ਨਵੀਂ ਦਿੱਲੀ : ਤਿਲਕ ਜੰਝੂ ਦੇ ਰੱਖਿਅਕ, ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਦੀ ਸਿਆਸੀ ਆਗੂਆਂ ਨੂੰ ਨਸੀਹਤ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਿੱਲੀ ਸਰਕਾਰ ’ਤੇ ਵੱਡਾ ਸ਼ਬਦੀ ਹਮਲਾ ਬੋਲਿਆ। ਜੀ. ਕੇ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਦੇ ਪ੍ਰਤੀਕ ਸ਼ਹੀਦੀ ਅਸਥਾਨ ਨੂੰ ਢਾਹੁਣ ਦੀ ਸਾਜਿਸ਼ ਰਚਨ ਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਇਲਜਾਮ ਲਗਾਇਆ। ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਤੱਕ ਸ਼ਹੀਦੀ ਦਿਹਾੜੇ ਮੌਕੇ ਸਜਾਏ ਗਏ ਨਗਰ ਕੀਰਤਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ. ਕੇ ਨੇ ਸਿਆਸੀ ਆਗੂਆਂ ਨੂੰ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਦੀ ਇਜ਼ਤ ਕਰਨ ਦੀ ਵੀ ਦੁਹਾਈ ਦਿੱਤੀ। ਜੀ. ਕੇ ਨੇ ਕਿਹਾ ਕਿ ਬੀਤੀ 6 ਅਪ੍ਰੈਲ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਉ ਨੂੰ ਢਾਹੁਣ ਦੀ ਕੋਝੀ ਕੋਸ਼ਿਸ਼ ਕਰਨ ਵਾਲੇ ਕਦੇ ਵੀ ਸਿੱਖਾਂ ਦੇ ਹਮਦਰਦ ਨਹੀਂ ਹੋ ਸਕਦੇ। ਤਿੰਨਾਂ ਸ਼ਹੀਦ ਗੁਰਸਿੱਖਾਂ ਦੀ ਯਾਦ ਵਿੱਚ ਬਣੇ ਭਾਈ ਮਤੀ ਦਾਸ ਸਮਾਰਕ ਨੂੰ ਗੈਰ ਕਾਨੂੰਨੀ ਢਾਂਚਾ ਦੱਸਣ ਵਾਲੀ ਦਿੱਲੀ ਸਰਕਾਰ ਸਿੱਖ ਕੌਮ ਦੇ ਸ਼ਹੀਦਾਂ ਤੋਂ ਮੁਨਕਰ ਹੋਣ ਨੂੰ ਤਿਆਰ ਬਰ ਤਿਆਰ ਨਜ਼ਰ ਆ ਰਹੀ ਸੀ, ਪਰ ਸੂਝਵਾਨ ਸੰਗਤ ਅਤੇ ਗੁਰੂ ਪ੍ਰੇਮੀਆਂ ਨੇ ਦਿੱਲੀ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਢਾਹ ਲਾ ਦਿੱਤੀ। ਉਨ੍ਹਾਂ ਕਿਹਾ ਕਿ ਮੈਨੂੰ ਬਤੌਰ ਪ੍ਰਧਾਨ ਦਿੱਲੀ ਹਾਈਕੋਰਟ ਵਿੱਚ ਢਾਹੇ ਗਏ ਪਿਆਉ ਨੂੰ ਮੁੜ ਬਣਾਉਣ ਦੇ ਦੋਸ਼ ਤਹਿਤ ਅਦਾਲਤੀ ਹੁਕਮ ਅਦੂਲੀ ਦੇ ਕੇਸ ਦਾ ਸਾਹਮਣਾ ਕਰਦੇ ਹੋਏ ਅਦਾਲਤਾਂ ਦੇ ਗੇੜੇ ਕੱਟਣ ਦੌਰਾਨ ਇਤਨਾ ਦੁੱਖ ਨਹੀਂ ਹੋਇਆ ਸੀ, ਪਰ ਦਿੱਲੀ ਸਰਕਾਰ ਦੇ ਵਕੀਲਾਂ ਵੱਲੋਂ ਹਾਈਕੋਰਟ ਵਿੱਚ ਦਿੱਲੀ ਸਰਕਾਰ ਦੀ ਕਾਰਵਾਈ ਨੂੰ ਸਹੀ ਠਹਿਰਾਉਣ ਦੀ ਕੀਤੀ ਗਈ ਵਕਾਲਤ ਨੇ ਮੈਨੂੰ ਝੰਜੋੜ ਦਿੱਤਾ ਸੀ। ਜਿਸ ਗੁਰੂ ਨੇ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਹੋਵੇ, ਉਸ ਦੇ ਪਵਿੱਤਰ ਸ਼ਹੀਦੀ ਅਸਥਾਨ ’ਤੇ ਹਮਲਾ ਕਰਨ ਵਾਲੀ ਸਰਕਾਰ ਆਪਣੇ ਗਲਤ ਸਟੈਂਡ ਨੂੰ ਅਦਾਲਤਾਂ ਵਿੱਚ ਆਪਣੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਹੇਠ ਠੀਕ ਠਹਿਰਾਏ ਇਸ ਤੋਂ ਵੱਡੀ ਸ਼ਰਮ ਦੀ ਗੱਲ ਆਜ਼ਾਦ ਹਿੰਦੋਸਤਾਨ ਵਿੱਚ ਨਹੀਂ ਹੋ ਸਕਦੀ।
