ਅੰਮ੍ਰਿਤਸਰ : ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਅੰਮ੍ਰਿਤਸਰ ਵਿਖੇ ੩ ਤੇ ੪ ਦਸੰਬਰ ਨੂੰ ਕਰਵਾਈ ਜਾ ਰਹੀ ਦੋ ਦਿਨਾਂ ੬ਵੀਂ ਮਨਿਸਟਰੀਅਲ ਕਾਨਫਰੰਸ ਆਫ ‘ਹਾਰਟ ਆਫ ਏਸ਼ੀਆ’ ਵਿੱਚ ਸ਼ਾਮਿਲ ਹੋਣ ਲਈ ਆਏ ਭਾਰਤ ਤੋਂ ਇਲਾਵਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ੍ਰੀ ਤਾਰਿਕ ਅਜੀਜ ਸਮੇਤ ੧੫ ਵੱਖ-ਵੱਖ ਏਸ਼ੀਆਈ ਮੁਲਕਾਂ ਦੇ ਵਿਦੇਸ਼ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਜਿਨ੍ਹਾਂ ‘ਚ ਅਫਗਾਨਿਸਤਾਨ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਦੇ ਮੰਤਰੀ ਮਿਸਟਰ ਰਬਾਨੀ ਸਲਾਹੁਦੀਨ, ਅਜ਼ਰਬਾਈਜਾਨ ਦੇ ਇੰਟਰਨੈਸ਼ਨਲ ਸਕਿਉਰਿਟੀ ਡੀਪਾਰਟਮੈਂਟ ਦੇ ਮੁਖੀ ਮਿਸਟਰ ਗਯਾ ਮਮਾਦੋਵ, ਚੀਨ ਦੇ ਏਸ਼ੀਆ ਮਾਮਲਿਆਂ ਦੇ ਵਿਭਾਗ ਨਾਲ ਸਬੰਧਿਤ ਅਸਿਸਟੈਂਟ ਵਿਦੇਸ਼ ਮੰਤਰੀ ਕੋਂਗ ਯੁਆਨਯੂ, ਕਜਾਕਿਸਤਾਨ ਦੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਵਿਭਾਗ ਦੇ ਡਿਪਟੀ ਮੰਤਰੀ ਮਿਸਟਰ ਅਕੈਬਿਕ ਕਮਾਲਡੀਨੋਵ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਮਿਸਟਰ ਸਰਤਾਜ ਅਜ਼ੀਜ਼, ਅਫਗਾਨਿਸਤਾਨ ਵਿੱਚ ਰੂਸ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪ੍ਰਤੀਨਿਧ ਮਿਸਟਰ ਜ਼ਮੀਰ ਕਾਬੁਲੋਵ, ਭਾਰਤ ਵਿੱਚ ਸਥਿਤ ਸਾਉਦੀ ਅਰਬ ਅੰਬੈਸੀ ਦੇ ਰਾਜਦੂਤ ਮਿਸਟਰ ਸਾਊਦ ਮੁਹੰਮਦ ਅਲਸਤੀ, ਤਜਾਕਿਸਤਾਨ ਦੇ ਪਹਿਲੇ ਡਿਪਟੀ ਮਨਿਸਟਰ ਮਿਸਟਰ ਨਿਜੋਮੀਦੀਨ ਜੁਹੇਦੀ, ਤੁਰਕੀ ਦੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਮੰਤਰੀ ਮਿਸਟਰ ਮੈਵਲੁਟ ਕੈਬੂਸੋਗਲੂ, ਤੁਰਮੇਨਿਸਤਾਨ ਦੇ ਵਿਦੇਸ਼ ਮੰਤਰੀ ਮਿਸਟਰ ਰਸ਼ੀਦ ਮੈਰਿਡੋਵ, ਯੂ ਏ ਈ ਤੋਂ ਡਿਪਟੀ ਵਿਦੇਸ਼ ਮੰਤਰੀ ਅਤੇ ਆਈ ਸੀ ਫਾਰ ਇਕਨਾਮਿਕ ਅਫੇਅਰਜ਼ ਮਿਸਟਰ ਅਲਸਈਯਦ ਮੁਹੰਮਦ ਐਚ ਸ਼ਰਫ਼, ਇਰਾਨ ਦੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਤ ਵਿਭਾਗ ਦੇ ਮੰਤਰੀ ਡਾ: ਜਾਵੇਦ ਜਾਰਿਫ਼, ਕਰਿੰਗਿਸਤਨਾ ਦੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਮੰਤਰੀ ਮਿਸਟਰ ਅਰਲਨ ਅਤੇ ਸਹਾਇਕ ਦੇਸ਼ (ਸਪੋਰਟਿੰਗ ਕੰਟਰੀ) ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਜਿਨ੍ਹਾਂ ਵਿੱਚ ਮਿਸਟਰ ਜੇਮਸ ਹਾਲ ਆਸਟਰੇਲੀਆ, ਅਫਗਾਨਿਸਤਾਨ ਵਿੱਚ ਕੈਨੇਡਾ ਦੇ ਰਾਜਦੂਤ ਮਿਸਟਰ ਕਨੀਤ ਨਿਊਫੈਲਡ, ਡੈਨਮਾਰਕ ਦੇ ਰਾਜਨੀਤਕ ਨਿਰਦੇਸ਼ਕ ਮਿਸਟਰ ਜੈਸਪਰ ਮੋਲਰ, ਅਜਿਪਟ (ਮਿਸਰ) ਦੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਉਪ ਮੰਤਰੀ ਅੰਬੈਸਡਰ ਮਿਸਟਰ ਯਾਸਿਰ ਮੁਰਾਦ ਉਸਮਾਨ ਹੋਸਨੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ-ਭਾਵਨਾ ਨਾਲ ਦਰਸ਼ਨ-ਦੀਦਾਰੇ ਕੀਤੇ। ਉਨ੍ਹਾਂ ਕੜਾਹ ਪ੍ਰਸ਼ਾਦਿ ਦੀ ਦੇਗ ਲਈ ਤੇ ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ: ਅਮਰਜੀਤ ਸਿੰਘ ਚਾਵਲਾ, ਭਾਈ ਰਾਮ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ, ਸ੍ਰ: ਰਾਜਿੰਦਰ ਸਿੰਘ ਮਹਿਤਾ, ਸ੍ਰ: ਹਰਜਾਪ ਸਿੰਘ, ਸ੍ਰ: ਬਾਵਾ ਸਿੰਘ ਗੁਮਾਨਪੁਰਾ ਤੇ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ: ਹਰਚਰਨ ਸਿੰਘ ਨੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ, ਲੋਈ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੀ ਵਿਜ਼ਿਟਰ ਬੁੱਕ ਤੇ ਜਪਾਨ, ਯੂ ਐਸ ਏ, ਕਜਾਕਿਸਤਾਨ, ਚੀਨ ਅਤੇ ਇਟਲੀ ਦੇ ਮੰਤਰੀਆਂ ਨੇ ਲਿਖਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਾਂਤੀ ਦਾ ਸੋਮਾ ਹੈ। ਉਨ੍ਹਾਂ ਕਿਹਾ ਕਿ ਇਹ ਸਮੁੱਚੀ ਲੋਕਾਈ ਦਾ ਮੁਕੱਦਸ ਅਸਥਾਨ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਪੂਰਾ ਮਾਣ-ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਲਈ ਸਮੁੱਚੀ ਸ਼੍ਰੋਮਣੀ ਕਮੇਟੀ ਦੇ ਧੰਨਵਾਦੀ ਹਾਂ।
ਇਸ ਮੌਕੇ ਸ੍ਰ: ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਨਿੱਜੀ ਸਕੱਤਰ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਤੇ ਸ੍ਰ: ਗੁਰਬਚਨ ਸਿੰਘ ਮੀਤ ਸਕੱਤਰ, ਸ੍ਰ: ਸੁਲੱਖਣ ਸਿੰਘ ਮੈਨੇਜਰ, ਸ੍ਰ: ਇਕਬਾਲ ਸਿੰਘ ਵਧੀਕ ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਜਸਵਿੰਦਰ ਸਿੰਘ ਸੂਚਨਾ ਅਧਿਕਾਰੀ ਤੇ ਸ੍ਰ: ਹਰਪ੍ਰੀਤ ਸਿੰਘ, ਸ੍ਰ: ਅੰਮ੍ਰਿਤਪਾਲ ਸਿੰਘ ਅਤੇ ਸ੍ਰ: ਸਰਬਜੀਤ ਸਿੰਘ ਸਹਾਇਕ ਸੂਚਨਾ ਅਧਿਕਾਰੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਕਾਰਮਚਾਰੀ ਹਾਜ਼ਰ ਸਨ।