ਕਿਸੇ ਵੀ ਮਹਾਨ ਵਿਅਕਤੀ ਦਾ ਸਾਡੇ ਜੀਵਨ ਵਿਚ ਆਉਣਾ ਵੱਡੀ ਘਟਣਾ ਹੁੰਦਾ ਹੈ,ਕਿਓਂ ਜੋ ਉਸ ਮਹਾਨ ਸਖਸ਼ੀਅਤ ਦਾ ਪ੍ਰਭਾਵ ਸਾਡੇ ਜੀਵਨ ਤੇ ਜ਼ਰੂਰ ਪੈਂਦਾ ਹੈ।ਅਕਸਰ ਇਹ ਮਹਾਨ ਵਿਅਕਤੀ ਸਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਸਾਡੀ ਰਹਿਨੁਮਾਈ ਕਰ ਕੇ ਸਾਨੂੰ ਅਪਣੀ ਮੰਜ਼ਲ ਤੇ ਪਹੁੰਚਣ ਲਈ ਸਹਾਈ ਹੁੰਦੇ ਹਨ। ਸਾਨੂੰ ਜੀਵਨ ਦੀ ਸੇਧ ਦਿੰਦੇ ਹਨ।ਸਾਡਾ ਜੀਵਨ ਹੀ ਬਦਲ ਦਿੰਦੇ ਹਨ।
ਮੇਰੀ ਸਾਇਦ ਇਹ ਖੁਸਕਿਸਮਤੀ ਹੀ ਸੀ ਕਿ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ( 29 ਨਵੰਬਰ 1901-22 ਅਗੱਸਤ 1986) ਦੇ ਸੰਪਰਕ ਵਿਚ ਆਇਆ।ਚੜ੍ਹਦੀ ਜਵਾਨੀ ਵਿਚ ਜਦੋਂ ਜ਼ਿਲਾ ਮੋਗਾ ਵਿਚ ਇਕ ਅਧਿਆਪਕ ਵਜੋਂ ਕੈਰੀਅਰ ਸ਼ਰੂ ਕੀਤਾ, ਚਿੱਤਰਕਾਰੀ ਦਾ ਸ਼ੌਕ ਸੀ।ਪੰਜਾਬੀ ਵਿਚ ਕਵਿਤਾ ਤੇ ਕਹਾਣੀ ਲਿਖਣ ਵਲ ਵੀ ਰੁਚੀ ਸੀ।ਮੇਰੇ ਬਣਾਏ ਕੁਝ ਡੀਜ਼ਾਈਨ ਪੰਜਾਬੀ ਪਰਚਿਆ ਅਤੇ ਦੋ ਪੁਸਤਕਾ ਦੇ ਟਾਈਟਲ ਵਜੋਂ ਛਪ ਚੁਕੇ ਸਨ,ਕਈ ਅਖ਼ਬਾਰਾਂ ਤੇ ਮੈਗਜ਼ੀਨਾਂ ਵਿਚ ਲੈਟਰਿੰਗ ਡੀਜ਼ਾਈਨ ਛਪ ਰਹੇ ਸਨ।ਉਨ੍ਹਾ ਦਿਨਾਂ ਵਿਚ ਮੋਗਾ ਤੇ ਬਰਨਾਲਾ ਦੀਆ ਸਾਹਿਤ ਸਭਾਵਾਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀਆਂ ਸਨ ਤੇ ਨਵੇਂ ਉਭਰ ਰਹੇ ਲੇਖਕਾ ਦੀ ਅਗਵਾਈ ਵੀ ਕਰ ਰਹੀਆਂ ਸਨ।ਮੈਂ ਦੋਨਾਂ ਥਾਵਾਂ ਤੇ ਅਕਸਰ ਜਾਂਦਾ ਰਹਿੰਦਾ ਸੀ। ਕੁਝ ਸਾਹਿਤਕਾਰ ਦੋਸਤਾਂ ਨੇ ਸਲਾਹ ਦਿਤੀ ਕਿ ਕਿਸੇ ਉੁਸਤਾਦ ਚਿੱਤਰਕਾਰ ਪਾਸ ਰਹਿ ਕੇ ਸਿਖਿਆ ਲਵਾਂ,ਤਾਂ ਜੋ ਹੱਥ ਹੋਰ ਸਾਫ ਹੋ ਜਾਏ ਤੇ ਡਰਾਇੰਗ ਵਿਚ ਹੋਰ ਨਿਖਾਰ ਤੇ ਨਿਪੁੰਨਤਾ ਆ ਜਾਏ।ਮੈਂ ਉਸ ਵੇਲੇ ਦੇ ਚਾਰ ਪੰਜ ਪ੍ਰਮੂਖ ਚਿਤਰਕਾਰਾਂ ਨੰ ਪੱਤਰ ਲਿਖੇ ਕਿ ਮੈਨੂੰ ਚਿਤਰਕਾਰੀ ਦਾ ਸ਼ੋਕ ਹੈ,ਤੁਹਾਡੀ ਰਹਿਨੁਮਾਈ ਚਾਹੂੰਦਾ ਹਾਂ,ਜੋ ਫੀਸ ਆਦਿ ਕਹੋ ਗੇ ਦੇ ਦਿਆ ਗਾ।ਇਨ੍ਹਾਂ ਚੋਂ ਸਿਰਫ ਸਰਦਾਰ ਸੋਭਾ ਸਿੰਘ ਦਾ ਜਵਾਬ ਆਇਆ,ਇਕ ਪੋਸਟ ਕਾਰਡ ਤੇ ਇਹ ਲਿਖਿਆ ਸੀ, “ ਤੁਹਾਡਾ ਖ਼ਤ ਮਿਲਿਆ। ਮੈਂ ਇਕ ਮਜ਼ਦੂਰ ਆਦਮੀ ਹਾਂ,ਉਸਤਾਦ ਨਹੀਂ, ਤੁਸੀ ਮੈਨੂੰ ਕੰਮ ਕਰਦਿਆ ਦੇਖ ਸਕਦੇ ਹੋ, ਚਿੱਤਰਕਾਰੀ ਬਾਰੇ ਜੋ ਵੀ ਜਾਣਕਾਰੀ ਮੈਂ ਦੇ ਸਕਦਾ ਹਾਂ,ਜ਼ਰੂਰ ਦਿਆ ਗਾ। ਰਿਹਾਇਸ਼ ਆਦਿ ਦਾ ਪ੍ਰਬੰਧ ਤੁਹਾਨੂੰ ਆਪ ਕਰਨਾ ਹੋਏ ਗਾ।” ਚਿੱਠੀ ਪੜ੍ਹ ਕੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ।ਮੈ ਝੱਟ ਹੀ ਪੱਤਰ ਲਿਖਿਆ ਕਿ ਜੁਲਾਈ ਅਗੱਸਤ ਦੋ ਮਹੀਨੇ ਮੈਨੂੰ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ, ਉਦੋਂ ਮੈ ਂਅੰਦਰੇਟੇ ਆਵਾਂ ਗਾ।ਮੇਰੀ ਰਿਹਾਇਸ਼ ਦਾ ਕੇਵਲ ਦੋ ਦਿਨ ਦਾ ਪਬੰਧ ਕਰ ਦਿਓ,ਫਿਰ ਮੈਂ ਆ ਕੇ ਆਪੇ ਕਰ ਲਵਾਂ ਗਾ।
ਛੁਟੀਆਂ ਮਿਲਣ ਤੋਂ ਅਗਲੇ ਹੀ ਦਿਨ ਮੈਂ ਅੰਦਰੇਟੇ ਲਈ ਚਲ ਪਿਆ ਤੇ ਪਠਾਨਕੋਟ ਤੋ ਅੱਧੀ ਕੁ ਰਾਤ ਨੂੰ ਚਲਣ ਵਾਲੀ ਗੱਡੀ ਲੈ ਕੇ ਅਗਲੀ ਸਵੇਰ 9-30 ਵਜੇ ਦੇ ਕਰੀਬ ਪੰਚਰੁਖੀ ਸਟੇਸ਼ਨ ਉਤਰ ਕੇ ਉੇਥੇ ਪੁਜਾ। ਇਹ ਜੁਲਾਈ 1960 ਦੇ ਪਹਿਲੇ ਹਫਤੇ ਦੀ ਗਲ ਹੈ।ਪਹਾੜੀ ਇਲਾਕਾ ਮੈ ਅਪਣੀ ਜ਼ਿੰਦਗੀ ਵਿਚ ਪਹਿਲੀ ਵਾਰੀ ਦੇਖਿਆ ਸੀ ਤੇ ਪਹਿਲੀ ਵਾਰੀ ਹੀ ਛੋਟੀ ਲਾਈਨ ਵਾਲੀ ਗੱਡੀ ਵਿਚ ਸਫਰ ਕੀਤਾ ਸੀ ਜੋ ਸੱਪ ਵਾਗੂ ਵਲ ਖਾਦੀ ਲਾਈਨ ਤੇ ਪਹਾੜਾਂ ਨੂੰ ਚੀਰਦੀ ਹੋਈ ਤੇ ਨਦੀਆਂ ਨਾਲਿਆਂ ਨੂੰ ਪਾਰ ਕਰਦੀ ਹੋਈ ਬੜੀ ਹੀ ਮਨਮੋਹਕ ਲਗ ਰਹੀ ਸੀ।ਇਸ ਸਫਰ ਨੇ ਹੀ ਮੈਂਨੂੰ ਦੀਵਾਨਾ ਕਰ ਦਿਤਾ ਸੀ।ਅੰਦਰੇਟੇ ਪਹੁੰਚ ਕੇ ਜਦੋਂ ਟੈਗੋਰ ਵਰਗੀ ਸ਼ਖਸੀਅਤ ਵਾਲੇ ਇਸ ਮਹਾਨ ਚਿੱਤਰਕਾਰ ਦੇ ਦਰਸ਼ਨ ਕੀਤੇ ਤਾ ਹੋਰ ਵੀ ਅਸਰ ਹੋਇਆ।ਉਨ੍ਹਾ ਦਿਨ੍ਹਾਂ ਵਿਚ ਦੋ ਹੋਰ ਸ਼ਾਗਿਰਦ-ਗੁਰਦਾਸਪੁਰ ਤੋਂ ਚਰਨਜੀਤ ਤੇ ਅਲੀਗੜ੍ਹ ਤੋਂ ਦਲਜੀਤ ਸਿੰਘ ਕੰਮ ਸਿਖ ਰਹੇ ਸਨ। ਉਹ ਦੋਵੇ ਪੰਜਾਬੀ ਨਾਟਕ ਦੀ ਨੱਕੜਦਾਦੀ ਮਿਸਿਜ਼ ਨੋਰਾ ਰਿਚਰਡਜ਼ ਦੇ ਗਵਾਂਢ ਵਿਚ ਬਟਾਲਾ ਨਿਵਾਸੀ ਇੰਜਨੀਅਰ ਬਸੰਤ ਸ਼ਿੰਘ ਦੀ ਕੋਠੀ ਕਿਰਾਏ ‘ਤੇ ਲੈ ਕੇ ਰਹਿ ਰਹੇ ਸਨ।ਮੇਰੇ ਰਹਿਣ ਦਾ ਪ੍ਰਬੰਧ ਉਨ੍ਹਾਂ ਨਾਲ ਕੀਤਾ ਗਿਆ ਸੀ ।ਇਨ੍ਹਾ ਦੋ ਮਹੀਨਿਆ ਦੋਰਾਨ ਉਨ੍ਹਾ ਮੈਨੂੰ ਡਰਾਇੰਗ ਦੇ ਮੁਢਲੇ ਸਬਕ ਦਿਤੇ।ਜਦੋਂ ਉਨ੍ਹਾ ਕੋਲ ਵਿਹਲ ਹੁੰਦੀ, ਉਨ੍ਹਾਂ ਦੀਆਂ ਫਿਲਾਸਫ਼ੀ ਭਰੀਆਂ ਗਲਾਂ ਸੁਣਦੇ।ਉਹ ਪੜ੍ਹਦੇ ਬਹੁਤ ਸਨ, ਵਿਸ਼ੇਸ ਕਰ ਫਿਲਾਸਫੀ ਦੀਆਂ ਪੁਸਤਕਾ, ਸੋ ਬਹੁਤੀਆ ਗਲਾਂ ਫਿਲਾਸਫੀ ਤੇ ਜ਼ਿੰਦਗੀ ਦੇ ਅਪਣੇ ਤਜਰਬੇ ਬਾਰੇ ਕਰਦੇ।ਉਨ੍ਹਾ ਮੈਨੂੰ ਖਲੀਲ ਜਿਬਰਾਨ ,ਥੋਰੋ, ਜੇ. ਕ੍ਰਿਸ਼ਨਾਮੂਰਤੀ, ਵਾਲਟ ਵਿਟਮੈਨ,ਆਲਿਵ ਸ਼੍ਰੀਨਰ ਦੀਆ ਪੁਸਤਕਾਂ ਪੜ੍ਹਣ ਦੀ ਸਲਾਹ ਦਿਤੀ,ਤੇ ਮੈਂ ਇਨ੍ਹਾਂ ਲੇਖਕਾਂ ਦੀਆਂ ਕਈ ਪੁਸਤਕਾਂ ਪੜ੍ਹੀਆ ਵੀ, ਖਲੀਲ ਜਿਬਰਾਨ ਦੀਆਂ ਅਨੇਕਾਂ ਲਿਖਤਾਂ ਪੰਜਾਬੀ ਵਿਚ ਅਨੁਵਾਦ ਵੀ ਕੀਤੀਆਂ, ਸ਼ਾਇਦ ਸਭ ਤੋਂ ਪਹਿਲਾ ਮੈਂ ਹੀ ਕੀਤੀਆ,ਜੋ ਕਈ ਅਖ਼ਬਾਰਾਂ ਤੇ ਰਿਸਾਲਿਆਂ ਵਿਚ ਛੱਪਦੀਆਂ ਰਹੀਆ ।
ਅੰਦਰੇਟੇ ਤੋਂ ਮੁੜਣ ਸਮੇ ਉਹ ਮੈਨੂੰ ਕਾਫੀ ਦੂਰ ਤਕ ਛੱਡਣ ਆਏ ਤੇ ਗਲਵੱਕੜੀ ਪਾ ਕੇ ਵਿਦਾ ਕੀਤਾ। ਸਾਡਾ ਖ਼ਤ ਪੱਤਰ ਚਲਦਾ ਰਿਹਾ,ਜਦੋਂ ਉਹ ਜਾਲੰਧਰ,ਪਟਿਆਲਾ, ਫਰੀਦਕੋਟ ਜਾ ਹੁਸ਼ਿਆਰਪੁਰ ਅਪਣੇ ਦੋਸਤ ਮਿੱਤਰਾਂ ਪਾਸ ਆਉਂਦੇ,ਤਾਂ ਮੈਨੂੰ ਪਹਿਲਾਂ ਪੱਤਰ ਲਿਖ ਦਿੰਦੇ,ਮੈਂ ਉਥੇ ਜਾ ਕੇ ਮਿਲ ਆਉਂਦਾ।ਜ਼ਿਲਾ ਕਾਂਗੜਾ ਉਸ ਸਮੇਂ ਪੰਜਾਬ ਦਾ ਹੀ ਹਿੱਸਾ ਸੀ, ਅਪਰੈਲ 1963 ਦੇ ਪਹਿਲੇ ਹਫਤੇ ਮੈਂ ਅਪਣੀ ਬਦਲੀ ਗੌਰਮਿੰਟ ਹਾਈ ਸਕੂਲ ਪਪਰੋਲ਼ਾ ਦੀ ਕਰਵਾ ਲਈ, ਰਿਹਾਇਸ਼ ਅੰਦਰੇਟੇ ਉਨ੍ਹਾ ਦੇ ਗਵਾਂਢ ਪੰਡਤ ਮੰਗਤ ਰਾਮ ਦੇ ਘਰ ਰਖੀ, ਅਗਲੇ ਵਰ੍ਹੇ ਜਦੋ ਉਹ ਅੰਦਰੇਟੇ ਆ ਗਏ ਤਾਂ ਪਿੰਡ ਵਿਚ ਇਕ ਮਕਾਨ ਕਿਰਾਏ ਤੇ ਲੈ ਲਿਆ।