ਮੁੰਬਈ – ਕੇਂਦਰ ਵਿੱਚ ਰਾਜਗ ਦੀ ਸਹਿਯੋਗੀ ਪਾਰਟੀ ਸ਼ਿਵਸੈਨਾ ਨੇ ਸ਼ੁਕਰਵਾਰ ਨੂੰ ਨੋਟਬੰਦੀ ਤੇ ਤਿੱਖੇ ਵਾਰ ਕਰਦੇ ਹੋਏ ਵਰਤਮਾਨ ਸਰਕਾਰ ਦੇ ਰਾਜ ਨੂੰ ‘ 10 ਹਜ਼ਾਰ ਸਾਲ ਦਾ ਸੱਭ ਤੋਂ ਖਰਾਬ ਸ਼ਾਸਨ’ ਕਰਾਰ ਦਿੱਤਾ ਹੈ। ਸ਼ਿਵਸੈਨਾ ਨੇ ਕਿਹਾ ਹੈ ਕਿ ਭਾਜਪਾ ਨੇਤਾ ਕਾਲਪਨਿਕ ਦੁਨੀਆਂ ਵਿੱਚ ਰਹਿ ਰਹੇ ਹਨ, ਉਹ ਸੋਚਦੇ ਹਨ ਕਿ ਮਹਿਲਾਵਾਂ ਤੱਕ ਨੂੰ ਬਹੁਤ ਹੀ ਮੁਸ਼ਕਿਲ ਸਥਿਤੀ ਵਿੱਚ ਪਾ ਕੇ ਕਾਲੇ ਧੰਨ ਨੂੰ ਸਮਾਪਤ ਕੀਤਾ ਜਾਵੇਗਾ।
ਦਿੱਲੀ ਵਿੱਚ ਕੁਝ ਪੁਰਾਣੇ ਨੋਟ ਬਦਲਾਉਣ ਵਿੱਚ ਅਸਫ਼ਲ ਇੱਕ ਮਹਿਲਾ ਨੇ ਭਾਰਤੀ ਰੀਜ਼ਰਵ ਬੈਂਕ ਦੇ ਸਾਹਮਣੇ ਆਪਣੇ ਕਪੜੇ ਉਤਾਰਨ ਦੀ ਘਟਨਾ ਦਾ ਜਿਕਰ ਕਰਦੇ ਹੋਏ ਸ਼ਿਵਸੈਨਾ ਨੇ ਕਿਹਾ ਕਿ ਉਸ ਮਜ਼ਬੂਰ ਮਾਂ ਦੀ ਦੁਰਦਸ਼ਾ ਨਿਰਭੈਆ ਤਰਾਸਦੀ ਵਰਗੀ ਹੀ ਵਿਖਾਈ ਦਿੰਦੀ ਹੈ। ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਬੈਂਕਾਂ ਅੱਗੇ ਲਗੀਆਂ ਲਾਈਨਾਂ ਵਿੱਚ ਔਰਤਾਂ ਨੂੰ ਬਹੁਤ ਹੀ ਦਿਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਨੋਟਬੰਦੀ ਕਰਕੇ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ ਹਨ।
ਸ਼ਿਵਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਛੱਪੇ ਸੰਪਾਦਕੀ ਵਿੱਚ ਲਿਖਿਆ ਹੈ, ‘ਅਸੀਂ ਮੁੱਖਮੰਤਰੀ (ਮਹਾਂਰਾਸ਼ਟਰ) ਤੋਂ ਪੁੱਛਣਾ ਚਾਹੁੰਦੇ ਹਾਂ ਕਿ ਆਪ ਕਿਸ ਤਰਫ਼ ਹੋ, ਨੋਟਬੰਦੀ ਦੇ ਜਾਂ ਇਸ ਮਜ਼ਬੂਰ ਮਹਿਲਾ ਦੇ…….. ਅਗਰ ਸਰਕਾਰ ਇਸ ਮਹਿਲਾ ਦੀ ਪਰੇਸ਼ਾਨੀ ਨੂੰ ਵੇਖ ਅਤੇ ਸਮਝ ਨਹੀਂ ਸਕਦੀ ਤਾਂ ਅਜਿਹੇ ਜਾਲਮ ਅਤੇ ਬਹਿਰਾ ਸ਼ਾਸਨ ਪਿੱਛਲੇ 10 ਹਜ਼ਾਰ ਸਾਲ ਵਿੱਚ ਨਹੀਂ ਰਿਹਾ ਹੋਵੇਗਾ। ਅਗਰ ਆਪ ਇਸ ਮਹਿਲਾ ਦੀ ਮਜ਼ਬੂਰੀ ਨੂੰ ਵੀ ਰਾਸ਼ਟਰਵਾਦ ਕਹਿੰਦੇ ਹੋ ਤਾਂ ਤੁਹਾਡੇ ਦਿਮਾਗਾਂ ਦੇ ਇਲਾਜ ਕਰਨ ਦੇ ਲਈ ਤਾਲਿਬਾਨੀ ਡਾਕਟਰ ਦੀ ਜਰੂਰਤ ਹੈ। ਮਹਿਲਾਵਾਂ ਦੇ ਖਿਲਾਫ਼ ਅਜਿਹੇ ਅੱਤਿਆਚਾਰ ਸਿਰਫ਼ ਤਾਲਿਬਾਨ ਸ਼ਾਸਨ ਵਿੱਚ ਹੀ ਹੁੰਦੇ ਹਨ।’