ਸਿ਼ਮਲਾ – ਭਾਜਪਾ ਦੇ ਮੁੱਖ ਨੇਤਾਵਾਂ ਵਿਚ ਮੰਨੇ ਜਾਂਦੇ ਜਸਵੰਤ ਸਿੰਘ ਨੂੰ ਪਾਰਟੀ ਵਿਚੋਂ ਕਢ ਦਿਤਾ ਗਿਆ ਹੈ। ਬੀਜੇਪੀ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਨੂੰ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਪ੍ਰਸੰਸਾ ਕਰਨ ਕਰਕੇ ਨਹੀਂ, ਸਰਦਾਰ ਵਲੱਭ ਭਾਈ ਪਟੇਲ ਬਾਰੇ ਇਤਰਾਜ਼ਯੋਗ ਟਿਪਣੀਆਂ ਕਰਕੇ ਪਾਰਟੀ ਵਿਚੋਂ ਕਢਿਆ ਗਿਆ ਹੈ। ਜਸਵੰਤ ਸਿੰਘ ਨੇ ਅਚਾਨਕ ਪਾਰਟੀ ਤੋਂ ਕਢੇ ਜਾਣ ਤੇ ਹੈਰਾਨੀ ਪ੍ਰਗਟ ਕੀਤੀ। ਉਨ੍ਹਾਂ ਨੇ ਨਿਜ਼ੀ ਰੂਪ ਵਿਚ ਦਸਣ ਦੀ ਥਾਂ ਤੇ ਫੋਨ ਰਾਹੀਂ ਸੂਚਨਾ ਦਿਤੇ ਜਾਣ ਤੇ ਦੁਖ ਜਾਹਿਰ ਕੀਤਾ।
ਬੀਜੇਪੀ ਨੇ ਚੋਣਾਂ ਵਿਚ ਹੋਈ ਹਾਰ ਦੇ ਕਾਰਣਾਂ ਲਈ ਚਿੰਤਨ ਕਰਨ ਲਈ ਸਿ਼ਮਲਾ ਵਿਚ ਕੀਤੀ ਗਈ ਤਿੰਨ ਦਿਨਾਂ ਬੈਠਕ ਦੌਰਾਨ ਪਾਰਟੀ ਸੰਸਦੀ ਬੋਰਡ ਨੇ ਜਸਵੰਤ ਸਿੰਘ ਨੂੰ ਪਾਰਟੀ ਵਿਚੋਂ ਕਢਣ ਦਾ ਫੈਸਲਾ ਕੀਤਾ। ਰਾਜਨਾਥ ਸਿੰਘ ਨੇ ਪਹਿਲਾਂ ਹੀ ਪਾਰਟੀ ਨੂੰ ਕਿਤਾਬ ਵਿਚ ਦਿਤੇ ਗਏ ਵਿਚਾਰਾਂ ਤੋਂ ਵੱਖ ਦਸਿਆ । ਪਾਰਟੀ ਦੇ ਸੰਸਦੀ ਬੋਰਡ ਨੇ ਜਸਵੰਤ ਸਿੰਘ ਦੀ ਮੁੱਢਲੀ ਮੈਂਬਰਸਿ਼ਪ ਨੂੰ ਖਤਮ ਕਰਨ ਦਾ ਫੈਂਸਲਾ ਕੀਤਾ। ਜਸਵੰਤ ਸਿੰਘ ਨੂੰ ਫੋਨ ਕਰਕੇ ਪਹਿਲਾਂ ਹੀ ਦਸ ਦਿਤਾ ਗਿਆ ਸੀ ਕਿ ਉਹ ਸੰਸਦੀ ਬੋਰਡ ਦੀ ਬੈਠਕ ਵਿਚ ਨਾਂ ਬੈਠਣ। ਉਹ ਵੀ ਸਿ਼ਮਲਾ ਪਹੁੰਚ ਗਏ ਸਨ ਪਰ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਏ। ਜਸਵੰਤ ਸਿੰਘ ਨੇ ਦੁਖੀ ਮਨ ਨਾਲ ਕਿਹਾ ਕਿ ਕਿਸੇ ਸਮੇਂ ਮੈਂ ਭਾਜਪਾ ਦਾ ਹਨੂੰਮਾਨ ਹੁੰਦਾ ਸੀ ਅਤੇ ਹੁਣ ਮੈਨੂੰ ਰਾਵਣ ਬਣਾ ਦਿਤਾ ਹੈ।
ਭਾਜਪਾ ਨੇ ਜਸਵੰਤ ਸਿੰਘ ਨੂੰ ਪਟੇਲ ਤੇ ਟਿਪਣੀ ਕਰਨ ਕਰਕੇ ਪਾਰਟੀ ਵਿਚੋਂ ਕਢਿਆ
This entry was posted in ਭਾਰਤ.