ਲਹੌਰ – ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਖਿਲਾਫ ਪਿਛਲੇ ਕੁਝ ਅਰਸੇ ਦੌਰਾਨ ਕਈ ਕੇਸ ਦਰਜ ਕੀਤ ਗਏ ਹਨ। ਪਾਕਿਸਤਾਨ ਵਿਚ ਨਵਾਜ਼ ਸ਼ਰੀਫ਼ ਦੀ ਪਾਰਟੀ ਪੀਐਮਐਲ-ਐਨ ਵਰਤਮਾਨ ਸਰਕਾਰ ਤੇ ਦਬਾ ਪਾ ਰਹੀ ਹੈ ਕਿ ਸਾਬਕਾ ਰਾਸ਼ਟਰਪਤੀ ਤੇ ਦੇਸ਼ ਧਰੋਹ ਦਾ ਮੁਕਦਮਾ ਚਲਾਇਆ ਜਾਵੇ। ਪ੍ਰਧਾਨਮੰਤਰੀ ਗਿਲਾਨੀ ਵਲੋਂ ਹੁਣੇ ਜਿਹੇ ਮੁਸ਼ਰਫ਼ ਦੇ ਹੱਕ ਵਿਚ ਦਿਤੇ ਗਏ ਬਿਆਨ ਕਰਕੇ ਵਿਰੋਧੀ ਧਿਰ ਪੀਐਮਐਲ – ਐਨ ਨੇ ਗਿਲਾਨੀ ਖਿਲਾਫ਼ ਮੁਹਿੰਮ ਚਲਾਉਣ ਦਾ ਫੈਂਸਲਾ ਕੀਤਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪ੍ਰਧਾਨਮੰਤਰੀ ਗਿਲਾਨੀ ਮੁਸ਼ਰਫ਼ ਨੂੰ ਮੁਸ਼ਕਿਲ ਵਿਚੋਂ ਨਿਕਲਣ ਦਾ ਮੌਕਾ ਦੇ ਰਹੇ ਹਨ।
ਪ੍ਰਧਾਨਮੰਤਰੀ ਗਿਲਾਨੀ ਨੇ ਹੁਣੇ ਜਿਹੇ ਸੰਸਦ ਵਿਚ ਇਹ ਕਿਹਾ ਸੀ ਕਿ ਸਦਨ ਵਿਚ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਹੀ ਮੁਸ਼ਰਫ਼ ਦੇ ਖਿਲਾਫ਼ ਮੁਕਦਮਾ ਚਲਾਇਆ ਜਾ ਸਕਦਾ ਹੈ। ਪੀਐਮਐਲ – ਐਨ ਦੇ ਸੰਸਦ ਇਕਬਾਲ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਵਿਚ ਗਿਲਾਨੀ ਅਤੇ ਪੀਪੀਪੀ ਦੇ ਰਵਈਏ ਤੋਂ ਸਖਤ ਨਿਰਾਸ਼ ਹਾਂ। ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕਰਨ ਦੀ ਸ਼ਰਤ ਲਗਾਉਣ ਦਾ ਮਤਲਬ ਸਾਬਕਾ ਤਾਨਾਸ਼ਾਹ ਨੂੰ ਮੁਸ਼ਕਿਲ ਵਿਚੋਂ ਬਾਹਰ ਕਢਣ ਵਿਚ ਮਦਦ ਕਰਨਾ ਹੈ। ਇਸ ਲਈ ਪਾਰਟੀ ਨੇ ਪ੍ਰਧਾਨਮੰਤਰੀ ਦੇ ਖਿਲਾਫ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਇਕਬਾਲ ਨੇ ਇਹ ਵੀ ਕਿਹਾ ਕਿ ਪਹਿਲਾਂ ਬਰਖਾਸਤ ਜੱਜਾਂ ਦੇ ਸਬੰਧ ਵਿਚ ਵੀ ਸਰਕਾਰ ਨੂੰ ਲੋਕਾਂ ਦੀਆਂ ਇਛਾਵਾਂ ਅੱਗੇ ਝੁਕਣਾ ਪਿਆ ਸੀ। ਇਸ ਮਾਮਲੇ ਵਿਚ ਵੀ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਪਵੇਗਾ।