ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਪੰਜਾਬ, ਉਤਰਾਖੰਡ, ਗੋਆ, ਯੂਪੀ ਅਤੇ ਮਣੀਪੁਰ ਵਿੱਚ ਹੋਣ ਵਾਲੀਆਂ ਵਿਧਾਨਸਭਾ ਦੀਆਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਯੂਪੀ ਵਿੱਚ ਇਹ ਚੋਣਾਂ 7 ਪੜਾਵਾਂ ਵਿੱਚ, ਮਣੀਪੁਰ ਵਿੱਚ ਦੋ ਅਤੇ ਬਾਕੀ ਰਾਜਾਂ ਵਿੱਚ ਇੱਕ-ਇੱਕ ਪੜਾਅ ਵਿੱਚ ਹੋਣਗੀਆਂ। ਚੋਣਾਂ ਦੇ ਲਈ ਪਹਿਲੀ ਵੋਟਿੰਗ 4 ਫਰਵਰੀ ਨੂੰ ਸ਼ੁਰੂ ਹੋਣਗੀਆਂ ਅਤੇ 8 ਮਾਰਚ ਨੂੰ ਸਮਾਪਤ ਹੋਣਗੀਆਂ। ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ।
ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਇੱਕ ਪਰੈਸ ਕਾਨਫਰੰਸ ਕਰਕੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨਰ ਨੇ ਕਿਹਾ ਕਿ ਪੰਜ ਰਾਜਾਂ ਵਿੱਚ 690 ਸੀਟਾਂ ਤੇ ਕੁਲ 16 ਕਰੋੜ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਵੋਟਿੰਗ ਕਰਨਗੇ। ਇਨ੍ਹਾਂ ਪੰਜ ਰਾਜਾਂ ਵਿੱਚ 1,86,000 ਪੋਲਿੰਗ ਸਟੇਸ਼ਨ ਹੋਣਗੇ। ਪੰਜਾਬ ਅਤੇ ਗੋਆ ਵਿੱਚ 4 ਫਰਵਰੀ ਨੂੰ ਅਤੇ ਉਤਰਾਖੰਡ ਵਿੱਚ 15 ਫਰਵਰੀ ਨੂੰ ਵੋਟਿੰਗ ਹੋਵੇਗੀ। ਮਣੀਪੁਰ ਵਿੱਚ ਵੋਟਿੰਗ 4 ਅਤੇ 8 ਮਾਰਚ ਨੂੰ ਹੋਵੇਗੀ। ਯੂਪੀ ਵਿੱਚ 11,15,19,23,27 ਫਰਵਰੀ, 4 ਅਤੇ 8 ਮਾਰਚ ਨੂੰ ਹੋਵੇਗੀ।
ਰਾਜਨੀਤਕ ਪਾਰਟੀਆਂ ਦੇ ਖਰਚਿਆਂ ਤੇ ਲਗਾਮ ਕੱਸਣ ਲਈ ਚੋਣ ਕਮਿਸ਼ਨ ਨੇ ਉਮੀਦਵਾਰਾਂ ਵੱਲੋਂ 20 ਹਜ਼ਾਰ ਤੋਂ ਵੱਧ ਦਾ ਖਰਚ ਚੈਕ ਜਾਂ ਆਨਲਾਈਨ ਕਰਨਾ ਹੋਵੇਗਾ। ਇਸ ਦੇ ਨਾਲ ਹੀ 20 ਹਜ਼ਾਰ ਤੋਂ ਜਿਆਦਾ ਦਾ ਚੰਦਾ ਵੀ ਚੈਕ ਜਾਂ ਡਰਾਫਟ ਰਾਹੀਂ ਹੀ ਲੈਣਾ ਹੋਵੇਗਾ। ਜੇ ਕਿਸੇ ਉਮੀਦਵਾਰ ਦਾ ਪਰਚਾਰ ਟੀਵੀ ਤੇ ਹੋਵੇਗਾ ਤਾਂ ਉਸ ਨੂੰ ਵੀ ਚੋਣ ਖਰਚੇ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਇਸ ਵਾਰ ਉਮੀਦਵਾਰਾਂ ਲਈ ਕੁਝ ਨਿਯਮ ਸਖਤ ਕੀਤੇ ਗਏ ਹਨ। ਹਰ ਉਮੀਦਵਾਰ ਨੂੰ ਨਾਮਜ਼ਦਗੀ ਪੇਪਰ ਤੇ ਫੋਟੋ ਲਗਾਉਣੀ ਹੋਵੇਗੀ। ਇਸ ਤੋਂ ਇਲਾਵਾ ਇਹ ਸਰਟੀਫਿਕੇਟ ਵੀ ਦੇਣਾ ਹੋਵੇਗਾ ਕਿ ਉਨ੍ਹਾਂ ਤੇ ਬਿਜਲੀ, ਪਾਣੀ ਜਾਂ ਹੋਰ ਕਿਸੇ ਤਰ੍ਹਾਂ ਦਾ ਬਕਾਇਆ ਨਹੀਂ ਹੈ। ਯੂਪੀ, ਉਤਰਾਖੰਡ ਅਤੇ ਪੰਜਾਬ ਵਿੱਚ 28 ਲੱਖ ਰੁਪੈ ਖਰਚ ਕੀਤੇ ਜਾ ਸਕਣਗੇ ਅਤੇ ਗੋਆ ਅਤੇ ਮਣੀਪੁਰ ਵਿੱਚ ਇਸ ਖਰਚ ਦੀ ਸੀਮਾ 20 ਲੱਖ ਰੁਪੈ ਹੋਵੇਗੀ।