ਇਸਲਾਮਾਬਾਦ – ਪਾਕਿਸਤਾਨ ਵਿਚ ਬੈਤੁਲਾ ਦੇ ਮਾਰੇ ਜਾਣ ਤੋਂ ਬਾਅਦ ਤਾਲਿਬਾਨ ਦੇ ਦੋ ਧੜ੍ਹਿਆਂ ਵਿਚ ਆਪਸੀ ਲੜਾਈ ਚਲ ਰਹੀ ਹੈ। ਇਸ ਖੂਨੀ ਸੰਘਰਸ਼ ਵਿਚ ਮੌਲਵੀ ਨਜ਼ੀਰ ਗਰੁਪ ਦੇ 17 ਦਹਿਸ਼ਤਗਰਦ ਮਾਰੇ ਗਏ ਹਨ। ਇਹ ਗਰੁਪ ਬੈਤੁਲਾ ਗਰੁਪ ਦਾ ਵਿਰੋਧੀ ਧੜ੍ਹਾ ਮੰਨਿਆ ਜਾਂਦਾ ਹੈ।
ਪਾਕਿਸਤਾਨ ਦੇ ਦਖਣੀ ਵਜ਼ੀਰਸਤਾਨ ਦੇ ਲਾਢਾ ਖੇਤਰ ਵਿਚ ਤਾਲਿਬਾਨ ਦੇ ਦੋ ਧੜ੍ਹਿਆਂ ਵਿਚ ਇਹ ਖੂਨੀ ਸੰਘਰਸ਼ ਐਤਵਾਰ ਵਾਲੇ ਦਿਨ ਹੋਇਆ। ਇਸ ਖੇਤਰ ਵਿਚ ਤਹਿਰੀਕ-ਏ-ਤਾਲਿਬਾਨ ਦਾ ਕਬਜਾ ਹੈ।
ਭਾਂਵੇ ਤਹਿਰੀਕ-ਏ-ਤਾਲਿਬਾਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਹਮਲੇ ਵਿਚ ਉਨ੍ਹਾਂ ਦੇ ਧੜ੍ਹੇ ਦਾ ਕੋਈ ਲੈਣਾ ਦੇਣਾ ਨਹੀਂ ਹੈ। ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੌਲਵੀ ਨਜ਼ੀਰ ਦੇ ਧੜ੍ਹੇ ਤੇ ਉਜ਼ਬੇਕ ਅਤਵਾਦੀਆਂ ਨੇ ਹਮਲਾ ਕੀਤਾ ਹੈ। ਅਸਲ ਵਿਚ ਮੌਲਵੀ ਨਜ਼ੀਰ ਨੂੰ 2007 ਵਿਚ ਉਜ਼ਬੇਕ ਧੜ੍ਹੇ ਵਿਚੋਂ ਕਢ ਦਿਤਾ ਗਿਆ ਸੀ ਅਤੇ ਬੈਤੁਲਾ ਨੇ ਉਸ ਸਮੇਂ ਇਨ੍ਹਾਂ ਦੇ ਸਿਰ ਤੇ ਆਪਣਾ ਹੱਥ ਰੱਖਿਆ ਸੀ। ਮੌਲਵੀ ਦੇ ਬੰਦਿਆਂ ਤੇ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਉਤਰੀ ਵਜ਼ੀਰਸਤਾਨ ਤੋਂ ਦਖਣੀ ਵਜ਼ੀਰਸਤਾਨ ਦੇ ਵਾਨਾ ਕਸਬੇ ਵਲ ਜਾ ਰਹੇ ਸਨ। ਝਾੜੀਆਂ ਵਿਚ ਛਿਪੇ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਉਪਰ ਹਮਲਾ ਕਰ ਦਿਤਾ। ਇਸ ਹਮਲੇ ਵਿਚ ਨਜੀਰ ਦੇ ਕਰੀਬੀ ਮੀਰੂਦੀਨ ਦੇ ਮਾਰੇ ਜਾਣ ਦੀ ਵੀ ਖਬ਼ਰ ਹੈ। ਇਸ ਦਰਮਿਆਨ ਵਜ਼ੀਰਸਤਾਨ ਦੇ ਮਕੀਨ ਖੇਤਰ ਵਿਚ ਤਾਲਿਬਾਨ ਦੁਆਰਾ ਚਲਾਏ ਜਾ ਰਹੇ ਇਕ ਹਸਪਤਾਲ ਵਿਚ 12 ਸ਼ਕੀ ਅਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਹਮਲਾ ਸੈਨਾ ਵਲੋਂ ਕੀਤਾ ਗਿਆ ਹੈ ਜਿਸ ਨਾਲ ਹਸਪਤਾਲ ਦੀ ਪੂਰੀ ਇਮਾਰਤ ਢਹਿਢੇਰੀ ਹੋ ਗਈ ਹੈ।
ਤਾਲਿਬਾਨ ਦੀ ਆਪਸੀ ਲੜਾਈ ਵਿਚ ਬੈਤੁਲਾ ਦੇ ਵਿਰੋਧੀ ਧਿਰ ਦੇ 17 ਅਤਵਾਦੀ ਮਾਰੇ ਗਏ
This entry was posted in ਅੰਤਰਰਾਸ਼ਟਰੀ.