ਲੁਧਿਆਣਾ – ਫੁੱਲ ਉਤਪਾਦਕਾਂ, ਫੁੱਲ ਪ੍ਰੇਮੀਆਂ ਅਤੇ ਫੁੱਲਾਂ ਦੇ ਸ਼ੌਕੀਨਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨਾਲ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਚੱਲ ਰਿਹਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਖਤਮ ਹੋ ਗਿਆ। ਰੰਗ ਬਿਰੰਗੇ ਗੁਲਦਾਉਦੀ ਫੁੱਲਾਂ ਦੀਆਂ ਅਨੇਕਾਂ ਕਿਸਮਾਂ ਨੇ ਲੋਕਾਂ ਦਾ ਦਿਲ ਖਿਚਿਆ। ਇਹ ਸ਼ੋਅ ਪੀਏਯੂ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਅਤੇ ਪੀਏਯੂ ਮਿਲਖ਼ ਦੇ ਮਿਲੇ ਜੁਲੇ ਸਹਿਯੋਗ ਨਾਲ ਲਗਾਇਆ ਗਿਆ ।
ਪੀਏਯੂ ਲੁਧਿਆਣਾ ਦੇ ਡਾ. ਮੇਜਰ ਸਿੰਘ ਧਾਲੀਵਾਲ ਵਧੀਕ ਡਾਇਰੈਕਟਰ ਖੋਜ, ਬਾਗਬਾਨੀ ਅਤੇ ਭੋਜਨ ਵਿਗਿਆਨ ਇਸ ਸ਼ੋਅ ਦੇ ਮੁੱਖ ਮਹਿਮਾਨ ਸਨ । ਉਹਨਾਂ ਨੇ ਪੰਜਾਬ ਵਿੱਚ ਅਤੇ ਕੌਮੀ ਪੱਧਰ ਤੇ ਫੁੱਲਾਂ ਦੀ ਖੇਤੀ ਦੇ ਰੋਲ ਨੂੰ ਉਜਾਗਰ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਅੱਜਕੱਲ ਖਾਸ ਕਰਕੇ ਤਿਉਹਾਰਾਂ ਦੇ ਦਿਨਾਂ ਵਿੱਚ ਸ਼ਹਿਰਾਂ ਵਿੱਚ ਫੁੱਲਾਂ ਦੀ ਬਹੁਤ ਮੰਗ ਹੁੰਦੀ ਹੈ । ਉਹਨਾਂ ਨੇ ਸ਼ੋਅ ਦੀ ਪ੍ਰਤੀਯੋਗਤਾ ਵਿੱਚ ਜੇਤੂਆਂ ਨੂੰ ਕਿਹਾ ਕਿ ਉਹ ਪੀਏਯੂ ਦੇ ਮਾਹਰਾਂ ਤੋਂ ਤਕਨੀਕੀ ਜਾਣਕਾਰੀ ਲੈ ਕੇ ਫੁੱਲਾਂ ਦੀ ਕਾਸ਼ਤ ਦਾ ਧੰਦਾ ਵਧੀਆ ਤਰੀਕੇ ਨਾਲ ਕਰ ਸਕਦੇ ਹਨ। ਇਸ ਤੋਂ ਬਾਅਦ ਉਹਨਾਂ ਨੇ ਇਨਾਮ ਵੰਡੇ ਅਤੇ ਜੇਤੂਆਂ ਨੂੰ ਵਧਾਈ ਵੀ ਦਿੱਤੀ ।
ਡਾ. ਏ ਐਸ ਢੱਟ, ਮੁੱਖੀ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਨੇ ਕਿਹਾ ਕਿ ਸ਼ੋਅ ਵਿੱਚ ਸਟੈਂਡਰਡ ਅਤੇ ਸਪਰੇਅ ਜਾਤੀਆਂ ਦੀਆਂ 13 ਕਿਸਮਾਂ ਵਿੱਚ ਮੁਕਾਬਲਾ ਕਰਵਾਇਆ ਗਿਆ। ਉਹਨਾਂ ਨੇ ਵਿਭਾਗ ਵੱਲੋਂ ਫਰਵਰੀ 2017 ਵਿੱਚ ਕਰਵਾਏ ਜਾ ਰਹੇ ਕੌਮੀ ਫੁੱਲਾਂ ਦੇ ਸ਼ੋਅ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਵਿੱਚ ਬਸੰਤ ਰੁੱਤ ਦੇ ਵੱਖ-ਵੱਖ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ।
