ.ਆਈ.ਆਰ. ਵੀ ਦਰਜ ਨਹੀਂ ਕੀਤੀ ਗਈ ।

08 ਦਸੰਬਰ 2016 ਨੂੰ ਤਲਵੰਡੀ ਸਾਬੋ ਬਠਿੰਡਾ ਵਿਖੇ ਹੋਣ ਜਾ ਰਹੇ ਸਰਬੱਤ ਖ਼ਾਲਸਾ ਸਮੇਂ ਜੇਕਰ ਫਿਰ ਆਪ ਜੀ ਤਿੰਨਾਂ ਆਈ.ਏ.ਐਸ. ਅਤੇ ਆਈ.ਪੀ.ਐਸ. ਅਫ਼ਸਰਾਂ ਵੱਲੋਂ ਅਜਿਹੀਆਂ ਗੈਰ-ਕਾਨੂੰਨੀ ਅਮਲ ਤੇ ਕਾਰਵਾਈਆਂ ਕਰਨ ਦੀ ਗੱਲ ਸਾਹਮਣੇ ਆਈ, ਜਿਹੜੇ ਵੀ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਬਿਨ੍ਹਾਂ ਸਰਚ ਵਾਰੰਟਾਂ ਤੋਂ ਘਰਾਂ ਦੀ ਤਲਾਸ਼ੀ ਲੈਣ ਤੇ ਬਿਨ੍ਹਾਂ ਗ੍ਰਿਫ਼ਤਾਰੀ ਵਾਰੰਟ ਤੋਂ ਸਿੱਖਾਂ ਨੂੰ ਗ੍ਰਿਫ਼ਤਾਰ ਕਰਨ ਲਈ ਘਰਾਂ ਵਿਚ ਗਏ ਤਾਂ ਅਜਿਹੇ ਗੈਰ-ਵਿਧਾਨਿਕ ਕਾਰਵਾਈਆਂ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਸਾਡੇ ਅਹੁਦੇਦਾਰ, ਵਰਕਰ ਅਤੇ ਸਿੱਖ ਕੌਮ ਫੜ੍ਹਕੇ ਆਪਣੇ ਘਰਾਂ ਦੇ ਕਮਰਿਆਂ ਵਿਚ ਹੀ ਬੰਦ ਕਰ ਦੇਣਗੇ ਤੇ ਫਿਰ ਸੰਬੰਧਤ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਇਤਲਾਹ ਦਿੰਦੇ ਹੋਏ ਉਹਨਾਂ ਦੇ ਸਪੁਰਦ ਕਰਦੇ ਹੋਏ ਕਾਨੂੰਨੀ ਸਜ਼ਾਵਾਂ ਦਿਵਾਉਣ ਲਈ ਅਗਲੇਰੀ ਕਾਰਵਾਈ ਅਵੱਸ਼ ਹੋਵੇਗੀ। ਇਸੇ ਤਰ੍ਹਾਂ ਜਦੋਂ ਮੈਂ 07 ਨਵੰਬਰ 2016 ਦੀ ਰਾਤ ਨੂੰ 12 ਵਜੇ ਬਰਨਾਲੇ ਜਿ਼ਲ੍ਹੇ ਵਿਚੋਂ ਜਾ ਰਿਹਾ ਸੀ ਤਾਂ ਬਰਨਾਲਾ ਪੁਲਿਸ ਦੇ ਇੰਸਪੈਕਟਰ ਸ. ਜਗਜੀਤ ਸਿੰਘ ਅਤੇ ਉਸਦੇ ਸਾਥੀ ਪੁਲਿਸ ਅਧਿਕਾਰੀਆਂ ਵੱਲੋ ਚੈਕਿੰਗ ਕੀਤੀ ਜਾ ਰਹੀ ਸੀ । ਇਸ ਇੰਸਪੈਕਟਰ ਕੋਲ ਪ੍ਰਾਈਵੇਟ ਗੱਡੀ ਸੀ ਅਤੇ ਸ਼ਰਾਬ ਨਾਲ ਪੂਰੀ ਤਰ੍ਹਾਂ ਰੱਜਿਆ ਹੋਇਆ ਸੀ। ਉਸਦੀ ਗੱਡੀ ਵਿਚ ਸ਼ਰਾਬ ਦੀਆਂ ਬੋਤਲਾਂ ਪਈਆ ਸਨ ਅਤੇ ਇਸੇ ਗੱਡੀ ਵਿਚ ਤਿੰਨ ਲਾਲ, ਭਗਵੇ ਅਤੇ ਨੀਲੇ ਰੰਗ ਦੀਆਂ ਅਫ਼ਸਰਾਂ ਦੀਆਂ ਗੱਡੀਆਂ ਉਤੇ ਲੱਗਣ ਵਾਲੀਆ ਲਾਈਟਾਂ ਵੀ ਪਈਆ ਸਨ। ਇਹ ਇੰਸਪੈਕਟਰ ਬਠਿੰਡਾ ਪੁਲਿਸ ਦੇ ਅਧੀਨ ਸੀ, ਫਿਰ ਇਹ ਇੰਸਪੈਕਟਰ ਬਰਨਾਲਾ ਦੀ ਹੱਦ ਅੰਦਰ ਚੈਕਿੰਗ ਕਿਵੇ ਕਰ ਸਕਦਾ ਹੈ ? ਅਸੀਂ ਉਸ ਸਮੇਂ ਐਸ.ਐਸ.ਪੀ. ਤਪਾ ਨੂੰ ਇਸ ਉਪਰੋਕਤ ਪੁਲਿਸ ਇੰਸਪੈਕਟਰ ਵੱਲੋ ਗੈਰ-ਕਾਨੂੰਨੀ ਸਰਗਰਮੀਆਂ ਦੀ ਇਤਲਾਹ ਫੋਨ ਤੇ ਦਿੱਤੀ, ਉਸ ਉਪਰੰਤ ਡੀ.ਐਸ.ਪੀ. ਤਪਾ ਸ੍ਰੀ ਰਾਜ ਕਪੂਰ ਉਥੇ ਆਏ । ਡੀ.ਐਸ.ਪੀ. ਸ੍ਰੀ ਰਾਜ ਕਪੂਰ ਨੂੰ ਸ਼ਰਾਬ ਵਿਚ ਰੱਜੇ ਹੋਏ ਪੁਲਿਸ ਇੰਸਪੈਕਟਰ ਜਗਜੀਤ ਸਿੰਘ ਦੇ ਗੈਰ-ਕਾਨੂੰਨੀ ਅਮਲਾਂ ਦੀ ਜਾਣਕਾਰੀ ਦਿੰਦੇ ਹੋਏ ਉਸਦੇ ਸਪੁਰਦ ਕੀਤਾ ਅਤੇ ਅਸੀਂ ਅੱਗੇ ਚੱਲ ਪਏ। ਪਰ ਦੁੱਖ ਤੇ ਅਫਸੋਸ ਹੈ ਕਿ ਉਸ ਇੰਸਪੈਕਟਰ ਨੂੰ ਬਾਅਦ ਵਿਚ ਬਹਾਲ ਕਰ ਦਿੱਤਾ ਗਿਆ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ। ਪੁਲਿਸ ਅਧਿਕਾਰੀਆਂ ਅਤੇ ਅਫ਼ਸਰਸ਼ਾਹੀ ਵੱਲੋਂ ਵੱਡੇ ਪੱਧਰ ਤੇ ਹੋਣ ਵਾਲੇ ਗੈਰ-ਕਾਨੂੰਨੀ ਤੇ ਗੈਰ-ਵਿਧਾਨਿਕ ਅਮਲਾਂ ਦੀ ਬਦੌਲਤ ਹੀ ਨਾਭਾ ਜੇਲ੍ਹ ਵਰਗੀਆਂ ਕਾਰਵਾਈਆਂ ਹੋ ਰਹੀਆਂ ਹਨ ।

08 ਦਸੰਬਰ 2016 ਨੂੰ ਸਰਬੱਤ ਖ਼ਾਲਸਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋ ਰਿਹਾ ਹੈ । ਭਾਰਤੀ ਵਿਧਾਨ ਦੀ ਧਾਰਾ 14, 19 ਅਤੇ 21 ਜੋ ਇਥੋ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਤੇ ਹੱਕ ਪ੍ਰਦਾਨ ਕਰਨ ਦੇ ਨਾਲ-ਨਾਲ ਪੂਰਨ ਆਜ਼ਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰਨ, ਤਕਰੀਰਾ ਕਰਨ ਅਤੇ ਆਪਣੀਆਂ ਇਕੱਤਰਤਾਵਾਂ ਕਰਨ ਦੇ ਹੱਕ ਦਿੰਦੀਆਂ ਹਨ । ਫਿਰ ਆਪ ਸਭ ਆਈ.ਏ.ਐਸ. ਤੇ ਆਈ.ਪੀ.ਐਸ. ਅਫ਼ਸਰਾਂ ਨੇ ਆਪੋ-ਆਪਣੇ ਸਰਕਾਰੀ ਅਹੁਦਿਆਂ ਦੀਆਂ ਜਿੰਮੇਵਾਰੀਆਂ ਸੰਭਾਲਦੇ ਹੋਏ ਇਸੇ ਵਿਧਾਨ ਦੀ ਸੌਹ ਚੁੱਕੀ ਹੈ । ਇਸ ਲਈ ਅਸੀਂ ਇਹ ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਪੰਜਾਬ ਦੇ ਤਿੰਨੋ ਆਈ.ਏ.ਐਸ. ਅਤੇ ਆਈ.ਪੀ.ਐਸ. ਅਫ਼ਸਰ, 08 ਦਸੰਬਰ 2016 ਨੂੰ ਹੋਣ ਜਾ ਰਹੇ ਸਰਬੱਤ ਖ਼ਾਲਸੇ ਦੇ ਸਿੱਖ ਕੌਮ ਦੇ ਇਕੱਠ ਵਿਚ ਗੈਰ-ਵਿਧਾਨਿਕ ਤਰੀਕੇ ਵਿਘਨ ਪਾਉਣ ਅਤੇ ਗੈਰ-ਕਾਨੂੰਨੀ ਅਮਲ ਨਹੀਂ ਕਰੋਗੇ । ਕਿਉਂਕਿ 1945 ਦੀ ਦੂਜੀ ਸੰਸਾਰ ਜੰਗ ਸਮੇਂ ਜਦੋਂ ਜਰਮਨ ਸ਼ਹਿਰ ਦੇ ਨਿਊਰਮਬਰਗ ਵਿਚ ਦੂਜੀ ਸੰਸਾਰ ਜੰਗ ਵਿਚ ਜਰਮਨ ਤੇ ਜਪਾਨ ਦੇ ਫ਼ੌਜੀ ਅਫ਼ਸਰਾਂ ਵੱਲੋਂ ਆਪਣੇ ਨਾਗਰਿਕਾਂ “ਜੰਗੀ ਕੈਦੀਆਂ” ਨਾਲ ਗੈਰ-ਕਾਨੂੰਨੀ ਤੇ ਅਣਮਨੁੱਖੀ ਵਰਤਾਰਾ ਕਰਦੇ ਹੋਏ ਤਸੱਦਦ ਕਰਕੇ ਯਹੂਦੀਆਂ ਤੇ ਹੋਰਨਾਂ ਨੂੰ ਵੱਡੀ ਗਿਣਤੀ ਵਿਚ ਮਾਰ ਦਿੱਤਾ ਗਿਆ ਸੀ, ਉਹਨਾਂ ਦੀ ਨਸ਼ਲਕੁਸ਼ੀ ਕੀਤੀ ਸੀ । ਉਹਨਾਂ ਦੋਸ਼ੀ ਫ਼ੌਜੀ ਤੇ ਸਿਵਲ ਅਫ਼ਸਰਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਨਿਊਰਮਬਰਗ ਦੀ ਕੌਮਾਂਤਰੀ ਅਦਾਲਤ ਤੇ ਕੌਮਾਂਤਰੀ ਕਾਨੂੰਨ ਰਾਹੀ ਦੋਸ਼ੀ ਕਾਤਲ ਅਫ਼ਸਰਾਂ ਨੂੰ ਫ਼ਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸਨ। ਉਸ ਸਮੇਂ ਫ਼ੌਜੀ ਅਫ਼ਸਰਾਂ ਨੇ ਆਪਣੇ ਬਚਾਅ ਲਈ ਇਹ ਦਲੀਲ ਦਿੱਤੀ ਸੀ ਕਿ ਸਾਨੂੰ ਉਪਰੋਂ ਹੁਕਮ ਆਉਦੇ ਹਨ। ਇਹਨਾਂ ਉਪਰਲੇ ਹੁਕਮਾਂ ਨੂੰ ਮੰਨਣ ਵਾਲੇ ਅਜੋਕੇ ਪੰਜਾਬ ਦੇ ਅਫ਼ਸਰਾਂ ਨੂੰ ਇਹ ਯਾਦ ਰੱਖਣਾ ਪਵੇਗਾ ਕਿ ਉਸ ਸਮੇਂ ਦੂਜੀ ਸੰਸਾਰ ਜੰਗ ਸਮੇਂ ਜਿਨ੍ਹਾਂ ਅਫ਼ਸਰਾਂ ਨੇ ਅਣਮਨੁੱਖੀ ਅਮਲ ਕੀਤੇ ਸਨ, ਨਿਊਰਮਬਰਗ ਅਦਾਲਤਾਂ ਤੇ ਕਾਨੂੰਨ ਅਜਿਹੇ ਉਪਰਲੇ ਹੁਕਮਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੀਆ। ਇਸ ਲਈ ਹੀ ਉਪਰਲੇ ਹੁਕਮਾਂ ਵਾਲੀ ਦਲੀਲ ਨੂੰ ਰੱਦ ਕਰਦੇ ਹੋਏ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਸਨ। ਜਪਾਨ ਦੇ ਉਸ ਸਮੇਂ ਦੇ ਵਜੀਰ-ਏ-ਆਜ਼ਮ ਤੋਜੋ ਅਤੇ ਨਾਰਵੇ ਦੇ ਵਜ਼ੀਰ-ਏ-ਆਜ਼ਮ ਕਿਊਜ਼ਲਿਗ ਨੂੰ ਵੀ ਇਸੇ ਦੋਸ਼ ਅਧੀਨ ਫ਼ਾਂਸੀਆਂ ਦਿੱਤੀਆਂ ਗਈਆਂ ਸਨ ।

ਮੈਂ ਭਾਗਲਪੁਰ (ਬਿਹਾਰ) ਭਰਤਪੁਰ ਅਤੇ ਦਿੱਲੀ ਦੀ ਤਿਹਾੜ ਦੀਆਂ ਜੇਲ੍ਹਾਂ ਵਿਚ 5 ਸਾਲ ਦਾ ਸਮਾਂ ਗੁਜਾਰਿਆ ਹੈ। ਮੈਂ ਉਥੇ ਬਹੁਤ ਸਾਰੇ ਆਈ.ਜੀ, ਡੀ.ਆਈ.