ਪਟਿਆਲਾ : ਸੀਨੀਅਰ ਸਿਟੀਜ਼ਨਜ਼ ਨੂੰ ਆਪਣੇ ਆਪ ਨੂੰ ਬਜ਼ੁਰਗ ਨਹੀਂ ਸਮਝਣਾ ਚਾਹੀਦਾ ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਜਿਓਣ ਦਾ ਤਜ਼ਰਬਾ ਜ਼ਿਆਦਾ ਹੁੰਦਾ ਹੈ। ਉਹ ਹਰ ਸਮੱਸਿਆ ਦਾ ਹਲ ਲੱਭਣ ਦੇ ਸਮਰੱਥ ਹੁੰਦੇ ਹਨ। ਸੁਹਾਵਣੀ ਜ਼ਿੰਦਗੀ ਜਿਓਣ ਲਈ ਸੀਨੀਅਰ ਸਿਟੀਜ਼ਨਜ਼ ਨੂੰ ਆਪਣੇ ਆਪ ਨੂੰ ਦਿਲੋਂ ਨੌਜਵਾਨ ਸਮਝਣਾ ਚਾਹੀਦਾ ਹੈ। ਸਟੇਟ ਬੈਂਕ ਆਫ ਪਟਿਆਲਾ ਅਰਬਨ ਅਸਟੇਟ ਅਤੇ ਇਸ ਦੇ ਆਲੇ ਦੁਆਲੇ ਵਸਦੇ ਸੀਨੀਅਰ ਸਿਟੀਜ਼ਨ ਦੀ ਬਿਹਤਰੀ ਲਈ ਹਰ ਕਦਮ ਚੁੱਕਣ ਦੀ ਕੋਸ਼ਿਸ਼ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਰਾਮੇਸ਼ ਰੰਗਨ ਮੈਨੇਜਿੰਗ ਡਾਇਰੈਕਟਰ ਸਟੇਟ ਬੈਂਕ ਆਫ਼ ਪਟਿਆਲਾ ਨੇ ਅੱਜ ਕਮਿਊਨਿਟੀ ਸੈਂਟਰ ਅਰਬਨ ਅਸਟੇਟ ਫੇਜ 3 ਵਿਚ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀ, ਅਰਬਨ ਅਸਟੇਟ ਪਟਿਆਲਾ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਬੋਲਦਿਆਂ ਕੀਤਾ। ਉਨ੍ਹਾਂ ਕਿਹਾ ਨਿਯਮਾ ਅਨੁਸਾਰ ਸੀਨੀਅਰ ਸਿਟੀਜ਼ਨਜ਼ ਨੂੰ ਜਿਹੜੀਆਂ ਸੇਵਾਵਾਂ ਬੈਂਕ ਦੇ ਸਕਦਾ ਹੈ, ਉਹ ਦਿੱਤੀਆਂ ਜਾਣਗੀਆਂ। ਉਨ੍ਹਾਂ ਅੱਗੋਂ ਕਿਹਾ ਕਿ ਸਟੇਟ ਬੈਂਕ ਆਫ਼ ਪਟਿਆਲਾ ਦੀਆਂ ਬਰਾਂਚਾਂ ਵਿਚ ਪ੍ਰਿੰਟਿੰਗ ਮਸ਼ੀਨਾ ਲਗਾਈਆਂ ਜਾਣਗੀਆਂ ਤਾਂ ਜੋ ਕਸਟਮਰ ਆਪਣੇ ਆਪ ਹੀ ਆਪਣੀਆਂ ਪਾਸ ਬੁਕਾਂ ਨੂੰ ਮੁਕੰਮਲ ਕਰ ਸਕਣ। ਉਨ੍ਹਾਂ ਸੀਨੀਅਰ ਸਿਟੀਜ਼ਨਜ ਨੂੰ ਡਿਜਟਲ ਪੇਮੈਂਟ ਅਪਣਾਉਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਅੱਗੋਂ ਕਿਹਾ ਕਿ ਤੁਸੀਂ ਆਪਣੇ ਘਰ ਬੈਠੇ ਹੀ ਆਪਣੇ ਅਕਾਊਂਟ ਬਾਰੇ ਜਾਣਕਾਰੀ ਆਪਣੇ ਐਂਡਰਾਇਡ ਅਤੇ ਐਪਲ ਦੇ ਫੋਨ ਤੋਂ ਲੈ ਸਕਦੇ ਹੋ। ਬੈਂਕ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਕੋਈ ਵੀ ਬੈਂਕ ਕਿਸੇ ਆਪਣੇ ਗਾਹਕ ਤੋਂ ਏ.ਟੀ.ਐਮ. ਜਾਂ ਹੋਰ ਕਿਸੇ ਵੀ ਪਾਸਵਰਡ ਦੀ ਜਾਣਕਾਰੀ ਨਹੀਂ ਮੰਗਦਾ, ਇਸ ਲਈ ਕਈ ਫਰਾਡੀ ਲੋਕ ਬੈਂਕ ਅਧਿਕਾਰੀ ਦੱਸ ਕੇ ਜਾਣਕਾਰੀ ਮੰਗਦੇ ਹਨ ਅਤੇ ਤੁਹਾਡੇ ਅਕਾਊਂਟ ਵਿਚੋਂ ਰਕਮ ਕਢਵਾ ਲੈਂਦੇ ਹਨ। ਇਸ ਲਈ ਉਨ੍ਹ ਅਜਿਹੇ ਧੇਖੋਬਾਜਾਂ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ। ਇਸ ਮੌਕੇ ਤੇ ਮੈਨੇਜਿੰਗ ਡਾਇਰੈਕਟਰ ਨੇ ਦਸੰਬਰ ਮਹੀਨੇ ਵਿਚ ਜਿਨ੍ਹਾਂ ਮੈਂਬਰਾਂ ਦੇ ਜਨਮ ਦਿਨ ਸਨ ਉਨ੍ਹਾਂ ਨੂੰ ਤੋਹਫੇ ਦੇ ਕੇ ਸਨਮਾਨਤ ਕੀਤਾ। ਬੈਂਕ ਵੱਲੋਂ ਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਪੈਨ ਤੋਹਫ਼ੇ ਵਜੋ ਦਿੱਤੇ ਗਏ। ਸੋਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਭਿੰਡਰ ਨੇ ਮੈਨੇਜਿੰਗ ਡਾਇਰੈਕਟਰ ਅਤੇ ਹੋਰ ਬੈਂਕ ਦੇ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਟੇਟ ਬੈਂਕ ਆਫ ਪਟਿਆਲਾ ਲੋਕਾਂ ਦੀ ਪ੍ਰਸੰਸਾਯੋਗ ਸੇਵਾ ਕਰ ਰਹੀ ਹੈ। ਉਨ੍ਹਾਂ ਸੋਸਾਇਟੀ ਨੂੰ ਸਮਾਗਮ ਆਯੋਜਤ ਕਰਨ ਸਮੇਂ ਮੈਂਬਰਾਂ ਦੇ ਬੈਠਣ ਲਈ 150 ਕੁਰਸੀਆਂ ਦੇਣ ਦੀ ਮੰਗ ਕੀਤੀ। ਉਜਾਗਰ ਸਿੰਘ ਜਨਰਲ ਸਕੱਤਰ ਨੇ ਮੈਨੇਜਿੰਗ ਡਾਇਰੈਕਟਰ ਅਤੇ ਬੈਂਕ ਦੇ ਹੋਰ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪਾਪੀਆ ਸੇਨ ਗੁਪਤਾ ਮੁੱਖ ਜਨਰਲ ਮੈਨੇਜਰ ਨੇ ਕਿਹਾ ਕਿ ਸਟੇਟ ਬੈਂਕ ਆਫ ਪਟਿਆਲਾ ਡਿਜਟਲ ਪੇਮੈਂਟ ਕਰਨ ਲਈ ਬਜ਼ੁਰਗਾਂ ਨੂੰ ਜਾਣਕਾਰੀ ਦੇਵੇਗਾ। ਉਨ੍ਹਾਂ ਅੱਗੋਂ ਕਿਹਾ ਕਿ ਸੀਨੀਅਰ ਸਿਟੀਜਨਜ਼ ਨੂੰ ਬੈਂਕ ਵਿਚ ਪਹਿਲ ਦੇ ਆਧਾਰ ਤੇ ਸਹੂਲਤਾਂ ਦਿੱਤੀਆਂ ਜਾਇਆ ਕਰਨਗੀਆਂ। ਐਸ.ਕੇ.ਭੰਡਾਰੀ ਜਨਰਲ ਮੈਨੇਜਰ, ਐਸ.ਕੇ.ਸ਼ਰਮਾ, ਅਸਿਸਟੈਟ ਜਨਰਲ ਮੈਨੇਜਰ ਰੀਜਨ-1 ਅਰਬਨ ਅਸਟੇਟ ਅਤੇ ਐਸ.ਐਸ਼ਰਿਜਵੀ ਚੀਫ਼ ਮੈਨੇਜਰ ਐਚ.ਐਨ.ਆਈ ਨੇ ਹੋਰ ਬੈਂਕ ਅਧਿਕਾਰੀਆਂ ਦੀ ਮਦਦ ਨਾਲ ਸੀਨੀਅਰ ਸਿਟੀਜ਼ਨਜ਼ ਲਈ ਬੈਂਕ ਦੀਆਂ ਸਕੀਮਾ ਅਤੇ ਡਿਜਟਲ ਪੇਮੈਂਟ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਮੈਨੇਜਿੰਗ ਡਾਇਰੈਕਟਰ ਰਮੇਸ਼ ਰੰਗਨ, ਪਾਪੀਆ ਸੇਨ ਗੁਪਤਾ, ਮੁੱਖ ਜਨਰਲ ਮੈਨੇਜਰ ਅਤੇ ਐਸ.ਕੇ.ਭੰਡਾਰੀ ਜਨਰਲ ਮੈਨੇਜਰ ਨੂੰ ਤੋਹਫ਼ੇ ਦੇ ਕੇ ਸਨਮਾਨਤ ਕੀਤਾ। ਡਾ.ਤਰਲੋਕ ਸਿੰਘ ਆਨੰਦ ਸਰਪਰਸਤ, ਸ਼੍ਰੀਮਤੀ.ਡਾ. ਸੁਕਰਿਤੀ ਭਟਨਾਗਰ ਉਪ ਪ੍ਰਧਾਨ ਅਤੇ ਓ.ਪੀ.ਗਰਗ ਆਡੀਟਰ ਨੇ ਵੀ ਆਪਣੇ ਵਿਚਾਰ ਰੱਖੇ।