ਨਵੀਂ ਦਿੱਲੀ : ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦੀ ਕਾਰ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰੰਭ ਕਰ ਦਿੱਤੀ ਹੈ। ਬੀਤੇ ਸਾਲ 6 ਅਪ੍ਰੈਲ ਨੂੰ ਦਿੱਲੀ ਸਰਕਾਰ ਦੀ ਕਾਰਵਾਈ ਦੌਰਾਨ ਪਿਆਊ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸਤੋਂ ਬਾਅਦ ਸੰਗਤਾਂ ਵੱਲੋਂ 2 ਘੰਟੇ ਉਪਰੰਤ ਹੀ ਪਿਆਊ ਦੀ ਮੁੜ੍ਹ ਉਸਾਰੀ ਕੀਤੀ ਗਈ ਸੀ। ਅਦਾਲਤੀ ਰੇੜਕਾ ਮੁੱਕਣ ਉਪਰੰਤ ਹੁਣ ਦਿੱਲੀ ਕਮੇਟੀ ਵੱਲੋਂ ਦਿੱਲੀ ਹਾਈਕੋਰਟ ਵੱਲੋਂ ਪਾਸ ਕੀਤੇ ਗਏ ਨਕਸ਼ੇ ਮੁਤਾਬਿਕ ਪਿਆਊ ਦੀ ਮੁੜ੍ਹ ਉਸਾਰੀ ਅਤੇ ਨਵੀਂਨੀਕਰਨ ਦੀ ਕਾਰਸੇਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ’ਚ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਸ਼ੁਰੂ ਕੀਤੀ ਗਈ।
ਸਿੰਘ ਸਾਹਿਬ ਨੇ ਪਿਆਊ ਦੀ ਮੁੜ੍ਹ ਉਸਾਰੀ ’ਤੇ ਕਮੇਟੀ ਅਤੇ ਸਹਿਯੋਗੀ ਸੰਪਰਦਾਵਾਂ ਨੂੰ ਸ਼ਾਬਾਸੀ ਦਿੰਦੇ ਹੋਏ ਅਦਾਲਤੀ ਫੈਸਲੇ ਨੂੰ ਗੁਰੂ ਦੀ ਬਖਸ਼ਿਸ਼ ਅਤੇ ਵੱਡੀ ਜਿਤ ਵਜੋਂ ਪਰਿਭਾਸ਼ਿਤ ਕੀਤਾ। ਪਾਰਟੀਬਾਜੀ ਤੋਂ ਉੱਤੇ ਉਠ ਕੇ ਸੰਗਤਾਂ ਨੂੰ ਪੰਥਕ ਮਸਲਿਆਂ ’ਤੇ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਜਥੇਦਾਰ ਨੇ ਪੰਥ ਦੀ ਚੜ੍ਹਦੀਕਲਾ ਲਈ ਪੰਥਕ ਮਸਲਿਆਂ ’ਤੇ ਇੱਕਸੁਰਤਾ ਦੀ ਵਕਾਲਤ ਕੀਤੀ।
ਜੀ.ਕੇ. ਨੇ ਕਿਹਾ ਕਿ ਅੱਜ ਦਾ ਦਿਨ ਇਤਹਾਸਿਕ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਵੱਲੋਂ ਗਰੀਬ ਗੁਰਬੇ ਦੀ ਮਦਦ ਲੰਗਰ ਅਤੇ ਜਲ ਦੀ ਸੇਵਾ ਨਾਲ ਕਰਨ ਦਾ ਜੋ ਫਲਸਫ਼ਾ ਲੋੜਵੰਦ ਦੀ ਬਾਂਹ ਫੜਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ, ਉਹ ਅੱਜ ਸ਼ਹੀਦੀ ਅਸਥਾਨ ਤੇ ਫਿਰ ਤੋਂ ਹਮੇਸ਼ਾ ਲਈ ਚਲਦੇ ਰਹਿਣ ਦੀ ਦਿਸ਼ਾ ਵੱਲ ਵੱਧ ਰਿਹਾ ਹੈ। ਮਜਲੂਮ ਦੀ ਰੱਖਿਆ ਅਤੇ ਲੋੜਵੰਦ ਦੀ ਮਦਦ ਦੇ ਪ੍ਰਤੀਕ ਵੱਜੋਂ ਪਿਆਊ ਦੀ ਉਸਾਰੀ ਨੂੰ ਵੇਖਣ ਦੀ ਜੀ.ਕੇ. ਨੇ ਸੰਗਤਾਂ ਨੂੰ ਤਾਕੀਦ ਕੀਤੀ।
ਜੀ.ਕੇ. ਨੇ ਤਸੱਲੀ ਪ੍ਰਗਟਾਈ ਕਿ 9 ਮਹੀਨੇ ਦੇ ਅਦਾਲਤੀ ਕਾਰ ਵਿਹਾਰ ਤੋਂ ਬਾਅਦ ਪਿਆਊ ਦਾ ਮੁੜ੍ਹ ਤੋਂ ਸ਼ੁਰੂ ਹੋਣਾ ਉਨ੍ਹਾਂ ਦੇ ਦਿਲ ਤੋਂ ਇੱਕ ਵੱਡੇ ਭਾਰ ਦੇ ਉਤਰਨ ਦੇ ਬਰਾਬਰ ਹੈ ਕਿਉਂਕਿ ਜਥੇਦਾਰ ਸੰਤੋਖ ਸਿੰਘ ਦੇ ਪਰਿਵਾਰ ਦਾ ਵਾਰਸ ਹੋਣ ਦੇ ਨਾਤੇ ਮੇਰੇ ਸੇਵਾਕਾਲ ਦੌਰਾਨ ਪਿਆਊ ਨੂੰ ਢਾਹੁਣ ਦੀ ਕੋਸ਼ਿਸ਼ ਹੋਣਾ ਬੜੇ ਵੱਡੇ ਅਪਰਾਧਬੋਧ ਦੇ ਅਹਿਸਾਸ ਹੋਣ ਦੇ ਬਰਾਬਰ ਸੀ। ਜੀ.ਕੇ. ਨੇ 15 ਦਿਨਾਂ ਉਪਰੰਤ ਨਵੇਂ ਬਣੇ ਪਿਆਊ ਦਾ ਉਦਘਾਟਨ ਕਰਨ ਦਾ ਵੀ ਐਲਾਨ ਕੀਤਾ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਸ ਔਉਖੀ ਘੜੀ ਦੌਰਾਨ ਸਹਿਯੋਗ ਦੇਣ ਵਾਲੇ ਕਮੇਟੀ ਸਟਾਫ਼ ਦੀ ਜਮ ਕੇ ਸਲਾਘਾ ਕੀਤੀ। ਰਾਣਾ ਨੇ ਕਿਹਾ ਕਿ ਪਿਆਊ ’ਤੇ ਸਿਆਸਤ ਕਰਨ ਵਾਲਿਆਂ ਨੂੰ ਵੀ ਆਪਣੇ ਝੂਠੇ ਆਰੋਪਾਂ ਦੇ ਜਮੀਨਦੋਜ਼ ਹੋਣ ’ਤੇ ਪਸ਼ਚਾਤਾਪ ਵੱਜੋਂ ਗੁਰੂ ਸਾਹਿਬ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਆਏ ਹੋਏ ਸਮੂਹ ਪਤਿਵੰਤਿਆਂ ਨੂੰ ਸਿਰੋਪਾਊ ਅਤੇ ਸ਼੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ। ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਅਤੇ ਦਿੱਲੀ ਕਮੇਟੀ ਮੈਂਬਰ ਗੁਰਦੇਵ ਸਿੰਘ ਭੋਲਾ, ਜਸਬੀਰ ਸਿੰਘ ਜੱਸੀ, ਬੀਬੀ ਧੀਰਜ ਕੌਰ, ਹਰਦੇਵ ਸਿੰਘ ਧਨੋਆ ਤੇ ਅਮਰਜੀਤ ਸਿੰਘ ਪਿੰਕੀ ਇਸ ਮੌਕੇ ਮੌਜੂਦ ਸਨ।