ਜਦੋਂ ਬਦਲੀ ਕਰਵਾ ਕੇ ਗਿਆ, ਉਨ੍ਹਾ ਮੈਨੂੰ ‘ ਜੀ ਆਇਆਂ’ ਆਖਦਿਆਂ ਕਿਹਾ, ‘‘ਵੈਸੇ ਮੈਂ ਨਹੀ ਚਾਹੁੰਦਾ ਕੋਈ ਸਨੇਹੀ ਮੇਰੇ ਨੇੜੇ ਰਹੇ।ਅੰਗਰੇਜ਼ੀ ਦੀ ਇਕ ਕਹਾਵਤ ਹੈ –ਭਲੁੲ ੳਰੲ ਟਹੲ ਹਲਿਲਸ ਟਹੳਟ ਲੋਕ ਬਏੋਨਦ - ਭਾਵ ਦੂਰ ਦੇ ਢੋਲ ਹੀ ਸੁਹਾਵਣੇ ਹੁੰਦੇ ਹਨ। ਨੇੜੇ ਰਹਿ ਕੇ ਕਈ ਵਾਰੀ ਇਕ ਦੂਜੇ ਦੀਆਂ ਕਮਜ਼ੋਰੀਆਂ ਜਾਣ ਜਾਦਾ ਹੈ ਜਿਸ ਕਾਰਨ ਕਈ ਵਾਰੀ ਆਪਸੀ ਸਬੰਧ ਵਿਗੜ ਜਾਂਦੇ ਹਨ।” ਉਨ੍ਹਾ ਦੀ ਇਹ ਗਲ ਬਿਲਕੁਲ ਠੀਕ ਸੀ।ਅਸੀਂ ਇਕ ਦੂਜੇ ਦੇ ਇਤਨੇ ਨੇੜੇ ਆਏ ਕਿ ਮੈਂ ਉਨ੍ਹਾਂ ਦੇ ਸ਼ਾਗਿਰਦ ਤੋਂ ੳਨ੍ਹਾਂ ਦਾ ਦਾਮਾਦ ਬਣ ਗਿਆ,ਤੇ ਫਿਰ ਸਮੇਂ ਦੇ ਬੀਤਣ ਨਾਲ ਮਤਭੇਦ ਪੈਦਾ ਹੋਏ ਤੇ ਵੱਧਣ ਲਗੇ,ਇਥੋਂ ਤਕ ਕਿ ਅਸੀਂ ਇਕ ਦੂਜੇ ਤੋਂ ਬਹੁਤ ਦੂਰ ਚਲੇ ਗਏ, ਅੰਦਰੇਟੇ ਨੂੰ ਅਲਵਿਦਾ ਆਖ ਮੈਂ ਅੰਮ੍ਰਿਤਸਰ ਆ ਗਿਆ।
ਅੰਦਰੇਟੇ ਰਹਿ ਕੇ ਵੀ ਮੈਂ ਚਿੱਤਰਕਾਰ ਨਾ ਬਣ ਸਕਿਆ।ਮੇਰਾ ਸਕੂਲ ਘਰ ਤੋਂ ਛੇ ਕਿਲੋਮੀਟਰ ਦੂਰ ਸੀ, ਸਾਰਾ ਪਹਾੜੀ ਇਲਾਕਾ ਅਤੇ ਰਸਤੇ ਵਿਚ ਤਿੰਨ ਵੱਡੀਆ ਨਦੀਆਂ ਸਨ, ਜਿਨ੍ਹਾ ਨੂੰ ਬਰਸਾਤ ਦੇ ਦਿਨਾਂ ਵਿਚ ਪਾਰ ਕਰਨਾ ਬੜਾ ਮੁਸ਼ਕਲ ਹੁੰਦਾ ਸੀ।ਪੈਦਲ ਹੀ ਆਉਣਾ ਜਾਣਾ ਪੈਂਦਾ ਸੀ।ਸ਼ਾਮ ਨੂੰ ਥਕ ਹਾਰ ਕੇ ਘਰ ਆਉਣਾ ਤੇ ਫਿਰ ਅਪਣੀ ਕਬੀਲਦਾਰੀ ਦੇ ਕੰਮਾਂ ਵਿਚ ਰੁਝ ਜਾਣਾ।ਉਨ੍ਹਾ ਮੈਂਨੂੰ ਇਕ ਵਾਰੀ ਸਲਾਹ ਦਿਤੀ ਕਿ ਮੈਂ ਦੋ ਬੇੜੀਆਂ ਵਿਚ ਪੈਰ ਨਾ ਰਖਾਂ, ਚਿੱਤਰਕਾਰੀ ਵਲ ਸਾਰਾ ਧਿਆਨ ਦਿਆਂ ਜਾਂ ਲਿਖਣ ਵਲ।ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. (ਪੰਜਾਬੀ) ਅਤੇ ਜਰਨਲਿਜ਼ਮ ਦਾ ਇਕ-ਸਾਲਾ ਕੋਰਸ ਕਰ ਕੇ ਪੱਤਰਕਾਰੀ ਖੇਤਰ ਵਿਚ ਆ ਗਿਆ।