ਜੀ ਅਤੇ ਹੋਰ ਉੱਚ ਅਫ਼ਸਰ ਸਨ, ਜਿਨ੍ਹਾਂ ਵਿਚ ਇਕ ਮੁੱਖ ਸਕੱਤਰ ਸਜ਼ਾ ਭੁਗਤ ਰਹੇ ਸਨ । ਉਹਨਾਂ ਦੀ ਅਤਿ ਤਰਸਯੋਗ ਹਾਲਤ ਨੂੰ ਅੱਖੀ ਵੇਖਿਆ ਹੈ, ਜਿਨ੍ਹਾਂ ਨੂੰ ਅਜਿਹੇ ਹੀ ਗੈਰ-ਕਾਨੂੰਨੀ ਅਮਲਾਂ ਦੀ ਬਦੌਲਤ ਸਜ਼ਾ ਹੋਈ ਸੀ ਅਤੇ ਉਹਨਾਂ ਦੇ ਮਨ ਵਿਚ ਆਪਣੇ ਵੱਲੋ ਕੀਤੇ ਗੈਰ-ਕਾਨੂੰਨੀ ਤੇ ਅਣਮਨੁੱਖੀ ਅਮਲਾਂ ਦਾ ਪਛਤਾਵਾ ਸੀ । ਆਪ ਜੀ ਜੈਸੇ ਆਈ.ਏ.ਐਸ. ਅਤੇ ਆਈ.ਪੀ.ਐਸ. ਅਫ਼ਸਰਾਂ ਨੂੰ ਅਜਿਹੇ ਅਤਿ ਤਰਸਯੋਗ ਅਤੇ ਮੰਦੇ ਹਲਾਤਾਂ ਵਿਚੋ ਨਾ ਲੰਘਣਾ ਪਵੇ ਅਤੇ ਆਪ ਜੀ ਦੀ ਆਤਮਾ ਆਪ ਜੀ ਨੂੰ ਖੁਦ ਹੀ ਲਾਹਨਤਾ ਨਾ ਪਾਵੇ, ਉਸ ਲਈ ਇਹ ਬਿਹਤਰ ਹੋਵੇਗਾ ਕਿ 08 ਦਸੰਬਰ 2016 ਨੂੰ ਹੋਣ ਜਾ ਰਹੇ ਸਿੱਖ ਕੌਮ ਦੇ ਸਰਬੱਤ ਖ਼ਾਲਸਾ ਸਮਾਗਮ ਵਿਚ ਆਪ ਜੀ ਤਿੰਨ ਮੁੱਖ ਅਫ਼ਸਰਾਂ ਵੱਲੋ ਪੰਜਾਬੀਆਂ, ਸਿੱਖਾਂ ਨਾਲ ਕੋਈ ਗੈਰ-ਵਿਧਾਨਿਕ ਅਮਲ ਨਾ ਹੋਣ ਅਤੇ ਆਪ ਜੀ ਨੂੰ ਵੀ ਉਪਰੋਕਤ ਨਾਟਸੀ ਜਰਮਨੀ ਅਫ਼ਸਰਾਂ ਦੀ ਤਰ੍ਹਾਂ ਕੌਮਾਂਤਰੀ ਅਦਾਲਤਾਂ ਵਿਚ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾਂ ਨਾ ਭੁਗਤਣੀਆਂ ਪੈਣ । ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਉਪਰਲੇ ਮਿਲੇ ਜੁਬਾਨੀ ਹੁਕਮਾਂ ਨੂੰ ਮੰਨਕੇ ਕਦੀ ਵੀ ਪੰਜਾਬੀਆਂ ਜਾਂ ਸਿੱਖ ਕੌਮ ਨਾਲ ਆਉਣ ਵਾਲੇ ਸਮੇਂ ਵਿਚ ਕਿਸੇ ਤਰ੍ਹਾਂ ਦੇ ਗੈਰ-ਕਾਨੂੰਨੀ ਅਮਲ ਨਹੀਂ ਕਰੋਗੇ । ਮੈਂ ਇਕ ਆਈ.ਪੀ.ਐਸ ਅਫ਼ਸਰ ਸੀ, ਪਰ ਇਖ਼ਲਾਕੀ ਤੌਰ ਤੇ ਬਲਿਊ ਸਟਾਰ ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਨੂੰ ਬਰਦਾਸਤ ਨਾ ਕਰਦੇ ਹੋਏ ਮੈਂ ਇਸ ਅਹੁਦੇ ਤੋਂ ਅਸਤੀਫ਼ਾਂ ਦਿੱਤਾ ਸੀ । ਜਿਸ ਕਰਕੇ ਮੈਨੂੰ 5 ਸਾਲ ਦੀ ਜੇ਼ਲ੍ਹ ਸਜ਼ਾ ਹੋਈ, ਜਿਸਦਾ ਮੈਨੂੰ ਕੋਈ ਰਤੀਭਰ ਵੀ ਪਛਤਾਵਾ ਨਹੀਂ ਹੋਇਆ ਅਤੇ ਨਾ ਹੀ ਮੈਂ ਜੇ਼ਲ੍ਹ ਵਿਚ ਕਿਸੇ ਤਰ੍ਹਾਂ ਦੀ ਮਾਨਸਿਕ, ਸਰੀਰਕ ਮਿਲਣ ਵਾਲੇ ਕਸਟ ਲਈ ਦੁੱਖੀ ਹੋਇਆ ਅਤੇ ਨਾ ਹੀ ਮੈਂ ਬਾਹਰ ਆਉਣ ਉਪਰੰਤ ਆਪਣੇ ਉੱਚ ਅਹੁਦੇ ਨੂੰ ਬਹਾਲ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਕੋਈ ਪਹੁੰਚ ਕੀਤੀ । ਜਦੋਂਕਿ ਆਪ ਜੀ ਤੇ ਹੋਰਨਾਂ ਉੱਚ ਅਫ਼ਸਰਾਂ ਵੱਲੋਂ ਵਿਧਾਨ ਦੇ ਮੁੱਢਲੇ ਬੁਨਿਆਦੀ ਹੱਕਾਂ ਨੂੰ ਕੁੱਚਲਕੇ ਇਥੋ ਦੇ ਨਿਵਾਸੀਆਂ ਨਾਲ ਜ਼ਬਰ-ਜੁਲਮ ਕਰਦੇ ਆ ਰਹੇ ਹੋ ਅਤੇ ਇਖ਼ਲਾਕੀ ਤੇ ਕਾਨੂੰਨੀ ਤੌਰ ਤੇ ਆਪ ਜੀ ਦੇ ਅਮਲਾਂ ਦੀ ਬਦੌਲਤ ਅਜਿਹੇ ਦੁੱਖ-ਕੱਸ਼ਟ ਤੇ ਜੇਲ੍ਹ ਯਾਤਰਾ ਸਹਿਣ ਨਹੀਂ ਕਰ ਸਕੋਗੇ । ਜਦੋਂਕਿ ਮੈਨੂੰ ਆਪਣੀ ਜੇਲ੍ਹ ਯਾਤਰਾ ਦਾ ਇਸ ਲਈ ਫ਼ਖਰ ਹੈ ਕਿ ਮੈਂ ਕੋਈ ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਕਾਰਵਾਈ ਦੀ ਬਦੌਲਤ ਜੇਲ੍ਹ ਵਿਚ ਨਹੀਂ ਸੀ ਗਿਆ, ਬਲਕਿ ਆਪਣੀ ਕੌਮ ਦੇ ਦਰਦ ਦੀ ਬਦੌਲਤ ਗਿਆ ਸੀ । ਜਿਸ ਅਫ਼ਸਰਸ਼ਾਹੀ ਨੇ ਵਿਧਾਨਿਕ ਹੱਕਾਂ ਨੂੰ ਕੁੱਚਲਕੇ ਜਨਤਾ ਨਾਲ ਜ਼ਬਰ-ਜੁਲਮ ਕੀਤੇ ਹੋਣ, ਉਹਨਾਂ ਉਤੇ ਉਸੇ ਤਰ੍ਹਾਂ ਦੇਸ਼ਧ੍ਰੋਹ ਦੇ ਮੁਕੱਦਮੇ ਹੋ ਸਕਦੇ ਹਨ, ਜਿਵੇ ਪਾਕਿਸਤਾਨ ਵਿਚ ਤਾਨਾਸ਼ਾਹ ਜਰਨਲ ਪ੍ਰਵੇਜ ਮੁਸੱਰਫ਼ ਉਤੇ ਅਦਾਲਤਾਂ ਵਿਚ Treason & Sedition ਦੇਸ਼ਧ੍ਰੋਹ ਦੇ ਕੇਸ ਚੱਲ ਰਹੇ ਹਨ। ਫ਼ਰਾਂਸ ਵਿਚ ਹਿਟਲਰ ਦੀ ਜਰਮਨੀ ਸਰਕਾਰ ਨੇ ਇਕ ਫ਼ਰਾਂਸੀਸੀ ਸਰਕਾਰ ਬਣਾਕੇ, ਜਿਸ ਨੂੰ ਵਿਚੀ ਹਕੂਮਤ (Vichy Regime) ਕਿਹਾ ਜਾਂਦਾ ਹੈ, ਜਿਸਦਾ ਵਜ਼ੀਰ-ਏ-ਆਜ਼ਮ (Pierre Laval) ਪੀਰੇ ਲਾਵਲ ਸੀ, ਹਿਟਲਰ ਨੇ ਉਸ ਵਿਚੀ ਹਕੂਮਤ ਦਾ ਮਾਰਸ਼ਲ ਪੇਟੀਅਨ (Marshal Petain) ਨੂੰ ਵਜ਼ੀਰ-ਏ-ਆਜ਼ਮ ਬਣਾ ਦਿੱਤਾ ਸੀ, ਇਹਨਾਂ ਦੋਵਾਂ ਵਿਚੀ ਹਕੂਮਤ ਦੇ ਵਜੀਰ-ਏ-ਆਜ਼ਮਾਂ ਨੂੰ ਜ਼ਬਰ-ਜੁਲਮ ਕਰਨ ਦੀ ਬਦੌਲਤ ਫ਼ਾਸੀ ਦੀਆਂ ਸਜ਼ਾਵਾਂ ਹੋਈਆਂ ਸਨ । (Pierre Laval) ਪੀਰੇ ਲਾਵਲ ਫ਼ਾਂਸੀ ਚੜ੍ਹ ਗਿਆ ਸੀ, ਲੇਕਿਨ ਮਾਰਸ਼ਲ ਪੇਟੀਅਨ ਜੋ ਕਿ ਬਜ਼ੁਰਗ ਸੀ, ਉਹ ਫ਼ਾਂਸੀ ਹੋਣ ਤੋਂ ਪਹਿਲੇ ਹੀ ਆਪਣਾ ਸਰੀਰ ਛੱਡ ਗਿਆ ਸੀ ।

ਜੋ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵੱਲੋ ਨਾਭਾ ਦੀ ਜੇਲ੍ਹ ਤੋੜ ਕੇ ਫਰਾਰ ਹੋਣ ਅਤੇ ਹੋਰ ਪੰਜਾਬ ਵਿਚ ਹੋ ਰਹੇ ਗੈਰ-ਕਾਨੂੰਨੀ ਅਮਲਾਂ ਦੀ ਗੱਲ ਕਰਦੇ ਹੋਏ ਪਾਕਿਸਤਾਨੀ ਖੂਫੀਆ ਏਜੰਸੀ ਆਈ.ਐਸ.ਆਈ. ਜਾਂ ਪਾਕਿਸਤਾਨ ਹਕੂਮਤ ਦਾ ਨਾਮ ਲਿਆ ਜਾ ਰਿਹਾ ਹੈ, ਇਹ ਸਿੱਖ ਕੌਮ ਤੇ ਉਹਨਾਂ ਨੂੰ ਬਦਨਾਮ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿੰਦਾ ਵੀ ਕਰਦਾ ਹੈ ਅਤੇ ਅਜਿਹੇ ਸਿਆਸਤਦਾਨਾਂ ਅਤੇ ਉਹਨਾਂ ਦੀ ਹਾਂ ਵਿਚ ਹਾਂ ਮਿਲਾਕੇ ਕੰਮ ਕਰਨ ਵਾਲੀ ਅਫ਼ਸਰਸ਼ਾਹੀ ਨੂੰ ਇਸ ਪੱਤਰ ਰਾਹੀ ਸੰਜ਼ੀਦਾ ਢੰਗ ਨਾਲ ਖ਼ਬਰਦਾਰ ਕਰਨਾ ਚਾਹਵੇਗਾ ਕਿ ਪਾਕਿਸਤਾਨ ਮੁਲਕ ਜਾਂ ਉਹਨਾਂ ਦੀਆਂ ਖੂਫੀਆ ਏਜੰਸੀਆਂ ਦੇ ਨਾਮ ਦਾ ਪ੍ਰਚਾਰ ਕਰਕੇ ਇਥੋ ਦੇ ਸਿਆਸਤਦਾਨਾਂ, ਹੁਕਮਰਾਨਾਂ ਅਤੇ ਅਫ਼ਸਰਸ਼ਾਹੀ ਨੂੰ ਪੰਜਾਬੀਆਂ ਜਾਂ ਸਿੱਖ ਕੌਮ ਉਤੇ ਗੈਰ-ਕਾਨੂੰਨੀ ਤੇ ਗੈਰ-ਵਿਧਾਨਿਕ ਢੰਗਾਂ ਰਾਹੀ ਜ਼ਬਰ-ਜੁਲਮ ਕਰਨ ਦੀ ਬਿਲਕੁਲ ਇਜਾਜਤ ਨਹੀਂ ਦਿੱਤੀ ਜਾਵੇਗੀ ।

ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਪੰਜਾਬ ਦੇ ਨਿਜਾਮ ਦੇ ਮੁੱਖ ਪ੍ਰਬੰਧਕੀ ਅਫ਼ਸਰ ਹੋਣ ਦੇ ਨਾਤੇ ਸਾਡੇ ਵੱਲੋ ਇਸ ਪੱਤਰ ਵਿਚ ਪ੍ਰਗਟਾਏ ਗਏ ਦਲੀਲ ਵਾਲੇ ਅਤੇ ਸੰਜੀਦਾ ਵਿਚਾਰਾਂ ਨੂੰ ਮੁੱਖ ਰੱਖਦੇ ਹੋਏ ਖੁਦ ਵੀ ਪੰਜਾਬੀਆਂ ਜਾਂ ਸਿੱਖ ਕੌਮ ਉਤੇ ਕਿਸੇ ਤਰ੍ਹਾਂ ਦੇ ਜ਼ਬਰ-ਜੁਲਮ ਕਰਨ ਦੇ ਅਮਲਾਂ ਦੀ ਕਾਰਵਾਈ ਨਹੀਂ ਕਰੋਗੇ ਅਤੇ ਨਾਲ ਹੀ ਆਪ ਜੀ ਦੇ ਅਧੀਨ ਕੰਮ ਕਰਨ ਵਾਲੇ ਪੰਜਾਬ ਦੇ ਗ੍ਰਹਿ ਸਕੱਤਰ ਅਤੇ ਪੰਜਾਬ ਦੇ ਡੀਜੀਪੀ ਨੂੰ ਵੀ ਅਜਿਹੇ ਅਣਮਨੁੱਖੀ ਕਾਰਵਾਈਆ ਕਰਨ ਤੋ ਰੋਕ ਲਗਵਾ ਦੇਵੋਗੇ ਤਾਂ ਕਿ ਆਪ ਜੀ ਅਤੇ ਦੂਸਰੇ ਅਫ਼ਸਰਾਨ ਨੂੰ ਨਿਊਰਮਬਰਗ, ਅਦਾਲਤਾਂ ਅਤੇ ਕਾਨੂੰਨ ਦਾ ਸਿ਼ਕਾਰ ਨਾ ਹੋਣਾ ਪਵੇ ਅਤੇ ਆਪ ਜੀ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਸਹੀ ਦਿਸ਼ਾ ਵੱਲ ਇਮਾਨਦਾਰੀ ਨਾਲ ਸੇਵਾ ਕਰਦੇ ਰਹੋ ਤੇ ਆਪਣੀਆ ਸੇਵਾਵਾਂ ਸਹੀ ਤਰੀਕੇ ਕਰ ਸਕੋ । ਧੰਨਵਾਦੀ ਹੋਵਾਂਗੇ ।

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>