ਅੰਮ੍ਰਿਤਸਰ, (ਜਸਬੀਰ ਸਿੰਘ ਪੱਟੀ) – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਿਰ ਬਾਦਲ ਦਲੀਆਂ ਨਾਲ ਸਬੰਧਿਤ ਧਿਰਾਂ ਨੂੰ ਲਾਲਚੀ , ਲੋਭੀ , ਦੰਭੀ ਤੇ ਪੰਥ ਵਿਰੋਧੀ ਗਰਦਾਨਦਿਆਂ ਕਿਹਾ ਕਿ ਦਿੱਲੀ ਕਮੇਟੀ ਦੇ ਖਜ਼ਾਨੇ ਵਿੱਚੋਂ ਮੋਟੀਆਂ ਰਕਮਾਂ ਖਰਚ ਕਰਕੇ ਦਿੱਲੀ ਦੇ ਮਹਿੰਗੇ ਵਕੀਲਾਂ ਦੀਆਂ ਫੀਸਾਂ ਭਰਨ ਦੇ ਬਾਵਜੂਦ ਵੀ ਅਦਾਲਤ ਵੱਲੋਂ ਦਿੱਲੀ ਕਮੇਟੀ ਤੇ ਕਾਬਜ ਧਿਰ ਵੱਲੋ ਚੋਣਾਂ ਅੱਗੇ ਪਵਾਉਣ ਦੇ ਯਤਨ ਸਫਲ ਨਹੀਂ ਹੋ ਰਹੇ ਤੇ ਅਦਾਲਤ ਵੱਲੋਂ ਹਾਲੇ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਪਰ ਹਾਲੇ ਵੀ ਇਹ ਲੋਕ ਗੁਰੂ ਦੀ ਗੋਲਕ ਨੂੰ ਹੋਰ ਲੁੱਟਣ ਲਈ ਮਨਸੂਬੇ ਬਣਾ ਰਹੇ ਹਨ ਪਰ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਅਦਾਲਤ ਇਹਨਾਂ ਦੇ ਮਨਸੂਬੇ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵੇਗੀ ਤੇ ਚੋਣਾਂ ਸਮੇਂ ਸਿਰ ਕਰਵਾ ਕੇ ਗੁਰਦੁਆਰਾ ਐਕਟ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।
ਸ੍ਰ. ਸਰਨਾ ਨੇ ਇੱਕ ਬਿਆਨ ਰਾਹੀ ਕਿਹਾ ਕਿ ਦਿੱਲੀ ਕਮੇਟੀ ਤੇ ਕਾਬਜ ਧਿਰ ਬਾਦਲ ਮਾਰਕਾ ਆਗੂ ਬਾਰ ਬਾਰ ਗੁਰੂ ਦੀ ਗੋਲਕ ਵਿੱਚੋ ਲੱਖਾਂ ਰੁਪਏ ਖਰਚ ਕਰਕੇ ਦਿੱਲੀ ਕਮੇਟੀ ਦੀਆ ਚੋਣਾਂ ਅੱਗੇ ਪਵਾਉਣ ਲਈ ਯਤਨਸ਼ੀਲ ਹਨ ਪਰ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੇਗੀ। ਉਹਨਾਂ ਕਿਹਾ ਕਿ ਹੁਣ ਤੱਕ ਇਹ ਅੱਧੀ ਦਰਜਨ ਦੇ ਕਰੀਬ ਅਦਾਲਤਾਂ ਵਿੱਚ ਕੇਸ ਪਵਾ ਚੁੱਕੇ ਹਨ ਤੇ ਅਦਾਲਤਾਂ ਨੇ ਇਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਸਗੋਂ ਚੋਣਾਂ ਸਮੇਂ ਸਿਰ ਕਰਵਾਉਣ ਲਈ ਦਿੱਲੀ ਸਰਕਾਰ ਨੂੰ ਆਦੇਸ਼ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਸਿੰਗਲ ਬੈਂਚ ਦੇ ਦਿੱਲੀ ਹਾਈਕੋਰਟ ਨੇ ਇਹਨਾਂ ਦੀਆ ਸਾਰੀਆਂ ਸ਼ਿਕਾਇਤਾਂ ਨੂੰ ਰੱਦ ਕਰ ਦਿੱਤਾ ਹੈ ਤੇ ਹੁਣ ਇਹ ਡਬਲ ਬੈਂਚ ਕੋਲ ਪੁੱਜੇ ਹਨ ਜਿਥੋਂ ਵੀ ਇਹਨਾਂ ਨੂੰ ਕੋਈ ਰਾਹਤ ਮਿਲਣ ਦੀ ਆਸ ਨਹੀਂ ਹੈ ਕਿਉਂਕਿ ਸਿੰਗਲ ਬੈਂਚ ਨੇ ਫੈਸਲਾ ਪੂਰੀ ਤਰ੍ਹਾਂ ਤੱਥਾਂ ਦੇ ਆਧਾਰ ਤੇ ਕੀਤਾ ਹੈ ਜਿਹਨਾਂ ਨੂੰ ਡਬਲ ਬੈਂਚ ਵੀ ਧਿਆਨ ਵਿੱਚ ਰੱਖ ਰਿਹਾ ਹੈ। ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਸੰਗਤ ਦਾ ਖਜਾਨਾ ਹੈ ਜਿਸ ਨੂੰ ਲੁੱਟਣ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਅਤੇ ਖਜਾਨਾ ਸਿਰਫ ਸਿੱਖ ਪੰਥ ਦੇ ਭਲੇ ਤੇ ਗੁਰਧਾਮਾਂ ਦੇ ਵਿਕਾਸ ਕਾਰਜਾਂ ਲਈ ਹੀ ਵਰਤਿਆ ਜਾ ਸਕਦਾ ਹੈ ਪਰ ਪਿੱਛਲੇ ਸਮੇਂ ਤੋਂ ਜਿਸ ਤਰੀਕੇ ਨਾਲ ਇਹਨਾਂ ਬਾਦਲ ਦਲੀਆਂ ਨੇ ਗੁਰੂ ਦੀ ਗੋਲਕ ਨੂੰ ਅਬਦਾਲੀ ਬਣ ਕੇ ਲੁੱਟਿਆ ਹੈ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਉਹਨਾਂ ਕਿਹਾ ਕਿ ਅੱਜ ਦਿੱਲੀ ਕਮੇਟੀ ਦੇ ਖਜਾਨੇ ਖਾਲੀ ਪਏ ਹਨ ਅਤੇ ਬੈਂਕਾਂ ਕੋਲੋ ਕਰਜ਼ੇ ਲੈਣ ਦੀ ਨੌਬਤ ਆ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਸਮੇਂ ਚਾਰ ਸਾਲ ਪਹਿਲਾਂ ਜਦੋਂ ਉਹਨਾਂ ਨੋ ਦਿੱਲੀ ਕਮੇਟੀ ਦੀ ਸੇਵਾ ਛੱਡੀ ਸੀ ਤਾਂ ਉਸ ਸਮੇਂ 123 ਕਰੋੜ ਰੁਪਏ ਦੀਆਂ ਉਹ ਐਫ.ਡੀ.ਆਰਜ਼ ਛੱਡ ਕੇ ਗਏ ਸਨ ਜਿਹੜੀਆਂ ਛੂੰ ਮੰਤਰ ਹੋ ਚੁੱਕੀਆਂ ਹਨ ਤੇ ਸੰਗਤਾਂ ਇਸ ਲੁੱਟ ਦਾ ਹਿਸਾਬ ਇਹਨਾਂ ਕੋਲੋ ਜਰੂਰ ਲੈਣਗੀਆਂ।
ਉਹਨਾਂ ਕਿਹਾ ਕਿ ਬਾਦਲ ਦਲੀਆਂ ਵੱਲੋਂ ਪੰਥਕ ਪਰੰਪਰਾ ਤੇ ਮਰਿਆਦਾ ਦਾ ਇਸ ਕਦਰ ਘਾਣ ਕੀਤਾ ਜਾ ਰਿਹਾ ਹੈ ਕਿ ਬਾਦਲ ਦਲ ਦੇ ਆਗੂ ਪੰਥਕ ਅਰਦਾਸ ਛੱਡ ਕੇ ਭਗਵੀ ਅਰਦਾਸ ਕਰ ਰਹੇ ਹਨ ਤੇ ਉਹਨਾਂ ਨੂੰ ਖਦਸ਼ਾ ਹੈ ਕਿ ਬਾਦਲ ਦਲ ਵਾਲੇ ਮਲੂਕੇ ਵਾਲੀ ਅਰਦਾਸ ਦਿੱਲੀ ਦੇ ਗੁਰਧਾਮਾਂ ਵਿੱਚ ਵੀ ਸ਼ੁਰੂ ਨਾ ਕਰ ਦੇਣ। ਉਹਨਾਂ ਕਿਹਾ ਕਿ ਰਹਿਤ ਮਰਿਆਦਾ ਸਾਡੇ ਬਜੁਰਗਾਂ ਨੇ ਕਈ ਘਾਲਣਾ ਘਾਲ ਕੇ ਲੰਮਾ ਸਮਾਂ ਵਿਚਾਰ ਕਰਨ ਤੋਂ ਬਾਅਦ ਤਿਆਰ ਕੀਤੀ ਤੇ ਅਰਦਾਸ ਵੀ ਉਸ ਰਹਿਤ ਮਰਿਆਦਾ ਦਾ ਇੱਕ ਹਿੱਸਾ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਵੀ ਅਰਦਾਸ ਵਿੱਚ ਕੋਈ ਲਫਜਾਂ ਦੀ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੰਥਕ ਮਰਿਆਦਾ ਤੇ ਪਰੰਪਰਾਵਾਂ ਅਨੁਸਾਰ ਸਜ਼ਾ ਦਿੱਤੀ ਜਾਵੇਗੀ।