ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਘੋਸ਼ਿਤ ਨੋਟ ਬੰਦੀ ਦੇ ਫੈਸਲੇ ਨੇ ਸਾਰੇ ਦੇਸ਼ ਵਿੱਚ ਹਲਚਲ ਲਿਆ ਦਿੱਤੀ ਹੈ। ਆਮ ਆਦਮੀ ਜਿੱਥੇ ਆਪਣੀ ਮਿਹਨਤ ਦੀ ਕਮਾਈ ਦੇ ਨੋਟ ਬਦਲਣ ਅਤੇ ਜਮਾ ਕਰਵਾਉਣ ਲਈ ਬੈਕਾਂ ਦੀ ਲਾਈਨਾਂ ਵਿੱਚ ਲਗਿਆ ਹੋਇਆ ਹੈ ਉਥੇ ਹੀ ਕਾਲੇ ਧੰਨ ਵਾਲੇ ਆਪਣਾ ਕਾਲਾ ਧੰਨ ਚਿੱਟਾ ਕਰਣ ਦੇ ਨਵੇਂ ਨਵੇਂ ਰਾਹ ਲੱਭ ਕੇ ਆਪਣਾ ਕਾਲਾ ਧੰਨ ਸਫੈਦ ਕਰ ਰਹੇ ਹਨ। ਨੋਟਬੰਦੀ ਦੀ ਰਾਤ ਹੀ ਦੇਸ਼ ਵਿੱਚ ਟਨਾਂ ਦੇ ਹਿਸਾਬ ਨਾਲ ਸੋਨਾ ਵਿਕਿਆ। ਜਿਊਲਰਾਂ ਦੀਆਂ ਬੰਦ ਹੋ ਚੁੱਕੀਆਂ ਦੁਕਾਨਾਂ ਖੁਲਵਾ ਕੇ ਲੋਕਾਂ ਨੇ ਦੋ ਨੰਬਰ ਦੇ 500-1000 ਦੇ ਨੋਟ ਸੋਨੇ ਵਿੱਚ ਖਪਾ ਦਿੱਤੇ ਤੇ ਜਿਊਲਰਾਂ ਨੇ ਵੀ ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਸੋਨੇ ਦੇ ਦੁਗਨੇ ਰੇਟ ਵਧਾ ਦਿੱਤੇ। ਪਰ ਇਸ ਸਭ ਵਿੱਚ ਆਮ ਜਨਤਾ ਦੇ ਮਨਾਂ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਆਖਰ ਜਿਊਲਰਾਂ ਨੇ ਇੰਨੇ 500-1000 ਦੇ ਨੋਟ ਕਿਵੇਂ ਬਦਲੇ ਜਾਂ ਆਪਣੇ ਖਾਤਿਆਂ ਵਿੱਚ ਜਮਾ ਕਰਵਾਏ? ਪਰ ਕਹਿੰਦੇ ਹਨ ਕਿ ਕਾਨੂੰਨ ਇੱਕ ਬਣਦਾ ਹੈ ਤੇ ਉਸਨੂੰ ਤੋੜਨ ਦੇ ਤਰੀਕੇ 100 ਬਣ ਜਾਂਦੇ ਹਨ। ਜਿਊਲਰਾਂ ਵਲੋਂ ਵੀ ਆਪਣਾ ਇਹ ਇਕੱਠਾ ਕੀਤਾ ਧੰਨ ਟਿਕਾਣੇ ਲਾਉਣ ਲਈ ਆਪਣੇ ਮੁਲਾਜਮਾਂ ਨੂੰ ਕੰਮ ਲਾ ਦਿੱਤਾ ਗਿਆ। ਬੈਗਾਂ ਦੇ ਬੈਗ ਨੋਟਾਂ ਦੇ ਭਰ ਕੇ ਜਵੈਲਰਾਂ ਦੇ ਮੁਲਾਜਮਾਂ ਵਲੋਂ ਦੂਜੀਆਂ ਸਟੇਟਾਂ ਵਿੱਚ ਖਪਾਏ ਜਾਣ ਦੀ ਚਰਚਾ ਆਮ ਹੈ। ਪਰ ਇਹਨਾਂ ਖਿਲਾਫ ਪੁਲਿਸ ਪ੍ਰਸ਼ਾਸਨ ਅਤੇ ਇਨਕਮ ਟੈਕਸ ਵਿਭਾਗ ਵਲੋਂ ਸਾਂਝੇ ਤੌਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਨਹੀਂ ਤਾਂ ਰਾਤੋਂ ਰਾਤ ਗੱਡੀਆਂ ਵਿੱਚ ਜਾਂਦਾ ਪਤਾ ਨਹੀਂ ਕਿੰਨਾਂ ਹੀ ਅਰਬਾਂ ਰੁਪਏ ਦਾ ਕਾਲਾ ਧੰਨ ਫੜਿਆ ਜਾਂਦਾ।
ਜਿਊਲਰਾਂ ਦੀ ਤਰ੍ਹਾਂ ਹੀ ਆੜਤੀਆਂ ਨੇ ਵੀ ਆਪਣੇ ਕਾਲੇ ਧੰਨ ਨੂੰ ਸਿਰੇ ਲਾਉਣ ਲਈ ਕਿਸਾਨਾਂ ਦੀ ਆੜ ਲਈ। ਜਿੱਥੇ ਉਹਨਾਂ ਵਲੋਂ ਕਈ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਜਮਾ ਕਰਵਾਏ ਗਏ ਉਥੇ ਹੀ ਜੇ ਫਾਰਮ ਦਾ ਵੀ ਸਹਾਰਾ ਲਿਆ ਗਿਆ। ਕਿਸਾਨ ਨੂੰ ਕੇਂਦਰ ਸਰਕਾਰ ਵੱਲੋਂ ਇਨਕਮਟੈਕਸ ਦੀ ਛੋਟ ਹੈ ਪਰ ਇਸ ਛੋਟ ਦਾ ਫਾਇਦਾ ਕੁੱਝ ਭ੍ਰਿਸ਼ਟ ਅਧਿਕਾਰੀ ਅਤੇ ਕੁੱਝ ਆੜਤੀਆਂ ਵੱਲੋਂ ਲਿਆ ਜਾ ਰਿਹਾ ਹੈ। ਜੇ ਫਾਰਮ ਜੋਕਿ ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਲਈ ਤੈਅ ਕੀਤਾ ਗਿਆ ਹੈ ਉਸ ਦੀ ਗੱਲਤ ਵਰਤੋਂ ਕੁੱਝ ਆੜਤੀਆਂ ਅਤੇ ਕਾਲੇ ਧੰਨ ਦੇ ਮਾਲਕਾਂ ਵਲੋਂ ਰੱਲ ਕੇ ਕੀਤੀ ਜਾ ਰਹੀ ਹੈ। ਇਹ ਜੇ ਫਾਰਮ ਬਲੈਕਮਨੀ ਵਾਲਿਆਂ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਬਲੈਕਮਨੀ ਵਾਲਿਆ ਤੋਂ ਇੱਕ ਲੱਖ ਮਗਰ 20 ਹਜਾਰ ਰੁਪਏ ਲਿਆ ਜਾ ਰਿਹਾ ਹੈ। ਇਸ ਤਰ੍ਹਾਂ ਬੈਲਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਹੀ ਕਰੋੜਾਂ ਰੁਪਏ ਦੀ ਬਲੈਕਮਨੀ ਨੂੰ ਸਫੇਦ ਕਰਨ ਲਈ ਜੇ ਫਾਰਮ ਦਾ ਸਹਾਰਾ ਲਿਆ ਗਿਆ। ਵੈਸੇ ਤਾਂ ਜੇ ਫਾਰਮ ਸਿਰਫ ਕਿਸਾਨਾਂ ਨੂੰ ਹੀ ਮਿਲ ਸਕਦਾ ਹੈ ਪਰ ਪੁਰਾਣੀ ਤਾਰੀਖ ਵਿੱਚ ਜਾਲੀ ਜਮੀਨ ਦਾ ਠੇਕਾ ਦਿਖਾ ਕੇ ਇਹ ਸਾਰਾ ਜੇ ਫਾਰਮ ਦਾ ਖੇਲ ਖੇਡਿਆ ਜਾ ਰਿਹਾ ਹੈ ਅਤੇ ਬਲੈਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ। ਇੱਥੇ ਸਵਾਲ ਫਿਰ ਉਹੀ ਪੈਦਾ ਹੁੰਦਾ ਹੈ ਕਿ 80-20 ਦੀ ਰੇਸ਼ੋ ਨਾਲ ਖਪਾਏ ਜਾ ਰਹੇ ਇਸ ਕਾਲੇ ਧੰਨ ਤੇ 500-1000 ਦੇ ਨੋਟਾਂ ਨੂੰ ਆਖਰ ਇਸ ਵੱਡੀ ਗਿਣਤੀ ਵਿੱਚ ਬੈਕਾਂ ਵਿੱਚ ਜਮਾ ਕਿਵੇਂ ਕਰਵਾਇਆ ਜਾ ਰਿਹਾ ਹੈ ਜੱਦ ਕਿ ਆਮ ਆਦਮੀ ਨੂੰ ਤਾਂ ਆਪਣੇ ਕੁੱਝ ਹਜਾਰਾਂ ਪਿੱਛੇ ਹੀ ਬੈਂਕਾਂ ਦੀਆਂ ਲਾਈਨਾਂ ਵਿੱਚ ਕਈ ਕਈ ਦਿਨ ਧੱਕੇ ਖਾਣੇ ਪੈ ਰਹੇ ਹਨ। ਸਪੱਸ਼ਟ ਹੈ ਕਿ ਇਹ ਸੱਭ ਬੈਂਕਾਂ ਦੇ ਕੁੱਝ ਭ੍ਰਿਸ਼ਟ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦੇ ਉਪਰਲੇ ਤੰਤਰ ਦੀ ਮਿਲੀਭਗਤ ਤੋਂ ਬਿਨ੍ਹਾਂ ਕਿਵੇਂ ਸੰਭਵ ਹੋ ਸਕਦਾ ਹੈ।
ਜਿੱਥੇ ਸੋਨੇ ਅਤੇ ਜੇ ਫਾਰਮ ਰਾਹੀਂ ਆਪਣੀ ਬਲੈਕਮਨੀ ਨੂੰ ਸਫੇਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਰਿਸ਼ਤੇਦਾਰਾਂ ਅਤੇ ਫੈਕਟਰੀਆਂ ਦੇ ਮਾਲਕਾਂ ਰਾਹੀਂ ਵੀ ਬਲੈਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ। ਰਿਸ਼ਤੇਦਾਰਾਂ ਅਤੇ ਭ੍ਰਿਸ਼ਟ ਸਰਕਾਰੀ ਬਾਬੂਆਂ ਦੀ ਬਲੈਕਮਨੀ ਨੂੰ ਸਫੇਦ ਕਰਨ ਲਈ ਵੱਡੇ ਵਪਾਰੀਆਂ ਵਲੋਂ ਛੋਟੇ ਵਪਾਰੀਆਂ ਨੂੰ ਪੈਸੇ ਦੇਣ ਅਤੇ ਅਡਜਸਟ ਕਰਣ ਲਈ ਫੋਨ ਕੀਤੇ ਜਾ ਰਹੇ ਹਨ। ਇਨਕਮਟੈਕਸ ਵਿਭਾਗ ਲਈ ਇਹ ਧਿਆਨ ਦੇਣ ਯੋਗ ਗੱਲ੍ਹ ਹੈ ਕਿ ਜਿਹੜੇ ਵਪਾਰੀ ਕਰਜਦਾਰ ਸਨ ਉਹਨਾਂ ਦੇ ਖਾਤਿਆਂ ਵਿੱਚ ਅਚਾਨਕ ਹੀ ਲੱਖਾਂ ਰੁਪਏ ਕਿਥੋਂ ਆ ਗਏ। ਅਜਿਹੇ ਹੀ ਕਈ ਵਪਾਰੀਆਂ ਉਪਰ ਲੱਖਾਂ ਦਾ ਕਰਜਾ ਸੀ ਪਰ ਕੇਂਦਰ ਸਰਕਾਰ ਵੱਲੋਂ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰਨ ਦੇ ਫੈਸਲੇ ਨਾਲ ਉਹਨਾਂ ਕੋਲ ਰਾਤੋਂ ਰਾਤ 30-40 ਲੱਖ ਰੁਪਏ ਬਲੈਕਮਨੀ ਆ ਗਈ ਅਤੇ ਇਸ ਬੈਲਕਮਨੀ ਨੂੰ ਖਪਾਉਣ ਲਈ ਉਹਨਾਂ ਵਲੋਂ ਜਿੱਥੇ ਵਪਾਰੀਆਂ ਨੂੰ ਪੇਮਿੰਟ ਦਿੱਤੀ ਜਾ ਰਹੀ ਹੈ ਉਥੇ ਅਚਾਨਕ ਹੀ ਲੰਮੇ ਸਮੇਂ ਤੋਂ ਖਾਲੀ ਚੱਲ ਰਹੀਆਂ ਲਿਮਿਟਾਂ ਵੀ ਭਰ ਦਿੱਤੀਆਂ ਗਈਆਂ ਹਨ। ਉਥੇ ਹੀ ਬਜਾਰ ਵਿੱਚ ਜਿੰਨਾਂ ਵਪਾਰੀਆਂ ਵੱਲੋਂ ਕਈ ਸਾਲਾਂ ਦੇ ਉਧਾਰ ਦਿੱਤੇ ਮਾਲ ਦੇ ਪੈਸੇ ਨਹੀ ਦਿੱਤੇ ਜਾ ਰਹੇ ਸਨ ਉਹ ਨੋਟ ਬੰਦੀ ਤੋਂ ਬਾਦ ਪੁਰਾਣੇ ਨੋਟਾਂ ਰਾਹੀ ਰਾਤੋਂ ਰਾਤ ਪੈਸੇ ਦੇ ਦਿੱਤੇ ਗਏ।
ਇੱਥੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪੈਸੇ ਜਮਾ ਕਰਵਾਉਣ ਵਾਲੇ ਤਾਂ ਕਈ ਜਰੀਏ ਹਨ ਪਰ ਪੈਸੇ ਜਿੱਥੇ ਜਮਾ ਹੋਣੇ ਹਨ ਜਾਂ ਬਦਲੇ ਜਾਣੇ ਹਨ ਉਹ ਤਾਂ ਇੱਕ ਹੀ ਹੈ – ਬੈਂਕ। ਬੈਂਕਾਂ ਦੇ ਕੁੱਝ ਭ੍ਰਿਸ਼ਟ ਅਧਿਕਾਰੀਆਂ ਦੀ ਮਿਲੀਭਗਤ ਤੋਂ ਬਿਨ੍ਹਾਂ ਤਾਂ ਇਹ ਸਾਰਾ ਖੇਡ ਖੇਡਿਆ ਹੀ ਨਹੀਂ ਜਾ ਸਕਦਾ। ਇਸ ਦਾ ਸਪੱਸ਼ਟ ਪ੍ਰਮਾਣ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਬੈਂਕਾਂ ਤੇ ਪੈ ਰਹੇ ਇਨਕਮਟੈਕਸ ਵਿਭਾਗ ਦੇ ਛਾਪਿਆਂ ਤੋਂ ਸਾਹਮਣੇ ਆਉਂਦਾ ਹੈ। ਕਈ ਬੈਂਕ ਅਧਿਕਾਰੀਆਂ ਨੂੰ ਤਾਂ ਸਸਪੈਂਡ ਵੀ ਕੀਤਾ ਗਿਆ ਹੈ। ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਵੀ ਇੱਕ ਟੈਕਸੀ ਡਰਾਇਵਰ ਦੇ ਖਾਤੇ ਵਿੱਚ 9800 ਕਰੋੜ ਰੁਪਿਆ ਟਰਾਂਸਫਰ ਕਰ ਦਿੱਤਾ ਗਿਆ ਤੇ ਬਾਦ ਵਿੱਚ ਉਸ ਖਾਤੇ ਤੋਂ ਦੂਸਰੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ। ਡਰਾਇਵਰ ਵਲੋਂ ਇਨਕਮਟੈਕਸ ਵਿਭਾਗ ਪਾਸ ਸ਼ਿਕਾਇਤ ਕਰਣ ਤੇ ਇਨਕਮਟੈਕਸ ਵਿਭਾਗ ਵਲੋਂ ਬੈਂਕ ਦੀਆਂ ਦੋ ਬਰਾਚਾਂ ਤੇ ਛਾਪਾ ਵੀ ਮਾਰਿਆ ਗਿਆ ਸੋਚਣ ਵਾਲੀ ਗੱਲ੍ਹ ਹੈ ਕਿ ਜੇ ਇੱਕ ਖਾਤੇ ਵਿੱਚ ਖਰਬਾਂ ਰੁਪਇਆ ਟਰਾਂਸਫਰ ਕੀਤਾ ਗਿਆ ਤਾਂ ਦੇਸ਼ ਭਰ ਦੇ ਬੈਂਕਾਂ ਵਿੱਚ ਲੱਖਾਂ ਕਰੋੜਾਂ ਵਿੱਚ ਤਾਂ ਪਤਾ ਨਹੀਂ ਕਿੰਨੇ ਹੀ ਟਰਾਂਸਫਰ ਹੋਏ ਹੋਣਗੇ।
ਇਸ ਸਭ ਤੋਂ ਇਲਾਵਾ ਅਜਿਹੇ ਲੋਕ ਵੀ ਬਜਾਰ ਵਿੱਚ ਸਰਗਰਮ ਹਨ ਜੋ ਸ਼ਰੇਆਮ ਪੁਰਾਣੇ ਨੋਟਾਂ ਨੂੰ 75 ਫੀਸਦੀ ਤੇ ਨਵੇਂ ਨੋਟਾਂ ਵਿੱਚ ਬਦਲਵਾਉਣ ਦਾ ਦਾਵਾ ਕਰਦੇ ਹਨ ਅਤੇ ਕਰੋੜਾਂ ਰੁਪਏ ਦੇ ਪੁਰਾਣੇ ਨੋਟ ਬਦਲਣ ਦੀ ਗੱਲ ਆਮ ਕਰਦੇ ਹਨ। ਜਿਹੜੇ ਅਜਿਹੇ ਲੋਕ ਕਾਲੇ ਧੰਨ ਨੂੰ ਬਦਲਨ ਦੀ ਗੱਲ ਕਰ ਰਹੇ ਹਨ ਉਹ ਸੱਤਾ ਦੇ ਨਜ਼ਦੀਕ ਹਨ। ਇਹਨਾਂ ਨੂੰ ਨਾ ਤਾਂ ਇਨਕਮਟੈਕਸ ਦਾ ਹੀ ਡਰ ਹੈ ਅਤੇ ਨਾ ਹੀ ਕਿਸੇ ਹੋਰ ਮਹਿਕਮੇ ਦਾ। ਇਸ ਸਭ ਤੋਂ ਤਾਂ ਇਹੀ ਲੱਗਦਾ ਹੈ ਕਿ ਪ੍ਰਧਾਨਮੰਤਰੀ ਦੀ ਇਹ ਸਾਰੀ ਯੋਜਨਾ ਜੋਕਿ ਕਾਲੇ ਧੰਨ ਨੂੰ ਬਾਹਰ ਕੱਢਣ ਦੀ ਸੀ ਪਰ ਵਿਚੋਲਿਆਂ ਨੇ ਕਾਲੇ ਧੰਨ ਨੂੰ ਨਵੇਂ ਰਸਤੇ ਲੱਭ ਕੇ ਫਿਰ ਤੋਂ ਨਵੀ ਕਰਸੀ ਵਿੱਚ ਕਾਲਾ ਧੰਨ ਬਰਕਰਾਰ ਰੱਖ ਲਿਆ ਹੈ। 19 ਦਿਨ ਬੀਤਣ ਦੇ ਬਾਵਜੂਦ ਦੇਸ਼ ਵਿੱਚ ਕਾਲਾ ਧੰਨ ਨਾ ਮਾਤਰ ਹੀ ਫੜਿਆ ਗਿਆ ਹੈ। ਹੁਣ ਸਰਕਾਰ ਵੱਲੋਂ ਕਾਲੇ ਧੰਨ ਨੂੰ ਉਜਾਗਰ ਕਰਨ ਵਾਲਿਆਂ ਨੂੰ 50 ਪ੍ਰਤੀਸ਼ਤ ਦੀ ਸਕੀਮ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਕਾਲੇ ਧੰਨ ਵਾਲੇ ਸਰਕਾਰ ਦੀ ਇਸ ਸਕੀਮ ਨੂੰ ਕਿਸ ਤਰ੍ਹਾਂ ਲੈਂਦੇ ਹਨ। ਅਗਰ ਸਰਕਾਰ ਦੀ ਇਹ ਯੋਜਨਾ ਵੀ ਕਾਲਾ ਧੰਨ ਨਹੀਂ ਕੱਢ ਪਾਉਂਦੀ ਤਾਂ ਸਮਝ ਲੋ ਕਿ ਸਰਕਾਰ ਦੀ ਨੋਟਬੰਦੀ ਦੀ ਇਹ ਯੋਜਨਾ ਆਮ ਆਦਮੀ ਅਤੇ ਛੋਟੇ ਵਪਾਰੀਆਂ ਲਈ ਸਿਰਦਰਦ ਹੀ ਸਾਬਤ ਹੋਈ ਹੈ। ਅਗਰ ਸਰਕਾਰ ਨੇ ਇਹ ਯੋਜਨਾ ਸਹੀ ਮਾਇਨੇ ਵਿੱਚ ਸਫਲ ਕਰਨੀ ਹੈ ਤਾਂ ਸਰਕਾਰ ਨੂੰ ਨਾ ਸਿਰਫ ਕਾਲੇ ਧੰਨ ਵਾਲਿਆਂ ਸਗੋਂ ਉਹਨਾਂ ਦਾ ਸਾਥ ਦੇਣ ਵਾਲੇ ਕੁੱਝ ਭ੍ਰਸ਼ਟ ਮਹਿਕਮਿਆਂ ਦੇ ਖਿਲਾਫ ਵੀ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਹੀ ਇਸ ਯੋਜਨਾ ਦਾ ਦੇਸ਼ ਨੂੰ ਸਹੀ ਲਾਭ ਮਿਲ ਸਕੇਗਾ ਨਹੀਂ ਤਾਂ ਇਹ ਯੋਜਨਾ ਦੇਸ਼ ਲਈ ਸਿਰਫ ਅਤੇ ਸਿਰਫ ਆਰਥਿਕ ਸੰਕਟ ਦਾ ਕਾਰਣ ਬਣ ਕੇ ਰਹਿ ਜਾਵੇਗੀ।