ਇਸ ਮੌਕੇ ਡਾ. ਪ੍ਰੇਮਜੀਤ ਸਿੰਘ ਅਤੇ ਡਾ. ਸੰਦੀਪ ਸਿੰਘ ਵੱਲੋਂ ਲਿਖਤ ਕਿਤਾਬਚਾ ’ਫੁੱਲਾਂ ਵਿੱਚ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦਾ ਪ੍ਰਬੰਧਨ’ ਵੀ ਜਾਰੀ ਕੀਤਾ ਗਿਆ ।
ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਵਿਕਾਸ ਨਗਰ ਦੇ ਅਕਸ਼ੈ ਕੁਮਾਰ ਨੇ ਬਟਨ ਸ਼੍ਰੇਣੀ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਹਾਸਲ ਕੀਤਾ। ਦੂਜੀ ਸ਼੍ਰੇਣੀ ਵਿੱਚ ਸਤਪਾਲ ਮਿੱਤਲ ਦੇ ਸੰਜੇ ਕੁਮਾਰ ਅਤੇ ਕਿਚਲੂ ਨਗਰ ਦੇ ਦੀਪਇੰਦਰ ਵੀਰ ਸਿੰਘ ਨੇ ਦੂਜਾ ਇਨਾਮ ਹਾਸਲ ਕੀਤਾ। ਲੁਧਿਆਣਾ ਦੇ ਵੇਰਕਾ ਦੁੱਧ ਪਲਾਂਟ ਨੇ ਸਪਾਈਡਰ ਸ਼੍ਰੇਣੀ ਵਿੱਚ ਦੂਜਾ ਇਨਾਮ ਹਾਸਲ ਕੀਤਾ। ਦਿੱਲੀ ਪਬਲਿਕ ਸਕੂਲ ਝੱਮਟ ਦੇ ਦਇਆ ਰਾਮ ਅਤੇ ਲੇਖਰਾਜ ਨੇ ਦਰਮਿਆਨੇ ਦਰਜ਼ੇ ਦੀ ਸ਼੍ਰੇਣੀ ਵਿੱਚ ਪਹਿਲਾ ਇਨਾਮ ਹਾਸਲ ਕੀਤਾ ਜਦਕਿ ਰਾਜੇਸ਼ ਸਰੀਨ ਅਤੇ ਰਵਿੰਦਰ ਸਿੰਘ ਨੇ ਦੂਜਾ ਇਨਾਮ ਹਾਸਲ ਕੀਤਾ। ਸਪੂਨ ਸ਼੍ਰੇਣੀ ਵਿਚ ਡੀ ਪੀ ਸਿੰਘ ਚੱਢਾ ਨੇ ਪਹਿਲਾ ਇਨਾਮ ਜਦਕਿ ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਦੇ ਸਦਾਨੰਦ ਨੇ ਦੂਜਾ ਇਨਾਮ ਹਾਸਲ ਕੀਤਾ। ਗੁਲਦਾਉਦੀ ਦੇ ਖਾਸ ਫੁੱਲਾਂ ਦੇ ਮੁਕਾਬਲੇ ਵਿੱਚ ਮਹਿਰੀਨ ਕੌਰ ਅਤੇ ਮਹਿੰਦਰਪਾਲ ਸਿੰਘ ਨੇ ਲੜੀਵਾਰ ਪਹਿਲਾ ਅਤੇ ਦੂਜਾ ਇਨਾਮ ਹਾਸਲ ਕੀਤਾ। ਐਨੀਮੋਨ ਸ਼੍ਰੇਣੀ ਵਿੱਚ ਡੀ ਏ ਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਨੇ ਪਹਿਲਾ ਇਨਾਮ ਹਾਸਲ ਕੀਤਾ ਅਤੇ ਗਮਲਿਆਂ ਦੀ ਪ੍ਰਤਿਯੋਗਤਾ ਵਿੱਚ ਸ. ਚਰਨਦੀਪ ਸਿੰਘ ਅਤੇ ਆਈਰਿਓ ਵਾਟਰ ਫਰੰਟ ਪ੍ਰਾਈਵੇਟ ਲਿਮਿਟਡ ਨੇ ਪਹਿਲਾ ਇਨਾਮ ਹਾਸਲ ਕੀਤਾ। ਸਜਾਵਟੀ ਸ਼੍ਰੇਣੀ ਵਿੱਚ ਦਿੱਲੀ ਪਬਲਿਕ ਸਕੂਲ ਝੱਮਟ ਦੇ ਲਾਲ ਜੀ ਨੇ ਪਹਿਲਾ ਇਨਾਮ ਹਾਸਲ ਕੀਤਾ ।