ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਵਿਖੇ ਅਖੰਡ ਪਾਠੀ ਅਤੇ ਗ੍ਰੰਥੀ ਸਿੰਘ ਵਜੋਂ ਡਿਊਟੀ ਨਿਭਾਅ ਰਹੇ 30 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ ਡਿਊਟੀ ਤੋਂ ਫਿਲਹਾਲ ਫਾਰਗ ਨਹੀਂ ਕੀਤਾ ਜਾ ਰਿਹਾ ਬਲਕਿ ਪਿਛਲੇ ਕੁਝ ਦਿਨਾਂ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਕਾਰਨ ਉਹਨਾਂ ਦੀ ਰਹਿਤ ਬਹਿਤ ਵਿਚ ਪ੍ਰਪੱਕਤਾ, ਗੁਰਬਾਣੀ ਦੇ ਸ਼ੁੱਧ ਉਚਾਰਣ ਅਤੇ ਆਚਰਣ ਸਬੰਧੀ ਪਰਖ-ਪੜਚੋਲ ਕਰਵਾਈ ਜਾ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਂਦਰੀ ਦਫ਼ਤਰ ਤੋਂ ਜਾਰੀ ਇਕ ਪ੍ਰੈਸ ਰੀਲੀਜ਼ ਵਿਚ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜਿਹੇ ਕਰਮਚਾਰੀਆਂ ਦੀਆਂ ਸੂਚੀਆਂ ਕੇਂਦਰੀ ਦਫ਼ਤਰ ਨੂੰ ਭੇਜਣ ਲਈ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਸਾਹਿਬ ਵਲੋਂ ਆਦੇਸ਼ ਹੋਏ ਹਨ ਕਿ ਗੁਰਦੁਆਰਾ ਕਰਮਚਾਰੀਆਂ ਵਿਚ ਕਿਸੇ ਕਿਸਮ ਦੀ ਆਚਰਣਹੀਣਤਾ, ਲਾਪਰਵਾਹੀ ਅਤੇ ਮਰਿਆਦਾ ਦਾ ਹਨਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਨਾਂ ਹੀ ਅਨੁਸਾਸ਼ਨਹੀਣਤਾ ਹੀ ਕਾਬਲੇ ਬਰਦਾਸ਼ਤ ਹੋਵੇਗੀ। ਬੁਲਾਰੇ ਨੇ ਕਿਹਾ ਕਿ ਅਕਾਰਨ ਕਿਸੇ ਨੂੰ ਡਿਊਟੀ ਤੋਂ ਫਾਰਗ ਨਹੀਂ ਕੀਤਾ ਜਾ ਰਿਹਾ, ਪਰ ਇਸ ਸਬੰਧੀ ਪੂਰੀ ਘੋਖ ਪੜਤਾਲ ਕਰਨੀ ਜ਼ਰੂਰੀ ਹੈ ਕਿਉਂਕਿ ਪਾਵਨ ਇਤਿਹਾਸਕ ਗੁਰਧਾਮਾਂ ਅਤੇ ਗੁਰਬਾਣੀ ਦੇ ਸਤਿਕਾਰ ਦਾ ਮਾਮਲਾ ਸ਼ਰਧਾਲੂਆਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਬੁਲਾਰੇ ਨੇ ਹੋਰ ਕਿਹਾ ਕਿ ਅਜਿਹੇ ਕਰਮਚਾਰੀਆਂ ਦੀ ਲਿਸਟ ਪੁੱਜਣ ਉਪਰੰਤ ਪੂਰੀ ਘੋਖ-ਪੜਤਾਲ ਉਪਰੰਤ ਹੀ ਕੋਈ ਕਾਰਵਾਈ ਕੀਤੀ ਜਾਵੇਗੀ।