ਦੇਸ਼ ਦੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਫਿਰਕੂ ਆਧਾਰ ‘ਤੇ ਹੋਈ ਇਸ ਬੇਲੋੜੀ ਵੰਡ ਨੇ ਲਗਭਗ ਸਵਾ ਕਰੋੜ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ ਉਜੜ ਕੇ ਦੋ ਟੋਟੇ ਕਰਨ ਵਾਲੀ ਲਕੀਰ ਦੇ ਇਸ ਪਾਰ ਆਉਣਾ ਪਿਆ ਜਾਂ ਉਸ ਪਾਰ ਜਾਣਾ ਪਿਆ।ਲਗਭਗ ਦਸ ਲੱਖ ਪੰਜਾਬੀ ਇਸ ਚੰਦਰੀ ਲਕੀਰ ਦੇ ਦੋਨੋ ਪਾਸੇ ਫਿਰਕੂ ਅੰਸਰਾਂ ਦੇ ਹੱਥੋ ਕੋਹ ਕੋਹ ਕੇ ਮਾਰੇ ਗਏ, ਮਾਵਾਂ, ਭੈਣਾਂ, ਧੀਆਂ ਦੀ ਬੇਪਤੀ ਕੀਤੀ ਗਈ, ਅਪਣੀ ਇਜ਼ਤ ਬਚਾਉਂਦੀਆਂ ਹਜ਼ਾਰਾਂ ਹੀ ਬੀਬੀਆਂ ਨੇ ਖੁਹਾਂ ਜਾਂ ਨਹਿਰਾਂ ਵਿਚ ਛਾਲਾਂ ਮਾਰ ਮਾਰ ਕੇ ਅਪਣੀ ਜਾਨ ਦੇ ਦਿਤੀ।ਹਜ਼ਾਰਾਂ ਹੀ ਬੱਚੇ ਯਤੀਮ ਹੋ ਗਏ, ਸੁਹਾਗਣਾਂ ਦੇ ਸੁਹਾਗ ਲੁਟੇ ਗਏ, ਬੁੱਢੇ ਮਾਪਿਆਂ ਦੀ ਡੰਗੋਰੀ ਟੁਟ ਗਈ।ਹਜ਼ਾਰਾਂ ਪਰਿਵਾਰ ਪੂਰੀ ਤਰ੍ਹਾ ਤਬਾਹ ਹੋ ਗਏ।
ਆਜ਼ਾਦੀ ਦੇ ਸੰਘਰਸ਼ ਤੇ ਦੇਸ਼-ਵੰਡ ਬਾਰੇ ਹਿੰਦੁਸਤਾਨ ਤੇ ਪਾਕਿਸਤਾਨੀ ਇਤਿਹਾਸਕਾਰਾਂ , ਵਿਦਵਾਨਾਂ ਤੇ ਪੱਤਰਕਾਰਾਂ ਨੇ ਜੋ ਇਤਿਹਾਸ ਲਿਖਿਆ ਹੈ ਉਹ ਬਹੁਤ ਹੀ ਇਕ-ਪਾਸੜ ਤੇ ਪੱਖਪਾਤੀ ਹੈ।ਭਾਰਤੀ ਇਹਿਾਸਕਾਰ ਤੇ ਪੱਤਰਕਾਰ ਫਿਰਕੂ ਆਧਾਰ ‘ਤੇ ਦੇਸ਼ ਦੇ ਟੁਕੜੇ ਕਰਵਾਉਨ ਲਈ ਪੂਰੀ ਤਰ੍ਹਾਂ ਮੁਹੰਮਦ ਅਲੀ ਜਿਨਾਹ ਨੂੰ ਜ਼ਿਮੇਵਾਰ ਠਹਿਰਾ ਰਹੇ ਹਨ, ਜਦੋਂ ਕਿ ਪਾਕਿਸਤਾਨੀ ਇਤਹਾਸਕਾਰ ਤੇ ਪੱਤਰਕਾਰ ਇਲਜ਼ਾਮ ਲਗਾ ਰਹੇ ਹਨ ਕਿ ਕਾਂਗਰਸ,ਜੋ ਉਨ੍ਹਾਂ ਅਨੁਸਾਰ ਮੁਖ ਤੌਰ ‘ਤੇ ਹਿੰਦੂਆਂ ਦੀ ਪਾਰਟੀ ਹੈ, ਦੇ ਪੰਡਤ ਨਹਿਰੂ ਸਮੇਤ ਲੀਡਰਾਂ ਵਲੋਂ ਮੁਸਲਮਾਨਾਂ ਤੇ ਉਨ੍ਹਾਂ ਦੇ ਲੀਡਰਾਂ ਨਾਲ ਵਿੱਤਕਰਾ ਕੀਤਾ ਜਾ ਰਹਾ ਸੀ,ਜਿਸ ਲਈ ਪਾਕਿਸਤਾਨ ਦੀ ਮੰਗ ਉਠੀ ਜੋ ਮੁਹੰਮਦ ਅਲੀ ਜਿਨਾਹ ਨੇ ਸੰਘੱਰਸ਼ ਕਰਕੇ ਪਰਵਾਨ ਕਰਵਾਈ। ਨਾਮਵਰ ਸਿੱਖ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਨੇ ਦੇਸ਼-ਵੰਡ ਉਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ,ਉਹ ਕੋਈ ਰੋਸਨੀ ਪਾ ਸਕਦੇ ਹਨ। ਦੇਸ਼-ਵਡ ਲਈ ਕੌਣ ਜ਼ਿਮੇਵਾਰ ਸ,ਿ ਇਸ ਬਾਰੇ ਭਾਰਤੀ ਤੇ ਪਾਕਿਸਤਾਨੀ ਇਤਿਹਾਸਕਾਰਾਂ ਨੂੰ ਪੂਰੀ ਖੋਜ ਤੇ ਆਧਾਰਿਤ ਇਮਾਨਦਾਰੀ ਨਾਲ ਨਿਰਪੱਖ ਤੇ ਸਹੀ ਇਤਿਹਾਸ ਲਿਖਣ ਦੀ ਲੋੜ ਹੈ।
ਇਕ ਪਾਕਿਸਤਾਨੀ ਇਤਿਹਾਸਕਾਰ ਇਸ਼ਤਿਆਕ ਅਹਿਮਦ ਨੇ ਦੇਸ਼-ਵੰਡ ਬਾਰੇ ਦੋ ਸਾਲ ਪਹਿਲਾਂ ਲਿਖੀ ਆਪਣੀ ਪੁਸਤਕ ਵਿਚ ਕਿਹਾ ਹੈ ਕਿ ਪਾਕਿਸਤਾਨ ਦੀ ਮੰਗ ਭਾਵੇਂ ਵੀਹਵੀਂ ਸਦੀ ਦੇ ਸ਼ੁਰੂ ਵਿਚ ਹੀ ਸ਼ੁਰੂ ਹੋ ਗਈ ਸੀ, ਪਰ 23 ਮਾਰਚ 1940 ਨੂੰ ਲਾਹੌਰ ਵਿਖੇ ਮੁਸਲਿਮ ਲੀਗ ਦੇ ਸੈਸ਼ਨ ਵਿਚ ਮਤਾ ਪਾਸ ਹੋਣ ਪਿਛੋਂ ਬਹੁਤ ਜ਼ੋਰ ਫੜ ਗਈ। ਉਸ ਨੇ ਇਹ ਦੋਸ਼ ਲਗਾਇਆ ਹੈ ਕਿ ਸਿੱਖਾਂ ਨੇ ਭਾਵੇਂ ਹਿੰਦੁਸਤਾਨ ਦੀ ਤਕਸੀਮ ਦਾ ਵਿਰੋਧ ਕੀਤਾ ਸੀ ਪਰ ਇਹ ਕਹਿ ਕੇ ਕਿ ਜੇ ਹਿੰਦੁਸਤਾਨ ਦੀ ਵੰਡ ਰੋਕੀ ਨਹੀਂ ਜਾ ਸਕਦੀ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਵੰਡ ਦੀ ਮੰਗ ਉਨ੍ਹਾਂ ਨੇ ਉਠਾਈ।ਇਹ ਸਹੀ ਨਹੀਂ ਜਾਪਦਾ ਕਿਉਂ ਜੋ ਅਜੇਹਾ ਹੁੰਦਾ ਤਾਂ ਉਹ ਫਿਰਕੂ ਫਸਾਦਾਂ ਤੇ ਕਤਲੇਆਮ ਤੋਂ ਪਹਿਲਾਂ ਪਾਕਿਸਤਾਨ ਤੋਂ ਇੱਧਰ ਹਿੰਦੁਸਤਾਨ ਆ ਜਾਂਦੇ।ਇਹ ਇਕ ਹਕੀਕਤ ਹੈ ਕਿ ਦੇਸ਼-ਵੰਡ ਕਾਰਨ ਆਪਣੀ ਵੱਖਰੀ ਪਛਾਣ ਕਾਰਨ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ ਹੈ।