ਉਨ੍ਹਾ ਨਾਲ ਸੰਪਰਕ ਵਿਚ ਆ ਕੇ ਮੈਨੂੰ ਲਗਪਗ 21-22 ਸਾਲ ਉਨਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ।ਉਹ ਵਾਕਈ ਇਕ ਮਹਾਨ ਤੇ ਬਹੁ-ਪੱਖੀ ਸ਼ਖਸ਼ੀਅਤ ਵਾਲੇ ਚਿੱਤਰਕਾਰ ਸਨ।ਆਮ ਲੋਕ ਉਨ੍ਹਾਂ ਨੂੰ ਇਕ ਚਿੱਤਰਕਾਰ ਵਜੋਂ ਹੀ ਜਾਣਦੇ ਹਨ।ਗੁਰੂ-ਘਰ ਦੇ ਪ੍ਰੇਮੀ ਉਨ੍ਹਾਂ ਵਲੋਂ ਚਿੱਤਰੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਮੁਖ ਰਖ ਕੇ ਉਨ੍ਹਾਂ ਨੂੰ ਸ਼ਰਧਾ ਨਾਲ ਯਾਦ ਕਰਦੇ ਹਨ, ਕਲਾ-ਪ੍ਰੇਮੀ ‘ਸੋਹਣੀ-ਮਹੀਂਵਾਲ’ ਦੇ ਸ਼ਾਹਕਾਰ ਕਾਰਨ ਉਨ੍ਹਾਂ ਨੂੰ ਇਕ ਮਹਾਨ ਕਲਾਕਾਰ ਸਮਝਦੇ ਹਨ।ਇਹ ਤਸਵੀਰ ਬਹੁਤ ਹੀ ਪ੍ਰਸਿੱਧ ਹੋਈ ਹੈ ਅਤੇ ਦੇਸ਼ ਵਿਦੇਸ਼ ਵਿਚ ਆਮ ਪੰਜਾਬੀ ਘਰਾਂ ਵਿਸ਼ੇਸ਼ ਕਰ ਕੇ ਕਲਾ-ਪ੍ਰੇਮੀਆਂ ਦੇ ਘਰ ਦੇਖੀ ਜਾ ਸਕਦੀ ਹੈ।ਕਈ ਕਲਾ-ਆਲੋਚਕ ਇਸ ਨੁੰ ਉਨ੍ਹਾਂ ਦਾ “ਮਾਸਟਰ-ਪੀਸ” ਗਰਦਾਨਦੇ ਹਨ।ਕਲਾ-ਆਲੋਚਕਾਂ ਅਨੁਸਾਰ ਇਹ ਇਕੋ ਤਸਵੀਰ ਉਨ੍ਹਾਂ ਨੂੰ ਕਲ-ਜਗਤ ਵਿਚ ਇਕ ਮਹਾਨ ਕਲਾਕਾਰ ਵਜੋਂ ਅਮਰ ਰਖਣ ਲਈ ਕਾਫ਼ੀ ਹੈ।ਉਨ੍ਹਾਂ ਦੇ ਇਕ ਦੋਸਤ ਮਰਹੂਮ ਡਾ.ਕਰਮ ਸਿੰਘ ਗਰੇਵਾਲ ਕਿਹਾ ਜਦੇ ਸਨ, “ਕੌਣ ਕਹਿੰਦਾ ਹੈ ਕਿ ਸੋਹਣੀ ਮਹੀਵਾਲ ਦੀ ਹੈ, ਸੋਹਣੀ ਤਾਂ ਮੇਰੇ ਯਾਰ ਦੀ ਹੈ।”
ਜੀ ਹਾਂ, ਉਹ ਮਹਾਨ ਚਿੱਤਰਕਾਰ ਸਨ।ਚਿੱਤਰਕਾਰੀ ਉਨ੍ਹਾਂ ਦਾ ਪੇਸ਼ਾ ਨਹੀ,ਧਰਮ ਸੀ, ਜ਼ਿੰਦਗੀ ਸੀ।ਕੋਈ ਵੀ ਚਿੱਤਰ ਪੇਂਟ ਕਰਨ ਤੋਂ ਪਹਿਲਾਂ ਸਬੰਧਤ ਵਿਸ਼ੇ ਜਾਂ ਸਖ਼ਸ਼ੀਅਤ ਬਾਰੇ ਵੱਧ ਤੋਂ ਵੱਧ ਅਧਿਐਨ ਕਰਦੇ ਤੇ ਜਾਣਕਾਰੀ ਪ੍ਰਾਪਤ ਕਰਦੇ, ਤੇ ਜਦੋਂ ਕੰਮ ਕਰਨ ਬੈਠ ਜਾਂਦੇ ਤਾ ਪੁਰੀ ਲਗਨ,ਸਾਧਨਾ ਤੇ ਦਿਲ ਦਮਾਗ਼ ਨਾਲ ਉਸ ਵਿਚ ਗੁਆਚ ਜਾਂਦੇ।ਕਈ ਕਈ ਘੰਟੇ ਲਗਾਤਾਰ ਉਸ਼ ਉਤੇ ਕੰਮ ਕਰਦੇ ਰਹਿੰਦੇ।