ਇਸ ਮੌਕੇ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਤੋਂ ਨਗਰ ਕੀਰਤਨ ਆਰੰਭ ਹੋ ਕੇ ਨਵੀਂ ਸੜਕ, ਚਾਵੜੀ ਬਾਜਾਰ, ਅਜਮੇਰੀ ਗੇਟ, ਪੁਲ ਪਹਾੜਗੰਜ, ਦੇਸ਼ ਬੰਧੂ ਗੁਪਤਾ ਰੋਡ, ਚੂਨਾ ਮੰਡੀ, ਬਸੰਤ ਰੋਡ, ਪੰਚਕੂਈਆਂ ਰੋਡ, ਬੰਗਲਾ ਸਾਹਿਬ ਰੋਡ, ਗੋਲ ਡਾਕਖਾਨਾ, ਪੰਡਿਤ ਪੰਤ ਮਾਰਗ ਤੋਂ ਹੁੰਦਾ ਹੋਇਆ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਹੁੰਚਿਆ। ਨਗਰ ਕੀਰਤਨ ਵਿੱਚ ਸ਼ਬਦੀ ਜਥਿਆਂ, ਸਕੂਲੀ ਬੱਚਿਆਂ, ਗਤਕਈ ਅਖਾੜਿਆਂ ਅਤੇ ਨਿਹੰਗ ਜਥੇਬੰਦੀਆਂ, ਝਾੜੂ ਜਥਿਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ’ਤੇ ਵੱਖ-ਵੱਖ ਜਥੇਬੰਦੀਆਂ, ਸਿੰਘ ਸਭਾਵਾਂ ਤੇ ਸਭਾ ਸੁਸਾਇਟੀਆਂ ਵੱਲੋਂ ਵੱਡੀ ਗਿਣਤੀ ਵਿੱਚ ਸੰਗਤਾਂ ਲਈ ਗੁਰੂ ਕੇ ਲੰਗਰ ਅਤੇ ਚਾਹ-ਪਾਣੀ ਆਦਿ ਦੇ ਸਟਾਲ ਵੀ ਲਗਾਏ ਗਏ। ਇਸ ਦੌਰਾਨ ਦਿੱਲੀ ਦੇ ਸਮੂਹ ਇਤਿਹਾਸਿਕ ਗੁਰਦੁਆਰਿਆਂ ਵਿਚ ਗੁਰਬਾਣੀ ਦੇ ਚਲੇ ਪ੍ਰਵਾਹ ਦਾ ਅਨੰਦ ਵੱਡੀ ਗਿਣਤੀ ਵਿਚ ਸੰਗਤਾਂ ਨੇ ਉਠਾਇਆ। ਮੁਖ ਸਮਾਗਮ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਚ ਹੋਵੇਗਾ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ, ਕਥਾਵਾਚਕ ਅਤੇ ਕਵੀ ਗੁਰਮਤਿ ਦੀ ਰੌਸ਼ਨੀ ਵਿਚ ਸੰਗਤਾਂ ਨੂੰ ਜੀਵਨ ਜੀਣ ਦੀ ਪ੍ਰੇਰਣਾ ਦੇਣਗੇ।
ਇਸ ਮੌਕੇ ’ਤੇ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ, ਜਾਇੰਟ ਸਕੱਤਰ ਅਮਰਜੀਤ ਸਿੰਘ ਫਤਿਹ ਨਗਰ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਮੈਂਬਰ ਚਮਨ ਸਿੰਘ ਸਾਹਿਬਪੁਰਾ, ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਕੈਪਟਨ ਇੰਦਰਪ੍ਰੀਤ ਸਿੰਘ, ਜੀਤ ਸਿੰਘ ਖੋਖਰ, ਹਰਜਿੰਦਰ ਸਿੰਘ, ਸਮਰਦੀਪ ਸਿੰਘ ਸੰਨੀ, ਹਰਵਿੰਦਰ ਸਿੰਘ ਕੇ.ਪੀ., ਜਤਿੰਦਰ ਸਿੰਘ ਗੋਲਡੀ, ਗੁਰਦੇਵ ਸਿੰਘ ਭੋਲਾ, ਅਮਰਜੀਤ ਸਿੰਘ ਪਿੰਕੀ ਤੇ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਤੋਂ ਇਲਾਵਾ ਹੋਰ ਮੈਂਬਰ ਸਾਹਿਬਾਨ ਅਤੇ ਪਤਿਵੰਤੇ ਸੱਜਣ ਮੌਜੂਦ ਸਨ।