ਆਪਣੇ ਇਤਿਹਾਸਿਕ ਗੁਰਦੁਆਰੇ ਅੰਗਰੇਜ਼ ਸਰਕਾਰ ਦੀ ਹਿਮਾਇਤ ਪ੍ਰਾਪਤ ਮਹੰਤਾਂ ਤੋਂ 1925 ਵਿਚ ਆਜ਼ਾਦ ਕਰਵਾ ਕੇ ਸਿੱਖ ਤੇ ਉਨ੍ਹਾਂ ਦੀ ਪ੍ਰਤੀਨਿੱਧ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਸੰਘੱਰਸ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆ, ਜੇਲ੍ਹਾਂ ਕੱਟੀਆਂ, ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ,ਜਿਸ ਬਾਰੇ ਤੱਥ ਬੋਲਦੇ ਹਨ।ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾਂ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੀ ਸਥਾਪਨਾ ਦੀ ਵਿਰੋਧਤਾ ਕਰਨ ਦੇ ਮਤੇ ਪਾਸ ਕੀਤੇ। 23 ਮਾਰਚ 1940 ਨੂੰ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ ਦਾ ਮਤਾ ਪਾਸ ਕੀਤਾ ਤਾਂ ਉਸ ਸਮੇਂ ਪੰਜਾਬ ਵਿਚ ਮੁਸਲਿਮ ਲੀਗ ਦੀ ਸਰਕਾਰ ਸੀ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਸੀ। ਸ਼੍ਰੋਮਣੀ ਕਮੇਟੀ ਨੇ 3 ਅਪਰੈਲ 1940 ਨੂੰ ਮਾਸਟਰ ਤਾਰਾ ਸਿੰਘ ਦੀ ਪ੍ਰਧਾਨਗੀ ਹੇਠ ਆਪਣੇ ਵਿਸ਼ੇਸ਼ ਜਨਰਲ ਸਮਾਗਮ ਵਿਚ ਇਸ ਦੇ ਵਿਰੋਧ ਵਿਚ ਹੇਠ ਲਿਖਿਆ ਮਤਾ ਸਰਬ-ਸੰਮਤੀ ਨਾਲ ਪਾਸ ਕੀਤਾ, ਜਿਸ ਨੂੰ ਦਲੀਪ ਸਿੰਘ ਦੁਆਬੀਏ ਨੇ ਪੇਸ਼ ਕੀਤਾ ਅਤੇ ਗਿਆਨੀ ਕਰਤਾਰ ਸਿੰਘ ਤੇ ਅਮਰ ਸਿੰਘ ਨੇ ਤਾਈਦ ਕੀਤੀ:-
