ਨਵੀਂ ਦਿੱਲੀ – ਸਮਾਜਵਾਦੀ ਪਾਰਟੀ ਵਿੱਚ ਚੋਣ ਨਿਸ਼ਾਨ ‘ਸਾਈਕਲ’ ਨੂੰ ਲੈ ਕੇ ਮੁਲਾਇਮ ਅਤੇ ਅਖਿਲੇਸ਼ ਵਿੱਚਕਾਰ ਜਾਰੀ ਪਰਿਵਾਰਿਕ ਜੰਗ ਵਿੱਚ ਚੋਣ ਕਮਿਸ਼ਨ ਨੇ ਮੁਲਾਇਮ ਸਿੰਹੁ ਨੂੰ ਤਕੜਾ ਝੱਟਕਾ ਦਿੱਤਾ ਹੈ। ਕਮਿਸ਼ਨ ਨੇ ਸੋਮਵਾਰ ਨੂੰ ਪਾਰਟੀ ਦਾ ਚੋਣ ਚਿੰਨ੍ਹ ‘ਸਾਈਕਲ’ ਅਤੇ ਪਾਰਟੀ ਦਾ ਨਾਮ ਅਖਿਲੇਸ਼ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੂੰ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਸੋਮਵਾਰ ਨੂੰ ਸਪਾ ਦੇ ਚੋਣ ਨਿਸ਼ਾਨ ਦੇ ਮੁੱਦੇ ਤੇ ਉਚ ਪੱਧਰੀ ਮੀਟਿੰਗ ਤੋਂ ਬਾਅਦ ਕਿਹਾ ਕਿ ਆਯੋਗ ਨੇ ਇਹ ਫੈਂਸਲਾ 1968 ਦੇ ਚਿੰਨ੍ਹ ਆਦੇਸ਼ ਦੇ ਆਧਾਰ ਤੇ ਕੀਤਾ ਹੈ। ਚੋਣ ਕਮਿਸ਼ਨ ਨੇ ਅਖਿਲੇਸ਼ ਖੇਮੇ ਦੀਆਂ ਦਲੀਲਾਂ ਨਾਲ ਸਹਿਮੱਤ ਹੁੰਦੇ ਹੋਏ ਇਹ ਸਪੱਸ਼ਟ ਕਰ ਦਿੱਤਾ ਕਿ ਉਹੀ ਅਸਲੀ ਸਮਾਜਵਾਦੀ ਪਾਰਟੀ ਹੈ। ਇਸ ਫੈਂਸਲੇ ਨਾਲ ਅਖਿਲੇਸ਼ ਸਮੱਰਥਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਪਾਰਟੀ ਦਫ਼ਤਰ ਦੇ ਬਾਹਰ ਜਸ਼ਨ ਦਾ ਮਾਹੌਲ ਬਣ ਗਿਆ।
ਮੁਲਾਇਮ ਦੇ ਵਕੀਲਾਂ ਨੇ ਵੀ ਚੋਣ ਕਮਿਸ਼ਨ ਦੇ ਸਾਹਮਣੇ ਆਪਣਾ ਪੱਖ ਰੱਖਿਆ ਸੀ, ਪਰ ਅਖਿਲੇਸ਼ ਪੱਖ ਦੇ ਵਕੀਲ ਕਪਿਲ ਸਿੱਬਲ ਦੇ ਅੱਗੇ ੳਹ ਟਿਕ ਨਹੀਂ ਪਾਏ। ਮੁਲਾਇਮ ਇਸ ਸੱਭ ਦੇ ਲਈ ਆਪਣੇ ਚਚੇਰੇ ਭਰਾ ਰਾਮਗੋਪਾਲ ਯਾਦਵ ਨੂੰ ਜਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਬੇਟਾ ਰਾਮਗੋਪਾਲ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੇ ਮੇਰੇ ਪੁੱਤਰ ਨੇ ਮੇਰੀ ਗੱਲ ਨਾ ਮੰਨੀ ਤਾਂ ਮੈਂ ਉਸ ਦੇ ਖਿਲਾਫ਼ ਚੋਣ ਲੜਾਂਗਾ।