ਇਸੇ ਲਈ ਉਨ੍ਹਾ ਦੇ ਬਣਾਏ ਚਿੱਤਰਾਂ ਵਿਚ ਇਤਨੀ ਜਾਨ ਹੈ,ਜਿਵੇਂ ਹੁਣੇ ਮੂੰਹੋਂ ਬੋਲ ਪੈਣ ਗੇ।ਅੰਦਰੇਟਾ ਵਿਖੇ ਉਨ੍ਹਾ ਦੀ ਆਰਟ-ਗੈਲਰੀ ਵਿਚ ਸ਼ਸੋਭਿਤ ਚਿੱਤਰ ਦੇਖ ਕੇ ਇਕ ਆਮ ਪੇਂਡੂ ਪਹਾੜਣ ਆਪ-ਮੁਹਾਰੇ ਕਹਿ ਉਠੀ, “ ਅਪਣੀ ਜ਼ਿੰਦ ਕੱਢ ਕੱਢ ਕੇ ਇਨ੍ਹਾਂ ਤਸਵੀਰਾਂ ਵਿਚ ਪਾਈ ਜਾਂਦੇ ਹਨ।” ਹਰ ਚਿੱਤਰ ਉਤੇ ਕਈ ਕਈ ਹਫ਼ਤੇ,ਕਈ ਵਾਰੀ ਮਹੀਨੇ ਕੰਮ ਕਰਦੇ ਰਹਿੰਦੇ ਸਨ।ਉਨ੍ਹਾ ਦੇ ਰੂਹਾਨੀ ਬੁਰਸ਼ ਤੋਂ ਬਣੇ ਗੁਰੂ ਸਾਹਿਬਾਨ ਦੇ ਚਿੱਤਰ ਪ੍ਰਮਾਣੀਕ ਚਿੱਤਰ ਬਣ ਚਕੇ ਹਨ, ਹੁਣ ਲਗਪਗ ਹਰ ਚਿੱਤਰਕਾਰ ਇਨ੍ਹਾਂ ਚਿੱਤਰਾ ਨੂੰ ਮੂਖ ਰਖ ਕੇ ਹੀ ਗੁਰੂ ਸਾਹਿਬ ਦੇ ਚਿੱਤਰ ਬਣਾਉਂਦਾ ਹੈ।ਉਨ੍ਹਾ ਦੇ ਬਣੇ ਗੁਰੁ ਸਾਹਿਬਾਨ ਦੇ ਚਿੱਤਰ ਆਮ ਪੰਜਾਬੀ ਘਰਾ ਵਿਚ ਦੇਖੇ ਜਾ ਸਕਦੇ ਹਨ।ਮੈਂਨੂੰ ਚਾਰ ਮਹੀਨੇ ਲਈ ਕੈਨੇਡਾ ਜਾਣ ਦਾ ਮੌਕਾ ਮਿਲਿਆ, ਜਿਸ ਪੰਜਾਬੀ ਘਰ ਵੀ ਗਿਆ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਇਨ੍ਹਾ ਦੇ ਬਣੇ ਗੁਰੂ ਨਾਨਕ ਦੇਵ ਜੀ ਅਤੇ ਗੁਰੁ ਗੋਬਿੰਦ ਸਿੰਘ ਜੀ ਦੇ ਚਿੱਤਰ ਵੇਖੇ।
ਉਹ ਕਿਹਾ ਕਰਦੇ ਸਨ, “ ਕਲਾ ਕਲਾ ਲਈ ਜਾਂ ਜੀਵਨ ਕਲਾ ਲਈ ਨਹੀਂ ,ਸਗੋਂ ਕਲਾ ਜੀਵਨ ਲਈ ਹੋਣੀ ਚਾਹੀਦੀ ਹੈ।” ਇਸ ਦੀ ਮਿਸਾਲ ਉਹ ਇਸ ਤਰ੍ਹਾਂ ਦਿਆ ਕਰਦੇ ਸਨ, “ਕਲਾ ਲਈ ਕਲਾ ਮੇਰੀਆਂ ਨਜ਼ਰਾਂ ਵਿਚ ਕੋਈ ਮਹੱਤਵ ਨਹੀਂ ਰਖਦੀ।ਇਹ ਤਾਂ ਇੰਵੇਂ ਹੀ ਹੈ ਕਿ ਕੋਈ ਪਹਿਲਵਾਨ ਕੇਵਲ ਅਖਾੜੇ ਵਿਚ ਢੋਲ ਦੀ ਆਵਾਜ਼ ‘ਤੇ ਹੀ ਘੁਲ੍ਹ ਸਕਦਾ ਹੈ, ਲੜ ਸਕਦਾ ਹੈ, ਪਰ ਕਿਸੇ ਮਜ਼ਲੂਮ ਉਤੇ ਬਿਪਤਾ ਪੈਣ ਜਾਂ ਧੀ ਭੈਣ ਦੀ ਇਜ਼ਤ ‘ਤੇ ਹਮਲਾ ਹੋਣ ਵੇਲੇ ਕੰਮ ਨਹੀਂ ਆ ਸਕਦਾ, ਸਗੋਂ ਕਈ ਵਾਰੀ ਖੁਦ ਵੀ ਕੋਈ ਧੱਕਾ ਜਾਂ ਜ਼ੁਲਮ ਕਰ ਦਿੰਦਾ ਹੈ।” ਅਪਣੀ ਜ਼ਿੰਦਗੀ ਵਿਚ ਉਨ੍ਹਾ ਕਲਾ ਨੂੰ ਪੂਰੀ ਤਰ੍ਹਾਂ ਜੀਵਿਆ ਤੇ ਮਾਣਿਆ।