“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਸਲਿਮ ਲੀਗ ਵਲੋਂ ਹਿੰਦੁਸਤਾਨ ਨੂੰ ਮੁਸਲਿਮ ਤੇ ਹਿੰਦੂ ਹਿੱਸਿਆਂ ਵਿਚ ਵੰਡਣ ਦੀ ਕੀਤੀ ਗਈ ਮੰਗ ਦੀ ਵਿਰੋਧਤਾ ਕਰਨ ਦਾ ਦ੍ਰਿੜ ਇਰਾਦਾ ਪ੍ਰਗਟ ਕਰਦੀ ਹੋਈ ਆਸ ਰਖਦੀ ਹੈ ਕਿ ਜੇ ਪੰਜਾਬ ਵਜ਼ਾਰਤ ਦੇ ਮੁਸਲਮਾਨ ਮੈਂਬਰ ਮੁਸਲਿਮ ਲੀਗ ਤੋਂ ਅੱਡ ਨਾ ਹੋ ਜਾਣ ਤਾਂ ਮਨਿਸਟਰੀ ਪਾਰਟੀ ਨਾਲ ਮਿਲਵਰਤਨ ਕਰ ਰਹੇ ਅਸ਼ੈਂਬਲੀ ਦੇ ਸਿੱਖ ਮੈਂਬਰ ਵਜ਼ਾਰਤ ਤੋਂ ਵੱਖ ਹੋ ਜਾਣਗੇ।”
ਪਾਕਿਸਤਾਨ ਦੀ ਮੰਗ ਜਦੋਂ ਬਹੁਤ ਜ਼ੋਰ ਫੜ ਗਈ ਅਤੇ ਕਾਂਗਰਸ ਨੇ ਇਸ ਦੀ ਵਿਰੋਧਤਾ ਘੱਟ ਕਰ ਦਿਤੀ ਤਾਂ ਸ੍ਰੋਮਣੀ ਕਮੇਟੀ ਨੇ ਆਪਣੇ 10 ਮਾਰਚ 1945 ਦੇ ਬਜਟ ਸਮਾਗਮ ਦੌਰਾਨ ਜੱਥੇਦਾਰ ਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਦੇਸ਼ ਬਟਵਾਰੇ ਦੇ ਵਿਰੋਧ ਵਿਚ ਹੇਠ ਲਿਖਿਆ ਮਤਾ ਪਾਸ ਕੀਤਾ:-
“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਾਲਾਨਾ ਸਮਾਗਮ ਆਪਣਾ ਜ਼ਰੂਰੀ ਫ਼ਰਜ਼ ਸਮਝਦਾ ਹੈ ਕਿ ਸੰਮੂਹ ਪੰਥ ਨੂੰ ਆਉਣ ਵਾਲੇ ਖ਼ਤਰੇ ਤੋਂ ਸੁਚੇਤ ਕਰਾਵੇ ਕਿ ਮੁਸਲਿਮ ਲੀਗ ਵਲੋਂ ਪਾਕਿਸਤਾਨੀ ਮੰਗ ਪੰਥਕ ਹਸਤੀ ਲਈ ਬੜੀ ਖ਼ਤਰਨਾਕ ਹੈ।
ਜਦ ਕਿ ਲਾਰਡ ਵੇਵਲ ਨੇ ਹਿੰਦੁਸਤਾਨ ਦੀ ਰਾਜ ਬਣਤਰ ਸੂਬਕ ਅਸੈਂਬਲੀਆਂ ਦੀਆਂ ਚੋਣਾਂ ਪਿਛੋਂ ਆਈਨਸਾਜ਼ ਅਸੈਂਬਲੀ ਰਾਹੀਂ ਬਣਾਉਣ ਦਾ ਐਲਾਨ ਕੀਤਾ ਹੈ ਤੇ ਲੇਬਰ ਵਜ਼ੀਰ ਮੰਡਲੀ ਦੇ ਸਰਕਰਦਾ ਰੁਕਨ ਸਰ ਸਟਰੈਟਫੋਰਡ ਕ੍ਰਿਪਸ ਦੇ ਬਿਆਨਾਂ ਰਾਹੀਂ ਪਾਕਿਸਤਾਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਤੇ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ ਦੇ ਸਵਾਲ ਤੇ ਹੀ ਚੋਣਾਂ ਲੜਨ ਦਾ ਐਲਾਨ ਕਰ ਦਿਤਾ ਹੈ ਤੇ ਕਾਂਗਰਸ ਦੇ ਪ੍ਰਧਾਨ ਮੌਲਾਨਾ ਅਬਦੁਲ ਕਲਾਮ ਆਜ਼ਾਦ ਦੇ ਸ੍ਰੀਨਗਰ ਤੋਂ ਦਿਤੇ ਬਿਆਨ ਤਂ ਕਾਂਗਰਸ ਵਰਕਿੰਗ ਕਮੇਟੀ ਦੇ ਪੁਨੇ ਦੇ ਮਤੇ ਰਾਹੀਂ ਉਨ੍ਹਾਂ ਵਲੋਂ ਪਾਕਿਸਤਾਨ ਦੀ ਵਿਰੋਧਤਾ ਢਿੱਲੀ ਕੀਤੀ ਜਾ ਰਹੀ ਹੈ ਅਤੇ ਜਦ ਕਮਿਊਨਿਸਟ ਸਾਥੀਆਂ ਵਲੋਂ ਨੰਗੇ ਤੌਰ ਪੁਰ ਪਾਕਿਸਤਾਨ ਦੀ ਹਿਮਾਇਤ ਕੀਤੀ ਜਾ ਰਹੀ ਹੈ, ਇਨ੍ਹਾਂ ਹਾਲਾਤ ਨੇ ਪਾਕਿਸਤਾਨ ਦੇ ਖ਼ਤਰੇ ਨੂੰ ਬਹੁਤ ਵਧਾਇਆ ਹੈ।
ਇਸ ਲਈ ਇਹ ਸਮਾਗਮ ਸੰਮੂਹ ਪੰਥ ਵਲੋਂ ਪੂਰੇ ਜ਼ੋਰ ਨਾਲ ਸਪਸ਼ਟ ਤੌਰ ‘ਤੇ ਐਲਾਨ ਕਰਦਾ ਹੈ ਕਿ ਸਿੱਖ ਕਿਸੇ ਹਾਲਤ ਵਿਚ ਵੀ ਮੁਸਲਿਮ ਲੀਗ ਦੀ ਮੌਜੂਦਾ ਪਾਕਿਸਤਾਨੀ ਮੰਗ ਨੂੰ ਨਹੀਂ ਮੰਨਣਗੇ। ਚੂੰਕਿ ਨਵੀਂ ਰਾਜ-ਬਣਤਰ ਹਿੰਦੁਸਤਾਨ ਦੀਆਂ ਅਸੈਂਬਲੀਆਂ ਦੇ ਮੈਂਬਰਾਂ ਦੇ ਪ੍ਰਤੀਨਿਧਾਂ ਨੇ ਬਣਾਉਣੀ ਹੈ, ਇਸ ਲਈ ਇਹ ਇਜਲਾਸ ਸਾਰੇ ਦੇਸ਼ ਵਾਸੀਆਂ ਪਾਸ ਅਪੀਲ ਕਰਦਾ ਹੈ ਕਿ ਉਹ ਪਾਕਿਸਤਾਨ ਦੇ ਵਿਰੁੱਧ ਸਪਸ਼ਟ ਖਿਆਲ ਰੱਖਣ ਵਾਲੇ ਸੱਜਣਾਂ ਨੂੰ ਹੀ ਅਸੈਂਬਲ਼ੀਆਂ ਵਿਚ ਘੱਲਣ ਤਾਕਿ ਇਸ ਖ਼ਤਰੇ ਤੋਂ ਦੇਸ ਤੇ ਸਿੱਖ-ਪੰਥ ਨੂੰ ਬਚਾਇਆ ਜਾ ਸਕੇ।
ਅੰਤ ਵਿਚ ਪਾਕਿਸਤਾਨ ਨੂੰ ਰੋਕਣ ਵਾਸਤੇ ਇਹ ਸਮਾਗਮ ਸੰਮੂਹ ਪੰਥ ਪਾਸ ਇਹ ਅਪੀਲ ਕਰਦਾ ਹੈ ਕਿ ਹਰ ਇਕ ਸਿੱਖ ਪ੍ਰਾਣੀ ਨੂੰ ਦੇਸ ਅਤੇ ਪੰਥ ਨੂੰ ਇਸ ਮੁਸੀਬਤ ਤੋਂ ਬਚਾਉਣ ਵਾਸਤੇ ਹਰ ਇਕ ਕੁਰਬਾਨੀ ਕਰਨ ਨੂੰ ਤਿਆ ਰਹਿਣਾ ਚਾਹੀਦਾ ਗੈ।”
ਸਿੱਖਾਂ ਦੀ ਵਿਰੋਧਤਾ ਦੇ ਬਾਵਜੂਦ ਕੁਝ ਸੀਨੀਅਰ ਕਾਂਗਰਸੀ ਲੀਡਰਾਂ ਦੀ ਖੁਦਗਰਜ਼ੀ ਕਾਰਨ ਫਿਰਕੂ ਆਧਾਰ ‘ਤੇ ਦੇਸ਼ ਦੀ ਵੰਡ ਹੋ ਗਈ, ਜਿਸ ਕਾਰਨ ਭਾਰਤੀ ਉਪ-ਮਹਾਂਦੀਪ ਵਿਚ ਕਸ਼ਮੀਰ ਤੇ ਅਤਿਵਾਦ ਸਮੇਤ ਅਨੇਕਾਂ ਮਸਲੇ ਪੈਦਾ ਹੋ ਗਏ ੳਤੇ ਅਜ ਵੀ ਅਸ਼ਾਂਤੀ ਦਾ ਮਾਹੋਲ਼ ਹੈ।