ਨਵੀਂ ਦਿੱਲੀ – ਭਾਜਪਾ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੇ ਆਪਣੀ ਕਿਤਾਬ “ਜਿਨਾਹ-ਇੰਡੀਆ, ਪਾਰਟੀਸ਼ਨ, ਇੰਡੀਪੈਂਡੈਂਸ” ਵਿਚ ਪੰਡਤ ਨਹਿਰੂ ਦੀ ਅਲੋਚਨਾ ਕੀਤੀ ਹੈ ਅਤੇ ਮੁਹੰਮਦ ਅਲੀ ਜਿਨਾਹ ਦੀ ਪ੍ਰਸੰਸਾ ਕੀਤੀ ਹੈ। ਇਸ ਕਰਕੇ ਕਾਂਗਰਸ ਨੇ ਭਾਜਪਾ ਤੇ ਸਿਆਸੀ ਵਾਰ ਕੀਤੇ ਹਨ। ਭਾਜਪਾ ਅਤੇ ਜਸਵੰਤ ਸਿੰਘ ਤੇ ਤਿੱਖੇ ਹਮਲੇ ਕਰਦੇ ਹੋਏ ਪਾਰਟੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਰਤ ਦੀ ਧਰਮ ਨਿਰਪੱਖਤਾ ਤੇ ਕੋਈ ਮਾਣ ਨਹੀਂ ਹੈ, ਪਰ ਦੇਸ਼ ਦੇ ਟੁਕੜੇ ਕਰਨ ਵਾਲੇ ਜਿਨਾਹ ਦੀ ਤੋੜਨ ਵਾਲੀ ਧਰਮ ਨਿਰਪੱਖਤਾ ਜਿਆਦਾ ਚੰਗੀ ਲਗਦੀ ਹੈ।
ਜਸਵੰਤ ਸਿੰਘ ਵਲੋਂ ਨਹਿਰੂ ਅਤੇ ਪਟੇਲ ਬਾਰੇ ਲਿਖੇ ਗਏ ਇਤਰਾਜ਼ਯੋਗ ਤੱਤਾਂ ਨੂੰ ਲੈ ਕੇ ਕਾਂਗਰਸ ਨੇ ਜਵਾਬੀ ਵਾਰ ਕੀਤੇ ਹਨ। ਪਾਰਟੀ ਦੇ ਬੁਲਾਰੇ ਅਭੀਸ਼ੇਕ ਸਿੰਘਵੀ ਨੇ ਕਿਹਾ ਹੈ ਕਿ ਇਤਹਾਸ ਦੀ ਸਚਾਈ ਇਹੀ ਹੈ ਕਿ ਜਿਨਾਹ ਭਾਰਤ ਦੇ ਬਟਵਾਰੇ ਲਈ ਜਿੰਮੇਵਾਰ ਸੀ, ਪਰ ਭਾਜਪਾ ਅਤੇ ਜਸਵੰਤ ਸਿੰਘ ਨੂੰ ਨਹਿਰੂ ਅਤੇ ਪਟੇਲ ਦੋਸ਼ੀ ਦਿਸਦੇ ਹਨ। ਇਹ ਇਤਹਾਸ ਨਾਲ ਛੇੜਛਾੜ ਹੀ ਨਹੀਂ, ਸਗੋਂ ਇਕ ਮਜ਼ਾਕ ਹੈ। ਸਿੰਘਵੀ ਨੇ ਜਸਵੰਤ ਸਿੰਘ ਦੀ ਕਿਤਾਬ ਦੀਆਂ ਧਜੀਆਂ ਉਡਾਉਂਦੇ ਹੋਏ ਕਿਹਾ ਕਿ ਜਸਵੰਤ ਸਿੰਘ ਨੂੰ ਜਿਨਾਹ ਦੀ ਦੂਰਦਰਸ਼ਤਾ ਅਤੇ ਵਿਚਾਰਾਂ ਦਾ ਖੁਲ੍ਹਾਪਣ ਭਾਂਉਂਦਾ ਹੈ। ਇਸ ਦੇ ਉਲਟ ਨਹਿਰੂ ਦੀ ਅਗਵਾਈ ਵਿਚ ਸਫਰ ਸ਼ੁਰੂ ਕਰਨ ਵਾਲਾ ਭਾਰਤ ਅੱਜ ਇਕ ਮਜਬੂਤ ਅਤੇ ਲੋਕਤੰਤਰ ਦੇ ਰੂਪ ਵਿਚ ਦੁਨੀਆਂ ਦੀ ਅਗਲੀ ਕਤਾਰ ਵਾਲੇ ਦੇਸ਼ਾਂ ਵਿਚ ਸ਼ਾਮਿਲ ਹੈ, ਪਰ ਭਾਜਪਾ ਅਤੇ ਜਸਵੰਤ ਸਿੰਘ ਨੂੰ ਇਹ ਬਿਲਕੁਲ ਵਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਨੇ ਪਹਿਲਾਂ ਵੀ ਆਪਣੀ ਪਿੱਛਲੀ ਕਿਤਾਬ ਵਿਚ ਇਕ ਕਥਿਤ ਭੇਦੀਏ ਦੀ ਕਹਾਣੀ ਲਿਖੀ ਸੀ ਪਰ ਅੱਜ ਤਕ ਉਸਦੀ ਸਚਾਈ ਸਾਹਮਣੇ ਨਹੀਂ ਲਿਆ ਸਕੇ। ਭਾਂਵੇ ਭਾਜਪਾ ਦੇ ਮੁੱਖ ਨੇਤਾ ਦਿੱਲੀ ਵਿਚ ਹੋਣ ਦੇ ਬਾਵਜੂਦ ਵੀ ਪੁਸਤਕ ਰਲੀਜ਼ ਸਮਾਗਮ ਵਿਚ ਨਹੀਂ ਪਹੁੰਚੇ ਕਿਉਂਕਿ ਪਾਰਟੀ ਪਹਿਲਾਂ ਹੀ ਅਡਵਾਨੀ ਵਲੋਂ ਜਿਨਾਹ ਬਾਰੇ ਦਿਤੇ ਗਏ ਬਿਆਨ ਕਰਕੇ ਕਾਫੀ ਸ਼ਰਮਿੰਦਗੀ ਉਠਾ ਚੁਕੀ ਹੈ।
ਜਸਵੰਤ ਸਿੰਘ ਦੀ ਕਿਤਾਬ ਕਰਕੇ ਕਾਂਗਰਸ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ
This entry was posted in ਭਾਰਤ.