ਉਨ੍ਹਾ ਦਾ ਘਰ, ਸਟੁਡੀਓ, ਆਰਟ-ਗੈਲਰੀ ਹਰ ਚੀਜ਼ ਇਸ ਦੀ ਗਵਾਹ ਹੈ।ਬਗ਼ੀਚੇ ਵਿਚ ਲਗੇ ਹੋਏ ਫੁਲ ਬੂਟੇ ਵੀ ਇਕੋ ਜਿਹੇ ਫਾਸਲੇ ਤੇ ਕਿਸੇ ਖਾਸ ਡੀਜ਼ਾਈਨ ਵਿਚ ਲਗੇ ਹੁੰਦੇ ਸਨ।ਉਹ ਕ੍ਹਿਹੰਦੇ ਸਨ ਕਿ ਜੇਕਰ ਰਸੋਈ ਵਿਚ ਮਾਂਝਣ ਵਾਲੇ ਜੂਠੇ ਭਾਂਡੇ ਪਏ ਹਨ, ਉਹ ਵੀ ਕਿਸੇ ਤਰਤੀਬ ਵਿਚ ਰਖੇ ਜਾਣ।ਇਕ ਵਾਰੀ ਮਿੱਟੀ ਦਾ ਇਕ ਕੁੱਜਾ ਥੋੜਾ ਜਿਹਾ ਟੁਟ ਗਿਆ।ਉਨ੍ਹਾਂ ਉਸ ਵਿਚ ਕੈਕਟਸ ਦਾ ਬੂਟਾ ਲਗਵਾ ਕੇ ਇਕ ਖਾਸ ਅੰਦਾਜ਼ ਵਿਚ ਰਖਵਾ ਦਿਤਾ,ਜਿਸ ਨੂੰ ਦੇਖ ਕੇ ਉਨ੍ਹਾਂ ਦੇ ਦੋਸਤ ਡਾ.ਕਰਮ ਸਿੰਘ ਗਰੇਵਾਲ ਕਹਿਣ ਲਗੇ,“ ਆਰਟਿਸਟਾਂ ਦੇ ਘਰ ਕੁੱਜੇ ਵੀ ਆਰਟਿਸਟੀਕਲੀ ਟੁੱਟਦੇ ਹਨ।”
ਬਹੁਤ ਘੱਟ ਲੋਕਾਂ ਨੂੰ ਪਤਾ ਹੋਏ ਗਾ ਕਿ ਉਹ ਇਕ ਬਹੁਤ ਵੱਧੀਆ ਬੁੱਤ–ਤਰਾਸ਼ ਵੀ ਸਨ ।ਅਪਣੇ ਮਿੱਤਰ ਪ੍ਰਿਥਵੀ ਰਾਜ ਕਪੂਰ, ਡਾ.ਐਮ.ਐਸ.ਰੰਦਾਵਾ, ਅੰਮ੍ਰਿਤਾ ਪ੍ਰੀਤਮ ਤੇ ਹੋਰਨਾ ਕਈ ਸ਼ਖਸੀਅਤਾਂ ਦੇ ਬੁੱਤ ਤਰਾਸ਼ੇ। ਡਾ ਰੰਧਾਵਾ ਦਾ ਬੁੱਤ ਪੰਜਾਬ ਖੇਤੀ ਬਾੜੀ ਯੁਨੀਵਰਸਿਟੀ ਲੁਧਿਆਣਾ ਦੀ ਲਾਇਬਰੇਰੀ ਵਿਚ ਤੇ ਸ੍ਰੀ ਕਪੂਰ ਦਾ ਬੁੱਤ ਅੰਦਰੇਟੇ ਆਰਟ ਗੈਲਰੀ ਦੇ ਬਾਹਰ ਦੀਵਾਰ ‘ਤੇ ਲਗਾ ਹੋਇਆ ਦੇਖਿਆ ਜਾ ਸਕਦਾ ਹੈ।ਉਨ੍ਹਾਂ ਫਿਲਮ ‘ਬੁੱਤ-ਤਰਾਸ਼’ ਦੀ ਆਰਟ-ਡਾਇਰੈਕਸ਼ਨ ਦਿਤੀ ਸੀ । ਇਸ ਫਿਲਮ ਵਿਚ ਦਿਖਾਏ ਗਏ ਸਾਰੇ ਬੁੱਤ ਉਂਨ੍ਹਾਂ ਖੁਦ ਤਰਾਸ਼ੇ ਸਨ।
ਉਨ੍ਹਾ ਦੀ ਸਾਹਿਤ ਵਿਚ ਬਹੁਤ ਰੁਚੀ ਸੀ।ਅਪਣੇ ਸਮਕਾਲੀ ਸਾਰੇ ਪੰਜਾਬੀ ਲੇਖਕਾਂ ਨੂੰ ਪੜ੍ਹਣ ਤੋਂ ਬਿਨਾ ਅੰਗਰੇਜੀ ਦੇ ਕਈ ਪ੍ਰਮੂਖ ਲੇਖਕਾਂ ਨੂੰ ਅਕਸਰ ਪੜ੍ਹਦੇ ਰਹਿੰਦੇ ਸਨ।ਅਪਣੇ ਸਨੇਹੀਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਣ ਦੀ ਸਿਫ਼ਾਰਿਸ਼ ਕਰਦੇ, ਕਈ ਵਾਰੀ ਖੁਦ ਚੰਗੀ ਪੁਸਤਕ ਖਰੀਦ ਕੇ ਸਨੇਹੀਆਂ ਨੂੰ ਤੁਹਫ਼ੇ ਵਜੋਂ ਭੇਟ ਵੀ ਕਰਦੇ।ੁਉਨ੍ਹਾਂ ਨੂੰ ਲਿਖਣ ਦਾ ਵੀ ਸ਼ੋਕ ਸੀ।ਕਲਾ ਬਾਰੇ ਅਨੇਕਾਂ ਲੇਖ ਲਿਖੇ ਤੇ ਅਪਣੇ ਸਮਕਾਲੀ ਪੰਜਾਬੀ ਲੇਖਕਾਂ ਦੇ ਕਲਮੀ ਚਿਹਰੇ ਵੀ ਲਿਖੇ, ਜੋ ਉਨ੍ਹਾਂ ਦੀ ਪੁਸਤਕ “ ਕਲਾ ਵਾਹਿਗੁਰੂ ਜੀ ਕੀ ” ਵਿਚ ਦੇਖੇ ਜਾ ਸਕਦੇ ਹਨ।
ਪ੍ਰਾਹੁਣੇ ਸਾਡੇ ਘਰ ਬਹੁਤ ਆਉਂਦੇ ਸਨ।ਆਰਟ ਗੈਲਰੀ ਦੇਖਣ ਵਾਲੇ ਵੀ ਬੜੇ ਲੋਕ ਆਏ ਰਹਿੰਦੇ ਸਨ। ਉਨ੍ਹਾਂ ਦੇ ਕੰਮ ਵਿਚ ਵਿੱਘਣ ਪੈਂਦਾ,ਸਾਡੀ ਪ੍ਰਾਈਵੇਟ ਜ਼ਿੰਦਗੀ ਵਿਚ ਦਖਲ ਅੰਦਾਜ਼ੀ ਹੁੰਦੀ।ਅਸੀਂ ਉਨ੍ਹਾਂ ਨੂੰ ਆਖਦੇ ਕਿ ਅਪਣਾ ਕੰਮ ਛੱਡ ਕੇ ਹਰ ਬੰਦੇ ਨਾਲ ਗਲਬਾਤ ਕਰਨ ਲਗ ਜਾਂਦੇ ਹੋ, ਅਪਣੇ ਸੁਖ ਆਰਾਮ ਦਾ ਵੀ ਖਿਆਲ ਕਰਿਆ ਕਰੋ। ਉਹ ਆਖਦੇ ਕਿ ਇਹ ਘਰ ਗੁਰੂ ਨਾਨਕ ਦਾ ਘਰ ਹੈ ਅਤੇ ਕਈ ਵਾਰੀ ਕਹਿੰਦੇ ,“ਜਿਹੜਾ ਬੰਦਾ ਵੀ ਆਇਆ ਹੈ ,ਘਟੋ ਘਟ ਪਾਲਮਪੁਰ ਤੋਂ 12-13 ਕਿਲੋ ਮੀਟਰ ਦੂਰੋਂ ਤਾਂ ਆਇਆ ਹੈ, ਉਸ ਵਲ ਧਿਆਨ ਦੇਣਾ ਚਾਹੀਦਾ ਹੀ ਹੈ। ਦੂਜੇ ਕਾਵਾਂ ਵਿਚ ਕਦੀ ਕੋਈ ਹੰਸ ਵੀ ਆ ਜਾਂਦਾ ਹੈ।”
ਸਭ ਤੋਂ ਵਡੀ ਗਲ ਉ੍ਹਹ ਬਹੁਤ ਵੱਧੀਆ ਇਨਸਾਨ ਸਨ,ਦੁਸਰੇ ਦੇ ਕੰਮ ਆਉਣ ਵਾਲੇ ਤੇ “ ਨੇਕੀ ਕਰ ਔਰ ਕੂਏਂ ਮੇਂ ਡਾਲ ” ਦੀ ਪਾਲਿਸੀ ਤੇ ਚਲਣ ਵਾਲੇ।ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਬੜਾ ਪਿਆਰ ਸੀ।ਪੰਜਾਬ ਦਾ ਹਰ ਪੱਖੋਂ ਵਿਕਾਸ ਲੋਚਦੇ ਰਹਿੰਦੇ ਸਨ।ਪੰਜਾਬ ਨਾਲ ਕਿਸੇ ਤਰ੍ਹਾਂ ਦਾ ਧੱਕਾ ਹੁੰਦਾ, ਤਾਂ ਬੜੇ ਦੁਖੀ ਹੁੰਦੇ ਸਨ।ਉਹ ਪੰਜਾਬ ਦੇ ਇਕ ਮਹਾਨ ਸਪੂਤ ਸਨ।
ਮੇਰੇ ਭਾਵੇਂ ਉਨ੍ਹਾਂ ਨਾਲ ਕਈ ਮਸਲਿਆਂ ਬਾਰੇ ਤਿੱਖੇ ਮਤਭੇਦ ਸਨ, ਫਿਰ ਵੀ ਮੇਰੇ ਜੀਵਨ ਤੇ ਉਨ੍ਹਾ ਦਾ ਬੜਾ ਪ੍ਰਭਾਵ ਹੈ।ਪੱਤਰਕਾਰੀ ਖੇਤਰ ਵਿਚ ਮੇਰੀ ਅਪਣੀ ਇਕ ਵੱਖਰੀ ਪਛਾਣ ਹੈ,ਨਾਂਅ ਹੈ। ਮੇਰੀ ਸਫਲਤਾ ਪਿਛੇ ਉਨ੍ਹਾਂ ਦਾ ਵੀ ਹੱਥ ਹੈ।